ਵਰਜੀਨੀਆ: ਵਰਜੀਨੀਆ ਸੂਬੇ ਦੀਆਂ ਵਿਸ਼ੇਸ਼ ਚੋਣਾਂ ‘ਚ ਭਾਰਤੀ-ਅਮਰੀਕੀ ਭਾਈਚਾਰੇ ਲਈ ਖੁਸ਼ਖਬਰੀ ਸਾਹਮਣੇ ਆਈ ਹੈ। ਦੋ ਭਾਰਤੀ ਮੂਲ ਦੇ ਨੇਤਾਵਾਂ, ਕਾਨਨ ਸ੍ਰੀਨਿਵਾਸਨ ਅਤੇ ਜੇਜੇ ਸਿੰਘ ਨੇ ਮਹੱਤਵਪੂਰਨ ਜਿੱਤ ਦਰਜ ਕੀਤੀ ਹੈ। ਸਟੇਟ ਸੈਨੇਟ ਅਤੇ ਸਟੇਟ ਹਾਊਸ ਆਫ਼ ਡੈਲੀਗੇਟਸ ਵਿੱਚ ਉਨ੍ਹਾਂ ਦੀ ਜਿੱਤ ਡੈਮੋਕਰੈਟਿਕ ਪਾਰਟੀ ਲਈ ਇੱਕ ਵੱਡੀ ਸਫਲਤਾ ਮੰਨੀ ਜਾ ਰਹੀ ਹੈ।
ਭਾਵੇਂ ਪਿਛਲੇ ਸਾਲ ਦੀਆਂ ਕੌਮੀ ਚੋਣਾਂ ਦੌਰਾਨ ਅਮਰੀਕਾ ਵਿੱਚ ਡੋਨਾਲਡ ਟਰੰਪ ਦੀ ਲਹਿਰ ਦੇ ਅਸਰ ਹੇਠ ਰਿਪਬਲਿਕਨ ਪਾਰਟੀ ਨੇ ਕਈ ਇਲਾਕਿਆਂ ‘ਚ ਜਿੱਤ ਦਰਜ ਕੀਤੀ ਸੀ, ਪਰ ਵਰਜੀਨੀਆ ਵਿੱਚ ਡੈਮੋਕਰੈਟਿਕ ਪਾਰਟੀ ਆਪਣਾ ਬਹੁਮਤ ਕਾਇਮ ਰੱਖਣ ਵਿੱਚ ਕਾਮਯਾਬ ਰਹੀ।
ਜੇਜੇ ਸਿੰਘ, ਜੋ ਵਰਜੀਨੀਆ ਵਿੱਚ ਜਨਮੇ ਅਤੇ ਪਹਿਲੇ ਦਸਤਾਰਧਾਰੀ ਸਿੱਖ ਵਿਧਾਇਕ ਹਨ, ਨੇ ਆਪਣੀ ਜਿੱਤ ਨਾਲ ਇਤਿਹਾਸ ਰਚਿਆ ਹੈ। ਉਨ੍ਹਾਂ ਰਿਪਬਲਿਕਨ ਪ੍ਰਤੀਦਵੰਦੀ ਰਾਮ ਵੈਂਕਟਚਲਮ ਨੂੰ ਹਰਾਇਆ। ਜੇਜੇ ਸਿੰਘ ਨੇ ਵ੍ਹਾਈਟ ਹਾਊਸ ਵਿੱਚ ਬਰਾਕ ਓਬਾਮਾ ਦੇ ਦੌਰਾਨ ਬਜਟ ਅਤੇ ਪ੍ਰਬੰਧਨ ਸਬੰਧੀ ਮਾਮਲਿਆਂ ‘ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਉਨ੍ਹਾਂ ਦੀ ਸਫਲਤਾ ਸਿਰਫ਼ ਸਿੱਖ ਭਾਈਚਾਰੇ ਲਈ ਹੀ ਨਹੀਂ, ਸਗੋਂ ਸਾਰੇ ਭਾਰਤੀ-ਅਮਰੀਕੀ ਸਮੂਦਾਏ ਲਈ ਇੱਕ ਪ੍ਰੇਰਣਾਦਾਇਕ ਪਲ ਹੈ।
ਇਸਦੇ ਨਾਲ ਹੀ ਕਾਨਨ ਸ੍ਰੀਨਿਵਾਸਨ, ਜਿਨ੍ਹਾਂ ਨੇ ਸਟੇਟ ਸੈਨੇਟ ਦੀ ਜਿੱਤ ਦਰਜ ਕੀਤੀ ਹੈ, ਨੇ ਵੀ ਆਪਣੇ ਨੇਤ੍ਰਿਤਵ ਦੀ ਛਾਪ ਛੱਡੀ ਹੈ। ਉਹ ਪਹਿਲਾਂ ਸਟੇਟ ਹਾਊਸ ਆਫ਼ ਡੈਲੀਗੇਟਸ ਦਾ ਹਿੱਸਾ ਸਨ। ਉਨ੍ਹਾਂ ਨੇ ਸੁਹਾਸ ਸੁਬਰਾਮਣੀਅਮ ਦੀ ਥਾਂ ਲਈ ਇਹ ਚੋਣ ਲੜੀ, ਜਿਨ੍ਹਾਂ ਨੇ ਅਮਰੀਕੀ ਸੰਸਦ ਲਈ ਚੁਣੇ ਜਾਣ ਮਗਰੋਂ ਸਟੇਟ ਸੈਨੇਟ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਹ ਜਿੱਤ ਸਿਰਫ਼ ਸਿਆਸੀ ਪੱਧਰ ‘ਤੇ ਹੀ ਨਹੀਂ, ਸਗੋਂ ਸਮਾਜਕ ਪੱਧਰ ‘ਤੇ ਵੀ ਮਹੱਤਵਪੂਰਨ ਹੈ। ਦੋਵੇਂ ਨੇਤਾਵਾਂ ਦੀ ਜਿੱਤ ਅਮਰੀਕਾ ਵਿੱਚ ਭਾਰਤੀ ਭਾਈਚਾਰੇ ਦੀ ਵਧ ਰਹੀ ਸਿਆਸੀ ਹਿੱਸੇਦਾਰੀ ਅਤੇ ਪ੍ਰਭਾਵ ਨੂੰ ਦਰਸਾਉਂਦੀ ਹੈ। ਜੇਜੇ ਸਿੰਘ ਦੇ ਦਸਤਾਰਧਾਰੀ ਸਿੱਖ ਵਜੋਂ ਚੁਣੇ ਜਾਣ ਨੂੰ ਸਮਾਜਿਕ ਸਵਿਕਾਰਤਾ ਦੇ ਇੱਕ ਵੱਡੇ ਮੀਲ ਪੱਥਰ ਵਜੋਂ ਦੇਖਿਆ ਜਾ ਰਿਹਾ ਹੈ। ਇਹ ਜਿੱਤ ਵਰਜੀਨੀਆ ਦੇ ਰਾਜਨੀਤਿਕ ਭਵਿੱਖ ਲਈ ਨਵੇਂ ਦਰਵਾਜ਼ੇ ਖੋਲ੍ਹਦੀ ਹੈ। ਜੇਜੇ ਸਿੰਘ ਅਤੇ ਕਾਨਨ ਸ੍ਰੀਨਿਵਾਸਨ, ਦੋਵੇਂ ਨੇਤਾਵਾਂ ਸੂਬੇ ਦੇ ਵੱਖ-ਵੱਖ ਮੁੱਦਿਆਂ, ਜਿਵੇਂ ਕਿ ਸਿੱਖਿਆ, ਬੇਰੋਜ਼ਗਾਰੀ, ਅਤੇ ਸਮਾਜਕ ਸਹਿਯੋਗ ‘ਤੇ ਨਵੀਆਂ ਨੀਤੀਆਂ ਲਾਗੂ ਕਰਨ ਦੇ ਲਈ ਪ੍ਰਤਿਬੱਧ ਹਨ।