2023 ਅਤੇ 2024 ਦੇ ਦੌਰਾਨ 4,516 ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਦੀ ਸਰਜਰੀਆਂ ਅਤੇ ਡਾਇਗਨੋਸਟਿਕਸ ਦਾ ਇੰਤਜ਼ਾਰ ਕਰਦੇ ਹੋਈਆਂ ਮੌਤਾਂ
ਸਰੀ, (ਸਿਮਰਨਜੀਤ ਸਿੰਘ): ਇਕ ਨਵੀਂ ਰਿਪੋਰਟ ਮੁਤਾਬਕ, ਸਾਲ 2023 ਤੋਂ 2024 ਦੇ ਦਰਮਿਆਨ ਕੈਨੇਡਾ ਵਿੱਚ ਲਗਭਗ 15,000 ਲੋਕ ਸਰਜਰੀ ਜਾਂ ਡਾਇਗਨੋਸਟਿਕ ਦੀ ਉਡੀਕ ਕਰਦਿਆਂ ਮਰ ਗਏ। ਇਨ੍ਹਾਂ ਵਿੱਚੋਂ 30 ਫੀਸਦੀ ਮੌਤਾਂ ਬ੍ਰਿਟਿਸ਼ ਕੋਲੰਬੀਆ (ਬੀ.ਸੀ.) ਵਿੱਚ ਹੋਈਆਂ।
ਸੈਕੰਡਸਟ੍ਰੀਟ ਵੱਲੋਂ ਜਾਰੀ ਕੀਤੀ ਰਿਪੋਰਟ ਅਨੁਸਾਰ ਇਸ ਮਿਆਦ ਦੌਰਾਨ 988 ਬ੍ਰਿਟਿਸ਼ ਕੋਲੰਬੀਆ ਵਾਸੀਆਂ ਦੀ ਸਰਜਰੀ ਦੀ ਉਡੀਕ ਕਰਦਿਆਂ ਮੌਤ ਹੋਈ, ਜਦੋਂ ਕਿ 3,528 ਲੋਕ ਡਾਇਗਨੋਸਟਿਕ ਟੈਸਟਾਂ ਦੀ ਉਡੀਕ ਕਰਦਿਆਂ ਆਪਣੀ ਜਾਨ ਗੁਆ ਬੈਠੇ।
ਪਰਿਵਾਰਕ ਡਾਕਟਰਾਂ ਨੇ ਇਸ ਸਥਿਤੀ ਨੂੰ ”ਅਸਵੀਕਾਰਯੋਗ” ਦੱਸਿਆ। ਉਨ੍ਹਾਂ ਕਿਹਾ ”ਜੇ ਮੈਂ ਕਿਸੇ ਮਰੀਜ਼ ਨੂੰ ਸੀ.ਟੀ ਸਕੈਨ ਲਈ ਭੇਜਦੀ ਹਾਂ, ਜੋ ਸਧਾਰਨ ਸਕੈਨ ਨਹੀਂ, ਪਰ ਜਿਵੇਂ ਕਿਸੇ ਮਰੀਜ਼ ਨੂੰ ਖੂਨ ਖੰਘਣ ਦੀ ਸਮੱਸਿਆ ਹੋਵੇ ਤੇ ਫੇਫੜਿਆਂ ਦੇ ਕੈਂਸਰ ਦਾ ਸੰਦੇਹ ਹੋਵੇ, ਤਾਂ ਇਨ੍ਹਾਂ ਸਕੈਨਾਂ ਲਈ ਇੱਕ ਸਾਲ ਤੋਂ ਵੱਧ ਦੀ ਉਡੀਕ ਕਰਨੀ ਪੈਂਦੀ ਹੈ। ਇਹ ਗੱਲ ਬਿਲਕੁਲ ਕਬੂਲਯੋਗ ਨਹੀਂ।” ਪਰਿਵਾਰਕ ਡਾਕਟਰਾਂ ਦਾ ਕਹਿਣਾ ਹੈ ਕਿ ਇਹ ਸਮੱਸਿਆ ਹਾਲੀਆ ਸਾਲਾਂ ਵਿੱਚ ਕਾਫ਼ੀ ਵਧ ਗਈ ਹੈ। ਉਨ੍ਹਾਂ ਦੱਸਿਆ ਕਿ ਜਦੋਂ ਕੁਝ ਸਾਲ ਪਹਿਲਾਂ ਸਕੈਨ ਇੱਕ ਮਹੀਨੇ ਵਿੱਚ ਹੋ ਜਾਂਦੇ ਸਨ। ਹੁਣ, ਇਹ ਸਕੈਨਾਂ ਲਈ ਇੱਕ ਸਾਲ ਤੱਕ ਉਡੀਕ ਕਰਨੀ ਪੈਂਦੀ ਹੈ।
ਪਰਿਵਾਰਕ ਡਾਕਟਰਾਂ ਦਾ ਕਹਿਣਾ ਹੈ ਕਿ ਸੈਕੰਡਸਟ੍ਰੀਟ ਦੋਵੇਂ ਸੰਗਠਨਾਂ ਨੇ ਪਾਰਦਰਸ਼ੀਤਾ ਦੀ ਘਾਟ ਨੂੰ ਇਸ ਸਮੱਸਿਆ ਦਾ ਮੁੱਖ ਕਾਰਨ ਕਰਾਰ ਦਿੱਤਾ ਹੈ। ਸਰਕਾਰਾਂ ਨੂੰ ਉਡੀਕ ਸਮਿਆਂ ਅਤੇ ਮੌਤ ਦਰਾਂ ਬਾਰੇ ਪਾਰਦਰਸ਼ਤਾ ਨਾਲ ਡਾਟਾ ਜਾਰੀ ਕਰਨਾ ਚਾਹੀਦਾ ਹੈ।
ਇਸ ਸਬੰਧੀ ਲੋਕਾਂ ਵਲੋਂ ਕਈ ਸ਼ਿਕਾਇਤਾਂ ਲਗਾਤਾਰ ਦਰਜ ਕਰਵਾਈਆਂ ਗਈਆਂ ਹਨ ਕਿ ਹਸਪਤਾਲ ‘ਚ ਕਈ ਕਈ ਦਿਨ ਚੱਕਰ ਮਾਰਨ ਅਤੇ ਫੋਨ-ਈਮੇਲ ਕਰਨ ਦੇ ਬਾਵਜੂਦ ਕੋਈ ਜਵਾਬ ਨਹੀਂ ਦਿੱਤਾ ਜਾਂਦਾ।
ਪਰਿਵਾਰਕ ਡਾਕਟਰਾਂ ਨੇ ਕਿਹਾ ਕਿ ”ਸਰਕਾਰ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਸਰਜਰੀਆਂ ਲਈ ਉਡੀਕ ਸਮੇਂ ਕੀ ਹਨ, ਕਿੰਨੇ ਲੋਕ ਇਲਾਜ ਦੀ ਉਡੀਕ ‘ਚ ਹੀ ਮਰ ਰਹੇ ਹਨ ਅਤੇ ਅਸੀਂ ਇਸ ਨੂੰ ਬਿਹਤਰ ਬਣਾਉਣ ਲਈ ਕੀ ਕੀਤਾ ਜਾ ਰਿਹਾ ਹੈ।ਇਹ ਗੱਲ ਪਾਰਟੀ ਰਾਜਨੀਤੀ ਤੋਂ ਉਪਰ ਹੋਣੀ ਚਾਹੀਦੀ ਹੈ।”
ਸਰਕਾਰੀ ਬੁਲਾਰੇ ਦਾ ਕਹਿਣਾ ਹੈ ਕਿ ਸਰਕਾਰ ਇਸ ਸਮੱਸਿਆ ਦੇ ਹਲ ਲਈ ਸਟਾਫ਼ ਦੀ ਭਰਤੀ, ਓਪਰੇਟਿੰਗ ਰੂਮ ਘੰਟਿਆਂ ਵਿੱਚ ਵਾਧਾ ਕਰਨ ਅਤੇ ਨਵੇਂ ਡਾਇਗਨੋਸਟਿਕ ਇਮੀਜਿੰਗ ਉਪਕਰਣ ਜੋੜਨ ਵਿੱਚ ਜੁਟੀ ਹੋਈ ਹੈ।
ਉਹਨਾਂ ਦੱਸਿਆ ਕਿ ਰਿਪੋਰਟ ਵਿੱਚ ਦਰਸਾਏ ਸਮੇਂ ਦੌਰਾਨ ਬੀ.ਸੀ. ਵਿੱਚ ਸਭ ਤੋਂ ਜ਼ਿਆਦਾ ਸਰਜਰੀਆਂ ਕੀਤੀਆਂ ਗਈਆਂ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸੂਬੇ ਨੇ ਨੌ ਨਵੇਂ ਸੀ.ਟੀ ਸਕੈਨ ਯੂਨਿਟ ਅਤੇ 18 ਨਵੇਂ ਐਮ.ਆਰ.ਈ. ਯੂਨਿਟ ਸਥਾਪਤ ਕੀਤੇ ਹਨ।
ਦੂਜੇ ਪਾਸੇ ਉਨ੍ਹਾਂ ਇਹ ਵੀ ਕਿਹਾ ਕਿ ਸਾਲ 2016/17 ਨਾਲੋਂ ਅੱਜ ਐਮ.ਆਰ.ਆਈ. ਸਕੈਨ ਦੀ ਗਿਣਤੀ 83% ਅਤੇ ਸੀ.ਟੀ. ਸਕੈਨ ਦੀ ਗਿਣਤੀ 43% ਵਧ ਗਈ ਹੈ।
ਜ਼ਿਕਰਯੋਗ ਹੈ ਕਿ ਇਸ ਰਿਪੋਰਟ ਵਿੱਚ ਅਲਬਰਟਾ, ਕਿਊਬੇਕ, ਨਿਊਫਾਊਂਡਲੈਂਡ ਅਤੇ ਮੈਨੀਟੋਬਾ ਦੇ ਜ਼ਿਆਦਾਤਰ ਹਿੱਸਿਆਂ ਤੋਂ ਅਜੇ ਸ਼ਾਮਲ ਨਹੀਂ ਕੀਤਾ ਗਿਆ।
ਜੇਕਰ ਇਨ੍ਹਾਂ ਦਾ ਡਾਟਾ ਵੀ ਸ਼ਾਮਲ ਕੀਤਾ ਜਾਵੇ ਤਾਂ ਇੱਕ ਅੰਦਾਜ਼ੇ ਅਨੁਸਾਰ ਮਰਨ ਵਾਲਿਆਂ ਦੀ ਸੂਚੀ ਵਿੱਚ 28 ਹਜ਼ਾਰ ਤੋਂ ਵੱਧ ਹੋ ਸਕਦੀ ਹੈ।