ਲੇਖਕ : ਤਰਸੇਮ ਸਿੰਘ ਭੰਗੂ, ਸੰਪਰਕ: 94656-56214
ਡਿਊਟੀ ਤੋਂ ਪਰਤ ਕੇ ਸਕੂਟਰ ਖੜ੍ਹਾ ਕਰਦਿਆਂ ਮੈਨੂੰ ਹਮੇਸ਼ਾ ਤੋਂ ਉਲਟ ਘਰ ਦਾ ਮਾਹੌਲ ਤੂਫ਼ਾਨ ਆਉਣ ਤੋਂ ਪਹਿਲਾਂ ਪਸਰੀ ਚੁੱਪ ਵਰਗਾ ਲੱਗਾ। ਚੁੱਪ-ਚੁੱਪ ਪਤਨੀ ਕੋਲੋਂ ਪਾਣੀ ਦਾ ਗਿਲਾਸ ਫੜ੍ਹਦਿਆਂ ਮੇਰਾ ਸੁਆਲ ਸੀ, ”ਕਿੱਥੇ ਗਏ ਨੇ ਸਾਰੇ, ਕੋਈ ਦੀਂਹਦਾ ਨਹੀਂ?” ਪਰ ਪਤਨੀ ਕੁਝ ਨਹੀਂ ਬੋਲੀ। ਪਾਣੀ ਪੀ ਕੇ ਮੈਂ ਫਿਰ ਕਿਹਾ, ”ਕੀ ਗੱਲ ਬੜੀ ਚੁੱਪ ਏਂ?”
ਪਤਨੀ ਮੇਰੇ ਗਲ਼ ਲੱਗ ਕੇ ਫਫਕ ਪਈ। ਮੈਂ ਉਸ ਨੂੰ ਬਾਂਹ ਵਲ਼ਾ ਕੇ ਨਾਲ ਲਾਉਂਦਿਆਂ ਕਿਹਾ, ”ਕੁਝ ਪਤਾ ਵੀ ਲੱਗੇ, ਕਿਸੇ ਨੇ ਕੁਝ ਕਿਹਾ ਤੈਨੂੰ?”
ਹੁਬਕੀਆਂ ਲੈਂਦੀ, ”ਭੱਟੀਆਂ ਵਾਲਾ ਫੁੱਫੜ ਪੂਰਾ ਹੋ ਗਿਆ” ਕਹਿ ਕੇ ਰੋਣ ਲੱਗ ਪਈ। ਪਤਨੀ ਦੇ ਦੱਸਣ ਅਨੁਸਾਰ ਬਾਕੀ ਸਾਰੇ ਆਪਣੇ-ਆਪਣੇ ਸਾਧਨਾਂ ‘ਤੇ ਬੈਠ ਕੇ ਜਾ ਚੁੱਕੇ ਹਨ ਤੇ ਸਾਨੂੰ ਦੋਵਾਂ ਜੀਆਂ ਨੂੰ ਜਲਦੀ ਆਉਣ ਲਈ ਕਿਹਾ ਹੈ। ਮੈਂ ਰਾਹ ਜਾਂਦਾ ਸੋਚ ਰਿਹਾ ਸਾਂ, ਭੂਆ-ਫੁੱਫੜ ਦਾ ਤਾਂ ਪਿਆਰ ਹੀ ਏਨਾ ਸੀ ਜਿਵੇਂ: ਏਕ ਜੋਤ ਦੋਇ ਮੂਰਤੀ ਹੋਣ। ਉਸ ਦਾ ਤਾਂ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੋਵੇਗਾ। ਜਦੋਂ ਅਸੀਂ ਘਰ ਪਹੁੰਚੇ ਤਾਂ ਸੱਥਰ ‘ਤੇ ਬੈਠੇ ਹੌਲੀ-ਹੌਲੀ ਗੱਲਾਂ ਕਰਦੇ ਲੋਕਾਂ ਨਾਲ ਵਿਹੜਾ ਭਰਿਆ ਹੋਇਆ ਸੀ। ਭੂਆ ਤੁਰੀ ਫਿਰਦੀ ਨੂੰਹਾਂ-ਧੀਆਂ ਨੂੰ ਹਦਾਇਤਾਂ ਕਰ ਰਹੀ ਸੀ, ”ਰੋਣਾ ਬਿਲਕੁਲ ਨਹੀਂ।” ਅਜਿਹੇ ਮੌਕੇ ਔਰਤਾਂ ਖੁੱਲ੍ਹੇ ਵਾਲ਼ੀਂ ਦੁਹੱਥੜਾਂ ਮਾਰਦੀਆਂ ਪਿੱਟਦੀਆਂ ਹਨ। ਵਾਰ-ਵਾਰ ਦੰਦਲਾਂ ਤੋੜਦੀਆਂ ਔਰਤਾਂ ਪਾਣੀ ਦੀ ਘੁੱਟ ਵੀ ਮੂੰਹ ਵਿੱਚ ਪਾਉਂਦੀਆਂ ਹਨ, ਪਰ ਭੂਆ ਸ਼ਾਂਤ ਸੀ। ਉਸ ਦੇ ਗਲ਼ ਲੱਗਦਿਆਂ ਮੇਰੀਆਂ ਭੁੱਬਾਂ ਨਿਕਲ ਗਈਆਂ। ”ਨਾ ਮੇਰਾ ਸਿਆਣਾ ਪੁੱਤ, ਰੋਣਾ ਨਹੀਂ,” ਮੇਰੀ ਪਤਨੀ ਨੂੰ ਵੀ ਭੂਆ ਨੇ ਰੋਣ ਨਹੀਂ ਦਿੱਤਾ। ਪਤਨੀ ਮੱਥਾ ਟੇਕ ਕੇ ਔਰਤਾਂ ਵਿੱਚ ਬੈਠ ਗਈ। ਮੈਂ ਫੁੱਫੜ ਦੇ ਚਿਹਰੇ ਤੋਂ ਕੱਪੜਾ ਹਟਾ ਕੇ ਆਖ਼ਰੀ ਦਰਸ਼ਨ ਕੀਤੇ। ਗੋਰਾ ਨਿਛੋਹ ਭਖਦਾ ਰੰਗ, ਨੂਰੋ-ਨੂਰ ਚਿਹਰਾ, ਚਾਂਦੀ ਰੰਗਾ ਦਾਹੜਾ ਇੰਜ ਲੱਗ ਰਿਹਾ ਸੀ ਜਿਵੇਂ ਕਿਸੇ ਦੇਵ ਧਰਤੀ ਦਾ ਕੋਈ ਰਿਸ਼ੀ ਘੂਕ ਸੁੱਤਾ ਪਿਆ ਹੋਵੇ। ਬੈਠਦਿਆਂ ਮੇਰੇ ਕੰਨੀਂ ਕਿਸੇ ਔਰਤ ਦੀ ਆਵਾਜ਼ ਪਈ, ”ਨੀ ਇਹਨੂੰ ਰੁਆਓ ਕਿਸੇ ਤਰ੍ਹਾਂ!”
ਭੂਆ ਪੇਕੇ ਪਰਿਵਾਰ ‘ਚ ਬੈਠ ਕੇ ਫੁੱਫੜ ਦੀ ਮੌਤ ਬਾਰੇ ਦੱਸਣ ਲੱਗ ਪਈ, ”ਬਸ ਹਮੇਸ਼ਾ ਵਾਂਗ ਤੜਕੇ ਨਲਕਾ ਗੇੜ ਕੇ ਇਸ਼ਨਾਨ ਕਰਵਾਇਆ ਆ, ਕੱਪੜੇ ਪਾ ਕੇ ਕਮਰੇ ਵਿੱਚ ਚਲੇ ਗਏ ਨੇ, ਮੈਂ ਵੀ ਮਗਰੋਂ ਇਸ਼ਨਾਨ ਕਰਕੇ ਨੇੜੇ ਬੈਠ ਕੇ ਜਪੁਜੀ ਸਾਹਿਬ ਦਾ ਪਾਠ ਸੁਣਿਆ ਹੈ। ਉਹ ਦੂਜੀਆਂ ਬਾਣੀਆਂ ਦਾ ਪਾਠ ਕਰਨ ਲੱਗ ਪਏ ਨੇ। ਮੈਂ ਅੱਗ ਬਾਲ ਕੇ ਚਾਹ ਧਰ ਦਿੱਤੀ ਹੈ। ਅਚਾਨਕ ਮੈਨੂੰ ਉਨ੍ਹਾਂ ਦੀ ਆਵਾਜ਼ ਸੁਣੀ ਆ, ‘ਪ੍ਰਕਾਸ਼!’ ਮੈਂ ਅੰਦਰ ਆਈ ਤਾਂ ਪੋਥੀ ਹਿੱਕ ‘ਤੇ ਰੱਖੀ ਲੰਮੇ ਪਏ ਨੇ। ਮੈਂ ਹੈਰਾਨ ਹੋਈ ਇਹ ਤਾਂ ਪੰਜਾਂ ਬਾਣੀਆਂ ਦਾ ਪਾਠ ਕਰਕੇ ਹੀ ਲੰਮੇ ਪੈਂਦੇ ਹੁੰਦੇ ਸਨ! ਮੈਂ ਮੱਥੇ ‘ਤੇ ਹੱਥ ਰੱਖਿਆ ਮੇਰਾ ਹੱਥ ਗਿੱਲਾ ਹੋ ਗਿਆ। ‘ਤੁਹਾਨੂੰ ਤਾਂ ਠੰਢੀ ਤਰੇਲੀ ਆਈ ਹੋਈ ਹੈ! ਕੀ ਗੱਲ ਠੀਕ ਓ?’ ਮੇਰਾ ਹੱਥ ਫੜ ਕੇ ਬੜੇ ਸਹਿਜ ਮਤੇ ਨਾਲ ਬੋਲੇ ਨੇ, ‘ਪ੍ਰਕਾਸ਼! ਮੇਰਾ ਅੰਤ ਸਮਾਂ ਆ ਗਿਆ ਲੱਗਦਾ ਹੈ। ਧਿਆਨ ਨਾਲ ਸੁਣ, ਜਦੋਂ ਦੀ ਵਿਆਹੀ ਆਈ ਏਂ, ਮੈਨੂੰ ਤੂੰ ਸਾਰੀ ਉਮਰ ਹੱਥੀਂ ਇਸ਼ਨਾਨ ਕਰਵਾਇਆ ਹੈ। ਇੱਕ ਤਾਂ ਹੁਣ ਦੁਬਾਰਾ ਇਸ਼ਨਾਨ ਨਾ ਕਰਵਾਇਓ, ਨਾ ਆਪ ਰੋਵੀਂ ਤੇ ਨਾ ਹੀ ਪਰਿਵਾਰ ਨੂੰ ਰੋਣ ਦੇਵੀਂ। ਗੁਰੂ ਸਾਹਿਬ ਕਹਿੰਦੇ ਨੇ,
ਆਵਨ ਜਾਨੁ ਇਕੁ ਖੇਲੁ ਬਨਾਇਆ॥ ਆਗਿਆਕਾਰੀ ਕੀਨੀ ਮਾਇਆ॥’ ਮੈਂ ਉਨ੍ਹਾਂ ਦਾ ਹੱਥ ਦੋਵਾਂ ਹੱਥਾਂ ‘ਚ ਘੁੱਟ ਕੇ ਕਿਹਾ, ‘ਕੁਝ ਨ੍ਹੀਂ ਹੁੰਦਾ ਤੁਹਾਨੂੰ,’ ਪਰ ਉਹ ਦੁਬਾਰਾ ਨਹੀਂ ਬੋਲੇ।” ਭੂਆ ਦੀ ਵਾਰਤਾਲਾਪ ਸੁਣ ਕੇ ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ, ਪਰ ਭੂਆ ਸ਼ਾਂਤ ਚਿੱਤ ਇਹੀ ਕਹਿ ਰਹੀ ਸੀ, ”ਨਾ, ਰੋਣਾ ਨਹੀਂ।”
ਅੰਤਿਮ ਯਾਤਰਾ ਦੀ ਤਿਆਰੀ ਤਾਂ ਪਹਿਲਾਂ ਹੀ ਕੀਤੀ ਹੋਈ ਸੀ। ਸਿਵਿਆਂ ਅਤੇ ਸੱਥਰ ਵਿੱਚ ਹੀ ਜਾਣ ਵਾਲੇ ਦੇ ਅਸਲ ਕਿਰਦਾਰ ਦਾ ਲੇਖਾ-ਜੋਖਾ ਹੁੰਦਾ ਹੈ। ਪੂਰਾ ਪਿੰਡ ਹੀ ਫੁੱਫੜ ਦੇ ਸਾਫ਼-ਸੁਥਰੇ ਜੀਵਨ ਦੀਆਂ ਸਿਫ਼ਤਾਂ ਕਰ ਰਿਹਾ ਸੀ। ਅਰਦਾਸਾ ਕਰਨ ਤੋਂ ਬਾਅਦ ਭਾਈ ਜੀ ਨੇ ਬੀਬੀਆਂ ਨੂੰ ਮੱਥਾ ਟੇਕਣ ਲਈ ਕਹਿ ਦਿੱਤਾ। ਭੂਆ ਸ਼ਾਂਤ ਚਿੱਤ ਫੁੱਫੜ ਦੀ ਦੇਹ ਨੂੰ ਮੱਥਾ ਟੇਕ ਕੇ ਇੱਕ ਪਾਸੇ ਹੋ ਗਈ। ਭੂਆ ਦੀ ਨੂੰਹ ਮੱਥਾ ਟੇਕਣ ਤੋਂ ਬਾਅਦ ਲੇਰ ਮਾਰਦੀ ਭੂਆ ਨਾਲ ਚੰਬੜ ਗਈ, ”ਹਾਏ ਨੀ ਬੀਬੀ, ਅਸੀਂ ਹੁਣ ਕੀਹਨੂੰ ਭਾਪਾ ਆਖਾਂਗੇ?” ਇਹ ਵਾਕ ਲੇਰਾਂ ਮਾਰਦੀ ਨੂੰਹ ਨੇ ਕਈ ਵਾਰ ਦੁਹਰਾਇਆ।
ਨੂੰਹ ਨੂੰ ਗਲ਼ ਨਾਲ ਲਾ ਕੇ ਚੁੱਪ ਕਰਾਉਂਦਿਆਂ ਭੂਆ ਗ਼ਮ ਦੇ ਅਥਾਹ ਸਾਗਰ ਵਿੱਚ ਡੁੱਬੀ ਏਨਾ ਹੀ ਬੋਲੀ, ”ਧੀਏ, ਮੈਂ ਕੀ ਦੱਸਾਂ?” ਪਰ ਰੋਈ ਨਹੀਂ।ਇੱਕ ਵਾਕ ਹੀ ਭੂਆ ਦੇ ਗਹਿਰੇ ਗ਼ਮ ਦੀ ਤਰਜ਼ਮਾਨੀ ਕਰ ਰਿਹਾ ਸੀ।
ਮੇਰੀ ਸਭ ਤੋਂ ਛੋਟੀ ਭੂਆ ਪ੍ਰਕਾਸ਼ ਕੌਰ ਉਰਫ਼ ਪ੍ਰਗਾਸ਼ੋ ਦਾ ਵਿਆਹ ਬਹੁਤ ਹੀ ਸੁਹਣੇ-ਸੁਨੱਖੇ ਫੁੱਫੜ ਰਾਮ ਸਿੰਘ ਨਾਲ ਜਦੋਂ ਹੋਇਆ ਸੀ, ਉਦੋਂ ਮੈਂ ਚੌਥੀ ਜਮਾਤ ਵਿੱਚ ਪੜ੍ਹਦਾ ਸਾਂ। ਉਸ ਵੇਲੇ ਕੁੜੀਆਂ ਨੂੰ ਪੜ੍ਹਾਉਣ ਦਾ ਬਹੁਤਾ ਰਿਵਾਜ ਨਹੀਂ ਸੀ। ਇਸ ਲਈ ਭੂਆ ਤਾਂ ਸਕੂਲ ਗਈ ਹੀ ਨਹੀਂ ਸੀ। ਪਰ ਬਦਲ ਰਹੇ ਯੁੱਗ ਕਰਕੇ ਵਿਰਲੇ-ਟਾਵੇਂ ਲੋਕ ਕੁੜੀਆਂ ਨੂੰ ਸਕੂਲ ਭੇਜਣ ਵੀ ਲੱਗ ਪਏ ਸਨ। ਸ਼ਾਇਦ ਇਸ ਲਈ ਹੀ ਜਦੋਂ ਮੈਂ ਦੂਜੀ ਜਮਾਤ ਵਿੱਚ ਹੋਇਆ ਤਾਂ ਮੇਰੇ ਤੋਂ ਛੋਟੀ ਨੂੰ ਵੀ ਪਹਿਲੀ ਜਮਾਤ ‘ਚ ਦਾਖਲ ਕਰਵਾ ਦਿੱਤਾ। ਬਚਪਨਾ ਸੀ, ਬਾਲ ਮਾਨਸਿਕਤਾ ਨੇ ਭੈਣ ਨੂੰ ਸਕੂਲ ਆਉਂਦੀ ਵੇਖ ਆਪਣੇ ਹਾਣੀਆਂ ‘ਚ ਆਪਣੀ ਹੇਠੀ ਸਮਝੀ। ਘਰ ਆ ਕੇ ਜ਼ਿਦ ਫੜ ਲਈ ਕਿ ਜੇ ਨਿੱਕੀ ਨੇ ਸਕੂਲੇ ਜਾਣਾ ਹੈ, ਫਿਰ ਮੈਂ ਸਕੂਲ ਨਹੀਂ ਪੜ੍ਹਨਾ। ਮਾਤਾ ਪਿਤਾ ਨੇ ਕੁੜੀ ਨੂੰ ਹਟਾ ਕੇ ਮੇਰੀ ਪੜ੍ਹਾਈ ਨੂੰ ਪਹਿਲ ਦਿੱਤੀ ਜਿਸ ਕਰਕੇ ਮੇਰੀ ਭੈਣ ਅਨਪੜ੍ਹ ਰਹਿ ਗਈ। ਜਿਸਦਾ ਮਲਾਲ ਮੈਨੂੰ ਪੜ੍ਹ ਲਿਖ ਕੇ ਮਾਸਟਰ ਲੱਗਣ ਵੇਲੇ ਉਦੋਂ ਹੋਇਆ ਜਦੋਂ ਨਿਯੁਕਤੀ ਮੌਕੇ ਮੇਰੇ ਨਾਲ ਹੀ ਦੋ ਅਧਿਆਪਕਾਵਾਂ ਨੇ ਹਾਜ਼ਰੀ ਦਿੱਤੀ।
ਭੂਆ ਨਾਲ ਮੇਰਾ ਐਨਾ ਪਿਆਰ ਸੀ ਕਿ ਉਸ ਦਾ ਵਿਆਹ ਹੋਣ ਤੱਕ ਉਹ ਮੈਨੂੰ ਬੀਬੀ ਵਾਂਗ ਤਿਆਰ ਕਰਦੀ ਰਹੀ। ਮੇਰੀ ਹਰ ਲੋੜ ਦਾ ਖ਼ਾਸ ਖਅਿਾਲ ਰੱਖਦੀ। ਨਿੱਤ ਸਵੇਰੇ ਨੁਹਾਉਣ ਤੋਂ ਬਾਅਦ ਸਿਰ ਵਾਹ ਕੇ ਮੀਢੀ ਵਾਲਾ ਜੂੜਾ ਕਰਕੇ ਉਪਰ ਚਿੱਟਾ ਰੁਮਾਲ ਪਾ ਕੇ ਆਖਦੀ, ”ਮੇਰਾ ਸੀਤਾ ਪੁੱਤ ਸਭ ਤੋਂ ਸੁਹਣਾ ਲੱਗੂ!” ਜਦੋਂ ਭੂਆ ਮੈਨੂੰ ਪੁੱਤ ਆਖਦੀ ਤਾਂ ਮੈਨੂੰ ਹੋਰ ਤਰ੍ਹਾਂ ਲੱਗਦਾ। ਮੈਂ ਸੋਚਦਾ ਪੁੱਤ ਤਾਂ ਬੀਬੀ ਜਾਂ ਦਾਦੀ ਨੂੰ ਆਖਣਾ ਚਾਹੀਦਾ ਹੈ! ਪਰ ਮੈਂ ਚੁੱਪ ਰਹਿੰਦਾ।
ਉਦੋਂ ਜੰਞਾਂ ਰਾਤ ਰਹਿੰਦੀਆਂ ਸਨ। ਪਿੰਡ ਦੇ ਲਹਿੰਦੇ ਪਾਸੇ ਪਹੇ ‘ਚ ਉੱਡਦੀ ਧੂੜ ਵੇਖ ਕੇ ਜੰਞ ਆ ਗਈ ਦਾ ਰੌਲਾ ਪੈ ਗਿਆ। ਸ਼ਿੰਗਾਰੇ ਟਾਂਗਿਆਂ ਤੋਂ ਇਲਾਵਾ ਫੁਰਕੜੇ ਮਾਰਦੀਆਂ ਘੋੜੀਆਂ ਦੀਆਂ ਲਗਾਮਾਂ ਫੜੀ ਧਰਤੀ ਸੁੰਭਰਦੇ ਧੂਹਵੇਂ ਚਾਦਰੇ, ਗਲ਼ਾਂ ‘ਚ ਕੈਂਠੇ, ਰੰਗ-ਬਿਰੰਗੀਆਂ ਪੱਗਾਂ ਵਾਲੇ ਸ਼ੌਕੀਨ ਗੱਭਰੂ ਪੱਬਾਂ ‘ਤੇ ਤੁਰਦੇ ਇੰਜ ਲੱਗ ਰਹੇ ਸਨ ਜਿਵੇਂ ਧਰਤੀ ਉਨ੍ਹਾਂ ਭਾਰ ਨਾ ਝੱਲ ਰਹੀ ਹੋਵੇ। ਲਾੜਾ ਬਣੇ ਫੁੱਫੜ ਦਾ ਚਿਹਰਾ ਸੰਘਣੇ ਸਿਹਰੇ ਨਾਲ ਢੱਕਿਆ ਹੋਇਆ ਸੀ। ਜੰਞ ਵਿੱਚੋਂ ਇੱਕ ਬੰਦਾ ਸਾਰਿਆਂ ਨੂੰ ਪਿੰਡੋਂ ਬਾਹਰਵਾਰ ਖਲੋਣ ਲਈ ਆਖ ਕੇ ਆਪ ਪਿੰਡ ਵੱਲ ਨੂੰ ਹੋ ਤੁਰਿਆ।ਤਿਰਕਾਲਾਂ ਹੋ ਚੁੱਕੀਆਂ ਸਨ। ਭਾਪਾ ਚਾਚੇ ਤੇ ਹੋਰ ਜੀਅ ਮਿਲਣੀ ਮੌਕੇ ਧਾਰਨਾ ਦਾ ਸ਼ਬਦ ਪੜ੍ਹਨ ਵਾਲੇ ਭਾਈ ਦੇ ਆਉਣ ਤੱਕ ਹਨੇਰਾ ਵੀ ਹੋ ਗਿਆ। ਇੱਕ ਜਗਦਾ ਗੈਸ ਵੀ ਆ ਗਿਆ। ਭਾਈ ਵੱਲੋਂ ‘ਮੇਲ ਦਿਓ ਮਾਹਰਾਜ ਵੇਲਾ ਮਿਲਣੀ ਦਾ’ ਸ਼ਬਦ ਢੋਲਕੀ ਨਾਲ ਪੜ੍ਹ ਕੇ ਮਿਲਣੀ ਦਾ ਆਰੰਭ ਕੀਤਾ। ਮਿਲਣੀ ਹੁੰਦਿਆਂ ਗਾਲ਼੍ਹਾਂ ਵਰਗੇ ਗੀਤ ਕੁੜੀਆਂ ਨੇ ਗਾ ਕੇ ਕਾਫ਼ੀ ਰੰਗ ਬੰਨ੍ਹਿਆ। ਮਿਲਣੀ ਤੋਂ ਬਾਅਦ ਬਰਾਤ ਧਰਮਸ਼ਾਲਾ ਵਿੱਚ ਆ ਗਈ।
ਮੈਨੂੰ ਯਾਦ ਹੈ ਜਦੋਂ ਬਰਾਤ ਰੋਟੀ ਖਾਣ ਵਾਸਤੇ ਆਈ ਤਾਂ ਚਿੱਟੀਆਂ ਚਤਹੀਆਂ ਤਹਿ ਲਾ ਕੇ ਵਿਛਾਈਆਂ ਗਈਆਂ ਸਨ। ਸਾਰੇ ਇੱਕੋ ਜਿਹੇ ਗੱਭਰੂਆਂ ‘ਚ ਲਾੜਾ ਕੌਣ ਹੈ, ਪਤਾ ਨਹੀਂ ਲੱਗ ਰਿਹਾ ਸੀ। ਅਗਲੇ ਦਿਨ ਸਵੇਰੇ ਆਨੰਦ ਕਾਰਜ ਘਰ ਵਿੱਚ ਹੀ ਹੋਣਾ ਸੀ। ਇਸ ਮੌਕੇ ਮੇਰਾ ਧਿਆਨ ਬਣ ਰਹੇ ਫੁੱਫੜ ਵੱਲ ਹੀ ਸੀ, ਪਰ ਹੁਣ ਵੀ ਉਸ ਦਾ ਮੂੰਹ ਸਿਹਰੇ ਨਾਲ ਢੱਕਿਆ ਹੋਇਆ ਸੀ। ਭੂਆ ਨੂੰ ਵੀ ਲਾਲ ਫੁਲਕਾਰੀ ਦਾ ਝੁੰਗਲਮਾਟਾ ਜਿਹਾ ਮਰਵਾ ਕੇ ਕੁੜੀਆਂ ਲੈ ਆਈਆਂ। ਭਾਈ ਜੀ ਦੇ ਕਹਿਣ ‘ਤੇ ਜਦੋਂ ਫੁੱਫੜ ਦੇ ਸਿਹਰੇ ਲਾਹੇ ਤਾਂ ਮੇਰੇ ਬਾਲ ਮਨ ‘ਚੋਂ ਆਵਾਜ਼ ਆਈ ਮੇਰੀ ਭੂਆ ਦਾ ਪ੍ਰਾਹੁਣਾ ਏਨਾ ਸੁਹਣਾ ਹੀ ਚਾਹੀਦਾ ਸੀ। ਜੋੜੀਆਂ ਜੱਗ ਥੋੜ੍ਹੀਆਂ ਦੀ ਚਰਚਾ ਪੂਰੇ ਪਿੰਡ ਵਿੱਚ ਹੋ ਗਈ।
ਉਨ੍ਹਾਂ ਵੇਲਿਆਂ ਵਿੱਚ ਲੋੜ ਦਾ ਸਾਮਾਨ ਜੋ ਕੁੜੀ ਨੇ ਆਪ ਹੱਥੀਂ ਤਿਆਰ ਕੀਤਾ ਹੁੰਦਾ ਸੀ ਦਾਜ ਦੇ ਰੂਪ ਵਿੱਚ ਲੈ ਕੇ ਜਾਂਦੀ ਸੀ। ਹੱਥੀਂ ਬਣਾਇਆ ਦਾਜ ਕੁੜੀ ਦੀ ਸੂਝ ਦੀ ਸ਼ਾਹਦੀ ਭਰਦਾ ਸੀ। ਨਾਨਕੀ ਛੱਕ ਦੇ ਨਾਂ ‘ਤੇ ਮੰਜਾ-ਪੀਹੜਾ, ਬਿਸਤਰਾ ਅਤੇ ਪੰਜ ਭਾਂਡੇ ਜਾਂ ਦਾਦੀ ਦਾ ਹੱਥ ਭਰੇ ਦਾ ਗੁਲਾਬੀ ਸੂਟ ਮਾਮਾ-ਮਾਮੀ ਲੈ ਕੇ ਆਏ ਸਨ। ਕੋਈ-ਕੋਈ ਸਹਿੰਦਾ ਪਰਿਵਾਰ ਦਾਜ ਨਾਲ ਸਾਈਕਲ ਵੀ ਦੇਣ ਲੱਗ ਪਿਆ ਸੀ। ਸ਼ਾਮ ਵੇਲੇ ਡੋਲੀ ਵਿੱਚ ਬੈਠਦੀ ਭੂਆ ਅਤੇ ਵਿਲਕਦੇ ਪਰਿਵਾਰ ਦੀ ਹਾਲਤ ਮੇਰੇ ਬਚਪਨ ਦੀ ਯਾਦ ਦਾ ਹਿੱਸਾ ਹੈ। ਵੈਸੇ ਤਾਂ ਭੈਣ ਨਾਲ ਪਹਿਲੀ ਵਾਰੀ ਭਰਾ ਦੇ ਨਾਲ ਜਾਣ ਦੀ ਪਰੰਪਰਾ ਸੀ ਪਰ ਚਾਚੇ ਵੱਡੇ ਸਨ। ਇਸ ਲਈ ਭੂਆ ਦੇ ਨਾਲ ਜਾਣ ਦਾ ਗੁਣਾ ਮੇਰਾ ਹੀ ਪਿਆ। ਦਾਜ ਵਾਲੇ ਗੱਡੇ ‘ਤੇ ਨੈਣ ਦੇ ਨਾਲ ਬੈਠਦੇ ਦੀਆਂ ਮੇਰੀਆਂ ਭੁੱਬਾਂ ਨਿਕਲ ਗਈਆਂ।
ਉਨ੍ਹਾਂ ਵੇਲਿਆਂ ‘ਚ ਪੈਦਲ ਜਾਂਦੀਆਂ ਬਰਾਤਾਂ ‘ਤੇ ਡੋਲ਼ੀਆਂ ਡਾਕੂ ਲੁੱਟ ਲੈਂਦੇ ਸਨ। ਇਸ ਕਰਕੇ ਫੁੱਫੜ ਦੇ ਬਰਾਤੀ ਹੱਥਾਂ ‘ਚ ਕਿਰਪਾਨਾਂ ਫੜੀ ਘੋੜੀਆਂ ‘ਤੇ ਸਵਾਰ ਡੋਲ਼ੀ ਅਤੇ ਦਾਜ ਵਾਲੇ ਗੱਡੇ ਦੇ ਅੱਗੇ ਪਿੱਛੇ ਚੱਲ ਰਹੇ ਸਨ।ਹਨੇਰਾ ਪਏ ਤੋਂ ਭੂਆ ਦੀ ਡੋਲ਼ੀ ਦਾ ਕਾਫ਼ਲਾ ਭੂਆ ਦੇ ਸਹੁਰਿਆਂ ਦੇ ਘਰ ਪਹੁੰਚ ਗਿਆ। ਸੁਹਾਗ ਗੀਤ ਗਾਉਂਦਿਆਂ ਕਹਾਰਾਂ ਦਾ ਬਣਦਾ ਲਾਗ ਦੇ ਕੇ ਫੁਲਕਾਰੀ ਵਿੱਚ ਲਿਪਟੀ ਭੂਆ ਨੂੰ ਔਰਤਾਂ ਨੇ ਡੋਲੀ ‘ਚੋਂ ਬਾਹਰ ਕੱਢਿਆ। ਇਸ ਤੋਂ ਬਾਅਦ ਕੁੜੀਆਂ ਦੇ ਗੀਤ ਗਾਉਂਦਿਆਂ ਹੀ ਜੋੜੀ ਤੋਂ ਇੱਕ ਔਰਤ ਨੇ ਪਾਣੀ ਵਾਰ ਕੇ ਪੀਤਾ। ਮੈਂ ਭੂਆ ਦੀ ਫੁਲਕਾਰੀ ਦੀ ਇੱਕ ਕੰਨੀ ਘੁੱਟ ਕੇ ਫੜੀ ਹੋਈ ਸੀ ਤਾਂ ਕਿ ਭੂਆ ਦੇ ਨੇੜੇ ਹੀ ਰਹਿ ਸਕਾਂ। ਇੱਕ ਖੁੱਲ੍ਹੀ ਬੈਠਕ ਵਿੱਚ ਦੀਵੇ ਦੀ ਲੋਏ ਭੂਆ ਤੇ ਫੁੱਫੜ ਨੂੰ ਭੁੰਜੇ ਵਿਛੀ ਇੱਕ ਤਲਾਈ ‘ਤੇ ਬਿਠਾਇਆ ਗਿਆ। ਲਾਗਣ ਨੇ ਬੂੰਦੀ ਦੀ ਥਾਲੀ ਲਿਆ ਕੇ ਕਿਹਾ, ”ਸ਼ਾਹਣੀ, ਪਹਿਲਾਂ ਵਹੁਟੀ ਦਾ ਮੂੰਹ ਜੁਠਾਲ ਲੈ। ਫਿਰ ਮੇਲ-ਮੰਡਲ ਨੇ ਰੋਟੀਆਂ ਵੀ ਖਾਣੀਆਂ ਨੇ!” ਕੁੜੀਆਂ ਭੂਆ ਦੇ ਚਿਹਰੇ ਦੀ ਇੱਕ ਝਲਕ ਪਾਉਣ ਲਈ ਘੁਸੜ-ਘੁਸੜ ਇੱਕ-ਦੂਜੀ ਤੋਂ ਅੱਗੇ ਹੋ ਰਹੀਆਂ ਸਨ। ਇਸ ਮੌਕੇ ਵੀ ਕੁੜੀਆਂ ਨੇ ਗਾਲ਼੍ਹਾਂ ਵਰਗੇ ਗੀਤ ਗਾਏ ਸਨ। ਉਸ ਤੋਂ ਬਾਅਦ ਬੈਠਕ ਵਿੱਚ ਸਾਡੇ ਪਿੰਡ ਦੀ ਨੰਤੋ ਨੈਣ, ਮੈਂ ਤੇ ਭੂਆ ਹੀ ਸਾਂ। ਸਾਰੇ ਦਿਨ ਦੀ ਥਕਾਵਟ ਕਰਕੇ ਮੈਨੂੰ ਕਦੋਂ ਨੀਂਦ ਆ ਗਈ ਮੈਨੂੰ ਪਤਾ ਹੀ ਨਾ ਲੱਗਾ। ਉਦੋਂ ਹੀ ਪਤਾ ਲੱਗਾ ਜਦੋਂ ਕਲੀਰੇ ਸੰਭਾਲਦੀ ਭੂਆ ਮੈਨੂੰ ਕਹਿ ਰਹੀ ਸੀ, ”ਉੱਠ ਸੀਤੇ ਪੁੱਤ, ਦਿਨ ਚੜ੍ਹ ਗਿਆ ਆ।” ਜਦੋਂ ਮੈਂ ਅੱਖਾਂ ਮਲਦਾ ਉੱਠਿਆ ਤਾਂ ਕਿੰਨੀਆਂ ਹੀ ਕੁੜੀਆਂ ਬੈਠਕ ਵਿੱਚ ਆਈਆਂ ਬੈਠੀਆਂ ਸਨ।
ਗਾਨੇ ਖੇਡਣ ਦੀ ਰਸਮ ਮੌਕੇ ਵੀ ਕੁੜੀਆਂ ਬਹੁਤੇ ਗਾਉਣ ਸਾਡੇ ਰਿਸ਼ਤੇਦਾਰਾਂ ਨੂੰ ਹੀ ਲਾ ਲਾ ਕੇ ਗਾ ਰਹੀਆਂ ਸਨ। ਉਸ ਵੇਲੇ ਮੈਨੂੰ ਗੁੱਸਾ ਵੀ ਆਇਆ ਸੀ। ਪਰ ਸਿਆਣਾ ਹੋਏ ਤੋਂ ਪਤਾ ਲੱਗਾ ਕਿ ਉਹ ਗੀਤ ਸਿੱਠਣੀਆਂ ਸਨ, ਜਿਸ ਦਾ ਕੋਈ ਗੁੱਸਾ ਨਹੀਂ ਕਰਦਾ। ਲੌਢੇ ਵੇਲੇ ਤੱਕ ਚਾਚਾ ਵੀ ਆ ਗਿਆ। ਸ਼ਾਮ ਨੂੰ ਤੁਰਨ ਲੱਗਿਆਂ ਭੂਆ ਨੇ ਸਹੁਰਿਆਂ ਵੱਲੋਂ ਬਣਾਈ ਵਰੀ ‘ਚੋਂ ਸੂਟ ਪਾਇਆ ਹੋਇਆ ਸੀ। ਕਾਫ਼ੀ ਮੇਲ ਮੰਡਲ ਬਾਹਰ ਤੱਕ ਭੂਆ ਨੂੰ ਤੋਰਨ ਆਇਆ। ਪਿੰਡ ਆ ਕੇ ਭੂਆ ਬੀਬੀ, ਚਾਚੀ ਅਤੇ ਸਹੇਲੀਆਂ ਨੂੰ ਘੁੱਟ-ਘੁੱਟ ਇੰਜ ਮਿਲੀ ਜਿਵੇਂ ਬੜੇ ਦਿਨਾਂ ਬਾਅਦ ਪਿੰਡ ਮੁੜੀ ਹੋਵੇ। ਭੂਆ ਇੱਕ ਦਿਨ ਵਿੱਚ ਹੀ ਮੈਨੂੰ ਵੱਡੀ-ਵੱਡੀ ਤੇ ਸਿਆਣੀ-ਸਿਆਣੀ ਲੱਗਣ ਲੱਗ ਪਈ।
ਭੂਆ ਆਈ ਨੂੰ ਵਾਹਵਾ ਦਿਨ ਹੋ ਗਏ ਸਨ। ਹੋਰ ਦਿਨਾਂ ਦੇ ਉਲਟ ਘਰ ਵਿੱਚ ਇੰਜ ਲੱਗ ਰਿਹਾ ਸੀ ਜਿਵੇਂ ਕਿਸੇ ਨੇ ਆਉਣਾ ਹੋਵੇ। ਕੁਕੜੀਆਂ ‘ਚ ਫਿਰਦਾ ਕੁੱਕੜ ਗ਼ਾਇਬ ਸੀ। ਉਸ ਦੀ ਦੀ ਬਾਂਗ ਦੀ ਜਗ੍ਹਾ ਪਤੀਲੇ ‘ਚੋਂ ਮਹਿਕਾਂ ਆ ਰਹੀਆਂ ਸਨ। ਚਾਚਾ ਘਰ ਦੀ ਕੱਢੀ ਦੇਸੀ ਹਵੇਲੀਓਂ ਲੈ ਆਇਆ ਸੀ, ਪਰ ਰੋਟੀ ਖਾਣ ਲੱਗਿਆਂ ਫੁੱਫੜ ਨੇ ਮੀਟ ਸ਼ਰਾਬ ਨੂੰ ਹੱਥ ਤੱਕ ਨਹੀਂ ਲਾਇਆ। ਸਿਰਫ਼ ਸਾਦਾ ਦਾਲ ਫੁਲਕਾ ਹੀ ਛਕਿਆ। ਅਗਲੇ ਦਿਨ ਮੁਕਲਾਵਾ ਤੁਰਨ ਵੇਲੇ ਭੂਆ ਸਮੇਤ ਪ੍ਰਾਹੁਣੇ ਤੁਰਨ ਲੱਗਿਆਂ ਬੀਬੀ ਨੇ ਫੁੱਫੜ ਨੂੰ ਕਿਹਾ, ”ਪ੍ਰਾਹੁਣਿਆਂ, ਕੁਝ ਦਿਨਾਂ ਬਾਅਦ ਅਸੀਂ ਕਿਸੇ ਦਿਨ ਪ੍ਰਗਾਸ਼ੋ ਨੂੰ ਲੈ ਆਵਾਂਗੇ, ਤੂੰ ਭਾਵੇਂ ਅਗਲੇ ਦਿਨ ਇਕੱਲਾ ਹੀ ਸ਼ੈਕਲ ‘ਤੇ ਆ ਕੇ ਲੈ ਜਾਵੀਂ, ਖੁੱਲ੍ਹ ਹੋ ਜੂ ਫਿਰ ਜਦੋਂ ਮਰਜ਼ੀ ਆਓ-ਜਾਓ।”
ਭੂਆ ਤਾਂ ਬਿਲਕੁਲ ਹੀ ਅਨਪੜ੍ਹ ਸੀ, ਪਰ ਫੁੱਫੜ ਨੇ ਪਿੰਡ ਨੇੜਲੇ ਤਕੀਏ ‘ਤੇ ਨਿਰਮਲੇ ਸੰਤਾਂ ਕੋਲੋਂ ਗੁਰਮਖੀ ਸਿੱਖੀ ਹੋਈ ਸੀ ਤੇ ਪੰਜਾਂ ਬਾਣੀਆਂ ਦਾ ਪਾਠ ਵੀ ਕਰ ਲੈਂਦਾ ਸੀ। ਕੁਝ ਦਿਨਾਂ ਬਾਅਦ ਚਾਚਾ ਇੱਕ ਦਿਨ ਭੂਆ ਨੂੰ ਉਸ ਦੇ ਸਹੁਰਿਆਂ ਤੋਂ ਜਾ ਕੇ ਲੈ ਆਇਆ। ਠੀਕ ਹੀ ਅਗਲੇ ਦਿਨ ਫੁੱਫੜ ਘੁਸਮੁਸੇ ਜਿਹੇ ਪੈਦਲ ਹੀ ਪਿੰਡ ਆ ਗਿਆ। ਭੂਆ ਦੇ ਕਹੇ ਅਨੁਸਾਰ ਜਵਾਈ ਲਈ ਕੋਈ ਖ਼ਾਸ ਉਚੇਚ ਨਹੀਂ ਕੀਤੀ ਸਿਵਾਏ ਕਣਕ ਦੀ ਰੋਟੀ, ਮਾਂਹ ਦੀ ਦਾਲ ਅਤੇ ਪੀਲੇ ਚੌਲਾਂ ਦੇ। ਉਸ ਰਾਤ ਫੁੱਫੜ ਵੱਲੋਂ ਸਾਈਕਲ ਨਾ ਲਿਆਉਣ ਕਰਕੇ ਫੁੱਫੜ ਨੂੰ ਬੜੇ ਮਖੌਲ ਹੋਏ। ਚਾਚੀ ਕਹਿ ਰਹੀ ਸੀ, ”ਵੇ ਪ੍ਰਾਹੁਣਿਆਂ, ਤੇਰੇ ਨਾਲੋਂ ਤਾਂ ਸਾਡਾ ਸੀਤਾ ਈ ਚੰਗਾ ਆ, ਜਿਹੜਾ ਹੁਣੇ ਈ ਲੱਤਾਂ ਵਿਚਦੀ ਪਾ ਕੇ ਸ਼ੈਕਲ ਭਜਾਈ ਫਿਰਦਾ ਆ।” ਪਰ ਫੁੱਫੜ ਕੁਝ ਨਹੀਂ ਬੋਲਿਆ ਮੁਸਕੜੀਏ ਹੱਸਦਾ ਰਿਹਾ।
ਅਗਲੇ ਦਿਨ ਭਾਅ ਨੇ ਪਿੰਡ ਦੇ ਟਾਂਗੇ ਵਾਲੇ ਅਰਜਣ ਨੂੰ ਆਉਣ-ਜਾਣ ਦੇ ਸਾਲਮ ਭਾੜੇ ਵਜੋਂ ਪੰਜ ਰੁਪਈਏ ਦੇ ਕੇ ਭੂਆ-ਫੁੱਫੜ ਨੂੰ ਟਾਂਗੇ ‘ਤੇ ਬਿਠਾ ਦਿੱਤਾ। ਬੀਬੀ ਨੇ ਦੋਵਾਂ ਜੀਆਂ ਨੂੰ ਜਲਦੀ ਆਉਣ ਲਈ ਵੀ ਆਖਿਆ।ਭੂਆ ਦੇ ਦੱਸਣ ਅਨੁਸਾਰ ਅਰਜਣ ਨੇ ਉੱਥੋਂ ਪਾਣੀ ਵੀ ਨਹੀਂ ਪੀਤਾ ਸਗੋਂ ਸਾਨੂੰ ਦੋਵਾਂ ਨੂੰ ਹੀ ਰੁਪਈਆ-ਰੁਪਈਆ ਫੜਾਉਂਦਿਆਂ ਸਿਰਾਂ ‘ਤੇ ਪਿਆਰ ਦੇਂਦਿਆਂ ਕਿਹਾ, ”ਧੀ ਦੇ ਘਰੋਂ ਤਾਂ ਪਾਣੀ ਵੀ ਨਹੀਂ ਪੀਵੀਦਾ ਧੀਏ!”
ਮੈਨੂੰ ਯਾਦ ਹੈ ਫੁੱਫੜ ਦੁਬਾਰਾ ਭੂਆ ਨੂੰ ਓਨਾ ਚਿਰ ਨਹੀਂ ਲਿਆਇਆ ਜਿੰਨਾ ਚਿਰ ਉਸ ਨੇ ਸਾਈਕਲ ਚਲਾਉਣਾ ਨਹੀਂ ਸਿੱਖ ਲਿਆ। ਸਾਈਕਲ ਸਿੱਖਣ ਦੀ ਸ਼ਰਤ ਭੂਆ ਨੇ ਵੀ ਰੱਖ ਦਿੱਤੀ ਸੀ। ਬਸ ਫਿਰ ਤਾਂ ਮਹੀਨੇ ਦਸੀਂ ਦਿਨੀਂ ਟੱਲੀਆਂ ਮਾਰਦੇ ਆਉਂਦੇ ਫੁੱਫੜ ਦੇ ਮਗਰ ਬੂਟੀਆਂ ਵਾਲਾ ਝੋਲਾ ਫੜ੍ਹੀ ਬੈਠੀ ਭੂਆ ਪਿੰਡ ਆ ਜਾਂਦੀ। ਉਸ ਰਾਤ ਘਰ ਵਿੱਚ ਬੜੀ ਰੌਣਕ ਲੱਗਦੀ। ਘਰ ਦੇ ਸਿਆਣਿਆਂ ਵਿੱਚ ਫੁੱਫੜ ਬੱਚਿਆਂ ਵਰਗਾ ਜਵਾਈ ਸੀ।ਉਹ ਘਰ ਦੇ ਬੱਚਿਆਂ ਵਿੱਚ ਬੱਚਾ ਹੀ ਬਣਿਆ ਰਹਿੰਦਾ। ਸਾਡੇ ਵਾਂਗ ਹੀ ਚੌਂਕੇ ਵਿੱਚ ਬੈਠ ਕੇ ਅੱਗ ਸੇਕਦਾ, ਉੱਥੇ ਬੈਠਾ ਹੀ ਰੋਟੀ ਖਾ ਲੈਂਦਾ। ਰਾਤ ਨੂੰ ਸਾਨੂੰ ਧਾਰਮਿਕ ਸਾਖੀਆਂ ਸੁਣਾਉਂਦਾ। ਜਦੋਂ ਸਵੇਰੇ ਜਾਗਦੇ ਤਾਂ ਫੁੱਫੜ ਨਾਲ ਲਿਆਂਦੀ ਪੋਥੀ ਤੋਂ ਪਾਠ ਕਰ ਰਿਹਾ ਹੁੰਦਾ। ਭੂਆ ਸਾਨੂੰ ਵੀ ਨਹਾ ਕੇ ਪਾਠ ਸੁਣਨ ਨੂੰ ਆਖਦੀ, ਪਰ ਅਸੀਂ ਨਹਾਉਂਦੇ ਤਾਂ ਨਾ, ਮੂੰਹ ਧੋ ਕੇ ਪਾਠ ਸੁਣਨ ਫੁੱਫੜ ਦੇ ਨੇੜੇ ਬੈਠ ਜਾਂਦੇ। ਇੱਕ ਵਾਰ ਫੁੱਫੜ ਆਏ ਤੋਂ ਇੱਕ ਗੁਆਂਢਣ ਦੇ ਬੀਬੀ ਨੂੰ ਕਹੇ ਬੋਲ ਅੱਜ ਵੀ ਮੈਨੂੰ ਯਾਦ ਹਨ, ”ਧਰਮ ਕੌਰੇ, ਤੁਹਾਡੇ ਤੇ ਪ੍ਰਗਾਸ਼ੋ ਦੇ ਚੰਗੇ ਭਾਗ ਨੇ ਜੋ ਸਾਧੂ ਸੁਭਾਅ ਪ੍ਰਾਹੁਣਾ ਮਿਲਿਆ ਹੈ, ਤੁਹਾਨੂੰ ਕੋਈ ਚਿੰਤਾ ਨਹੀਂ, ਜਵਾਈ ਤੇ ਘੋੜੇ ਸਾਂਭਣੇ ਕਿਤੇ ਖਾਲਾ ਜੀ ਦਾ ਵਾੜਾ ਨੇ!” ਉਹ ਆਪਣੀ ਥਾਂ ਸੱਚੀ ਸੀ ਕਿਉਂਕਿ ਉਨ੍ਹਾਂ ਦੇ ਜਵਾਈ ਆਏ ਦਾ ਸਾਰੇ ਪਿੰਡ ਨੂੰ ਪਤਾ ਲੱਗ ਜਾਂਦਾ ਸੀ। ਅੰਨ ਪਾਣੀ ਛਕਦਿਆਂ ਦਾਲ ਭਾਜੀ ਕਿਹੋ ਜਿਹੀ ਬਣੀ ਦਾ ਪ੍ਰਤੀਕਰਮ ਲੈਣ ਵਾਸਤੇ ਜਦੋਂ ਵੀ ਕਿਤੇ ਬੀਬੀ ਜਾਂ ਚਾਚੀ ਨੇ ਪੁੱਛਣਾ ਤਾਂ, ਜਿਹੋ ਜਿਹੀ ਵੀ ਬਣੀ ਹੋਵੇ ਫੁੱਫੜ ਦਾ ਇੱਕੋ ਹੀ ਤਕੀਆ ਕਲਾਮ ਹੁੰਦਾ, ”ਬਈ ਬੜੀ ਆਹਲਾ।” ਮੇਰੀ ਚਾਚੀ ਕਾਫ਼ੀ ਭਾਰੀ ਪੱਲੇ ਦੀ ਸੀ। ਕਈ ਵਾਰ ਭੂਆ ਫੁੱਫੜ ਆਏ ਤੋਂ ਚਾਚੇ ਨੇ ਮਖੌਲ ਕਰਦਿਆਂ ਕਹਿਣਾ, ”ਰਾਮ ਸਿਆਂ, ਇਹ ਚਰਮਖ਼ ਜਿਹੀ ਨੂੰ ਮਗਰ ਬਿਠਾ ਕੇ ਸ਼ੈਕਲ ਭਜਾਈ ਫਿਰਦਾ ਏਂ ਕਿਤੇ ਆਪਣੀ ਸਾਲੇਹਾਰ ਨੂੰ ਬਿਠਾ ਕੇ ਵੇਖੇਂ ਤਾਂ ਪਤਾ ਲੱਗੇ ਜ਼ਨਾਨੀ ਕੀ ਹੁੰਦੀ ਆ!”
ਚਾਚੇ ਨੂੰ ਹੱਸਦਿਆਂ ਮੋੜ ਭੂਆ ਹੀ ਦੇਂਦੀ, ”ਵੀਰੇ, ਇਹ ਤਾਂ ਭਾਬੀ ਨੂੰ ਸੈਕਲ ਮਗਰ ਨਾ ਬਿਠਾਉਣ ਦੇ ਬਹਾਨੇ ਨੇ, ਸੁਖ ਨਾਲ ਮੇਰੀ ਭਾਬੋ ਕਿਤੇ ਐਨੀ ਮੋਟੀ ਤਾਂ ਨਹੀਂ!” ਹੱਸਦਿਆਂ ਚਾਚੀ ਧੀਆਂ ਵਰਗੀ ਨਨਾਣ ਨੂੰ ਘੁੱਟ ਕੇ ਗਲ਼ ਨਾਲ ਲਾ ਲੈਂਦੀ। ਮੇਰੇ ਦੋ ਫੁੱਫੜ ਹੋਰ ਵੀ ਸਨ। ਉਹ ਉਮਰੋਂ ਭਾਪੇ ਨਾਲੋਂ ਵੀ ਵੱਡੇ ਸਨ। ਇੱਕ ਕਿਤੇ ਬਰਮਾ ਦੀ ਲੜਾਈ ਮੌਕੇ ਫ਼ੌਜ ਵਿੱਚ ਸੀ।ਇੱਕ ਮੋਟੀ ਜ਼ਮੀਨ ਦਾ ਮਾਲਕ ਤੇ ਸ਼ਿਕਾਰ ਦਾ ਸ਼ੌਕੀਨ ਸੀ। ਜਦੋਂ ਫ਼ੌਜੀ ਫੁੱਫੜ ਪਿੰਡ ਆਉਂਦਾ ਤਾਂ ਉਹ ਬਰਮਾ ਦੀ ਲੜਾਈ ਦੀਆਂ ਗੱਲਾਂ ਕਰਦਾ, ਦੂਜਾ ਸ਼ਿਕਾਰ ਮਾਰਨ ਵਾਲੇ ਚੰਗੀ ਨਸਲ ਦੇ ਸ਼ਿਕਾਰੀ ਕੁੱਤਿਆਂ ਦੀਆਂ। ਪਰ ਫੁੱਫੜ ਰਾਮ ਸਿੰਘ ਮਹਾਭਾਰਤ, ਰਾਮਾਇਣ ਅਤੇ ਗੁਰੂ ਸਾਖੀਆਂ ਸੁਣਾਉਂਦਾ ਜੋ ਅਸੀਂ ਸਾਰੇ ਭੈਣ-ਭਰਾ ਬੜੇ ਧਿਆਨ ਨਾਲ ਸੁਣਦੇ।
ਵਕਤ ਦਾ ਪਹੀਆ ਕਦੀ ਰੁਕਦਾ ਨਹੀਂ। ਭੂਆ ਵੀ ਬੱਚਿਆਂ ਵਾਲੀ ਹੋ ਗਈ। ਆਉਣਾ-ਜਾਣਾ ਥੋੜ੍ਹਾ ਘਟ ਗਿਆ। ਮੈਂ ਵੀ ਦਸਵੀਂ ਤੋਂ ਬਾਅਦ ਦੋ ਸਾਲਾ ਕੋਰਸ ਕਰਕੇ ਮਾਸਟਰ ਲੱਗ ਗਿਆ। ਇਸ ਦੌਰਾਨ ਜ਼ਿਆਦਾ ਮੈਂ ਭੂਆ ਦੇ ਪਿੰਡ ਹੀ ਰਹਿੰਦਾ ਸਾਂ। ਵੈਸੇ ਭੱਟੀਆਂ ਪਿੰਡ ‘ਚੋਂ ਹੀ ਨਿਕਲੇ ਨੇੜਲੇ ਪਿੰਡ ਘੋੜੇਵਾਹ ਮੇਰੇ ਨਾਨਕੇ ਵੀ ਸਨ। ਮੇਰੇ ਮਾਸਟਰ ਲੱਗਣ ‘ਤੇ ਭੂਆ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਸ਼ਰੀਕੇ ‘ਚ ਗੁੜ ਵੰਡਦੀ ਬੜਾ ਹੁੱਬ ਕੇ ਆਖਦੀ, ”ਸੁੱਖ ਨਾਲ ਮੇਰਾ ਸੀਤਾ ਪੁੱਤ ਮਾਸਟਰ ਲੱਗ ਗਿਆ ਆ!”
ਕੋਰਸ ਦੇ ਸਿਲੇਬਸ ਵਿੱਚ ਪੜ੍ਹੀ ਭੂਆ ਭਤੀਜੇ ਦਾ ਮੋਹ ਬਿਆਨ ਕਰਦੀ ਲੋਕ ਬੋਲੀ ਅੱਜ ਵੀ ਮੇਰੀ ਯਾਦ ਦਾ ਹਿੱਸਾ ਹੈ, ”ਚੁੱਕ ਕੇ ਭਤੀਜੇ ਨੂੰ ਬਿਨ ਪੌੜੀਓਂ ਕੋਠੇ ਚੜ੍ਹ ਜਾਵਾਂ।”
ਜਦੋਂ ਭੂਆ ਦੇ ਬੱਚੇ ਛੋਟੇ ਸਨ ਸਨ ਤਾਂ ਇੱਕ ਸਾਈਕਲ ਦੇ ਡੰਡੇ ‘ਤੇ ਪਰਨਾ ਲਪੇਟ ਕੇ ਬਿਠਾਇਆ ਹੁੰਦਾ, ਦੂਜਾ ਮਗਰ ਬੈਠੀ ਭੂਆ ਨੇ ਚੁੱਕਿਆ ਹੁੰਦਾ। ਤੇ ਉਹ ਪਿੰਡ ਵੀ ਆ ਜਾਂਦੇ, ਮੱਸਿਆ ਮਸਾਧੇ ਵੀ ਚਲੇ ਜਾਂਦੇ। ਫੁੱਫੜ ਹਰ ਸਾਲ ਆਨੰਦਪੁਰ ਦਾ ਹੋਲਾ ਮਹੱਲਾ ਤੇ ਵਿਸਾਖੀ ਜਾਣਾ ਤਾਂ ਭੁੱਲਦਾ ਹੀ ਨਾ। ਜਦੋਂ ਬੱਚੇ ਉਡਾਰ ਹੋ ਗਏ, ਸਕੂਲ ਪੜ੍ਹਨ ਲੱਗ ਪਏ ਫਿਰ ਭੂਆ ਫੁੱਫੜ ਜਿੱਥੇ ਵੀ ਜਾਂਦੇ ਇਕੱਠੇ ਹੀ ਜਾਂਦੇ। ਦੋਵਾਂ ਜੀਆਂ ਨੂੰ ਅਕਸਰ ਚਿੱਟੇ ਲਿਬਾਸ ਪਾਏ ਵੇਖ ਕੇ ਲੋਕ ਹੰਸਾਂ ਦੀ ਜੋੜੀ ਆਖਦੇ। ਜਦੋਂ ਦੋਵਾਂ ਦੇ ਹੀ ਵਾਲ ਸਫ਼ੈਦ ਹੋ ਗਏ ਤਾਂ ਉਹ ਸਾਖ਼ਸ਼ਾਤ ਹੰਸ ਹੀ ਲੱਗਦੇ। ਉੱਚਾ ਜਾਂ ਕੌੜਾ ਬੋਲਣਾ ਤਾਂ ਜਿਵੇਂ ਉਨ੍ਹਾਂ ਸਿੱਖਿਆ ਹੀ ਨਹੀਂ ਸੀ।
ਵਕਤ ਬਦਲਿਆ ਪਹਿਲਾਂ ਪਿੰਡਾਂ ਵਿੱਚ ਪੰਚਾਇਤੀ ਨਲਕੇ ਲੱਗੇ, ਫਿਰ ਲੋਕਾਂ ਘਰਾਂ ਵਿੱਚ ਵੀ ਲਗਵਾ ਲਏ। ਖੂਹੀਆਂ ਦੇ ਉੱਚੇ ਮੌਣਾਂ ‘ਤੇ ਤੜਕੇ ਡੋਲ ਖੜਕਣੋਂ ਹਟ ਗਏ। ਘਰ ਵਿੱਚ ਨਲਕਾ ਲੱਗਣ ਤੋਂ ਬਾਅਦ ਭੂਆ ਤੜਕੇ ਉੱਠ ਕੇ ਆਪ ਨਲਕਾ ਗੇੜ ਕੇ ਫੁੱਫੜ ਨੂੰ ਇਸ਼ਨਾਨ ਕਰਵਾਉਂਦੀ।ਫਿਰ ਆਪ ਇਸ਼ਨਾਨ ਕਰਕੇ ਫੁੱਫੜ ਦੇ ਕੋਲ ਬੈਠ ਕੇ ਬਾਣੀ ਸੁਣਦੀ। ਇਹ ਕਰਮ ਉਨ੍ਹਾਂ ਦੇ ਜੀਵਨ ਦਾ ਹਿੱਸਾ ਸੀ। ਫੁੱਫੜ ਦੀ ਮੌਤ ਮੌਕੇ ਭੂਆ ਦੀ ਚੁੱਪ ਇੱਕ ਰੋਗ ਬਣ ਗਈ। ਮੈਨੂੰ ਪਿੰਡ ਗਏ ਨੂੰ ਭਾਬੀ ਦੱਸਦੀ ਕਿ ”ਵੀਰ ਜੀ, ਬੀਬੀ ਕਿਸੇ ਬੱਚੇ ਨੂੰ ਵੀ ਰੋਂਦਾ ਵੇਖਦੀ ਹੈ ਤਾਂ ਉਂਗਲ ਕਰਕੇ ਸਿਰਫ਼ ਇਹੀ ਆਖਦੀ ਹੈ, ਨਾ ਰੋਣਾ ਨਹੀਂ।” ਹੋਰ ਕੋਈ ਗੱਲ ਨਹੀਂ ਕਰਦੀ। ਰੋਜ਼ ਸਵੇਰੇ ਤੜਕੇ ਉੱਠ ਕੇ ਨਲਕਾ ਗੇੜਦੀ ਬੁੜ-ਬੁੜ ਕਰਦੀ ਰਹਿੰਦੀ ਹੈ। ਫਿਰ ਆਪ ਇਸ਼ਨਾਨ ਕਰਕੇ ਆਪਣੇ ਕਮਰੇ ਵਿੱਚ ਚੌਕੜੀ ਮਾਰ ਕੇ ਕਾਫ਼ੀ ਦੇਰ ਬੈਠੀ ਰਹਿੰਦੀ ਹੈ। ਵਿਹੜੇ ਫਿਰਦੀ ਵੀ ਹੱਥ ਮਾਰਦੀ ਕਮਲਿਆਂ ਵਰਗੀਆਂ ਹਰਕਤਾਂ ਕਰਦੀ ਰਹਿੰਦੀ ਹੈ। ਮੈਨੂੰ ਤਾਂ ਬੀਬੀ ਦੀ ਹਾਲਤ ਵੇਖ ਕੇ ਡਰ ਲੱਗਦੈ ਵਾਹਿਗੁਰੂ ਸੁੱਖ ਰੱਖੇ।”
ਮੈਂ ਭੂਆ ਨੂੰ ਸਕੂਟਰ ‘ਤੇ ਬਹਾਲ ਕੇ ਪਿੰਡ ਲੈ ਆਇਆ। ਬੀਬੀ ਤੇ ਚਾਚੀ ਭੂਆ ਨੂੰ ਮਿਲਦੀਆਂ ਰੋਣ ਲੱਗ ਪਈਆਂ। ਭੂਆ ਉਨ੍ਹਾਂ ਨੂੰ ਵੀ ਉਂਗਲ ਬੁੱਲ੍ਹਾਂ ‘ਤੇ ਰੱਖ ਕੇ ਬੋਲੀ, ”ਨਾ ਭਾਬੀ, ਰੋਣਾ ਨਹੀਂ!” ਸਾਡੇ ਪਿੰਡ ਵੀ ਜਿੰਨੇ ਦਿਨ ਭੂਆ ਰਹੀ, ਤੜਕੇ ਉੱਠ ਕੇ ਕਿੰਨਾ-ਕਿੰਨਾ ਚਿਰ ਨਲਕਾ ਗੇੜਦੀ ਰਹਿੰਦੀ। ਫਿਰ ਇਸ਼ਨਾਨ ਕਰਕੇ ਜਿੱਥੇ ਫੁੱਫੜ ਸਹੁਰੀਂ ਆਇਆ ਸੌਂਦਾ ਸੀ ਉਸ ਕਮਰੇ ਵਿੱਚ ਚੌਕੜੀ ਮਾਰ ਕੇ ਬੈਠੀ ਰਹਿੰਦੀ। ਫੁੱਫੜ ਦਾ ਵਿਛੋੜਾ ਇੱਕ ਤਰ੍ਹਾਂ ਭੂਆ ਦੇ ਢਿੱਡ ‘ਚ ਕਿਸੇ ਫੋੜੇ ਵਾਂਗ ਬਣ ਗਿਆ।
ਫੁੱਫੜ ਮੋਏ ਨੂੰ ਸਾਲ ਹੋਣ ਵਾਲਾ ਸੀ। ਪਰਿਵਾਰ ਉਸ ਦੇ ਵਰ੍ਹੀਣੇ ਬਾਰੇ ਸੋਚ ਰਿਹਾ ਸੀ। ਭੂਆ ਦਸਾਂ-ਬਾਰਾਂ ਦਿਨਾਂ ਤੋਂ ਸਾਡੇ ਕੋਲ ਸੀ। ਫੁੱਫੜ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਭੂਆ ਬਿਲਕੁਲ ਤੰਦਰੁਸਤਾਂ ਵਾਂਗ ਮੈਨੂੰ ਡਿਊਟੀ ਤੋਂ ਵਾਪਸ ਆਏ ਨੂੰ ਬੋਲੀ, ”ਸੀਤਲ ਪੁੱਤ, ਮੈਨੂੰ ਪਿੰਡ ਛੱਡ ਆ।”
”ਭੂਆ, ਇਹ ਵੀ ਤਾਂ ਤੇਰਾ ਪਿੰਡ ਆ!” ਮੈਂ ਦਿਲੋਂ ਖ਼ੁਸ਼ ਹੁੰਦਿਆਂ ਬਹੁਤ ਹੀ ਕਮਜ਼ੋਰ ਹੋ ਚੁੱਕੀ ਭੂਆ ਨੂੰ ਮੋਹ ਜਿਹੇ ਨਾਲ ਆਪਣੀਆਂ ਬਾਹਾਂ ਵਿੱਚ ਲੈਂਦਿਆਂ ਕਿਹਾ। ”ਨਹੀਂ ਪੁੱਤ, ਆਖਦੇ ਨੇ ਜਿੱਥੇ ਧੀ ਦੀ ਡੋਲੀ ਗਈ ਹੋਵੇ, ਉੱਥੋਂ ਹੀ ਅਰਥੀ ਨਿਕਲਦੀ ਚੰਗੀ ਲੱਗਦੀ ਹੈ।” ”ਭੂਆ, ਕਿਹੋ ਜਿਹੀਆਂ ਗੱਲਾਂ ਕਰਦੀ ਪਈ ਏਂ!” ਆਖਦਿਆਂ ਮੇਰੀ ਭੁੱਬ ਨਿਕਲ ਗਈ।
”ਨਾ ਮੇਰਾ ਪੁੱਤ ਰੋਣਾ ਨਹੀਂ।” ਭੂਆ ਸਿਰਫ਼ ਏਨਾ ਹੀ ਬੋਲੀ।
ਤੰਦਰੁਸਤਾਂ ਵਾਂਗ ਗੱਲਾਂ ਕਰਦੀ ਭੂਆ ਨੂੰ ਸੁਣਦੀ ਪਤਨੀ ਮੇਰੇ ਲਈ ਪਾਣੀ ਦਾ ਗਿਲਾਸ ਫੜੀ ਖਲੋਤੀ ਰੋ ਰਹੀ ਸੀ। ਭੂਆ ਮੇਰੀ ਪਤਨੀ ਨੂੰ ਵੀ ਬੋਲੀ, ”ਨਾ ਮੇਰੀ ਧੀ ਰੋਣਾ ਨਹੀਂ!”
ਉਸ ਦਿਨ ਭੂਆ ਜ਼ੋਰ ਦੇ ਕੇ ਆਪਣੇ ਸਹੁਰੇ ਪਿੰਡ ਚਲੀ ਗਈ। ਸ਼ਾਇਦ ਭੂਆ ਨੂੰ ਵੀ ਫੁੱਫੜ ਵਾਂਗ ਆਪਣੀ ਆਉਣ ਵਾਲੀ ਮੌਤ ਦਾ ਅਹਿਸਾਸ ਹੋ ਗਿਆ ਸੀ। ਦੋ ਦਿਨ ਬਾਅਦ ਹੀ ਭੂਆ ਦੇ ਪਰਲੋਕ ਗਮਨ ਦੀ ਖ਼ਬਰ ਆ ਗਈ। ਭੂਆ ਦੇ ਪਿੰਡ ਨੂੰ ਜਾਂਦਿਆਂ ਮੈਨੂੰ ਗੁਰਬਾਣੀ ਦੀਆਂ ਤੁਕਾਂ ਯਾਦ ਆ ਰਹੀਆਂ ਸਨ, ਜਿਸੁ ਪਿਆਰੇ ਸਿਉ ਨੇਹੁ ਤਿਸੁ ਆਗੈ ਮਰਿ ਚਲੀਐ॥
ਧ੍ਰਿਗੁ ਜੀਵਣੁ ਸੰਸਾਰਿ ਤਾ ਕੈ ਪਾਛੈ ਜੀਵਣਾ॥
ਸੱਥਰ ‘ਤੇ ਬੈਠਿਆਂ ਭੂਆ ਦੀ ਨੂੰਹ ਸਾਲ ਪਹਿਲਾਂ ਭੂਆ ਵਾਂਗ ਹੀ ਬੜੇ ਠਰੰਮੇ ਨਾਲ ਹਰੇਕ ਨੂੰ ਰੋਣ ਤੋਂ ਵਰਜ ਰਹੀ ਸੀ ਤੇ ਭੂਆ ਦੀ ਮੌਤ ਬਾਰੇ ਦੱਸ ਰਹੀ ਸੀ, ”ਬੀਬੀ ਨੇ ਮੁਨ੍ਹੇਰੇ ਆਪ ਨਲਕਾ ਗੇੜ ਕੇ ਇਸ਼ਨਾਨ ਕੀਤਾ ਹੈ। ਹਮੇਸ਼ਾ ਵਾਂਗ ਸਾਫ਼-ਸੁਥਰਾ ਚਿੱਟਾ ਸੂਟ ਪਾਇਆ ਹੈ। ਮੈਂ ਵੀ ਰੋਜ਼ ਵਾਂਗ ਉੱਠ ਬੈਠੀ ਹਾਂ। ਚੌਕੜੀ ਮਾਰੀ ਆਪਣੇ ਕਮਰੇ ‘ਚ ਬੈਠੀ ਨੇ ਮੈਨੂੰ ‘ਵਾਜ਼ ਮਾਰੀ ਹੈ। ਅਖੇ, ‘ਚੰਗਾ ਧੀਏ ਰੋਇਓ ਨਾ, ਤੇ ਮੈਨੂੰ ਨੁਹਾਲਿਓ ਵੀ ਨਾ, ਖ਼ੱਫ਼ਣ ਤੇ ਲੱਕੜਾਂ ਮੇਰੇ ‘ਤੇ ਗੁੰਨੋਪੁਰ ਦੀਆਂ ਹੀ ਪਾਇਓ’।’ ‘ਬੀਬੀ, ਤੁਸੀਂ ਕਿਹੋ ਜਿਹੀਆਂ ਗੱਲਾਂ ਕਰਦੇ ਪਏ ਜੇ!’ ਆਖਦਿਆਂ ਮੇਰਾ ਰੋਣ ਨਿਕਲ ਗਿਆ। ‘ਨਾ ਰੋਣਾ ਨਹੀਂ’ ਇਹ ਬੀਬੀ ਦੇ ਆਖ਼ਰੀ ਬੋਲ ਸਨ। ਮੈਂ ਬੀਬੀ ਨੂੰ ਉਠਾਲ ਕੇ ਮੰਜੇ ‘ਤੇ ਪਾ ਕੇ ਕਿਹਾ, ‘ਬੀਬੀ, ਤੂੰ ਆਰਾਮ ਕਰ। ਮੈਂ ਚਾਹ ਲੈ ਕੇ ਆਉਨੀ ਆਂ।’ ਮੈਂ ਕੁਝ ਸਮੇਂ ਬਾਅਦ ਚਾਹ ਲੈ ਕੇ ਅੰਦਰ ਗਈ ਹਾਂ, ਪਰ ਬੀਬੀ ਨੇ ਤਾਂ ਸ਼ਾਇਦ ਮੰਜੀ ‘ਤੇ ਪੈਂਦਿਆਂ ਹੀ ਪ੍ਰਾਣ ਦੇ ਦਿੱਤੇ ਲੱਗਦੇ ਸਨ।” ਸਾਡਾ ਸਾਰਾ ਪਰਿਵਾਰ ਧਾਹਾਂ ਮਾਰ ਕੇ ਰੋਣ ਲੱਗ ਪਿਆ। ਭੂਆ ਦੀ ਨੂੰਹ ਕਹਿ ਰਹੀ ਸੀ, ”ਨਾ ਰੋਣਾ ਨਹੀਂ।”
ਭੂਆ ਪੇਕਿਆਂ ਦੇ ਖੱਫ਼ਣ ‘ਚ ਲਪੇਟੀ ਪੁੱਤ ਭਤੀਜਿਆਂ ਦੇ ਮੋਢਿਆਂ ‘ਤੇ ਸਵਾਰ ਹੋ ਕੇ ਪੇਕਿਆਂ ਦੀਆਂ ਲੱਕੜਾਂ ਦੀ ਚਿਣੀ ਚਿਖ਼ਾ ‘ਤੇ ਅਹਿਲ ਪਈ ਸੀ। ਔਰਤਾਂ ਆਖ ਰਹੀਆਂ ਸਨ, ”ਵਹੁਟੀ ਰੋ ਪਵੇ, ਮਤੇ ਇਹਦੇ ਢਿੱਡ ‘ਚ ਵੀ ਕੋਈ ਗ਼ਮ ਦਾ ਗੋਲਾ ਨਾ ਬੱਝ ਜਾਵੇ!”
ਮੱਥਾ ਟੇਕ ਕੇ ਨੂੰਹ ਨੇ ਲੰਮੀ ਲੇਰ ਮਾਰਦਿਆਂ ਕਿਹਾ, ”ਹਾਏ ਨੀ ਬੀਬੀ, ਹੁਣ ਅਸੀਂ ਕੀਹਨੂੰ ਬੀਬੀ ਆਖਾਂਗੇ?” ਭੁੱਬਾਂ ਮਾਰਦੀ ਨੂੰਹ ਦੀਆਂ ਚੀਕਾਂ ਨਾਲ ਸਿਵਿਆਂ ‘ਚ ਸ਼ਾਂਤ ਖਲੋਤੇ ਰੁੱਖ ਵੀ ਦਹਿਲ ਗਏ ਸਨ। ਪਿੰਡ ਦੀਆਂ ਔਰਤਾਂ ਭੂਆ ਦੀ ਨੂੰਹ ਨੂੰ ਹੌਸਲਾ ਕਰ ਤਾਂ ਆਖ ਰਹੀਆਂ ਸਨ, ਪਰ ਕਿਸੇ ਨੇ ਇਹ ਨਹੀਂ ਕਿਹਾ, ”ਧੀਏ, ਮੈਂ ਕੀ ਦੱਸਾਂ?”