ਭੇਜ ਤੈਨੂੰ ਪਰਦੇਸ ਦਿੱਤਾ

ਚਾਵਾਂ ਦੇ ਨਾਲ ਪਾਲਿਆ ਪੁੱਤਰਾ ਭੇਜ ਤੈਨੂੰ ਪਰਦੇਸ ਦਿੱਤਾ।
ਲਾਡਾਂ ਦੇ ਨਾਲ ਪਾਲਿਆ ਬੱਚਿਆ ਭੇਜ ਤੈਨੂੰ ਪਰਦੇਸ ਦਿੱਤਾ।
ਸ਼ੌਕ ਨਾਲ ਤੂੰ ਕਰੀ ਪੜ੍ਹਾਈ ਜਿਹੜੀ ਹਾਲੇ ਰਾਸ ਨੀ ਆਈ।
ਮੁਲਕ ਬਿਗਾਨੇ ਜਾ ਕੇ ਪੁੱਤਰਾਂ ਕਰਨੀ ਸਖ਼ਤ ਕਮਾਈ।
ਉੱਚੇ ਹੌਸਲੇ ਦਿਲ ਵਿੱਚ ਰੱਖਣੇ ਇਹੋ ਤੈਨੂੰ ਸੰਦੇਸ਼ ਦਿੱਤਾ।
ਚਾਵਾਂ ਦੇ ਨਾਲ ਪਾਲਿਆ ਪੁੱਤਰਾ ਭੇਜ ਤੈਨੂੰ ਪਰਦੇਸ ਦਿੱਤਾ।
ਰੋਜ਼ੀ ਰੋਟੀ ਖ਼ਾਤਰ ਪੁੱਤਰਾ ਖ਼ੁਆਬ ਨੇ ਮਾਰਨੇ ਪੈਂਦੇ।
ਇਹ ਗੱਲ ਤੇਰਾ ਪਿਉ ਨੀ ਕਹਿੰਦਾ ਲੋਕ ਸਿਆਣੇ ਕਹਿੰਦੇ।
ਆਪਣੇ ਦੇਸ਼ ‘ਚ ਚੋਰਾਂ ਨੇ ਪੁੱਤ ਪਾ ਕੇ ਰੱਖ ਕਲੇਸ਼ ਦਿੱਤਾ।
ਚਾਵਾਂ ਦੇ ਨਾਲ ਪਾਲਿਆ ਪੁੱਤਰਾ ਭੇਜ ਤੈਨੂੰ ਪਰਦੇਸ ਦਿੱਤਾ।
ਮਾਂ ਵੀ ਛੱਡੀ ਪਿਊ ਵੀ ਛੱਡਿਆ ਛੱਡ ਦਿੱਤੇ ਨੇ ਭਾਈ।
ਮਾਂ ਤੇਰੀ ਤੈਨੂੰ ਚੇਤੇ ਕਰਦੀ ਨੈਣੀਂ ਹੰਝ ਭਰ ਆਈ।
ਮਾਂ ਤੇਰੀ ਨੇ ਮੈਥੋਂ ਵੱਧ ਕੇ ਤੇਰਾ ਸਾਥ ਹਮੇਸ਼ ਦਿੱਤਾ।
ਚਾਵਾਂ ਦੇ ਨਾਲ ਪਾਲਿਆ ਪੁੱਤਰਾ ਭੇਜ ਤੈਨੂੰ ਪਰਦੇਸ ਦਿੱਤਾ।
ਰੌਸ਼ਨੀਆਂ ਦੇ ਦੇਸ਼ ‘ਚ ਜਾ ਕੇ ਘਰ ਦਾ ਨੇਰ੍ਹ ਭੁਲਾਈਂ ਨਾ।
ਆਪਣਾ ਹੱਕ ਕਦੇ ਨਾ ਛੱਡੀਂ ਹੱਕ ਪਰਾਇਆ ਖਾਈਂ ਨਾ।
‘ਪ੍ਰਦੇਸੀ’ ਹੁੰਦੇ ਕਿਰਤੀ ਸਾਰੇ ਹੱਦਾਂ ਨੇ ਵੰਡ ਦੇਸ਼ ਦਿੱਤਾ।
ਚਾਵਾਂ ਦੇ ਨਾਲ ਪਾਲਿਆ ਪੁੱਤਰਾ ਭੇਜ ਤੈਨੂੰ ਪਰਦੇਸ ਦਿੱਤਾ।
ਲੇਖਕ : ਗੁਰਮੇਲ ਪ੍ਰਦੇਸੀ, ਸੰਪਰਕ: 94635-61911

Exit mobile version