ਬੇ-ਵਕਤੇ ਮੀਂਹ

 

ਕਦੇ ਬੇਵਕਤੇ ਮੀਂਹ ਨਾਲ
ਫ਼ਸਲਾਂ ਨਹੀਂ ਝੂੰਮਦੀਆਂ,
ਪੱਤੇ ਨਹੀਂ ਹੱਸਦੇ,
ਤੇ ਖੇੜੇ ਨਹੀਂ ਮੌਲਦੇ।
ਬਹੁਤ ਕੁਝ ਬਦਲ ਜਾਂਦਾ
ਬੇਵਕਤੇ ਮੀਂਹ ਨਾਲ।
ਖੇਤਾਂ ‘ਚ ਰੁਦਨਮਈ ਪੌਣ ਵਗਦੀ ਹੈ,
ਸਿਆੜਾਂ ‘ਚ ਵੈਣ ਉੱਗਦੇ ਨੇ,
ਹਉਕੇ ਵੱਟੋ-ਵੱਟ ਤੁਰਦੇ ਨੇ,
ਸੁੱਕ ਜਾਂਦੀ ਹੈ ਚਾਵਾਂ ਦੀ ਵੱਤਰ,
ਤੇ ਘੇਰ ਲੈਂਦੀ ਹੈ ਵੇਦਨਾ ਦੀ ਲੰਬੀ ਔੜ।
ਕਣੀਆਂ ਨਾਲ ਹੰਝੂਆਂ ਦੀ
ਝੜੀ ਵੀ ਲੱਗਦੀ ਹੈ,
ਤੇ ਕਿਤੇ ਕਿਤੇ ਖ਼ੁਦਕੁਸ਼ੀਆਂ ਵੀ
ਪੁੰਗਰ ਆਉਂਦੀਆਂ ਨੇ।
ਬੜਾ ਕੁਝ ਬਦਲ ਜਾਂਦੈ,
ਬੇਵਕਤੇ ਮੀਂਹ ਨਾਲ।
ਲੇਖਕ : ਗਗਨਦੀਪ ਸਿੰਘ ਬੁਗਰਾ
ਸੰਪਰਕ: 98149-19299

Exit mobile version