ਟੈਰਿਫ਼ ਲੱਗਣ ਦੀ ਸੂਰਤ ‘ਚ ਅਮਰੀਕਾ ਵਿੱਚ ਵੀ ਵਧੇਗੀ ਬਹੁਤ ਜ਼ਿਆਦਾ ਮਹਿੰਗਾਈ
ਸਰੀ, (ਸਿਮਨਰਜੀਤ ਸਿੰਘ): ਓਨਟਾਰੀਓ ਅਤੇ ਬੀ.ਸੀ. ਸੂਬੇ ਦੇ ਪ੍ਰੀਮੀਅਰ ਡੱਗ ਫੋਰਡ ਅਤੇ ਡੇਵਿਡ ਈ.ਬੀ. ਨੇ ਖ਼ਦਸ਼ਾ ਜ਼ਾਹਰ ਕੀਤਾ ਹੈ ਕਿ ਜੇਕਰ ਟਰੰਪ ਵਲੋਂ ਕੈਨੇਡਾ ‘ਤੇ 25 ਫੀਸਦੀ ਟੈਰਿਫ਼ ਲਗਾਇਆ ਜਾਂਦਾ ਹੈ ਤਾਂ ਦੋਵੇਂ ਸੂਬਿਆਂ ‘ਚ ਸੰਨ 2028 ਤੱਕ ਤਕਰੀਬਨ 6.5 ਲੱਖ ਨੌਕਰੀਆਂ ਖ਼ਤਮ ਹੋ ਸਕਦੀਆਂ ਹਨ। ਪ੍ਰੀਮੀਅਰ ਡੱਗ ਫੋਰਡ ਨੇ ਕਿਹਾ ਕਿ ਉਨ੍ਹਾਂ ਦੇ ਸੂਬੇ ‘ਚ 5 ਲੱਖ ਨੌਕਰੀਆਂ ਖ਼ਤਮ ਹੋ ਸਕਦੀਆਂ ਹਨ ਜਦੋਂ ਕਿ ਬੀ.ਸੀ. ਸੂਬੇ ‘ਚ 1 ਲੱਖ 24 ਹਜ਼ਾਰ ਨੌਕਰੀਆਂ ਖ਼ਤਰੇ ‘ਚ ਪੈ ਸਕਦੀਆਂ ਹਨ। ਅਮਰੀਕਾ ਵਿੱਚ ਟਰੰਪ ਦੀ ਅਰਥਚਾਰੇ ਨੂੰ ਵੇਖਣ ਵਾਲੀ ਟੀਮ ਵਿਚਾਰ ਕਰ ਰਹੀ ਹੈ ਕਿ ਟੈਰਿਫ਼ ਕਿਸ ਤਰ੍ਹਾਂ ਲਗਾਏ ਜਾਣ ਤਾਂ ਕਿ ਅਮਰੀਕਾ ਵਿੱਚ ਵੀ ਜ਼ਿਆਦਾ ਮਹਿੰਗਾਈ ਨਾ ਵਧੇ, ਅਤੇ ਟੈਰਿਫ਼ ਹੋਲੀ-ਹੋਲੀ ਸਮੇਂ-ਸਮੇਂ ‘ਤੇ ਲਗਾਏ ਜਾਣਗੇ ਤਾਂ ਕਿ ਮਹਿੰਗਾਈ ਦਾ ਅਸਰ ਅਮਰੀਕਨ ਨਾਗਰਿਕਾਂ ‘ਤੇ ਜ਼ਿਆਦਾ ਨਾ ਪਏ। ਇਸ ਲਈ ਉਹ 2 ਤੋਂ 5 ਫੀਸਦੀ ਟੈਰਿਫ਼ ਮਹੀਨਾਵਰ ਲਗਾਉਣ ਬਾਰੇ ਸੋਚ ਵਿਚਾਰ ਕਰ ਰਹੇ ਹਨ। ਇਸ ਹਫ਼ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਵੱਖ ਵੱਖ ਸੂਬਿਆਂ ਦੇ ਪ੍ਰੀਮੀਅਰਜ਼ ਦੀ ਹੋਈ ਮੀਟਿੰਗ ਤੋਂ ਬਾਅਦ ਬੀ.ਸੀ. ਦੇ ਮੁੱਖ ਮੰਤਰੀ ਡੇਵਿਡ ਏਬੀ ਅਤੇ ਵਿੱਤ ਮੰਤਰੀ ਬ੍ਰੈਂਡਾ ਬੇਲੀ ਨੇ ਵੀ ਇਸ ਮੁੱਦੇ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ।
ਡੇਵਿਡ ਏਬੀ ਨੇ ਕਿਹਾ, ”ਟਰੰਪ ਵੱਲੋਂ ਕੈਨੇਡਾ ਅਤੇ ਬ੍ਰਿਟਿਸ਼ ਕੋਲੰਬੀਆ ‘ਤੇ ਆਰਥਿਕ ਯੁੱਧ ਦੀਆਂ ਧਮਕੀਆਂ ਮੁੜ-ਮੁੜ ਦੋਹਰਾਈਆਂ ਗਈਆਂ ਹਨ। ਅਸੀਂ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਇਹ ਖ਼ਤਰਾ ਸਾਡੇ ਸੂਬੇ ਅਤੇ ਦੇਸ਼ ‘ਤੇ ਕੀ ਪ੍ਰਭਾਵ ਪਾ ਸਕਦਾ ਹੈ।”
ਡੇਵਿਡ ਈਬੀ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਪਾਬੰਦੀਆਂ ਨਾਲ ਨਾ ਸਿਰਫ਼ ਬੀ.ਸੀ. ਬਲਕਿ ਅਮਰੀਕੀ ਪਰਿਵਾਰਾਂ ਨੂੰ ਵੀ ਨੁਕਸਾਨ ਹੋਵੇਗਾ। ਅਮਰੀਕੀ ਪਰਿਵਾਰਾਂ ਦੇ ਖਰਚੇ ਵਧਣਗੇ, ਉਨ੍ਹਾਂ ਦੀ ਜਿੰਦਗੀ ਮੁਸ਼ਕਲ ਹੋਵੇਗੀ ਅਤੇ ਉਨ੍ਹਾਂ ਦੀਆਂ ਨੌਕਰੀਆਂ ਖਤਰੇ ਵਿਚ ਪੈਣਗੀਆਂ।”
ਬੀ.ਸੀ. ਦੀ ਵਿੱਤ ਮੰਤਰੀ ਬ੍ਰੈਂਡਾ ਬੇਲੀ ਨੇ ਕਿਹਾ ਕਿ ਇਹ ਟੈਰਿਫ਼ ਅਧੁਨਿਕ ਸਮੇਂ ਦੇ ਸਭ ਤੋਂ ਵੱਡੇ ਪਾਬੰਦੀਕਾਰੀ ਕਦਮਾਂ ਵਿੱਚੋਂ ਇੱਕ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਟੈਰਿਫ਼ ਦੀ ਮਾਡਲਿੰਗ ਅਨੁਸਾਰ, 2025-26 ਦੇ ਦੌਰਾਨ ਬੀ.ਸੀ. ਦੀ ਅਰਥਵਿਵਸਥਾ ਨੂੰ ਲਗਭਗ $69 ਬਿਲੀਅਨ ਦਾ ਨੁਕਸਾਨ ਹੋ ਸਕਦਾ ਹੈ।