ਬਾਬਾ ਸੂਰਤ ਸਿੰਘ ਖਾਲਸਾ ਨੇ ਜੂਨ 1984 ਤੋਂ ਬਾਅਦ ਆਪਣੀ ਸਾਰੀ ਜੰਿਦਗੀ ਕੌਮ ਨੂੰ ਸਮਰਪਿਤ ਹੋ ਕੇ ਇੰਡਿਯਨ ਗੌਰਮਿੰਟ ਨਾਲ ਇੱਕ ਅਜਿਹੀ ਲੜਾਈ ਲੜੀ ਜਿਹੜੀ ਵੱਡੀ ਉਮਰ ‘ਚ ਕਿਸੇ ਖਾਸ ਬੰਦੇ ਦੇ ਹਿੱਸੇ ਹੀ ਆ ਸਕਦੀ ਹੈ। ਉਹਨਾਂ ਦਾ ਆਖ਼ਰੀ ਸੰਘਰਸ਼ ਦਹਾਕਿਆਂ ਤੋਂ ਜੇਲ੍ਹਾਂ ‘ਚ ਉਮਰਾਂ ਕੱਟ ਰਹੇ ਸਿੱਖਾਂ ਦੀ ਰਿਹਾਈ ਨਾਲ ਜੁੜਿਆ ਰਿਹਾ। ਉਹਨਾਂ ਤੋਂ ਪਹਿਲਾਂ ਗੁਰਬਖਸ਼ ਸਿੰਘ ਖਾਲਸਾ ਵੀ ਆਪਣੀ ਜੰਿਦਗੀ ਕੌਮ ਦੇ ਲੇਖੇ ਲਾ ਗਏ ਸਨ ਪਰ ਇੰਡਿਯਨ ਹਕੂਮਤ ਨੇ ਸਿੱਖਾਂ ਨੂੰ ਰਿਹਾਅ ਨਹੀ ਕੀਤਾ।
ਬਾਬਾ ਸੂਰਤ ਸਿੰਘ ਨੇ ਜਨਵਰੀ 2015 ਵਿੱਚ ਭੁੱਖ ਹੜਤਾਲ ਨਾਲ ”ਬੰਦੀ ਸਿੰਘ ਰਿਹਾਅ ਕਰੋ ਮੋਰਚਾ” ਸ਼ੁਰੂ ਕੀਤਾ। ਦੋ ਮਹੀਨੇ ਦੇ ਸਮੇਂ ਵਿੱਚ ਮੋਰਚੇ ਨੂੰ ਸਿੱਖਾਂ ਦੀ ਹਮਾਇਤ ਮਿਲਣੀ ਸ਼ੁਰੂ ਹੋਈ ਤਾਂ ਬਿਲਕੁਲ ਉਸੇ ਵੇਲੇ ਇੰਡਿਯਨ ਸਟੇਟ ਨੇ ਬਾਬਾ ਸੂਰਤ ਸਿੰਘ ਨੂੰ ਗੈਰਕਾਨੂੰਨੀ ਹਿਰਾਸਤ ਵਿੱਚ ਲੈ ਕੇ ਲੁਧਿਆਣੇ ਦੇ ਦਿਆਨੰਦ ਹਸਪਤਾਲ ਵਿੱਚ ਜ਼ਬਰੀ ਭਰਤੀ ਕਰਾ ਦਿੱਤਾ ਜਿਥੇ ਉਹਨਾਂ ਨਾਲ ਅਣ-ਮਨੁੱਖੀ ਤਸ਼ੱਦਦ ਕਰਦੇ ਹੋਏ ਨੱਕ ਤੇ ਮੱਥੇ ਉੱਤੇ ”ਫ਼ੂਡ ਪਾਈਪਾਂ” ਟਾਂਕਿਆਂ ਨਾਲ਼ ਜੜ੍ਹ ਦਿੱਤੀਆਂ ਤੇ ਉਹਨਾਂ ਰਾਹੀਂ ਤਰਲ ਭੋਜਨ ਅਤੇ ”ਉੱਚ ਤਾਕਤ” ਦੀਆਂ ਸਟੀਰਾਇਡ ਦਵਾਈਆਂ ਦਿੱਤੀਆਂ। ਅਜਿਹਾ ਉਹਨਾਂ ਨੂੰ ਜਿਉਂਦਿਆਂ ਰੱਖਣ ਲਈ ਕੀਤਾ ਗਿਆ। ਉਹਨਾਂ ਨੂੰ ਕਰੀਬ 8 ਸਾਲ ਲਗਾਤਾਰ ਹਸਪਤਾਲ ਵਿੱਚ ਸਿਰਫ ਇੱਕ ਕਮਰੇ ‘ਚ ਬੰਦ ਕਰਕੇ ਬਿਸਤਰੇ ‘ਤੇ ਲੇਟੇ ਰਹਿਣ ਲਈ ਮਜ਼ਬੂਰ ਕਰ ਦਿੱਤਾ ਗਿਆ ਸੀ। ਇਸ ਦੌਰਾਨ ਉਹ ਸਾਰੇ ਸਮੇਂ ਲਈ ਇੰਡਿਯਨ ਪੁਲਿਸ ਦੇ ਸਖਤ ਪਹਿਰੇ ਹੇਠ ਰੱਖੇ ਗਏ। ਪੁਲਿਸ ਦੀ ਅਗਾਊਂ ਮਨਜ਼ੂਰੀ ਦੇ ਬਗੈਰ ਕੋਈ ਵੀ ਸਿੱਖ ਉਹਨਾਂ ਨੂੰ ਮਿਲ ਨਹੀ ਸਕਦਾ ਸੀ।
8 ਸਾਲ ਬਾਅਦ ਦਿੱਲੀ ਦੀ ਤਿਹਾੜ ਜੇਲ੍ਹ ‘ਚ ਬੰਦ ਅਕਾਲ ਤਖਤ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਉਹਨਾਂ ਨੂੰ ਲਿਖਤੀ ਹੁਕਮ ਕੀਤੇ ਜਾਣ ਦੇ ਬਾਅਦ ਉਹਨਾਂ ਨੇ ਆਪਣੀ ਭੁੱਖ ਹੜਤਾਲ ਖਤਮ ਕੀਤੀ। ਇਸ ਦੇ ਬਾਵਜੂਦ ਵੀ ਜ਼ਾਲਮ ਸਰਕਾਰ ਨੇ ਉਹਨਾਂ ਨੂੰ ਹਸਪਤਾਲ ਤੋਂ ਰਿਹਾਅ ਨਹੀਂ ਕੀਤਾ ਅਤੇ ਪੁਲਿਸ ਦੇ ਪਹਿਰੇ ਹੱਥ ਹੀ ਕੈਦ ਰਖਿਆ ਗਿਆ। ਸਰਕਾਰ ਉਹਨਾਂ ਨੂੰ ਨਜ਼ਰਬੰਦ ਸਿੱਖਾਂ ਦੀ ਰਿਹਾਈ ਲਈ ਸੰਘਰਸ਼ ਕੀਤੇ ਜਾਣ ਦੀ ਸਖ਼ਤ ਸਜ਼ਾ ਦੇਣਾ ਚਾਹੁੰਦੀ ਸੀ ਅਤੇ ਇਸ ਕੰਮ ਨੂੰ ਸਰਕਾਰ ਨੇ ਕਾਮਯਾਬੀ ਨਾਲ ਕੀਤਾ। ਸਿੱਖ ਜਥੇਬੰਦੀਆਂ ਦੇ ਦਖਲ ਨਾਲ ਉਹਨਾਂ ਨੂੰ 2023 ਵਿਚ ਗੈਰਕਾਨੂੰਨੀ ਹਿਰਾਸਤ ਤੋਂ ਰਿਹਾ ਕਰ ਦਿੱਤਾ ਪਰ ਜ਼ੁਲਮ ਦੀ ਸਿਖਰ ਦੇਖੋ ਕਿ ਉਹਨਾਂ ਨੂੰ ਹਸਪਤਾਲ ਤੋਂ ਰਿਹਾਅ ਕਰਨ ਦੇ ਬਾਅਦ ਵੀ ਉਹਨਾਂ ਦੇ ਜੱਦੀ ਪਿੰਡ ‘ਹਸਨਪੁਰ’ ਵਿਖੇ ਉਹਨਾਂ ਦੇ ਘਰ ਵਿਚ ਨਜ਼ਰਬੰਦ ਰਖਿਆ ਗਿਆ। ਹਸਪਤਾਲ ਦੀ ਨਜ਼ਰਬੰਦੀ ਦੇ ਬਾਅਦ ਡੇਢ ਸਾਲ ਤੱਕ ਉਹ ਘਰ ਵਿੱਚ ਵੀ ਨਜ਼ਰਬੰਦ ਰਹੇ।
ਬਾਬਾ ਸੂਰਤ ਸਿੰਘ ਦਾ ਨਜ਼ਰਬੰਦ ਸਿੱਖਾਂ ਨੂੰ ਰਿਹਾਅ ਕਰਾਉਣ ਦਾ ਸੰਘਰਸ਼ ਲਗਾਤਾਰ ਜਾਰੀ ਰਿਹਾ। 2024 ਜੂਨ ਮਹੀਨੇ ਉਹ ਅਮਰੀਕਾ ਆਪਣੇ ਪਰਿਵਾਰ ਵਿੱਚ ਆ ਗਏ। ਪਰ ਹੁਣ ਤੱਕ ਬਹੁਤ ਦੇਰ ਹੋ ਚੁੱਕੀ ਸੀ। ਬਾਬਾ ਸੂਰਤ ਸਿੰਘ ਨੂੰ ਭੋਜਨ ਦਾ ਕੋਈ ਵੀ ਰੂਪ ਪਚ ਨਾ ਸਕਿਆ। ਜ਼ਾਲਮ ਸਰਕਾਰ ਨੇ ਡਾਕਟਰਾਂ ਰਾਹੀਂ ਉਹਨਾਂ ਨੂੰ ਜਿਉਂਦੇ ਰੱਖਣ ਲਈ ਕਈ ਤਰਾਂ ਦੀਆਂ ਸਟੀਰਾਇਡ ਦਵਾਈਆਂ ਦਿੱਤੀਆਂ ਹੋਈਆਂ ਸਨ ਜਿਹਨਾਂ ਦਾ ਹੁਣ ਮਾਰੂ ਅਸਰ ਸ਼ੁਰੂ ਹੋ ਚੁੱਕਾ ਸੀ। ਉਹਨਾਂ ਦੀ ਸਿਹਤ ਦਿਨੋ ਦਿਨ ਡਿੱਗਦੀ ਗਈ ਅਤੇ ਇਸਦੇ ਬਾਵਜੂਦ ਉਹ ਖਾਲਸਤਾਨ ਦੀ ਜੱਦੋ-ਜਹਿਦ ਵਿਚ ਸ਼ਾਮਲ ਹੁੰਦੇ ਰਹੇ। ਅਖੀਰ ਉਹਨਾਂ ਦਾ ਸਰੀਰ ਪੂਰੀ ਤਰਾਂ ਜਵਾਬ ਦੇ ਗਿਆ। ਪਰ ਉਹਨਾਂ ਦੀਆਂ ਅੱਖਾਂ ਵਿਚ ਹਮੇਸ਼ਾ ਆਪਣੀ ਕੌਮ ਦੀ ਆਜ਼ਾਦੀ ਲੋਚਾ ਚਮਕਾਂ ਮਾਰਦੀ ਰਹੀ। ਉਹਨਾਂ ਦਾ ਸੁਪਨਾ ਸੀ ਕੇ ਮੈਂ ਮਰ ਕੇ ਫੇਰ ਜਨਮ ਲਵਾਂ ਅਤੇ ਕੌਮੀ ਸੰਘਰਸ਼ ਵਿੱਚ ਆਜ਼ਾਦੀ ਤੱਕ ਲੜਦਾ ਰਹਾਂ। ਇਸ ਸਾਰੇ ਸੰਘਰਸ਼ ਦੌਰਾਨ ਪੁਲਿਸ ਵੱਲੋਂ ਕੀਤੇ ਤਸ਼ੱਦਦ ਅਤੇ ਦਿਆਨੰਦ ਹਸਪਤਾਲ ਦੇ ਡਾਕਟਰਾਂ ਵਲੋਂ ਦਿਤੀਆਂ ਗਈਆਂ ਸਟੀਰਾਇਡ ਦਵਾਈਆਂ ਨਾਲ ਬਾਬਾ ਸੂਰਤ ਸਿੰਘ ਖਾਲਸਾ ਦਾ ਸਰੀਰ ਜ਼ਰਜ਼ਰ ਹੋ ਗਿਆ। ਪਰ ਉਹ ਆਪਣੀ ਮਾਨਸਿਕ ਅਵਸਥਾ ਤੋਂ ਇੱਕ ਸਿੱਖ ਜੁਝਾਰੂ ਵਾਂਙ ਸਦਾ ਚੜ੍ਹਦੀਕਲਾ ਵਿੱਚ ਰਹੇ। ਅਖੀਰ ਇੱਕ ਯੋਧੇ ਨੇ ਲੜਦਿਆਂ ਲੜਦਿਆਂ ਇਸ ਸੰਸਾਰ ਤੋਂ ਰੁਖਸਤ ਹੋਣ ਦਾ ਨਿਸ਼ਚਾ ਕੀਤਾ ਹੋਇਆ ਸੀ।
ਅਮਰੀਕਾ ਆ ਕੇ ਉਹਨਾਂ ਨੂੰ ਇਹ ਅਹਿਸਾਸ ਹੋਇਆ ਕਿ ‘ਨਜ਼ਰਬੰਦ ਸਿੱਖਾਂ ਦੀ ਰਿਹਾਈ ਖਾਲਸਤਾਨ ਦੇ ਆਜ਼ਾਦ ਹੋਣ ਤੱਕ ਨਹੀਂ ਹੋ ਸਕਦੀ ਇਸ ਲਈ ਉਹਨਾਂ ਨੇ ਬੁਲੰਦ ਆਵਾਜ਼ ‘ਚ ‘ਖਾਲਸਤਾਨ ਜੰਿਦਾਬਾਦ’ ਦਾ ਐਲਾਨ ਕਰ ਦਿੱਤਾ। ਉਹਨਾਂ ਦਾ ਕਹਿਣਾ ਸੀ ਕਿ ਭਾਰਤ ਵਿਚ ਸਿੱਖ ਗੁਲਾਮ ਹਨ ਅਤੇ ਭਾਰਤੀ ਸਟੇਟ ਸਿੱਖ ਨਜ਼ਰਬੰਦਾਂ ਨੂੰ ਟੇਬਲ ਟਾਕ ਤੋਂ ਬਿਨਾ ਰਿਹਾ ਨਹੀਂ ਕਰੇਗੀ। ਹਾਲਾਂਕਿ ਉਹ ਆਪ ਇਹ ਗੱਲ ਮੰਨਦੇ ਸਨ ਕਿ ‘ਭੁੱਖ ਹੜਤਾਲ’ ਸਿੱਖ ਸਪਿਰਿਟ ਅਤੇ ਜਾਹੋ-ਜਹਾਲ ਦਾ ਹਿੱਸਾ ਨਹੀਂ ਹੋ ਸਕਦੀ ਪਰ ਉਹਨਾਂ ਨੇ ਇਹ ਗੱਲ ਵੀ ਕਹੀ ਕਿ ਉਮਰ ਅਤੇ ਸਾਧਨਾਂ ਦੇ ਹਿਸਾਬ ਜਿਹੜਾ ਕੁਝ ਉਹ ਕਰ ਸਕਦੇ ਸਨ ਉਹਨਾਂ ਨੇ ਉਸਨੂੰ ਬਾ-ਖੂਬ ਤਰੀਕੇ ਨਾਲ ਕੀਤਾ – ”ਮੈਂ ਐਨਾਂ ਹੀ ਕਰ ਸਕਦਾ ਸੀ, ਕਬੂਲ ਕਰਿਓ!”
ਬਾਬਾ ਸੂਰਤ ਸਿੰਘ ਖਾਲਸਾ ਦੇ 10 ਸਾਲਾਂ ਤੱਕ ਚੱਲੇ ਲੰਮੇ ਸੰਘਰਸ਼ ਦਾ ਸਾਰ ਤੱਤ ਇਹੋ ਹੈ ਕਿ ਉਹਨਾਂ ਨੇ ਇੱਕਲਿਆਂ ਹੀ ‘ਇੰਡਿਯਨ ਸਟੇਟ’, ਅਤੇ ਪੰਜਾਬ ਦੀਆਂ ‘ਬਾਦਲ’, ‘ਅਮਰਿੰਦਰ’ ਅਤੇ ‘ਭਗਵੰਤ ਮਾਨ’ ਕਠਪੁਤਲੀ ਸਰਕਾਰਾਂ ਨੂੰ ਆਪਣੇ ਸੰਘਰਸ਼ ਨਾਲ ਹਰਾ ਕੇ ਇਹ ਦਰਸਾ ਦਿੱਤਾ ਕਿ ਹੁਣ ਅਮਨਮਈ ਸੰਘਰਸ਼ਾਂ ਦਾ ਵੇਲਾ ਖਤਮ ਹੋ ਚੁੱਕਾ ਹੈ। ਕੌਮ ਉਹਨਾਂ ਨੂੰ ਖਾਲਸਤਾਨ ਦੀ ਆਜ਼ਾਦੀ ਲਈ ਵੱਖ ਵੱਖ ਤਰੀਕੇ ਨਾਲ ਲੜੀਆਂ ਜੰਗਾਂ ‘ਚ ਹਿੱਸਾ ਪਾਉਣ ਬਦਲੇ ਹਮੇਸ਼ਾਂ ਯਾਦ ਰੱਖੇਗੀ। ਸਿੱਖਾਂ ਦੀਆਂ ਅਗਲੀਆਂ ਪੀੜ੍ਹੀਆਂ ਉਹਨਾਂ ਦੀ ਵਿਚਾਰਧਾਰਕ ਪਹੁੰਚ ਤੋਂ ਪ੍ਰੇਰਨਾ ਲੈਂਦੀਆਂ ਰਹਿਣਗੀਆਂ। ਅਕਾਲ ਪੁਰਖ ਬਾਬਾ ਸੂਰਤ ਸਿੰਘ ਜੀ ਦਾ ਸੰਘਰਸ਼ ਲੇਖੇ ਲਾਉਣ!