ਮੇਰੇ ਗੁਰਾਂ ਦੀ ਉੱਚੀ ਬਾਣੀ ਦੀ
ਮੇਰੇ ਗੁਰਾਂ ਦੀ ਸੁੱਚੀ ਬਾਣੀ ਦੀ
ਹੁੰਦੀ ਬੇਅਦਬੀ ਉਦੋਂ ਵੀ
ਵਿੱਚ ਤਾਬਿਆ ਜਦੋਂ ਲੱਥਦੀਆਂ
ਗੁਰ ਸਾਜੀਆਂ ਦਸਤਾਰਾਂ
ਲਹਿਰਦੀਆਂ ਨੇ ਤਲਵਾਰਾਂ
ਹੁੰਦੀ ਬੇਅਦਬੀ ਉਦੋਂ ਵੀ
ਪਵਣੁ ਗੁਰੂ ਪਾਣੀ ਪਿਤਾ
ਮਾਤਾ ਧਰਤਿ
ਤੋਂ ਬੇਮੁਖ ਹੋ ਅਸੀਂ
ਜਦੋਂ ਕਰਦੇ ਹਾਂ ਪ੍ਰਦੂਸ਼ਿਤ
ਆਲਾ-ਦੁਆਲਾ, ਦਰਿਆ ਤੇ ਨਦੀਆਂ
ਹੁੰਦੀ ਬੇਅਦਬੀ ਉਦੋਂ ਵੀ
ਜਦ ਉਸਰਦੇ ਨੇ ਗੁਰਦੁਆਰੇ ਦੋ
ਇਕ ਚੜ੍ਹਦੇ ਵੱਲ, ਇਕ ਛਿਪਦੇ ਵੱਲ
ਵਿਸਾਰ ਕੇ ਮਨੋਂ
ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ
ਹੁੰਦੀ ਬੇਅਦਬੀ ਉਦੋਂ ਵੀ
ਜਦੋਂ ਤਿਆਗ ਖ਼ਾਲਸਾਈ ਸਰੂਪ
ਕਰਦੇ ਹਾਂ ਨਿਰਖ-ਪਰਖ
ਜਾਤਾਂ ਅਤੇ ਗੋਤਾਂ ਨਾਲ
ਅੱਖੋਂ ਪਰੋਖੇ ਕਰ
ਅਵਲਿ ਅਲਹ ਨੂਰੁ ਉਪਾਇਆ
ਕੁਦਰਤਿ ਕੇ ਸਭ ਬੰਦੇ
ਹੁੰਦੀ ਬੇਅਦਬੀ ਉਦੋਂ ਵੀ
ਜਦੋਂ ਦਰਸ਼ਨ-ਦੀਦਾਰਾਂ ਲਈ
ਬੰਨ੍ਹਦੇ ਹਾਂ ਕਤਾਰਾਂ ਦੋ
ਇਕ ਆਮ ਲਈ, ਇਕ ਖ਼ਾਸ ਲਈ
ਹੁੰਦੀ ਬੇਅਦਬੀ ਉਦੋਂ ਵੀ
ਮਿਹਨਤਕਸ਼ ਦੀ ਨਿਚੋੜਦੇ ਹਾਂ ਰੱਤ
ਭਰਦੇ ਹਾਂ ਤਿਜੋਰੀਆਂ
ਉੱਕਾ ਹੀ ਭੁੱਲ ਜਾਂਦੇ ਹਾਂ
ਬਾਬਾ ਨਾਨਕ ਦਾ ਉਪਦੇਸ਼
ਕਿਰਤ ਕਰੋ, ਵੰਡ ਛਕੋ, ਨਾਮ ਜਪੋ
ਹੁੰਦੀ ਬੇਅਦਬੀ ਉਦੋਂ ਵੀ
ਮੇਰੇ ਗੁਰਾਂ ਦੀ ਉੱਚੀ ਬਾਣੀ ਦੀ
ਮੇਰੇ ਗੁਰਾਂ ਦੀ ਸੁੱਚੀ ਬਾਣੀ ਦੀ।
ਰੰਜੀਵਨ ਸਿੰਘ, ਸੰਪਰਕ: 98150-68816