ਬੱਚਿਆਂ ਨੂੰ ਦੋਸਤਾਨਾ ਮਾਹੌਲ ਦਿਓ

 

ਲੇਖਕ : ਪ੍ਰਵੀਨ ਅਬਰੋਲ
ਮੋਬਾਈਲ : 98782-49944
ਬੱਚੇ ਜਦੋਂ ਜਵਾਨੀ ਦੀ ਦਹਿਲੀਜ਼ ‘ਤੇ ਪੈਰ ਰੱਖਦੇ ਹਨ ਤਾਂ ਉਹ ਆਪਣੇ-ਆਪ ਵਿਚ ਬਹੁਤ ਵੱਡੀ ਤਬਦੀਲੀ ਨੂੰ ਮਹਿਸੂਸ ਕਰਦੇ ਹਨ। ਉਨ੍ਹਾਂ ਵਿਚ ਬਹੁਤ ਸਾਰੇ ਸਰੀਰਕ ਅਤੇ ਮਾਨਸਿਕ ਬਦਲਾਅ ਆਉਂਦੇ ਹਨ। ਜੀਵਨ ਦੇ ਇਸ ਪੜਾਅ ਨੂੰ ਅੱਲ੍ਹੜ ਉਮਰ ਵੀ ਕਿਹਾ ਜਾਂਦਾ ਹੈ। ਇਸ ਸਮੇਂ ਬੱਚਿਆਂ ਨੂੰ ਸਭ ਤੋਂ ਜ਼ਿਆਦਾ ਮਾਂ-ਬਾਪ ਦੇ ਮਾਰਗ ਦਰਸ਼ਨ ਦੀ ਲੋੜ ਹੁੰਦੀ ਹੈ। ਅੱਜ ਸੋਸ਼ਲ ਮੀਡੀਆ ਦਾ ਯੁੱਗ ਹੈ ਅਤੇ ਬੱਚੇ ਸਮੇਂ ਤੋਂ ਪਹਿਲਾਂ ਵੱਡੇ ਹੋ ਰਹੇ ਹਨ, ਜਿਸ ਕਾਰਨ ਟੀਨਏਜ਼ ਵਿਚ ਉਨ੍ਹਾਂ ਨੂੰ ਮਾਂ-ਬਾਪ ਨਾਲੋਂ ਦੋਸਤ-ਮਿੱਤਰ ਜ਼ਿਆਦਾ ਚੰਗੇ ਲਗਦੇ ਹਨ। ਇਸ ਸਮੇਂ ਬਹੁਤ ਸਾਰੇ ਬੱਚੇ ਸਕੂਲ ਅਤੇ ਮਾਂ-ਬਾਪ ਤੋਂ ਦੂਰੀ ਬਣਾਉਣਾ ਸ਼ੁਰੂ ਕਰ ਦਿੰਦੇ ਹਨ। ਇਸ ਉਮਰ ਵਿਚ ਹੀ ਕੁਰਾਹੇ ਪੈਂਦੇ ਹਨ। ਚੋਰੀ, ਯਾਰੀ, ਲੁੱਟ-ਮਾਰ, ਨਸ਼ਾ ਆਦਿ ਇਸ ਉਮਰ ਵਿਚ ਹੀ ਬੱਚਿਆਂ ਨੂੰ ਲਗਦਾ ਹੈ, ਜਿਸ ਕਾਰਨ ਸਮਾਜ ਵਿਚ ਵੀ ਵਧਦੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਬਣ ਰਹੀਆਂ ਹਨ।
ਬੱਚਿਆਂ ਦੀ ਕਿਸ਼ੋਰਅਵਸਥਾ ਦੇ ਦੌਰਾਨ ਮਾਂ-ਬਾਪ ਨੂੰ ਬਹੁਤ ਜ਼ਿੰਮੇਵਾਰੀ ਨਿਭਾਉਣੀ ਪਵੇਗੀ ਕਿਉਂਕਿ ਕਦੇ ਉਹ ਵੀ ਇਸ ਅਵਸਥਾ ‘ਚੋਂ ਗੁਜ਼ਰੇ ਸਨ। ਉਨ੍ਹਾਂ ਦਾ ਅਨੁਭਵ ਬੱਚਿਆਂ ਦੇ ਕੰਮ ਆ ਸਕਦਾ ਹੈ। ਸਭ ਤੋਂ ਪਹਿਲਾਂ ਹਰ ਮਾਂ-ਬਾਪ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਆਪਣੇ ਬੱਚਿਆਂ ਨੂੰ ਹੋਣ ਵਾਲੀਆਂ ਤਬਦੀਲੀਆਂ ਬਾਰੇ ਜ਼ਰੂਰ ਜਾਣੂ ਕਰਵਾਉਣ ਅਤੇ ਉਨ੍ਹਾਂ ਨੂੰ ਇਸ ਦਾ ਤਰ੍ਹਾਂ ਮਾਹੌਲ ਦੇਣ ਕਿ ਬੱਚੇ ਆਪਣੀ ਹਰ ਗੱਲ ਆਪਣੇ ਮਾਂ-ਬਾਪ ਨਾਲ ਖੁੱਲ੍ਹ ਕੇ ਸ਼ੇਅਰ ਕਰ ਸਕਣ ਅਤੇ ਮਾਂ-ਬਾਪ ਉਨ੍ਹਾਂ ਦੀ ਹਰ ਸਮੱਸਿਆ ਦਾ ਹੱਲ ਕਰ ਸਕਣ। ਪਰ ਬਹੁਤ ਵਾਰ ਵੇਖਣ ਵਿਚ ਇਹ ਵੀ ਆਉਂਦਾ ਹੈ ਕਿ ਮਾਂ-ਬਾਪ ਹਰ ਵੇਲੇ ਬੱਚਿਆਂ ਨੂੰ ਦਹਿਸ਼ਤ ਦਾ ਮਾਹੌਲ ਦਿੰਦੇ ਹਨ ਤੇ ਬਹੁਤ ਵਾਰੀ ਉਨ੍ਹਾਂ ਵਿਚ ਇਸ ਤਰ੍ਹਾਂ ਦਾ ਡਰ ਪੈਦਾ ਕਰ ਦਿੰਦੇ ਹਨ ਕਿ ਜੇ ਉਨ੍ਹਾਂ ਕੋਲੋਂ ਕੋਈ ਗ਼ਲਤੀ ਹੋਈ ਤਾਂ ਉਨ੍ਹਾਂ ਨੂੰ ਬਹੁਤ ਵੱਡਾ ਭੁਗਤਾਨ ਦੇਣਾ ਪਵੇਗਾ। ਕਈ ਵਾਰ ਇਸ ਤਰ੍ਹਾਂ ਦੇ ਕਾਰਨਾਂ ਕਰਕੇ ਬੱਚੇ ਆਪਣੇ ਮਾਂ-ਬਾਪ ਤੋਂ ਨਫ਼ਰਤ ਕਰਨ ਲੱਗ ਜਾਂਦੇ ਹਨ ਅਤੇ ਡਰ ਕਾਰਨ ਆਪਣੀ ਕੋਈ ਵੀ ਗੱਲ ਦੱਸਣਾ ਪਸੰਦ ਨਹੀਂ ਕਰਦੇ। ਇਸ ਤਰ੍ਹਾਂ ਹੌਲੀ-ਹੌਲੀ ਉਹ ਦੂਰ ਹੋਣਾ ਸ਼ੁਰੂ ਹੋ ਜਾਂਦੇ ਹਨ।
ਇਹੋ ਜਿਹੇ ਸਮੇਂ ਸਾਨੂੰ ਵੀ ਬੱਚਿਆਂ ਸਾਹਮਣੇ ਰੋਲ ਮਾਡਲ ਬਣਨਾ ਚਾਹੀਦਾ ਹੈ। ਜ਼ਿਆਦਾ ਤੋਂ ਜ਼ਿਆਦਾ ਸਮਾਂ ਬੱਚਿਆਂ ਨਾਲ ਗੁਜ਼ਾਰਨਾ ਚਾਹੀਦਾ ਹੈ ਤੇ ਉਨ੍ਹਾਂ ਨਾਲ ਇਕ ਇਸ ਤਰ੍ਹਾਂ ਦਾ ਭਰੋਸਾ ਕਾਇਮ ਕਰਨਾ ਹੈ ਕਿ ਬੱਚਾ ਹਰ ਗੱਲ ਖੁੱਲ੍ਹ ਕੇ ਬਿਨਾਂ ਝਿਜਕ ਸਾਨੂੰ ਦੱਸ ਸਕੇ। ਸਾਨੂੰ ਅਕਸਰ ਪਰਿਵਾਰ ਸਮੇਤ ਬਾਹਰ ਜਾਣਾ ਚਾਹੀਦਾ ਹੈ, ਤਾਂ ਕਿ ਬੱਚਿਆਂ ਦਾ ਸਾਡੇ ਨਾਲ ਜੁੜਾਅ ਬਣਿਆ ਰਹੇ। ਇਸ ਸਮੇਂ ਬੱਚਿਆਂ ਨੂੰ ਗੱਲ-ਗੱਲ ‘ਤੇ ਡਾਂਟਣ ਦੀ ਬਜਾਏ ਸੁਖਾਲੇ ਮਾਹੌਲ ਵਿਚ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਹੈ।

Exit mobile version