ਲੇਖਕ : ਸਿਮਰਨਦੀਪ ਕੌਰ ਬੇਦੀ
ਤਕਨਾਲੋਜੀ ਸਦਕਾ ਜਿਉਂ-ਜਿਉਂ ਸਮਾਜ ਤਰੱਕੀ ਕਰ ਰਿਹਾ ਹੈ, ਤਿਉਂ-ਤਿਉਂ ਲੋਕਾਂ ਦੀ ਔਰਤਾਂ ਪ੍ਰਤੀ ਰੂੜੀਵਾਦੀ ਸੋਚ ਵੀ ਖ਼ਤਮ ਹੋ ਰਹੀ ਹੈ। ਸਮਾਂ ਬਦਲਣ ਦੇ ਨਾਲ ਸ਼ਹਿਰੀ ਸਮਾਜ ਦੀ ਤਰ੍ਹਾਂ ਪੇਂਡੂ ਸਮਾਜ ਦਾ ਵੀ ਔਰਤਾਂ ਦੀ ਸੁੰਦਰਤਾ ਪ੍ਰਤੀ ਸੋਚ ਦਾ ਦਾਇਰਾ ਵਿਸ਼ਾਲ ਹੋਇਆ ਹੈ। ਹੁਣ ਪਿੰਡਾਂ ਦੀਆਂ ਔਰਤਾਂ ਵੀ ਪੜ੍ਹ-ਲਿਖ ਕੇ ਨੌਕਰੀ ਪੇਸ਼ੇ ਵਾਲੀਆਂ ਹੋ ਗਈਆਂ ਹਨ। ਜਿਸ ਕਾਰਨ ਪਿੰਡਾਂ ਦੀ ਨੁਹਾਰ ਬਦਲ ਰਹੀ ਦਿਖਾਈ ਦੇ ਰਹੀ ਹੈ। ਸੰਵਿਧਾਨ ਦੀ ਧਾਰਾ 14 ਤਹਿਤ ਹਰੇਕ ਮਨੁੱਖ ਨੂੰ ਸੁਤੰਤਰਤਾ ਮਾਨਣ ਦਾ ਅਧਿਕਾਰ ਹੈ ਅਤੇ ਅਜੋਕੀਆਂ ਭਾਰਤੀ ਔਰਤਾਂ ਸੁਤੰਤਰਤਾ ਦੇ ਹੱਕ ਦਾ ਪੂਰਾ ਆਨੰਦ ਮਾਣ ਰਹੀਆਂ ਹਨ। 21ਵੀਂ ਸਦੀ ਦੌਰਾਨ ਸਮਾਜਿਕ, ਆਰਥਿਕ, ਰਾਜਨੀਤਕ ਹਰੇਕ ਖੇਤਰ ਵਿਚ ਭਾਰਤੀ ਔਰਤਾਂ ਮੱਲਾਂ ਮਾਰ ਰਹੀਆਂ ਹਨ। ਅਜੋਕੇ ਸਮੇਂ ਦੌਰਾਨ ਇਹ ਦੇਖ ਕੇ ਬਹੁਤ ਖ਼ੁਸ਼ੀ ਮਹਿਸੂਸ ਹੁੰਦੀ ਹੈ ਕਿ ਹੁਣ ਪੁੱਤਾਂ ਵਾਂਗ ਧੀਆਂ ਦੇ ਜੰਮਣ ‘ਤੇ ਵੀ ਢੋਲ-ਨਗਾਰਿਆਂ ਨਾਲ ਜਸ਼ਨ ਮਨਾਇਆ ਜਾਂਦਾ ਹੈ। ਮਾਣ ਵਾਲੀ ਗੱਲ ਹੈ ਕਿ ਮਰਦ ਪ੍ਰਧਾਨ ਸਮਾਜ ਵਿਚ ਔਰਤ ਦਾ ਰੁਤਬਾ ਦਿਨ ਪ੍ਰਤੀ ਦਿਨ ਉੱਚਾ ਉੱਠ ਰਿਹਾ ਹੈ ਅਤੇ ਸੰਵਿਧਾਨ ਦੀ ਧਾਰਾ 19 ਤਹਿਤ ਔਰਤਾਂ ਆਪਣੇ ਹੱਕਾਂ ਪ੍ਰਤੀ ਖੁੱਲ੍ਹ ਕੇ ਆਵਾਜ਼ ਉਠਾ ਸਕਦੀਆਂ ਹਨ ਪਰ ਦੂਜੇ ਪਾਸੇ ਤ੍ਰਾਸਦੀ ਦੀ ਗੱਲ ਇਹ ਹੈ ਕਿ ਅਜੋਕੇ ਸਮਾਜ ਵਿਚ ਇਕ ਔਰਤ ਹੀ ਦੂਸਰੀ ਔਰਤ ਦੀ ਦੁਸ਼ਮਣ ਬਣੀ ਹੋਈ ਹੈ। ਅੱਜ ਔਰਤਾਂ ਹੀ ਇਕ-ਦੂਜੇ ਦੇ ਰਾਹ ਦਾ ਰੋੜਾ ਬਣੀਆਂ ਹੋਈਆਂ ਹਨ। ਬੇਸ਼ੱਕ ਅਜੋਕੀਆਂ ਔਰਤਾਂ ਪੜ੍ਹ-ਲਿਖ ਗਈਆਂ ਹਨ ਪਰ ਫਿਰ ਵੀ ਕਈ ਔਰਤਾਂ ਦੂਸਰੀ ਔਰਤ ਪ੍ਰਤੀ ਰੂੜ੍ਹੀਵਾਦੀ ਅਤੇ ਈਰਖਾ ਭਰਪੂਰ ਸੋਚ ਰੱਖਦੀਆਂ ਹਨ। ਘਰ ਵਿਚ ਜਾਂ ਫਿਰ ਬਾਹਰ ਸਟਾਫ਼ ਵਿਚ ਇਕ ਔਰਤ ਦੂਸਰੀ ਔਰਤ ਦੀ ਤਰੱਕੀ ਦੇਖ ਕੇ ਖ਼ੁਸ਼ ਨਹੀਂ ਹੁੰਦੀ ਅਤੇ ਹਮੇਸ਼ਾ ਇਕ-ਦੂਜੀ ਨੂੰ ਪੈਡੇਸਟਲ ਤੋਂ ਹੇਠਾਂ ਡੇਗਣ ਦੀ ਕੋਸ਼ਿਸ਼ ਵਿਚ ਜੁਟੀਆਂ ਰਹਿੰਦੀ ਹੈ। ਸੋ, ਅਸਲ ਮਾਅਨੇ ਵਿਚ ਸਮਾਜ ਵਿਚ ਔਰਤ ਦੀ ਸਥਿਤੀ ਤਦ ਮਜ਼ਬੂਤ ਹੋਵੇਗੀ ਜਦ ਇਕ ਮਾਂ-ਪੁੱਤ ਨਾਲੋਂ ਜ਼ਿਆਦਾ ਧੀ ਨੂੰ ਜਨਮ ਦੇ ਕੇ ਮਾਣ ਅਤੇ ਖ਼ੁਸ਼ੀ ਮਹਿਸੂਸ ਕਰੇਗੀ ਅਤੇ ਜਦ ਇਕ ਔਰਤ, ਦੂਸਰੀ ਔਰਤ ਦੀ ਕਦਰ ਕਰੇਗੀ। ਈਰਖਾ ਅਤੇ ਵੈਰ-ਵਿਰੋਧ ਦੀ ਭਾਵਨਾ ਰੱਖਣ ਦੀ ਬਜਾਏ ਔਰਤਾਂ ਨੂੰ ਇਕ-ਦੂਜੇ ਦੀ ਸਥਿਤੀ ਸਮਝਣੀ ਚਾਹੀਦੀ ਹੈ ਅਤੇ ਲੋੜ ਵੇਲੇ ਹਰੇਕ ਖੇਤਰ ਵਿਚ ਹੱਲਾਸ਼ੇਰੀ ਦੇ ਕੇ ਇਕ-ਦੂਜੇ ਦੇ ਮਦਦਗਾਰ ਬਣਨਾ ਚਾਹੀਦਾ ਹੈ ਕਿਉਂਕਿ ਜੇਕਰ ਔਰਤਾਂ ਇਕ-ਦੂਜੇ ਦੀ ਕਦਰ ਕਰਨਗੀਆਂ ਤਦ ਹੀ ਸਮਾਜ ਔਰਤਾਂ ਦੀ ਕਦਰ ਕਰੇਗਾ।