6.3 C
Vancouver
Saturday, January 18, 2025

ਸ਼੍ਰੋਮਣੀ ਅਕਾਲੀ ਦਲ: ਗਠਨ, ਪੁਰਨ-ਗਠਨ

 

ਲੇਖਕ : ਗੁਰਦੇਵ ਸਿੰਘ ਸਿੱਧੂ, ਸੰਪਰਕ: 9417049417
ਪਿਛਲੇ ਸਾਲ 2 ਦਸੰਬਰ ਨੂੰ ਜਥੇਦਾਰ ਸਾਹਿਬਾਨ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ‘ਗੁਨਾਹਗਾਰ’ ਅਕਾਲੀ ਲੀਡਰਾਂ ਨੂੰ ”ਸਿੱਖ ਪੰਥ ਦੀ ਰਾਜਸੀ ਅਗਵਾਈ ਕਰਨ ਦਾ ਨੈਤਿਕ ਅਧਿਕਾਰ” ਗਵਾ ਚੁੱਕੇ ਐਲਾਨ ਕੇ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਕਰਨ ਦਾ ਆਦੇਸ਼ ਦਿੱਤਾ।ਇਸ ਆਦੇਸ਼ ਨੂੰ ਅਮਲ ਵਿਚ ਲਿਆਉਣ ਦੀ ਸੁਵਿਧਾ ਵਾਸਤੇ ਇਕ ਸੌ ਚਾਰ ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਹੋਣ ਦੇ ਦ੍ਰਿਸ਼ ਉੱਤੇ ਨਜ਼ਰ ਪਾ ਲੈਣੀ ਲਾਹੇਵੰਦੀ ਹੋਵੇਗੀ।
ਵੀਹਵੀਂ ਸਦੀ ਦੇ ਚੜ੍ਹਨ ਤੱਕ ਸਿੱਖ ਪੰਥ ਦਾ ਮਨ ਗੁਰਦੁਆਰਿਆਂ ਦੀ ਜਾਇਦਾਦ ਉੱਤੇ ਸੱਪ ਕੁੰਡਲੀ ਮਾਰੀ ਬੈਠੇ ਅਨੈਤਿਕ ਅਤੇ ਧਰਮ ਵਿਰੋਧੀ ਕਰਮ ਕਮਾਉਣ ਵਾਲੇ ਮਹੰਤਾਂ ਅਤੇ ਪੁਜਾਰੀਆਂ ਵੱਲੋਂ ਬਿਲਕੁੱਲ ਖੱਟੇ ਹੋ ਚੁੱਕੇ ਸਨ ਪਰ ਕਿਸੇ ਜਥੇਬੰਦੀ ਦੀ ਅਣਹੋਂਦ ਕਾਰਨ ਪ੍ਰਭਾਵਸ਼ਾਲੀ ਕਾਰਜ ਨਹੀਂ ਸੀ ਹੋ ਰਿਹਾ।ਅੰਗਰੇਜ਼ ਸਰਕਾਰ ਦੀਆਂ ਫਾਈਲਾਂ ਅਤੇ ਹੋਰ ਸਰੋਤਾਂ ਵਿਚੋਂ ਇਸ ਦੌਰ ਵਿਚ ਸੈਂਟਰਲ ਖਾਲਸਾ ਦੀਵਾਨ, ਤਰਨਤਾਰਨ ਅਤੇ ਅਕਾਲੀ ਜਥਾ, ਖਰਾ ਸੌਦਾ ਤੋਂ ਬਿਨਾਂ, ਹੋਰ ਕਈ ਥਾਵਾਂ ਉੱਤੇ ਅਕਾਲੀ ਜਥੇ ਬਣਨ ਦੀ ਜਾਣਕਾਰੀ ਮਿਲਦੀ ਹੈ।ਪੰਜਾਬ ਸਰਕਾਰ ਦੀ ਸੀ. ਆਈ. ਡੀ. ਵੱਲੋਂ ਤਿਆਰ ਮੈਮੋਰੈਂਡਮ ਵਿਚ ਦੱਸਿਆ ਗਿਆ ਹੈ ਕਿ ”ਪਹਿਲੀ ਵਾਰ 1920 ਦੀਆਂ ਗਰਮੀਆਂ ਦੌਰਾਨ ਲੰਮੀਆਂ ਕ੍ਰਿਪਾਨਾਂ ਅਤੇ ਕਾਲੀਆਂ ਜਾਂ ਨੀਲੀਆਂ ਪੱਗਾਂ ਵਾਲੇ ਅਕਾਲੀ ਦਿਖਾਈ ਦਿੱਤੇ।ਜੁਝਾਰੂ ਦਿਖਾਈ ਦਿੰਦੇ ਇਹ ਲੋਕ ਮੁਕਾਬਲਤਨ ਨੁਕਸਾਨ ਰਹਿਤ ਸਨ ਅਤੇ ਅਰੰਭ ਵਿਚ ਮਨ-ਪ੍ਰਚਾਵੇ ਵਾਲੀ ਸਹਿਨਸ਼ੀਲਤਾ ਨਾਲ ਵੇਖੇ ਜਾਂਦੇ ਸਨ।ਹੌਲੀ ਹੌਲੀ ਉਹਨਾਂ ਦੀ ਗਿਣਤੀ ਅਤੇ ਗਿਣਤੀ ਦੇ ਨਾਲ ਹੀ ਕ੍ਰਿਪਾਨ ਦਾ ਆਕਾਰ ਵਧਣਾ ਸ਼ੁਰੂ ਹੋ ਗਿਆ।” ਸਰਕਾਰ ਦੇ ਖੁਫੀਆ ਮਹਿਕਮੇ ਦੀ 19 ਜੁਲਾਈ 1920 ਦੀ ਰਿਪੋਰਟ ਵਿਚ ਵੀ ਇਹੋ ਕਿਹਾ ਗਿਆ ਹੈ ਕਿ ਪਿਛਲੇ ਪੰਜ ਛੇ ਹਫਤਿਆਂ ਤੋਂ ਜ਼ਿਲਾ ਅੰਮ੍ਰਿਤਸਰ ਅਤੇ ਜ਼ਿਲਾ ਗੁਰਦਾਸਪੁਰ ਦੇ ਪਿੰਡਾਂ ਵਿਚ ਸਿੱਖਾਂ ਦੀਆਂ ਭਰਵੀਆਂ ਇਕੱਤ੍ਰਤਾਵਾਂ ਦਾ ਆਯੋਜਨ ਹੋਇਆ ਹੈ।ਸਿੱਖਾਂ ਦਾ ਇਹ ਵਰਗ ਗੁਰਦੁਆਰਾ ਪ੍ਰਬੰਧ ਵਿਚ ਸੁਧਾਰ ਚਾਹੁੰਦਾ ਸੀ ਪਰ ਇਹ ਸੁਧਾਰ ਕਿਵੇਂ ਹੋਵੇ? ਇਸ ਬਾਰੇ ਉਸ ਕੋਲ ਕੋਈ ਵਿਉਂਤਬੰਦੀ ਨਹੀਂ ਸੀ।
ਵਿਉਂਤਬੰਦੀ ਦਾ ਮਸਲਾ 12 ਅਕਤੂਬਰ 1920 ਨੂੰ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਵਾਪਰੀਆਂ ਘਟਨਾਵਾਂ, ਜਿਨ੍ਹਾਂ ਦੇ ਫਲਸਰੂਪ ਇੱਥੋਂ ਦਾ ਪ੍ਰਬੰਧ ਸਿੱਖ ਸੰਗਤ ਨੇ ਆਪਣੇ ਹੱਥ ਲੈ ਲਿਆ, ਨੇ ਹੱਲ ਕਰ ਦਿੱਤਾ।ਇਸ ਘਟਨਾ ਦਾ ਨਤੀਜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ, ਜਿਸ ਦਾ ਸਪਸ਼ਟ ਮਨੋਰਥ ਪੰਥਕ ਪ੍ਰਭਾਵ ਵਰਤਦਿਆਂ ਗੁਰਦੁਆਰਿਆਂ ਅਤੇ ਧਾਰਮਕ ਸਥਾਨਾਂ ਦਾ ਪ੍ਰਬੰਧ ਆਪਣੇ ਹੱਥ ਲੈ ਕੇ ਸਿੱਖ ਕੌਮ ਦੀਆਂ ਪ੍ਰਵਾਨਿਤ ਰਵਾਇਤਾਂ ਅਨੁਸਾਰ ਚਲਾਉਣਾ ਸੀ, ਦੀ ਸਥਾਪਨਾ ਕਰਨ ਵਿਚ ਨਿਕਲਿਆ।ਨਿਰਸੰਦੇਹ ਅਜਿਹੇ ਕਾਰਜ ਲਈ ਪ੍ਰਤੀਬੱਧ ਸਿੱਖਾਂ ਦੀ ਲੋੜ ਸੀ।ਇਹ ਗੱਲ ਨਹੀਂ ਕਿ ਗੁਰਦੁਆਰਾ ਸੁਧਾਰ ਲਈ ਕੁਰਬਾਨੀ ਕਰਨ ਵਾਲੇ ਸਿੱਖਾਂ ਦੀ ਕਮੀ ਹੋਵੇ ਪਰ ਉਹ ਸਥਾਨਕ ਜਥੇਬੰਦੀਆਂ ਦੇ ਰੂਪ ਵਿਚ ਸੰਗਠਿਤ ਹੋ ਕੇ ਸਥਾਨਕ ਪੱਧਰ ਉੱਤੇ ਵਿਚਰ ਰਹੇ ਸਨ।ਸੋ ਇਹਨਾਂ ਨੂੰ ਇਕ ਸੂਤਰ ਵਿਚ ਪ੍ਰੋਣ ਦੀ ਬਾਤ-ਚੀਤ ਵੀ ਨਾਲ ਦੀ ਨਾਲ ਚੱਲਦੀ ਰਹੀ।ਫਲਸਰੂਪ ਹਾਜ਼ਰ ਸਿੱਖ ਆਗੂਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਦੀ ਚੋਣ ਕੀਤੇ ਜਾਣ ਤੋਂ ਕੇਵਲ ਦੋ ਦਿਨ ਪਿੱਛੋਂ ਭਾਵ 14 ਦਸੰਬਰ 1920 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਹਾਇਕ ਜਥੇਬੰਦੀ ਦੇ ਰੂਪ ਵਿਚ ਕੇਂਦਰੀ ਅਕਾਲੀ ਦਲ ਦੀ ਸਥਾਪਨਾ ਕਰ ਲਈ।ਸਰਕਾਰੀ ਦਸਤਵੇਜ਼ਾਂ ਵਿਚ ਗੁਰਦੁਆਰਾ ਪ੍ਰਬੰਧ ਨੂੰ ਸਿੱਖ ਸੰਗਤ ਵੱਲੋਂ ਚੁਣੇ ਪ੍ਰਤੀਨਿੱਧਾਂ ਦੇ ਹੱਥ ਦੇਣ ਦੀ ਆਵਾਜ਼ ਉਠਾਉਣ ਵਾਲੇ ਸਿੱਖਾਂ ਨੂੰ ਉਦੋਂ ਤੱਕ ‘ਤੱਤ ਖਾਲਸਾ’ ਲਿਖਿਆ ਮਿਲਦਾ ਹੈ ਪਰ ਪੰਜਾਬ ਸਰਕਾਰ ਦੇ ਖੁਫੀਆ ਵਿਭਾਗ ਨੇ 14 ਫਰਵਰੀ 1921 ਦੀ ਰਿਪੋਰਟ ਵਿਚ ਪਹਿਲੀ ਵਾਰ ‘ਅਕਾਲੀ ਜਥਾ’ ਸੰਗਿਆ ਵਰਤੀ।ਇਸ ਰਿਪੋਰਟ ਦੇ ਸ਼ਬਦ ਹਨ, ”ਵਰਕਰਾਂ ਦੇ ਜਿਸ ਸਮੂਹ ਨੇ ਚੰਗੇਰਾ ਪ੍ਰਬੰਧ ਕਰਨ ਦੇ ਉਦੇਸ਼ ਨਾਲ ਧਾਰਮਿਕ ਪੂਜਾ ਵਾਲੇ ਸਥਾਨਾਂ ਦਾ ਕਬਜ਼ਾ ਲੈਣ ਦਾ ਜ਼ਿੰਮਾ ਲਿਆ ਹੈ, ਉਸ ਨੂੰ ”ਅਕਾਲੀ ਜਥਾ” ਨਾਉਂ ਨਾਲ ਜਾਣਿਆ ਜਾਂਦਾ ਹੈ।”
ਕੇਂਦਰੀ ਅਕਾਲੀ ਦਲ ਦੇ ਗਠਨ ਉਪਰੰਤ ਇਸ ਦੇ ਕਰਨ ਲਈ ਪਹਿਲਾ ਕੰਮ ਪੰਜਾਬ ਵਿਚ ਸਰਗਰਮ ਅਕਾਲੀ ਜਥਿਆਂ ਨੂੰ ਇਕ ਲੜੀ ਵਿਚ ਪ੍ਰੋਣਾ ਸੀ।ਇਹ ਜ਼ੁੰਮੇਵਾਰੀ ਕੇਂਦਰੀ ਅਕਾਲੀ ਦਲ ਦੇ ਥਾਪੇ ਗਏ ਅਹੁਦੇਦਾਰਾਂ ਦੇ ਸਿਰ ਸੀ।ਇਸ ਬਾਰੇ ਕੋਈ ਦੋ ਰਾਵਾਂ ਨਹੀਂ ਕਿ ਪ੍ਰਧਾਨ ਸ. ਸਰਮੁਖ ਸਿੰਘ ਝਬਾਲ ਨੂੰ ਬਣਾਇਆ ਗਿਆ ਪਰ ਉਸ ਦੇ ਸਹਿਯੋਗੀਆਂ ਦੇ ਨਾਂ ਵੱਖ ਵੱਖ ਮਿਲਦੇ ਹਨ।ਡਾ. ਜੇ. ਐਸ. ਗਰੇਵਾਲ ਨੇ ਭਾਈ ਵਰਿਆਮ ਸਿੰਘ ਅਤੇ ਭਾਈ ਅਰਜਨ ਸਿੰਘ ਨੂੰ ਕ੍ਰਮਵਾਰ ਸਕੱਤਰ ਅਤੇ ਮੀਤ ਸਕੱਤਰ ਬਣਾਏ ਦੱਸਿਆ ਹੈ ਪਰ ਪਹਿਲੇ ਅਕਾਲੀ ਸਾਜ਼ਿਸ਼ ਮੁਕੱਦਮੇ ਦੀ ਅਦਾਲਤੀ ਕਾਰਵਾਈ ਵਿਚ ਭਾਈ ਕਿਸ਼ਨ ਸਿੰਘ ਗੜਗੱਜ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸਕੱਤਰ ਅਤੇ ਰਿਆਸਤ ਪਟਿਆਲਾ ਦੇ ਵਸਨੀਕ ਭਾਈ ਅਮਰ ਸਿੰਘ ਨੂੰ ਸਹਾਇਕ ਸਕੱਤਰ ਲਿਖਿਆ ਗਿਆ ਹੈ।ਬੇਸ਼ੱਕ ਕੇਂਦਰੀ ਅਕਾਲੀ ਦਲ ਦੇ ਅਹੁਦੇਦਾਰ ਚੁਣੇ ਗਏ ਸਨ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਹਾਇਕ ਜਥੇਬੰਦੀ ਹੋਣ ਕਾਰਨ ਦਿਸ਼ਾ ਨਿਰਦੇਸ਼ ਕਮੇਟੀ ਵੱਲੋਂ ਹੀ ਦਿੱਤੇ ਜਾ ਰਹੇ ਸਨ।10 ਅਤੇ 11 ਮਈ ਨੂੰ ਹੋਏ ਵਿਚਾਰ ਵਟਾਂਦਰੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮਟੀ ਨੇ ਜੋ ਫੈਸਲੇ ਲਏ, ਉਹਨਾਂ ਵਿਚੋਂ ਇਕ ਅਕਾਲੀ ਦਲ ਦੀ ਭਰਤੀ ਕਰਨ ਬਾਰੇ ਸੀ।ਨਿਸ਼ਾਨਾ ਇਹ ਸੀ ਕਿ ਕੇਂਦਰੀ ਅਕਾਲੀ ਦਲ ਦੀਆਂ ਸਰਗਰਮੀਆਂ ਚਲਾਉਣ ਵਾਸਤੇ ਇਸ ਦੀ ਵਾਗ ਡੋਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਰਜ਼ ਉੱਤੇ ਸਿੱਖ ਪੰਥ ਵੱਲੋਂ ਚੁਣੇ ਨਮਾਇੰਦਿਆਂ ਦੇ ਹੱਥ ਦਿੱਤੀ ਜਾ ਸਕੇ।ਇਸ ਚੋਣ ਲਈ 28 ਜੂਨ 1921 ਦਾ ਦਿਨ ਮਿਥਿਆ ਗਿਆ ਅਤੇ ਇਸ ਮਨੋਰਥ ਲਈ ਪੰਥਕ ਹਲਕਿਆਂ ਨੂੰ ਜਾਣਕਾਰੀ ਦੇਣ ਵਾਸਤੇ ਅਕਾਲੀ ਦਲ ਦੇ ਸਕੱਤਰ ਸ. ਕਿਸ਼ਨ ਸਿੰਘ ਵੱਲੋਂ ”ਅਕਾਲੀ ਦਲ ਦੀ ਪੱਕੀ ਚੋਣ” ਸੁਰਖੀ ਹੇਠ ਇਸ਼ਿਤਿਹਾਰ ਜਾਰੀ ਕੀਤਾ ਗਿਆ।ਇਸ਼ਤਿਹਾਰ ਸੰਗਤ ਦੇ ਹੱਥਾਂ ਵਿਚ ਪੁੱਜਣ ਸਾਰ ਪਿੰਡਾਂ ਸ਼ਹਿਰਾਂ ਵਿਚ ਹਰ ਥਾਂ ਭਰਤੀ ਲਈ ਸਰਗਰਮੀ ਸ਼ੁਰੂ ਹੋ ਗਈ।ਸੀ. ਆਈ. ਡੀ. ਵੱਲੋਂ ਇਸ ਕਾਰਵਾਈ ਉੱਤੇ ਨਜ਼ਰ ਰੱਖੀ ਜਾ ਰਹੀ ਸੀ।ਇਸ ਲਈ ਉਸ ਵੱਲੋਂ ਮਈ 1921 ਦੇ ਹਰ ਹਫਤੇ ਲਿਖੀ ਗਈ ਰਿਪੋਰਟ ਵਿਚ ਅਕਾਲੀ ਦਲ ਦੀ ਭਰਤੀ ਦਾ ਜ਼ਿਕਰ ਕੀਤਾ ਗਿਆ ਹੈ।16 ਮਈ 1921 ਦੀ ਰਿਪੋਰਟ ਵਿਚ ਲਿਖਿਆ ਹੈ, ”ਅਕਾਲੀ ਦਲ, ਜੋ ਪੇਂਡੂ ਇਲਾਕੇ ਵਿਚ ਪੈਰ ਪਸਾਰ ਰਿਹਾ ਹੈ, ਵਿਚ ਹੋਰ ਭਰਤੀ ਕਰਨ ਅਤੇ ਜਥੇਬੰਦੀ ਦੇ ਸੁਚਾਰੂ ਗਠਨ ਲਈ ਵਿਧੀਵਤ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।ਇਹ ਜਾਣਕਾਰੀ ਵੀ ਮਿਲੀ ਹੈ ਕਿ ਪਤਵੰਤੇ ਸਿੱਖ ਅਕਾਲੀ ਦਲ ਵਿਚ ਸ਼ਾਮਲ ਹੋ ਰਹੇ ਹਨ।૴..ਅਫਵਾਹ ਇਹ ਹੈ ਕਿ ਫੌਜ ਵਿਚੋਂ ਫਾਰਗ ਕੀਤੇ ਸਿੱਖ ਅਕਾਲੀ ਦਲ ਵਿਚ ਸ਼ਾਮਲ ਹੋਣਗੇ ਇਸ ਨਾਲ ਲਹਿਰ ਨੂੰ ਹੋਰ ਗਤੀ ਮਿਲੇਗੀ।” ਇਉਂ ਹੀ 25 ਮਈ 1921 ਦੀ ਰਿਪੋਰਟ ਵਿਚ ਦਰਜ ਹੈ, ”ਅਕਾਲੀ ਜਥਿਆਂ ਦੀ ਸੰਸਥਾ ਤੇਜ਼ੀ ਨਾਲ ਵਧ ਰਹੀ ਹੈ।ਅੰਦਾਜ਼ਾ ਹੈ ਕਿ ਹੁਣੇ ਹੁਣੇ ਅਕਾਲੀ ਦਲ ਵਿਚ 10,000 ਤਾਜ਼ਾ ਰੰਗਰੂਟ ਭਰਤੀ ਕੀਤੇ ਗਏ ਹਨ।”
28 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਹੋਣ ਵਾਲੀ ਇਕੱਤ੍ਰਤਾ ਬਾਰੇ ਜਾਰੀ ਇਸ਼ਤਿਹਾਰ ਵਿਚ ਦਿੱਤੇ ਗਏ ਦਿਸ਼ਾ ਨਿਰਦੇਸ਼ ਇਉਂ ਸਨ, ”ਹਰ ਇਕ ਅਕਾਲੀ ਜਥਾ ਸੌ ਪਿੱਛੇ ਪੰਜ ਪੰਜ ਪ੍ਰਤੀਨਿਧ ਭੇਜੇ, ਇਸ ਤੋਂ ਪਹਿਲਾਂ ਆਪੋ ਆਪਣੇ ਜਥਿਆਂ ਦੀਆਂ ਲਿਸਟਾਂ ਦਫਤ੍ਰ ਅਕਾਲੀ ਦਲ ਸ੍ਰੀ ਅੰਮ੍ਰਿਤਸਰ ਜੀ ਨੂੰ ਭੇਜ ਦੇਨੀਆਂ ਚਾਹੀਦੀਆਂ ਹਨ ਤਾਂ ਕਿ ਪ੍ਰਤੀਨਿਧ ਲੈਣ ਸਮੇਂ ਕੋਈ ਅਉਕੜ ਪੇਸ਼ ਨਾ ਆਵੇ।” ਇਸ ਤੋਂ ਹੇਠਾਂ ਲਿਖੇ ਨੋਟ ਵਿਚ ”ਪ੍ਰਤੀਨਿਧਾਂ ਦੀ ਧਾਰਨਾ” ਇਹ ਦੱਸੀ ਗਈ ਸੀ: 1. ਅੰਮ੍ਰਿਤਧਾਰੀ, 2. ਪੰਜਾਂ ਬਾਣੀਆਂ ਦਾ ਨੇਮੀ, 3. ਪੰਜ ਕਕਾਰ ਦੀ ਰੈਹਤ ਵਾਲਾ, 4. ਦਸਵੰਧ ਦੇਣ ਵਾਲਾ, 5. ਅੰਮ੍ਰਿਤ ਵੇਲੇ ਉੱਠਣ ਵਾਲਾ।” ਇਸ ਤਰ੍ਹਾਂ ਕੀਤੀ ਭਰਤੀ ਦੇ ਆਧਾਰ ਉੱਤੇ ਖੜ੍ਹੇ ਕੀਤੇ ਅਕਾਲੀ ਦਲ, ਜਿਸ ਦਾ ਪਿੱਛੋਂ ਨਾਮਕਰਨ ‘ਸ਼੍ਰੋਮਣੀ ਅਕਾਲੀ ਦਲ’ ਕੀਤਾ ਗਿਆ, ਨੇ ਪਹਿਲਾਂ ਸ਼੍ਰੋਮਣੀ ਕਮੇਟੀ ਦੀ ਤਾਬੇਦਾਰੀ ਛੱਡ ਕੇ ਸੁਤੰਤਰ ਹੋਂਦ ਬਣਾ ਲਈ ਅਤੇ ਹੌਲੀ ਹੌਲੀ ਸ਼੍ਰੋਮਣੀ ਕਮੇਟੀ ਉੱਤੇ ਹਾਵੀ ਹੋ ਗਿਆ।
ਸਿਆਣਪ ਬੀਤੇ ਤੋਂ ਸਬਕ ਲੈਣ ਵਿਚ ਮੰਨੀ ਜਾਂਦੀ ਹੈ।ਇਸ ਕਰਕੇ 2025 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਰਾਹੀਂ ਇਸ ਦਾ ਪੁਨਰ-ਗਠਨ ਕਰਨ ਵੇਲੇ ਪਹਿਲੀ ”ਪੱਕੀ ਭਰਤੀ” ਦੇ ਇਹਨਾਂ ਨਿਯਮਾਂ ਨੂੰ ਧਿਆਨ ਗੋਚਰੇ ਰੱਖਣਾ ਵੀ ਲਾਹੇਵੰਦਾ ਹੋਵੇਗਾ।ਯਕੀਨਨ ਪਿਛਲੀ ਕਸਵੱਟੀ ਉੱਤੇ ਪੂਰਾ ਉਤਰਣ ਵਾਲੇ ਵਿਅਕਤੀ ਇਕੋ ਸਮੇਂ ਪੰਥਕ ਅਤੇ ਪੰਜਾਬ ਦੇ ਹਿਤਾਂ ਦੀ ਰਾਖੀ ਕਰਨ ਦੇ ਯੋਗ ਹੋਣਗੇ।
ਹਿੰਦੁਸਤਾਨ ਸਰਕਾਰ ਦੇ ਖੁਫੀਆ ਮਹਿਕਮੇ ਵੱਲੋਂ 19 ਜੁਲਾਈ 1921 ਦੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ 14 ਦਸੰਬਰ 1920 ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਹੋਣ ਪਿੱਛੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਨੂੰ ਬਦਨਾਮ ਮਹੰਤਾਂ ਦੇ ਕਬਜ਼ੇ ਵਿਚਲੇ ਗੁਰਦੁਆਰਿਆਂ ਨੂੰ ਜਨਤਕ ਬਲ ਦੇ ਆਸਰੇ ਆਪਣੇ ਕੰਟਰੋਲ ਹੇਠ ਲਿਆਉਣ ਲਈ ਲੋੜੀਂਦੇ ਵਲੰਟੀਅਰ ਦੇਣ ਵਾਲੇ ਜਥੇਬੰਦੀ ਦੇ ਰੂਪ ਵਿਚ ਹੀ ਚਲਾਇਆ ਜਾ ਰਿਹਾ ਸੀ ਅਤੇ ਦੋਵਾਂ ਜਥੇਬੰਦੀਆਂ ਵੱਲੋਂ ਆਪਣੇ ਤੌਰ ਉੱਤੇ ਅੰਗਰੇਜ਼ ਸਰਕਾਰ ਵਿਰੁੱਧ ਕਿਸੇ ਪ੍ਰਕਾਰ ਦਾ ਪੈਂਤੜਾ ਨਹੀਂ ਸੀ ਲਿਆ ਜਾ ਰਿਹਾ।ਸੱਗੋਂ ਸੱਚ ਤਾਂ ਇਹ ਹੈ ਕਿ ਅਗਲੇ ਲਗਭਗ ਡੇਢ ਸਾਲ ਤੱਕ ਅਕਾਲੀ ਆਗੂ ਜਥਿਆਂ ਨੂੰ ਰਾਜਸੀ ਖੇਤਰ ਵਿਚ ਸਰਗਰਮ ਸਿੱਖ ਜਥੇਬੰਦੀ ਸਿੱਖ ਲੀਗ ਦੀ ਅਗਵਾਈ ਵਿਚ ਕੰਮ ਕਰਨ ਲਈ ਆਖ ਰਹੇ ਸਨ।ਅਖਬਾਰ ‘ਅਕਾਲੀ” ਦੇ 8 ਜਨਵਰੀ 1922 ਵਾਲੇ ਅੰਕ ਵਿਚ ਸ. ਖੜਕ ਸਿੰਘ ਅਤੇ ਸਰਦਾਰ ਬਹਾਦਰ ਮਹਿਤਬ ਸਿੰਘ ਵੱਲੋਂ ਅਕਾਲੀ ਜਥਿਆਂ ਦੇ ਨਾਉਂ ਜਾਰੀ ਇਹ ਹਦਾਇਤ ਛਪੀ ਕਿ ਵੱਧ ਤੋਂ ਵੱਧ ਸਿੱਖਾਂ ਨੂੰ ਅਕਾਲੀ ਬਣਾਇਆ ਜਾਵੇ ਅਤੇ ਇਹ ਅਕਾਲੀ ਫੌਜ ਸਿੱਖ ਲੀਗ ਦੇ ਹੇਠਾਂ ਕੰਮ ਕਰੇਗੀ।
***
ਅਕਾਲੀ ਦਲ ਦੀ ਦਲ ਦੀ ਪੱਕੀ ਚੋਣ
ਮੇਰੀ ਬੇਨਤੀ ਬੀਰ ਅਕਾਲੀਓ ਜੀ,
ਦੋ ਕਰ ਜੋੜ ਮੈਂ ਕਰਾਂ ਪੁਕਾਰ ਭਾਈ।
ਪਹਿਲਾਂ ਵਾਹਿਗੁਰੂ ਫਤਿਹ ਪ੍ਰਵਾਨ ਕਰਨੀ,
ਅੱਗੇ ਦਿਊਂ ਫਿਰ ਅਰਜ ਗੁਜਾਰ ਭਾਈ।
ਪ੍ਰਤੀਨਿਧਾਂ ਦਾ ਠੀਕ ਇਕੱਠ ਹੋਸੀ,
ਸੁਧਾਸਰ ਜੀ ਗੁਰੂ ਦਰਬਾਰ ਭਾਈ।
ਅਕਾਲ ਤਖਤ ਨੂੰ ਜਾਣਦੀ ਕੁੱਲ ਦੁਨੀਆ,
ਜਿੱਥੇ ਬੈਠੇ ਸਨ ਛੇਵੇਂ ਅਵਤਾਰ ਭਾਈ।
28 ਜੂਨ ਤੇ 15 ਹਾੜ ਸਮਝੋ,
ਟਿਕੀ ਤਰੀਕ ਹੈ ਕਰੋ ਸ਼ਮਾਰ ਭਾਈ।
ਪ੍ਰਤੀਨਿਧ ਹੁਣ ਭੇਜ ਨਿਹਾਲ ਕਰਿਓ,
ਮੈਂਬਰ ਸੌ ਚੋਂ ਪੰਜ ਵਿਚਾਰ ਭਾਈ।
ਕੰਮ ਆਪਣਾ ਸਮਝ ਜਰੂਰ ਕਰਨਾ,
ਨਾਲ ਆਵਣਾ ਡਾਢੇ ਪਿਆਰ ਭਾਈ।
ਜਥੇਬੰਦੀ ਤੋਂ ਜੇਕਰਾਂ ਰਹੇ ਲਾਂਭੇ,
ਫਿਰ ਪਛਤਾਵਸੋਗੇ ਬਾਰ ਬਾਰ ਭਾਈ।
ਢਾਈ ਪਾ ਜੇ ਖਿਚੜੀ ਅੱਡ ਰਿੰਨੀ,
ਵਿਚ ਹੋ ਗਏ ਜੱਗ ਖੁਆਰ ਭਾਈ।
ਮਿਲੋ ਵੀਰ ਨੂੰ ਵੀਰ ਗਲਵੱਕੜੀ ਪਾ,
ਜੇਕਰ ਜੀਵਣਾ ਵਿਚ ਸੰਸਾਰ ਭਾਈ।
ਜਥੇਬੰਦੀ ਜੇ ਤੁਸਾਂ ਪ੍ਰਵਾਨ ਕੀਤੀ,
ਰਾਖਾ ਹੋਵਸੀ ਤੁਸਾਂ ਕਰਤਾਰ ਭਾਈ।
ਜਥੇ ਨਾਲ ਅਕਾਲੀ ਦਲ ਮੇਲ ਦੇਵੋ,
ਸੱਚ ਕਹਾਂ ਮੈਂ ਤੁਸਾਂ ਉਚਾਰ ਭਾਈ।
ਹੱਥ ਵੀਰ ਦਾ ਵੀਰ ਵਟਾਇ ਕੇ ਤੇ,
ਗੁਰੂਦੁਆਰਿਆਂ ਲਓ ਸੁਧਾਰ ਭਾਈ।
ਕਬਜ਼ਾ ਗੈਰਾਂ ਦਾ ਠੀਕ ਉਠਾਵਣਾ ਜੇ,
ਲੱਕ ਬੰਨ ਕੇ ਹੋਵੋ ਤਿਆਰ ਭਾਈ।
ਇਕੱਠੇ ਹੋਏ ਕੇ ਪ੍ਰਣ ਇਹ ਕਰੋ ਸਾਰੇ,
ਠੀਕ ਲੇਵਣੇ ਗੁਰੂ ਦਰਬਾਰ ਭਾਈ।
ਇਕੱਠੇ ਹੋਏ ਕੇ ਹੰਬਲਾ ਮਾਰਿਆ ਜੇ,
ਪਾਪੀ ਹੋਣਗੇ ਤਦੋਂ ਫਰਾਰ ਭਾਈ।
ਬੇਨਤੀ ਹੈ ਕਿ ਅਕਾਲੀ ਦਲ ਦੀ ਪੱਕੀ ਚੋਣ ਕਰਨ ਲਈ 15 ਹਾੜ ਅਨੁਸਾਰ 28 ਜੂਨ 1921 ਨੂੰ ਇਕ ਬੜਾ ਭਾਰੀ ਇਕੱਠ ਸ੍ਰੀ ਅੰਮ੍ਰਿਤਸਰ ਜੀ ਅਕਾਲ ਤਖਤ ਹੋਵੇਗਾ।ਹਰ ਇੱਕ ਅਕਾਲੀ ਜੱਥਾ ਸੌ ਪਿੱਛੇ ਪੰਜ ਪੰਜ ਪ੍ਰਤੀਨਿਧ ਭੇਜੇ। ਇਸ ਤੋਂ ਪਹਿਲਾਂ ਆਪੋ ਆਪਣੇ ਜਥਿਆਂ ਦੀਆਂ ਲਿਸਟਾਂ ਦਫਤਰ ਅਕਾਲੀ ਦਲ ਸ੍ਰੀ ਅੰਮ੍ਰਿਤਸਰ ਜੀ ਨੂੰ ਭੇਜ ਦੇਣੀਆਂ ਚਾਹੀਦੀ ਦੀਆਂ ਹਨ ਤਾਂ ਕਿ ਪ੍ਰਤੀਨਿਧ ਲੈਣ ਸਮੇਂ ਕੋਈ ਔਕੜ ਪੇਸ਼ ਨਾ ਆਵੇ ਔਰ ਹਰ ਇੱਕ ਅਕਾਲੀ ਜਥੇ ਨੂੰ ਅਕਾਲੀ ਦਲ ਨਾਲ ਸਬੰਧਤ ਹੋਣਾ ਜਰੂਰੀ ਹੈ।
ਨੋਟ 1. ਪ੍ਰਤੀਨਿਧਾਂ ਦੀ ਧਾਰਨਾ
1. ਅੰਮ੍ਰਿਤਧਾਰੀ,
2. ਪੰਜਾ ਬਾਣੀਆਂ ਦਾ ਨਿੱਤਨੇਮੀ,
3. ਪੰਜ ਕਕਾਰ ਦੀ ਰਹਿਤ ਵਾਲਾ,
4. ਦਸਵੰਧ ਦੇਣ ਵਾਲਾ,
5. ਅੰਮ੍ਰਿਤ ਵੇਲੇ ਉੱਠਣ ਵਾਲਾ
ਅਰਥਾਤ ਅਕਾਲ ਤਖਤ ਦੇ ਹੁਕਮਨਾਮੇ ਅਨੁਸਾਰ।
ਨੋਟ 2. ਖਾਲਸਾ ਜੀ ਪ੍ਰਣ ਪੱਤ੍ਰਕਾ ਭਰਾ ਕੇ ਛੇਤੀ ਅਕਾਲੀ ਦਲ ਦੇ ਦਫਤਰ ਨੂੰ ਭੇਜੋ। ਅਜੇ ਬਹੁਤ ਥੋੜੇ ਪ੍ਰਣ ਪੱਤਰ ਦਫ਼ਤਰ ਵਿੱਚ ਪੁੱਜੇ ਹਨ।
ਦਾਸ: ਕਿਸ਼ਨ ਸਿੰਘ, ਸਕੱਤਰ ਅਕਾਲੀ ਦਲ, ਦਫਤਰ ਗੁਰੂ ਕਾ ਬਾਗ, ਸ੍ਰੀ ਅੰਮ੍ਰਿਤਸਰ ਜੀ
(ਗਿਆਨ ਪ੍ਰੈੱਸ ਅੰਮ੍ਰਿਤਸਰ ਵਿੱਚ
ਭਾਈ ਮੋਹਨ ਸਿੰਘ ਮੈਨੇਜਰ ਦੇ
ਯਤਨ ਨਾਲ ਛਪਿਆ)

Related Articles

Latest Articles