ਸਾਡਾ ਮਾਣ ਪੰਜਾਬੀ

 

ਸਾਡੀ ਇੱਜ਼ਤ ਸਾਡੀ ਅਜ਼ਮਤ ਸਾਡਾ ਮਾਣ ਪੰਜਾਬੀ।
ਇਹਦੇ ਦਮ ਨਾਲ ਸਾਹ ਨੇ ਸਾਡੇ ਸਾਡੀ ਜਾਨ ਪੰਜਾਬੀ।
ਮਾਂ ਬੋਲੀ ਦਾ ਆਦਰ ਕਰਕੇ ਲੋਕਾਂ ਨਾਮ ਕਮਾਏ।
ਵਲੀਆਂ, ਸੂਫ਼ੀਆਂ ਮਾਂ ਬੋਲੀ ਵਿੱਚ ਉੱਚੇ ਰੁਤਬੇ ਪਾਏ।
ਆਪਣੇ ਬੋਲਣਹਾਰਾਂ ਨੂੰ ਇਹ ਵੰਡਦੀ ਸ਼ਾਨ ਪੰਜਾਬੀ।
ਵਾਰਸ ਸ਼ਾਹ ਫ਼ਰੀਦ ਤੇ ਬਾਹੂ ਇਹਨੂੰ ਰੰਗ ਚੜ੍ਹਾਏ।
ਮੀਆਂ ਮੁਹੰਮਦ ਬਖ਼ਸ਼ ਨੇ ਇਹਦੇ ਰੁਤਬੇ ਹੋਰ ਵਧਾਏ।
ਇਸ਼ਕ ਦੇ ਘੁੰਗਰੂ ਬੰਨ੍ਹ ਕੇ ਰੁਸੜਾ ਯਾਰ ਮਨਾਉਣ ਪੰਜਾਬੀ।
ਦੇਸ ਪੰਜਾਬ ਦੇ ਅਣਖ਼ੀ ਪੁੱਤਰਾਂ ਇਸ਼ਕ ਨਮਾਜ਼ ਚਾ ਲੀਤੀ।
ਨਾਨਕ ਸਾਹਿਬ ਹੋਰਾਂ ਨੇ ਵੀ ਇਹਦੀ ਸੇਵਾ ਕੀਤੀ।
ਕਿਉਂ ਨਾ ਇਸ ਮਿੱਠੀ ਬੋਲੀ ਦੇ ਸਦਕੇ ਜਾਣ ਪੰਜਾਬੀ।
ਗਿਣਤੀ ਦੇ ਅੱਖਰਾਂ ਵਿੱਚ ਕਿੱਦਾਂ ਅੱਜ ਵਿਚਾਰਾਂ ਸਦੀਆਂ।
ਮੇਰੇ ਸਾਹਮਣੇ ਖਿੱਲਰੀਆਂ ਪਈਆਂ ਅੱਜ ਹਜ਼ਾਰਾਂ ਸਦੀਆਂ।
ਲਹੂ ਨਾਲ ਲਿਖਤਾਂ ਲਿਖ ਕੇ ਇਸ ਦਾ ਮਾਣ ਵਧਾਣ ਪੰਜਾਬੀ।
ਆਜ਼ਾਦੀ ਦੀ ਬੇੜੀ ਨੂੰ ਇਹ ਦੇਂਦੇ ਰਹੇ ਸਹਾਰੇ।
ਦੇਸ ਦੀ ਧਰਤੀ ਜਦ ਵੀ ਕਿਧਰੇ ‘ਵਾਜ਼ ਇਨ੍ਹਾਂ ਨੂੰ ਮਾਰੇ।
ਜਾਨਾਂ ਆਪਣੀਆਂ ਕਰ ਦੇਂਦੇ ਨੇ ਫਿਰ ਕੁਰਬਾਨ ਪੰਜਾਬੀ।
ਸਾਡੇ ਆਪਣੇ ਬਣ ਜਾਂਦੇ ਨੇ ਜਿਹੜੇ ਹੋਣ ਪਰਾਏ।
ਪਿਆਰ ਭਰੱਪਣ ਵਾਲੇ ਜਜ਼ਬੇ ਜੱਗ ਨੂੰ ਅਸਾਂ ਸਿਖਾਏ।
ਅੱਜ ਵੀ ਇਕ ਦੂਜੇ ਨਾਲ ਬੁਸ਼ਰਾ ਪੱਗ ਵਟਾਣ ਪੰਜਾਬੀ।
ਲੇਖਕ : ਬੁਸ਼ਰਾ ਨਾਜ਼, ਫੈਸਲਾਬਾਦ (ਪਾਕਿਸਤਾਨ)

Exit mobile version