ਹਮਾਸ ਤੇ ਇਜ਼ਰਾਈਲ ਜੰਗਬੰਦੀ ਸਮਝੌਤੇ ਦੇ ਨੇੜੇ: ਕਤਰ

 

ਇਜ਼ਰਾਈਲ : ਕਤਰ ਦਾ ਕਹਿਣਾ ਹੈ ਕਿ ਇਜ਼ਰਾਈਲ ਅਤੇ ਹਮਾਸ ਗਾਜ਼ਾ ਵਿੱਚ ਜੰਗਬੰਦੀ ਅਤੇ ਬੰਦੀਆਂ ਦੀ ਰਿਹਾਈ ਬਾਰੇ ਸਹਿਮਤੀ ਦੇ ‘ਸਭ ਤੋਂ ਕਰੀਬ’ ਪਹੁੰਚ ਗਏ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਜਿਦ ਅਲ-ਅੰਸਾਰੀ ਨੇ ਅੱਜ ਹਫ਼ਤਾਵਾਰੀ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਜਾਰੀ ਗੱਲਬਾਤ ਹਾਂ ਪੱਖੀ ਹੈ। ਹਾਲਾਂਕਿ, ਉਨ੍ਹਾਂ ਨੇ ਸੰਵੇਦਨਸ਼ੀਲ ਗੱਲਬਾਤ ਦੇ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ। ਕਤਰ ਹਮਾਸ ਨਾਲ ਇੱਕ ਸਾਲ ਤੋਂ ਵੱਧ ਸਮੇਂ ਤੋਂ ਜਾਰੀ ਅਸਿੱਧੇ ਤੌਰ ‘ਤੇ ਗੱਲਬਾਤ ਵਿੱਚ ਇੱਕ ਅਹਿਮ ਵਿਚੋਲੀਆ ਰਿਹਾ ਹੈ ਅਤੇ ਇਸ ਸਮੇਂ ਗੱਲਬਾਤ ਦੀ ਮੇਜ਼ਬਾਨੀ ਕਰ ਰਿਹਾ ਹੈ। ਗੱਲਬਾਤ ਵਿੱਚ ਸ਼ਾਮਲ ਦੋ ਅਧਿਕਾਰੀਆਂ ਨੇ ਦੱਸਿਆ ਕਿ ਹਮਾਸ ਨੇ ਗਾਜ਼ਾ ਪੱਟੀ ਵਿੱਚ ਜੰਗਬੰਦੀ ਅਤੇ ਦਰਜਨਾਂ ਬੰਦੀਆਂ ਦੀ ਰਿਹਾਈ ਲਈ ਇੱਕ ਖਰੜਾ ਸਮਝੌਤੇ ਨੂੰ ਸਵੀਕਾਰ ਕਰ ਲਿਆ ਹੈ। ‘ਏਪੀ’ ਨੇ ਤਜਵੀਜ਼ਤ ਸਮਝੌਤੇ ਦੀ ਇੱਕ ਕਾਪੀ ਪ੍ਰਾਪਤ ਕੀਤੀ ਹੈ ਅਤੇ ਮਿਸਰ ਦੇ ਅਧਿਕਾਰੀ ਅਤੇ ਹਮਾਸ ਦੇ ਅਧਿਕਾਰੀ ਨੇ ਇਸਦੀ ਪ੍ਰਮਾਣਿਕਤਾ ਦੀ ਪੁਸ਼ਟੀ ਕੀਤੀ ਹੈ। ਇਸ ਯੋਜਨਾ ਨੂੰ ਅੰਤਿਮ ਪ੍ਰਵਾਨਗੀ ਲਈ ਇਜ਼ਰਾਇਲੀ ਕੈਬਨਿਟ ਵਿੱਚ ਪੇਸ਼ ਕਰਨ ਦੀ ਲੋੜ ਹੋਵੇਗੀ। ਤਿੰਨਾਂ ਅਧਿਕਾਰੀਆਂ ਨੇ ਬੰਦ ਕਮਰੇ ਵਿੱਚ ਹੋਈ ਗੱਲਬਾਤ ਸਬੰਧੀ ਇਹ ਜਾਣਕਾਰੀ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਦਿੱਤੀ। ਸਮਝੌਤਾ ਤਿੰਨ ਪੜਾਅ ਵਿੱਚ ਸਿਰੇ ਚੜ੍ਹੇਗਾ। ਪਹਿਲਾ ਗੇੜ ਹਮਾਸ ਵੱਲੋਂ ਛੇ ਹਫ਼ਤਿਆਂ ਅੰਦਰ 33 ਬੰਦੀਆਂ ਦੀ ਰਿਹਾਈ ਨਾਲ ਸ਼ੁਰੂ ਹੋਵੇਗਾ। ਇਨ੍ਹਾਂ ਵਿੱਚ ਪੰਜ ਮਹਿਲਾ ਇਜ਼ਰਾਇਲੀ ਸੈਨਿਕ ਹਨ ਜਿਨ੍ਹਾਂ ਵਿੱਚੋਂ ਹਰੇਕ ਨੂੰ 50 ਫਲਸਤੀਨੀ ਕੈਦੀਆਂ ਦੇ ਬਦਲੇ ਰਿਹਾਅ ਕੀਤਾ ਜਾਵੇਗਾ। ਇਜ਼ਰਾਈਲ ਦੇ ਗ੍ਰਹਿ ਮੰਤਰੀ ਇਤਮਾਰ ਬੇਨ-ਗਵੀਰ ਨੇ ਅੱਜ ਧਮਕੀ ਦਿੱਤੀ ਕਿ ਜੇਕਰ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਤਰ ਵਿੱਚ ਗੱਲਬਾਤ ਦੌਰਾਨ ਗਾਜ਼ਾ ਜੰਗਬੰਦੀ ਅਤੇ ਬੰਦੀਆਂ ਦੀ ਰਿਹਾਈ ਸਬੰਧੀ ਸਮਝੌਤੇ ‘ਤੇ ਸਹਿਮਤੀ ਦਿੱਤੀ ਤਾਂ ਉਹ ਕੈਬਨਿਟ ਤੋਂ ਅਸਤੀਫ਼ਾ ਦੇ ਦੇਣਗੇ। ਹਾਲਾਂਕਿ, ਬੇਨ ਗਵੀਰ ਦੇ ਅਸਤੀਫ਼ਾ ਦੇਣ ਨਾਲ ਨੇਤਨਯਾਹੂ ਦੀ ਅਗਵਾਈ ਵਾਲੀ ਸਰਕਾਰ ਨੂੰ ਕੋਈ ਫਰਕ ਨਹੀਂ ਪਵੇਗਾ। ਉਨ੍ਹਾਂ ਵਿੱਤ ਮੰਤਰੀ ਬੈਜ਼ਾਲੇਲ ਸਮੋਟ੍ਰਿਚ ਨੂੰ ਜੰਗਬੰਦੀ ਸਮਝੌਤੇ ਨੂੰ ਰੋਕਣ ਲਈ ਅੰਤਿਮ ਯਤਨ ਵਿੱਚ ਵਜੋਂ ਉਨ੍ਹਾਂ ਨਾਲ ਆਉਣ ਦੀ ਅਪੀਲ ਕੀਤੀ। ਉਨ੍ਹਾਂ ਜੰਗਬੰਦੀ ਸਮਝੌਤੇ ਨੂੰ ਹਮਾਸ ਅੱਗੇ ਖ਼ਤਰਨਾਕ ਆਤਮ-ਸਮਰਪਣ ਕਰਾਰ ਦਿੱਤਾ। ਇਜ਼ਰਾਈਲ ਵੱਲੋਂ ਗਾਜ਼ਾ ਪੱਟੀ ਵਿੱਚ ਪੂਰੀ ਰਾਤ ਕੀਤੇ ਹਵਾਈ ਹਮਲਿਆਂ ਵਿੱਚ ਘੱਟੋ-ਘੱਟ 18 ਜਣਿਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਔਰਤਾਂ ਤੇ ਬੱਚੇ ਵੀ ਸ਼ਾਮਲ ਹਨ। ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਹ ਹਮਲਾ ਅਜਿਹੇ ਸਮੇਂ ਕੀਤਾ ਗਿਆ ਜਦੋਂ ਇਜ਼ਰਾਈਲ ਤੇ ਹਮਾਸ 15 ਮਹੀਨਿਆਂ ਤੋਂ ਚੱਲ ਰਹੀ ਜੰਗ ਨੂੰ ਖ਼ਤਮ ਕਰਨ ਲਈ ਜੰਗਬੰਦੀ ਸਬੰਧੀ ਸਮਝੌਤੇ ‘ਤੇ ਪਹੁੰਚਣ ਦੇ ਕਾਫ਼ੀ ਕਰੀਬ ਹਨ।

Exit mobile version