ਲਿਖਤ : ਗੁਰਦੀਪ ਸਿੰਘ, ਸੰਪਰਕ: 98153-47509
ਕਿਸੇ ਨੇ ਸਾਰੇ ਪਿੰਡ ਵਿੱਚ ਇਹ ਗੱਲ ਫੈਲਾ ਦਿੱਤੀ ਕਿ ਸਰਕਾਰ ਨੇ ਸਾਰੇ ਬੁਢਾਪਾ ਪੈਨਸ਼ਨ ਲੈਣ ਵਾਲਿਆਂ ਦੇ ਖਾਤਿਆਂ ਵਿੱਚ ਇੱਕ ਯੋਜਨਾ ਤਹਿਤ ਪੰਜ ਪੰਜ ਹਜ਼ਾਰ ਰੁਪਏ ਪਾ ਦਿੱਤੇ ਹਨ। ਇਹ ਗੱਲ ਜੰਗਲ ਦੀ ਅੱਗ ਵਾਂਗੂੰ ਸਾਰੇ ਪਿੰਡ ਵਿੱਚ ਫੈਲ ਗਈ। ਜਦੋਂ ਬਾਹਰੋਂ ਇਹ ਗੱਲ ਸ਼ਾਮੇ ਨੂੰ ਪਤਾ ਲੱਗੀ ਤਾਂ ਉਹ ਜਲਦੀ ਜਲਦੀ ਘਰ ਆਇਆ। ਉਸ ਨੇ ਆਪਣੀ ਪਤਨੀ ਨੂੰ ਕਿਹਾ, ”ਭਾਗਵਾਨੇ, ਛੇਤੀ ਛੇਤੀ ਤਿਆਰ ਹੋ ਜਾ, ਅੱਜ ਆਪਾਂ ਬੈਂਕ ਜਾਣਾ ਏ।” ਉਸ ਨੇ ਪੁੱਛਿਆ, ”ਅੱਜ ਆਪਾਂ ਬੈਂਕ ਕੀ ਲੈਣ ਜਾਣਾ ਏ?” ”ਭਲੀਏ ਲੋਕੇ, ਖ਼ਬਰ ਹੀ ਖ਼ੁਸ਼ੀ ਵਾਲੀ ਏ।” ਉਸ ਨੇ ਕਿਹਾ, ”ਅਜਿਹੀ ਕਿਹੜੀ ਖ਼ਬਰ ਐ ਜਿਸ ਕਰਕੇ ਤੂੰ ਉੱਡਿਆ ਫਿਰਦਾ ਏਂ?” ”ਹੁਣੇ ਹੁਣੇ ਮੈਂ ਸੱਥ ‘ਚ ਇਹ ਗੱਲ ਸੁਣ ਕੇ ਆਇਆ ਹਾਂ ਕਿ ਅੱਜ ਸਰਕਾਰ ਨੇ ਬੁਢਾਪਾ ਪੈਨਸ਼ਨ ਲੈਣ ਵਾਲਿਆਂ ਦੇ ਖਾਤਿਆਂ ਵਿੱਚ ਪੰਜ ਪੰਜ ਹਜ਼ਾਰ ਰੁਪਏ ਪਾ ਦਿੱਤੇ ਹਨ।” ਇਹ ਸੁਣ ਕੇ ਸ਼ਾਮੇ ਦੀ ਪਤਨੀ ਬਹੁਤ ਖ਼ੁਸ਼ ਹੋਈ। ਉਹ ਰੱਬ ਦਾ ਸ਼ੁਕਰ ਕਰਦਿਆਂ ਕਹਿਣ ਲੱਗੀ, ”ਸ਼ੁਕਰ ਉਸ ਰੱਬ ਦਾ ਜਿਸ ਨੇ ਸਾਡੇ ਵਰਗੇ ਗ਼ਰੀਬਾਂ ਦੀ ਵੀ ਸੁਣੀ। ਦੱਸੋ ਭਲਾ ਅੱਜ ਦੇ ਮਹਿੰਗਾਈ ਦੇ ਸਮੇਂ ‘ਚ ਸੱਤ ਅੱਠ ਸੌ ਨਾਲ ਭਲਾ ਕਿੱਥੋਂ ਗੁਜ਼ਾਰੇ ਹੁੰਦੇ ਨੇ। ਚੜ੍ਹਦੀ ਕਲਾ ‘ਚ ਰਹੇ ਸਾਡੀ ਪੰਜਾਬ ਸਰਕਾਰ ਜੋ ਸਾਡੇ ਵਰਗੇ ਗ਼ਰੀਬਾਂ ਦੀ ਵੀ ਸੁਣਨ ਲੱਗੀ ਏ।” ਸ਼ਾਮੇ ਨੇ ਹੱਸਦਿਆਂ ਕਿਹਾ, ”ਭਾਗਵਾਨੇ, ਐਤਕੀਂ ਇਨ੍ਹਾਂ ਪੈਸਿਆਂ ਨਾਲ ਸਾਰੇ ਧੋਣੇ ਧੋਤੇ ਜਾਣਗੇ। ਦੁੱਧ ਵਾਲਿਆਂ ਦੇ ਪੈਸੇ ਦਿੱਤੇ ਜਾਣਗੇ, ਸੌਦੇ ਪੱਤੇ ਵਾਲਿਆਂ ਦੇ ਸਿਰ ਚੜ੍ਹੇ ਪੈਸੇ ਵੀ ਲਹਿ ਜਾਣਗੇ, ਦੋ ਮਹੀਨਿਆਂ ਤੋਂ ਕੱਟੀ ਬਿਜਲੀ ਦੀ ਤਾਰ ਵੀ ਲੱਗ ਜਾਵੇਗੀ। ਡਾਕਟਰ ਤੋਂ ਵੀ ਕਿੰਨੇ ਚਿਰ ਤੋਂ ਉਧਾਰ ਹੀ ਦਵਾਈ ਖਾ ਰਹੇ ਆਂ, ਉਸ ਨਾਲ ਵੀ ਆਪਣਾ ਹਿਸਾਬ ਹੋ ਜਾਵੇਗਾ। ਚੱਲ ਐਤਕੀਂ ਆਪਾਂ ਦੋਵੇਂ ਨਵੇਂ ਕੱਪੜੇ ਵੀ ਬਣਾ ਲਵਾਂਗੇ। ਐਤਕੀਂ ਸਿੰਦੋ ਧੀ ਨੂੰ ਵੀ ਕੁਝ ਦੇ ਆਵਾਂਗੇ।” ਆਪਣੇ ਮਨ ਅੰਦਰ ਪਤਾ ਨਹੀਂ ਕਿੰਨੇ ਕੁ ਸੁਪਨੇ ਸਜਾਉਂਦੇ ਹੋਏ ਉਹ ਦੋਵੇਂ ਪਿੰਡ ‘ਚ ਬਣੀ ਬੈਂਕ ਵੱਲ ਤੁਰ ਪਏ। ਬੈਂਕ ਉਸ ਦੇ ਘਰ ਤੋਂ ਬਹੁਤ ਦੂਰ ਸੀ, ਪਰ ਪੈਸਿਆਂ ਦੇ ਚਾਅ ‘ਚ ਉਨ੍ਹਾਂ ਨੂੰ ਬੈਂਕ ਕੋਈ ਦੂਰ ਨਹੀਂ ਸੀ ਲੱਗ ਰਹੀ। ਜਦ ਉਹ ਬੈਂਕ ਦੇ ਨੇੜੇ ਪਹੁੰਚੇ ਤਾਂ ਉਨ੍ਹਾਂ ਵੇਖਿਆ ਕਿ ਬੈਂਕ ਦੇ ਗੇਟ ਸਾਹਮਣੇ ਉਨ੍ਹਾਂ ਵਰਗੇ ਬਹੁਤ ਸਾਰੇ ਲੋਕ ਖੜ੍ਹੇ ਸਨ। ਉਸ ਨੇ ਜਾ ਕੇ ਵੇਖਿਆ ਕਿ ਲੋਕ ਬੈਂਕ ਵਾਲੇ ਮੁਲਾਜ਼ਮ ਨਾਲ ਬਹਿਸ ਰਹੇ ਸਨ। ਮੁਲਾਜ਼ਮ ਦਾ ਕਹਿਣਾ ਸੀ, ”ਕਿਹੜੇ ਪੰਜ ਹਜ਼ਾਰ ਰੁਪਏ? ਕਿਸੇ ਵੀ ਸਰਕਾਰ ਨੇ ਕਿਸੇ ਦੇ ਵੀ ਖਾਤਿਆਂ ਵਿੱਚ ਕਿਸੇ ਵੀ ਯੋਜਨਾ ਤਹਿਤ ਪੰਜ ਪੰਜ ਹਜ਼ਾਰ ਰੁਪਏ ਨਹੀਂ ਪਾਏ। ਇਹ ਤੁਹਾਨੂੰ ਕਿਸੇ ਨੇ ਗ਼ਲਤਫ਼ਹਿਮੀ ਵਿੱਚ ਪਾ ਦਿੱਤਾ ਏ। ਜ਼ਰਾ ਗੌਰ ਕਰੋ, ਸਰਕਾਰਾਂ ਤਾਂ ਪਹਿਲਾਂ ਹੀ ਰੌਲਾ ਪਾਈ ਜਾਂਦੀਆਂ ਨੇ ਕਿ ਖ਼ਜ਼ਾਨੇ ਖਾਲੀ ਪਏ ਨੇ। ਤਿੰਨ-ਤਿੰਨ ਮਹੀਨੇ ਤੁਹਾਡੀਆਂ ਪੈਨਸ਼ਨਾਂ ਨਹੀਂ ਪੈਂਦੀਆਂ। ਦੱਸੋ ਫਿਰ ਤੁਹਾਡੇ ਖਾਤਿਆਂ ‘ਚ ਪੈਸੇ ਕਿੱਥੋਂ ਆਉਣੇ ਹਨ। ਨਾਲੇ ਤੁਸੀਂ ਕਦੇ ਵੀ ਝੂਠੀਆਂ ਅਫ਼ਵਾਹਾਂ ‘ਚ ਨਾ ਆਇਆ ਕਰੋ। ਮਿਹਰਬਾਨੀ ਕਰਕੇ ਆਪੋ ਆਪਣੇ ਘਰਾਂ ਨੂੰ ਚਲੇ ਜਾਉ।” ਬੈਂਕ ਮੁਲਾਜ਼ਮ ਦੀਆਂ ਇਹ ਗੱਲਾਂ ਸੁਣ ਕੇ ਸਾਰੇ ਆਪੋ-ਆਪਣੇ ਘਰਾਂ ਨੂੰ ਤਰ ਪਏ। ਸ਼ਾਮੇ ਨੇ ਵੀ ਆਪਣੀ ਪਤਨੀ ਨੂੰ ਕਿਹਾ, ”ਭਾਗਵਾਨੇ, ਆ ਆਪਾਂ ਘਰ ਚੱਲੀਏ। ਕੀ ਮਿਲਿਆ ਸ਼ਰਾਰਤੀ ਲੋਕਾਂ ਨੂੰ ਸਾਡੇ ਵਰਗੇ ਬੁੱਢਿਆਂ ਨਾਲ ਮਜ਼ਾਕ ਕਰਕੇ।”