ਟੈਰਿਫ਼ ਮਾਮਲੇ ‘ਤੇ ਚੁੱਪ ਨਹੀਂ ਬੈਠਾਂਗੇ ਅਤੇ ਜ਼ਰੂਰੀ ਹਲਾਤਾਂ ‘ਚ ਤੁਰੰਤ ਕਾਰਵਾਈ ਵੀ ਕੀਤੀ ਜਾਵੇਗੀ : ਡੇਵਿਡ ਈਬੀ
ਵੈਨਕੂਵਰ, (ਦਿਵਰੂਪ ਕੌਰ): ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਪ੍ਰਸਤਾਵਿਤ 25 ਫੀਸਦ ਟੈਰਿਫ ਜੇਕਰ ਲਾਗੂ ਕੀਤੇ ਜਾਂਦੇ ਹਨ, ਤਾਂ ਬ੍ਰਿਟਿਸ਼ ਕੋਲੰਬੀਆ ਸਰਕਾਰ ਅਮਰੀਕੀ ਟਰੱਕਰਾਂ ‘ਤੇ ਅਲਾਸਕਾ ਦੀ ਯਾਤਰਾ ਦੌਰਾਨ ਫੀਸ ਵਸੂਲ ਸਕਦੀ ਹੈ ਜਾਂ ਬੀ.ਸੀ. ਵਿੱਚ ਅਮਰੀਕੀ ਕੰਪਨੀਆਂ ਨੂੰ ਠੇਕੇ ਪ੍ਰਾਪਤ ਕਰਨ ਤੋਂ ਰੋਕ ਸਕਦੀ ਹੈ। ਬੀ.ਸੀ. ਦੇ ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ਕਿ ਸੂਬਾ ਫਿਲਹਾਲ ਇਸ ਮੁੱਦੇ ‘ਤੇ “ਇੰਤਜ਼ਾਰ ਅਤੇ ਦੇਖੋ” ਨੀਤੀ ਅਪਣਾ ਰਿਹਾ ਹੈ ਕਿਉਂਕਿ ਟਰੰਪ ਨੇ ਕਿਹਾ ਹੈ ਕਿ ਇਹ ਸ਼ੁਲਕ 1 ਫਰਵਰੀ ਤੋਂ ਲਾਗੂ ਹੋ ਸਕਦੇ ਹਨ। ਬੀ.ਸੀ. ਦੇ ਪ੍ਰੀਮੀਅਰ ਡੇਵਿਡ ਈਬੀ ਨੇ ਸਪਸ਼ਟ ਕਿਹਾ, “ਜੇ ਉਹ ਸਾਡੇ ਵਪਾਰਕ ਸਮਝੌਤਿਆਂ ਦੀ ਪਾਲਣਾ ਨਹੀਂ ਕਰਦੇ, ਤਾਂ ਅਸੀਂ ਵੀ ਨਹੀਂ ਕਰਾਂਗੇ।”
ਇਸ ਤੋਂ ਇਲਾਵਾ ਡੇਵਿਡ ਈਬੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਬੀ.ਸੀ ਲੀਕਿਊਅਰ ਸਟੋਰ ਅਮਰੀਕੀ ਸ਼ਰਾਬ ਉਤਪਾਦਾਂ ਦੇ ਸਭ ਤੋਂ ਵੱਡੇ ਖਰੀਦਦਾਰਾਂ ਵਿੱਚੋਂ ਇੱਕ ਹਨ ਅਤੇ ਜੇ ਅਸੀਂ ਅਮਰੀਕੀ ਸ਼ਰਾਬ ਖਰੀਦਣ ਤੋਂ ਇਨਕਾਰ ਕਰਦੇ ਹਾਂ, ਤਾਂ ਇਹ ਵੀ ਸਪੱਸ਼ਟ ਜਵਾਬੀ ਕਾਰਵਾਈ ਹੋਵੇਗੀ। ਉਹਨਾਂ ਕਿਹਾ ਕਿ ਇਹ ਸਭ ਨੀਤੀਆਂ ਵਿਰੋਧੀ ਕਦਮਾਂ ਵਿੱਚ ਸ਼ਾਮਲ ਹੋ ਸਕਦਾ ਹੈ, ਕਿਉਂਕਿ ਇਹ ਟੈਰਿਫਜ਼ ਬਿਲਕੁਲ ਜਾਇਜ਼ ਨਹੀਂ ਹਨ ਅਤੇ ਇਹ ਕੈਨੇਡਾ ਅਤੇ ਅਮਰੀਕੀ ਪਰਿਵਾਰਾਂ ਦੋਹਾਂ ਨੂੰ ਨੁਕਸਾਨ ਪਹੁੰਚਾਉਣਗੇ।
ਬੀ.ਸੀ. ਦੇ ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ਕਿ “ਅਸੀਂ ਇਸ ਲੜਾਈ ਦਾ ਹਿੱਸਾ ਬਣਨ ਲਈ ਤਿਆਰ ਨਹੀਂ ਸੀ ਪਰ ਮੈਂ ਹਰ ਅਮਰੀਕੀ ਅਤੇ ਵਿਸ਼ੇਸ਼ਤੌਰ ‘ਤੇ ਰਾਸ਼ਟਰਪਤੀ ਨੂੰ ਇਹ ਯਕੀਨ ਦਵਾਉਣਾ ਚਾਹੁੰਦਾ ਹਾਂ ਕਿ ਕੈਨੇਡੀਅਨ ਆਪਣੀ ਰੱਖਿਆ ਲਈ ਲੜਨਗੇ।” ਉਹਨਾਂ ਨੇ ਇਸ ਗੱਲ ‘ਤੇ ਵੀ ਸਪਸ਼ਟ ਬਿਆਨ ਦਿੱਤਾ ਕਿ ਕੈਨੇਡਾ ਕਿਸੇ ਵੀ ਅਜਿਹੇ ਦੇਸ਼ ਵਿਚ ਪੈਸਾ ਖਰਚਣ ਲਈ ਤਿਆਰ ਨਹੀਂ ਜੋ ਕੈਨੇਡੀਅਨ ਆਰਥਿਕ ਹਾਲਤ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੈ।
ਜ਼ਿਕਰਯੋਗ ਹੈ ਕਿ ਕੈਨੇਡਾ-ਅਮਰੀਕਾ ਦਰਮਿਆਨ ਸਬੰਧ 1 ਫਰਵਰੀ ਤੋਂ ਬਾਅਦ ਹੋਣ ਵਾਲੇ ਵਿਕਾਸਾਂ ਤੇ ਨਿਰਭਰ ਕਰਨਗੇ। ਕੈਨੇਡਾ ਦੇ ਵੱਖ ਵੱਖ ਸੂਬਿਆਂ ਨੇ ਅਜੇ ਤੱਕ ਆਪਣੇ ਅੰਤਿਮ ਫੈਸਲੇ ਸਾਂਝੇ ਨਹੀਂ ਕੀਤੇ ਹਨ ਪਰ ਇਸ ਗੱਲ ‘ਤੇ ਜ਼ੋਰ ਦਿੱਤਾ ਹੈ ਕਿ ਜਵਾਬੀ ਕਾਰਵਾਈਆਂ ਲਈ ਸਭ ਇਕੱਠੇ ਹੋ ਕੇ ਕੰਮ ਕਰਨਗੇ ਜਿਨ੍ਹਾਂ ਨਾਲ ਕੈਨੇਡੀਅਨ ਵਪਾਰ ਅਤੇ ਪਰਿਵਾਰਾਂ ਦੀ ਰੱਖਿਆ ਕੀਤੀ ਜਾਵੇ।
ਜ਼ਿਕਰਯੋਗ ਹੈ ਕਿ ਟਰੰਪ ਵੱਲੋਂ ਟੈਰਿਫ਼ ਦੇ ਐਲਾਨ ਤੋਂ ਬਾਅਦ ਦੋਵੇਂ ਦੇਸ਼ਾਂ ਦੇ ਵਪਾਰਕ ਰਿਸ਼ਤਿਆਂ ਲਈ ਚੁਣੌਤੀ ਪੈਦਾ ਹੋ ਸਕਦੀ ਹੈ। ਬੀ.ਸੀ. ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਉਹ ਇਸ ਮਾਮਲੇ ‘ਤੇ ਚੁੱਪ ਨਹੀਂ ਬੈਠੇਣਗੇ ਅਤੇ ਜਰੂਰੀ ਹਲਾਤਾਂ ‘ਚ ਤੁਰੰਤ ਕਾਰਵਾਈ ਵੀ ਕੀਤੀ ਜਾਵੇਗੀ।