2000 ਦੇ ਕਰੀਬ ਕਰਮਚਾਰੀਆਂ ਹੋਣਗੇ ਨੌਕਰੀ ਤੋਂ ਹੋਣਗੇ ਫਾਰਗ਼
ਸਰੀ (ਦਿਵਰੂਪ ਕੌਰ): ਐਮਜ਼ੌਨ ਕੈਨੇਡਾ ਨੇ ਕਿਊਬਕ ਵਿੱਚ ਆਪਣੇ 7 ਗੋਦਾਮਾਂ ਨੂੰ ਆਗਾਮੀ ਦੋ ਮਹੀਨਿਆਂ ਵਿੱਚ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਫੈਸਲੇ ਨਾਲ ਸੂਬੇ ਵਿੱਚ ਕੰਮ ਕਰ ਰਹੇ 1,700 ਸਥਾਈ ਕਰਮਚਾਰੀ ਅਤੇ 250 ਅਸਥਾਈ ਮਜ਼ਦੂਰਾਂ ਦੀ ਨੌਕਰੀ ਖ਼ਤਮ ਹੋਵੇਗੀ। ਕੰਪਨੀ ਦੇ ਅਧਿਕਾਰੀਆਂ ਮੁਤਾਬਕ, ਇਹ ਫੈਸਲਾ ਆਸਾਨੀ ਨਾਲ ਨਹੀਂ ਕੀਤਾ ਗਿਆ। ਹਾਲਾਂਕਿ ਐਮਜ਼ੌਨ ਨੇ ਇਹ ਸਫਾਈ ਵੀ ਦਿੱਤੀ ਹੈ ਕਿ ਇਹ ਕਦਮ ਕਿਊਬਕ ਦੇ ਲਾਵਲ ਸ਼ਹਿਰ ਦੇ ਗੋਦਾਮ ਵਿੱਚ ਯੂਨੀਅਨਬੰਦੀ ਕਾਰਨ ਨਹੀਂ ਲਿਆ ਗਿਆ।
ਜ਼ਿਕਰਯੋਗਹੈ ਕਿ ਮਈ 2024 ਵਿੱਚ ਲਾਵਲ ਗੋਦਾਮ ਦੇ ਕਰਮਚਾਰੀਆਂ ਨੇ ਕਨਫੈਡਰੇਸ਼ਨ ਆਫ਼ ਨੈਸ਼ਨਲ ਟਰੇਡ ਯੂਨੀਅਨਜ਼ ਦੇ ਹਵਾਲੇ ਨਾਲ ਯੂਨੀਅਨਬੰਦੀ ਹਾਸਲ ਕੀਤੀ ਸੀ। ਐਮਜ਼ੌਨ ਨੇ ਇਸ ਪ੍ਰਕਿਰਿਆ ਦਾ ਵਿਰੋਧ ਕੀਤਾ ਅਤੇ ਇਸ ਨੂੰ ਕਿਊਬੈਕ ਦੇ ਮਜ਼ਦੂਰ ਟ੍ਰਿਬਿਊਨਲ ਵਿੱਚ ਚੁਣੌਤੀ ਦਿੱਤੀ। ਹਾਲਾਂਕਿ, ਅਕਤੂਬਰ ਵਿੱਚ ਟ੍ਰਿਬਿਊਨਲ ਨੇ ਕੰਪਨੀ ਦੇ ਹੱਕ ਵਿੱਚ ਫੈਸਲਾ ਨਹੀਂ ਸੁਣਾਇਆ, ਜਿਸ ਨਾਲ ਯੂਨੀਅਨਬੰਦੀ ਨੂੰ ਮਨਜ਼ੂਰੀ ਮਿਲ ਗਈ।
ਕਿਊਬਕ ਵਿੱਚ ਗੋਦਾਮ ਬੰਦ ਕਰਨ ਦੇ ਫੈਸਲੇ ਨਾਲ ਐਮਜ਼ੌਨ ਦੁਬਾਰਾ ਆਪਣੇ ਪੁਰਾਣੇ ਬਿਜ਼ਨਸ ਮਾਡਲ ‘ਤੇ ਵਾਪਸੀ ਕਰੇਗਾ। 2020 ਤੋਂ ਪਹਿਲਾਂ, ਐਮਜ਼ੌਨ ਕਿਊਬਕ ਵਿੱਚ ਪੈਕੇਜ ਡਿਲਿਵਰੀ ਲਈ ਤੀਜੇ ਪੱਖ ਦੀਆਂ ਕੰਪਨੀਆਂ ‘ਤੇ ਨਿਰਭਰ ਸੀ। ਕੰਪਨੀ ਮੁੜ ਉਸੇ ਮਾਡਲ ਨੂੰ ਅਪਣਾਉਣ ਦੀ ਯੋਜਨਾ ਬਣਾ ਰਹੀ ਹੈ।
ਗੋਦਾਮਾਂ ਦੇ ਬੰਦ ਹੋਣ ਨਾਲ 1,700 ਸਥਾਈ ਅਤੇ 250 ਅਸਥਾਈ ਕਰਮਚਾਰੀਆਂ ਦੇ ਰੋਜ਼ਗਾਰ ‘ਤੇ ਪ੍ਰਭਾਵ ਪਵੇਗਾ। ਕਈ ਕਿਰਤੀ ਆਪਣੀ ਨੌਕਰੀ ਤੋਂ ਹੱਥ ਧੋ ਬੈਠਣਗੇ। ਕਿਊਬਕ ਦੇ ਮਜ਼ਦੂਰ ਸੰਗਠਨਾਂ ਨੇ ਇਸ ਘਟਨਾ ਨੂੰ ਕਿਰਤੀਆਂ ਲਈ ਵੱਡਾ ਝਟਕਾ ਕਿਹਾ ਹੈ ਅਤੇ ਇਸ ਦੇ ਹੱਲ ਲਈ ਕੰਪਨੀ ਨਾਲ ਗੰਭੀਰ ਗੱਲਬਾਤ ਦੀ ਮੰਗ ਕੀਤੀ ਹੈ। ਐਮਜ਼ੌਨ ਦੇ ਪ੍ਰਬੰਧਕਾਂ ਨੇ ਕਿਹਾ ਕਿ ਇਹ ਫੈਸਲਾ ਵਪਾਰਕ ਅਤੇ ਸੰਜੋਗਕ ਕਾਰਨਾਂ ਦੇ ਆਧਾਰ ‘ਤੇ ਲਿਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗੋਦਾਮਾਂ ਦੇ ਬੰਦ ਹੋਣ ਦਾ ਕਾਰਨ ਯੂਨੀਅਨਬੰਦੀ ਨਹੀਂ ਹੈ।
ਕਿਊਬਕ ਵਿੱਚ ਰਾਜਨੀਤਿਕ ਲੀਡਰਾਂ ਅਤੇ ਮਜ਼ਦੂਰ ਸੰਗਠਨਾਂ ਵੱਲੋਂ ਸਰਕਾਰ ਨੂੰ ਕਿਰਤੀਆਂ ਦੇ ਹੱਕਾਂ ਦੀ ਰੱਖਿਆ ਕਰਨ ਦੀ ਮੰਗ ਕੀਤੀ ਜਾ ਰਹੀ ਹੈ।