ਸਰੀ, (ਦਿਵਰੂਪ ਕੌਰ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ 1 ਫਰਵਰੀ 2025 ਤੋਂ ਕੈਨੇਡਾ ਅਤੇ ਮੈਕਸੀਕੋ ‘ਤੇ 25% ਟੈਰਿਫ ਲਗਾਉਣ ਦਾ ਐਲਾਨ ਕੀਤਿਆਂ, ਦੁਨੀਆਂ ਭਰ ਵਿੱਚ ਚਰਚਾ ਦਾ ਮਾਮਲਾ ਬਣ ਗਿਆ ਹੈ। ਟਰੰਪ ਨੇ ਇਹ ਟੈਰਿਫ ਲਗਾਉਣ ਦੇ ਮੂਲ ਕਾਰਨ ਵਜੋਂ ਕੈਨੇਡਾ ਅਤੇ ਮੈਕਸੀਕੋ ‘ਤੇ ਫੈਂਟਾਨੀਲ ਅਤੇ ਗੈਰਕਾਨੂੰਨੀ ਪ੍ਰਵਾਸੀਆਂ ਦੀ ਵਧਦੀ ਹੋਈ ਆਮਦ ਦਾ ਦੋਸ਼ ਲਗਾਇਆ ਹੈ।
ਟਰੰਪ ਨੇ ਕਿਹਾ ਕਿ “ਦੋਨੋਂ ਦੇਸ਼ ਖ਼ਾਸ ਕਰਕੇ ਕੈਨੇਡਾ ਨੇ ਅਮਰੀਕਾ ਵਿੱਚ ਮਿਲੀਅਨਾਂ ਲੋਕਾਂ ਨੂੰ ਆਉਣ ਦਿੱਤਾ ਹੈ। ਇਹ ਉਹ ਲੋਕ ਹਨ ਜਿਨ੍ਹਾਂ ਨੂੰ ਇੱਥੇ ਨਹੀਂ ਹੋਣਾ ਚਾਹੀਦਾ ਸੀ। ਇਸ ਨਾਲ ਅਮਰੀਕਾ ਦੇ ਬਹੁਤ ਸਾਰੇ ਪਰਿਵਾਰਾਂ ਦੀ ਜ਼ਿੰਦਗੀ ਬਰਬਾਦ ਹੋ ਰਹੀ ਹੈ।”
ਦੂਜੇ ਪਾਸੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਰੰਪ ਦੇ ਇਸ ਫੈਸਲੇ ਨੂੰ ਤਿੱਖੇ ਸ਼ਬਦਾਂ ‘ਚ ਨਕਾਰਿਆ। ਟਰੂਡੋ ਨੇ ਕਿਹਾ, “ਕੈਨੇਡਾ ਟਰੰਪ ਦੀਆਂ ਧਮਕੀਆਂ ਅੱਗੇ ਕਦੇ ਨਹੀਂ ਝੁਕੇਗਾ। ਅਸੀਂ ਆਪਣੇ ਦੇਸ਼ ਦੇ ਆਰਥਿਕ ਹਿੱਤਾਂ ਦੀ ਸੁਰੱਖਿਆ ਕਰਨ ਲਈ ਸਖ਼ਤ ਕਾਰਵਾਈਆਂ ਕਰਾਂਗੇ।” ਟਰੂਡੋ ਨੇ ਇਸ ਗੱਲ ਦਾ ਵੀ ਸੂਚਨਾ ਦਿੱਤੀ ਕਿ ਕੈਨੇਡਾ ਟਰੰਪ ਦੇ ਟੈਰਿਫ ਦਾ ਜਵਾਬ ਉਸੇ ਭਾਸ਼ਾ ‘ਚ ਦੇਵੇਗਾ।
ਕੈਨੇਡਾ ਦੇ ਦੂਤ ਕ੍ਰਿਸਟਨ ਹਿਲਮੈਨ ਨੇ ਵੀ ਟਰੰਪ ਦੇ ਦੋਸ਼ਾਂ ਨੂੰ ਨਕਾਰਿਆ ਅਤੇ ਕਿਹਾ ਕਿ “ਕੈਨੇਡਾ ਦੇ ਸਰਹੱਦ ‘ਤੇ ਫੈਂਟਾਨੀਲ ਜਾਂ ਗੈਰਕਾਨੂੰਨੀ ਪ੍ਰਵਾਸੀਆਂ ਦੀ ਕੋਈ ਗਤੀਵਿਧੀ ਨਹੀਂ ਹੈ। ਜੋ ਕਿ ਅੰਕੜੇ ਸਪੱਸ਼ਟ ਕਰਦੇ ਹਨ।” ਅਮਰੀਕਾ ਅਤੇ ਕੈਨੇਡਾ ਦੇ ਕਾਰੋਬਾਰੀ ਸੰਗਠਨਾਂ ਨੇ ਵੀ ਟਰੰਪ ਦੇ ਟੈਰਿਫ ਫ਼ੈਸਲੇ ਦਾ ਵਿਰੋਧ ਕੀਤਾ ਹੈ। ਭੌੰ ਦੇ ਮੁਖ ਅਰਥਸ਼ਾਸਤਰੀ ਡੱਗ ਪੋਰਟਰ ਨੇ ਕਿਹਾ ਕਿ ਇਹ ਟੈਰਿਫ ਕੈਨੇਡਾ ਦੀ ਆਰਥਿਕਤਾ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੇ ਹਨ। ਉਨ੍ਹਾਂ ਕਿਹਾ “ਇਸ ਤਰ੍ਹਾਂ ਦੀ ਕਰਵਾਈ ਅਣਸ਼ਚਿਤਤਾ ਕਾਰੋਬਾਰੀ ਮਾਹੌਲ ‘ਤੇ ਬੁਰਾ ਪ੍ਰਭਾਵ ਪਾਉਂਦੀ ਹੈ।”
ਅਗਸਤ ਤੋਂ ਦਸੰਬਰ 2024 ਤੱਕ ਕੈਨੇਡਾ ਦੇ ਨੌਕਰੀ ਮਾਰਕੀਟ ਅਤੇ ਆਮਦਨ ਘਟਣ ਲੱਗੀ ਹੈ। ਇਸੇ ਦੌਰਾਨ, ਕੈਨੇਡਾ ਦੇ ਨਿਰਯਾਤ ‘ਤੇ ਵੀ ਟਰੰਪ ਦੇ ਟੈਰਿਫ ਲਾਗੂ ਹੋਣ ਦੇ ਸੰਕੇਤਾਂ ਕਾਰਨ ਗਿਰਾਵਟ ਹੋ ਸਕਦੀ ਹੈ ।
ਟਰੰਪ ਦੇ ਫੈਸਲੇ ਨਾਲ ਜੁੜੇ ਹੋਰ ਪ੍ਰਸੰਗ ਵੀ ਸਾਹਮਣੇ ਆਏ ਹਨ। ਕੈਨੇਡਾ ਦੇ ਸਭ ਤੋਂ ਵੱਡੇ ਰਿਟੇਲਰ ਲੋਬਲੌ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਭੋਜਨ ਦੇ ਮੁੱਲ ਮੌਜੂਦਾ ਮੁਦਰਾ ਦਰਾਂ ਅਤੇ ਉਤਪਾਦਨ ਦੇ ਵਧੇ ਖਰਚਾਂ ਕਾਰਨ ਹੋਰ ਵੀ ਵਧ ਸਕਦੇ ਹਨ।
ਇਸਦੇ ਨਾਲ ਹੀ, ਜਾਇਦਾਦ ਦੀ ਕੀਮਤ ਅਤੇ ਕਿਰਾਏ ਵਿੱਚ ਵੀ ਵਾਧਾ ਹੋ ਰਿਹਾ ਹੈ। ਕੈਨੇਡਾ ਦੀ ਮਰਕੀਟ ਵਿੱਚ ਪਿਛਲੇ ਤਿੰਨ ਸਾਲਾਂ ‘ਚ ਕਿਰਾਏ ਦੀਆਂ ਕੀਮਤਾਂ ‘ਚ 22% ਦਾ ਵਾਧਾ ਹੋਇਆ ਹੈ।
ਕੈਨੇਡਾ ‘ਤੇ ਟਰੰਪ ਦੇ ਟੈਰਿਫ ਦਾ ਫੈਸਲਾ ਕੇਵਲ ਆਰਥਿਕ ਨਹੀਂ, ਸਗੋਂ ਰਾਜਨੀਤਿਕ ਅਤੇ ਸਮਾਜਿਕ ਮਸਲਿਆਂ ਨਾਲ ਵੀ ਜੁੜਿਆ ਹੋਇਆ ਹੈ। ਜਿਵੇਂ ਕਿ ਇਹ ਸਥਿਤੀ ਵਿਕਸਤ ਹੋ ਰਹੀ ਹੈ, ਅਮਰੀਕਾ ਅਤੇ ਕੈਨੇਡਾ ਦੇ ਰਿਸ਼ਤੇ ‘ਤੇ ਇਸਦਾ ਕੀ ਪ੍ਰਭਾਵ ਪਵੇਗਾ, ਇਹ ਦੇਖਣਾ ਬਾਕੀ ਹੈ।