ਔਟਵਾ : ਸੂਬੇ ਦੇ ਨਜ਼ਦੀਕੀ ਦੋ ਸਰਕਾਰੀ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਓਨਟੇਰਿਓ ਦੇ ਪ੍ਰੀਮੀਅਰ ਡਗ ਫ਼ੋਰਡ ਅਗਲੇ ਹਫ਼ਤੇ ਦੇ ਸ਼ੁਰੂ ਵਿੱਚ ਸੂਬੇ ਵਿੱਚ ਚੋਣਾਂ ਦਾ ਬਿਗੁਲ ਵਜਾ ਸਕਦੇ ਹਨ। ਇਹ ਚੋਣਾਂ ਜਦੋਂ ਕਿ 2026 ਵਿੱਚ ਹੋਣੀਆਂ ਸਨ, ਉਨ੍ਹਾਂ ਨੂੰ ਪਹਿਲਾਂ ਕਰਵਾਉਣ ਦੀ ਪੇਸ਼ੀਨਗੋਈ ਪਿਛਲੇ ਸਾਲ ਦੇ ਵਸੰਤ ਤੋਂ ਕੀਤੀ ਜਾ ਰਹੀ ਹੈ।
ਸੂਤਰਾਂ ਨੇ ਕਿਹਾ ਹੈ ਕਿ ਫ਼ਰਵਰੀ ਦੇ ਪਹਿਲੇ ਹਫ਼ਤੇ ਚੋਣਾਂ ਦਾ ਐਲਾਨ ਕੀਤਾ ਜਾ ਸਕਦਾ ਹੈ। ਹਾਲਾਂਕਿ, ਇਹ ਐਲਾਨ ਇਸ ਤੋਂ ਪਹਿਲਾਂ ਵੀ ਹੋ ਸਕਦਾ ਹੈ। ਬਾਵਜੂਦ ਇਸ ਗੱਲ ਦੇ ਕਿ ਫ਼ੋਰਡ ਦੀ ਸਰਕਾਰ ਸੂਬਾਈ ਪਾਰਲੀਮੈਂਟ ਵਿੱਚ ਬਹੁਗਿਣਤੀ ਵਿਚ ਹੈ ਅਤੇ ਇਸ ਸਮੇਂ ਬ੍ਰੇਕ ‘ਤੇ ਹੈ, ਫ਼ੋਰਡ ਦੀ ਦਲੀਲ ਹੈ ਕਿ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੁਆਰਾ ਕੈਨੇਡੀਅਨ ਵਸਤਾਂ ‘ਤੇ 25% ਟੈਰਿਫ ਲਗਾਉਣ ਨਾਲ ਪੈਦਾ ਹੋਣ ਵਾਲੇ ਆਰਥਿਕ ਸੰਕਟ ਨੂੰ ਲੰਘਾਉਣ ਲਈ ਉਨ੍ਹਾਂ ਨੂੰ ਓਨਟੇਰਿਓ ਵਾਸੀਆਂ ਤੋਂ ਨਵੇਂ ਜਨਾਦੇਸ਼ ਦੀ ਲੋੜ ਹੈ।
ਸੋਮਵਾਰ ਰਾਤ ਨੂੰ ਫ਼ੋਰਡ ਦੇ ਚੀਫ਼ ਔਫ਼ ਸਟਾਫ਼, ਪੈਟਰਿਕ ਸੈਕਵਿਲ ਨੇ ਇੱਕ ਈਮੇਲ ਵਿੱਚ ਪੀਸੀ ਵਰਕਰਾਂ ਨੂੰ ਇਹ ਸੁਚਨਾ ਦਿੱਤੀ ਕਿ ਸਰਕਾਰ ਨੂੰ ਓਨਟੇਰਿਓ ਲਈ ਇੱਕ ਮਜ਼ਬੂਤ ਜਨਾਦੇਸ਼ ਦੀ ਲੋੜ ਹੈ। ਉਨ੍ਹਾਂ ਨੇ ਕਿਹਾ, “ਸਰਕਾਰ ਜਿੰਨੀ ਮਜ਼ਬੂਤ ਹੋਵੇਗੀ, ਓਨਟੇਰਿਓ ਲਈ ਉਨ੍ਹਾਂ ਦੇ ਨਤੀਜੇ ਬਿਹਤਰ ਹੋਣਗੇ।” ਡਗ ਫ਼ੋਰਡ ਦੇ ਇਸ ਕਦਮ ਨੂੰ ਲੈ ਕੇ ਕਈ ਸਵਾਲ ਖੜੇ ਹੋ ਰਹੇ ਹਨ। ਲਿਬਰਲ ਪਾਰਟੀ ਦੀ ਲੀਡਰ ਬੌਨੀ ਕਰੌਂਬੀ ਨੇ ਓਨਟੇਰਿਓ ਵਾਸੀਆਂ ਨੂੰ ਦਿੱਤੇ ਜਾ ਰਹੇ $200 ਦੇ ਰਿਬੇਟ ਚੈਕਾਂ ਨੂੰ “ਚੁਣਾਵੀ ਰਿਸ਼ਵਤ” ਕਰਾਰ ਦਿੱਤਾ ਹੈ।
ਦੂਜੇ ਪਾਸੇ, ਅਰਥਿਕ ਵਿਕਾਸ ਮੰਤਰੀ ਵਿਕ ਫ਼ਿਡੈਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਚੋਣਾਂ ਬਾਰੇ ਸਪੱਸ਼ਟਤਾ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ, “ਅਸੀਂ ਇਸ ਸਮੇਂ ਓਨਟੇਰਿਓ ਦੀਆਂ ਨੌਕਰੀਆਂ ਬਚਾਉਣ ਅਤੇ ਅਮਰੀਕੀ ਟੈਰਿਫ ਦੇ ਵਿਰੋਧ ਲਈ ਕੰਮ ਕਰ ਰਹੇ ਹਾਂ। ਇਹ ਸਾਰੇ ਬਹੁਤ ਗੰਭੀਰ ਮੁੱਦੇ ਹਨ।”
ਓਨਟੇਰਿਓ ਦਾ ਚੋਣ ਕਨੂੰਨ ਪ੍ਰੀਮੀਅਰ ਨੂੰ ਮੌਜੂਦਾ ਵਿਧਾਨ ਸਭਾ ਨੂੰ ਭੰਗ ਕਰਨ ਅਤੇ ਚਾਰ ਸਾਲਾਂ ਦੀ ਮਿਆਦ ਤੋਂ ਪਹਿਲਾਂ ਚੋਣਾਂ ਕਰਵਾਉਣ ਦੀ ਇਜਾਜ਼ਤ ਦਿੰਦਾ ਹੈ। ਚੋਣਾਂ ਦਾ ਐਲਾਨ ਕਰਨ ਵਾਲੇ ਰਿੱਟ ਜਾਰੀ ਹੋਣ ਤੋਂ ਬਾਅਦ, ਚੋਣ ਮੁਹਿੰਮ 28 ਦਿਨਾਂ ਤੱਕ ਚੱਲਦੀ ਹੈ।
ਜੇਕਰ ਡਗ ਫ਼ੋਰਡ ਚੋਣਾਂ ਦਾ ਐਲਾਨ ਕਰਦੇ ਹਨ, ਤਾਂ ਇਸ ਨਾਲ ਓਨਟੇਰਿਓ ਦੀ ਰਾਜਨੀਤਿਕ ਮਾਹੌਲ ਵਿੱਚ ਵੱਡੇ ਬਦਲਾਅ ਦੀ ਉਮੀਦ ਕੀਤੀ ਜਾ ਰਹੀ ਹੈ। ਸੂਬੇ ਦੇ ਵਸਨੀਕ ਹੁਣ ਇਹ ਦੇਖ ਰਹੇ ਹਨ ਕਿ ਇਹ ਚੋਣਾਂ ਉਹਨਾਂ ਦੇ ਭਵਿੱਖ ਲਈ ਕਿਵੇਂ ਨਵੇਂ ਰਾਹ ਖੋਲ੍ਹਦੀਆਂ ਹਨ।