ਸਰੀ, (ਦਿਵਰੂਪ ਕੌਰ): ਵੈਨਕੂਵਰ ਆਈਲੈਂਡ: ਵੈਨਕੂਵਰ ਆਈਲੈਂਡ ਦੇ ਕੋਰਟਨੀ ਵਿੱਚ ਸਥਿਤ ਸਰਵਿਸ ਕੈਨੇਡਾ ਬਿਲਡਿੰਗ ਦੇ ਬਾਹਰ ਫਾਟੇ ਹੋਏ ਕੈਨੇਡੀਅਨ ਝੰਡੇ ਨੂੰ ਵੇਖਕੇ ਸਥਾਨਕ ਲੋਕਾਂ ਨੇ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ ਹੈ।
ਰੱਸ ਵਿਦਾ ਨਾਮਕ ਵਿਅਕਤੀ ਜੋ ਅਕਸਰ ਇਸ ਇਮਾਰਤ ਦੇ ਕੋਲੋਂ ਲੰਗਦਾ ਹੈ, ਨੇ ਨਜ਼ਰ ਮਾਰੀ ਕਿ ਝੰਡਾ ਵਿਚਕਾਰੋਂ ਫਟਿਆ ਹੋਇਆ ਹੈ ਅਤੇ ਇਸ ਦੀ ਹਾਲਤ ਬਹੁਤ ਹੀ ਖਰਾਬ ਹੋਣ ਦੇ ਬਾਵਜੂਦ ਇਸ ਨੂੰ ਬਦਲਿਆ ਜਾਂ ਉਤਾਰਿਆ ਨਹੀਂ ਗਿਆ।
ਵਿਦਾ ਨੇ ਗੱਲ ਕਰਦਿਆਂ ਕਿਹਾ, “ਜੇ ਤੁਹਾਨੂੰ ਝੰਡਾ ਲਹਿਰਾਉਣ ਦੀ ਜ਼ਿੰਮੇਵਾਰੀ ਮਿਲੀ ਹੈ, ਤਾਂ ਇਹ ਪਰੋਟੋਕੋਲ ਦੇ ਅੰਦਰ ਹੋਣਾ ਚਾਹੀਦਾ ਹੈ। ਜੇ ਇਹ ਪਰੋਟੋਕੋਲ ਅੰਦਰ ਨਹੀਂ ਤਾਂ ਤਾਂ ਇਸਨੂੰ ਹਟਾ ਦਿਓ।” ਉਸ ਨੇ ਕਿਹਾ ਕਿ ਇਸ ਹਾਲਤ ਵਿੱਚ ਝੰਡੇ ਨੂੰ ਵੇਖਕੇ ਕਿਸੇ ਨੂੰ ਵੀ ਗੁੱਸਾ ਆ ਸਕਦਾ ਹੈ।
ਵਿਦਾ ਨੇ ਝੰਡੇ ਦੀ ਇਸ ਹਾਲਤ ਬਾਰੇ ਸਰਵਿਸ ਕੈਨੇਡਾ ਨੂੰ ਜਾਣਕਾਰੀ ਵੀ ਦਿੱਤੀ। ਪਰ, ਉਹਨਾਂ ਨੇ ਜਵਾਬ ਦਿੱਤਾ, “ਇਹ ਸਾਡੀ ਇਮਾਰਤ ਨਹੀਂ ਹੈ, ਇਸ ਲਈ ਇਹ ਸਾਡੀ ਜ਼ਿੰਮੇਵਾਰੀ ਨਹੀਂ ਹੈ।”
ਵਿਦਾ ਨੇ ਦੱਸਿਆ ਕਿ ਉਹ ਇਸ ਮਾਮਲੇ ਨੂੰ ਆਪਣੇ ਸੰਸਦ ਮੈਂਬਰ ਦੇ ਦਫ਼ਤਰ ਤੱਕ ਵੀ ਲੈ ਕੇ ਗਿਆ, ਪਰ ਉਸਦੀ ਗੰਭੀਰਤਾ ਨਾਲ ਗੱਲ ਨਹੀਂ ਕੀਤੀ।
ਕੋਰਟਨੀ ਦੇ ਸਿਟੀ ਮੈਨੇਜਰ ਜੈਫ਼ ਗਾਰਬਟ ਨੇ ਦੱਸਿਆ ਕਿ, “ਸਾਡੇ ਕੋਲ ਝੰਡੇ ਸੰਭਾਲਣ ਲਈ ਨੀਤੀ ਹੈ। ਅਸੀਂ ਆਪਣੇ ਝੰਡਿਆਂ ਨੂੰ ਸਹੀ ਹਾਲਤ ਵਿੱਚ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਰੋਜ਼ਾਨਾ ਇਸਦੀ ਨਿਗਰਾਨੀ ਕਰਦੇ ਹਾਂ।”
ਜ਼ਿਕਰਯੋਗ ਹੈ ਕਿ ਕੈਨੇਡਾ ਸਰਕਾਰ ਦੇ ਨਿਯਮਾਂ ਅਨੁਸਾਰ, ਜਦੋਂ ਇੱਕ ਝੰਡਾ ਫਟ ਜਾਂਦਾ ਹੈ ਤਾਂ ਉਸਨੂੰ ਤੁਰੰਤ ਬਦਲ ਦੇਣਾ ਚਾਹੀਦਾ ਹੈ। ਸਰਵਿਸ ਕੈਨੇਡਾ ਨੇ ਕਿਹਾ ਕਿ ਹਾਲ ਹੀ ਦੇ ਤੂਫ਼ਾਨ ਕਾਰਨ ਝੰਡੇ ਨੂੰ ਨੁਕਸਾਨ ਪਹੁੰਚਿਆ ਅਤੇ ਇਸਨੂੰ ਜਲਦ ਹੀ ਬਦਲ ਦਿੱਤਾ ਜਾਵੇਗਾ।
ਵਿਦਾ ਨੇ ਕਿਹਾ ਕੈਨੇਡੀਅਨ ਝੰਡਾ ਮਾਣ ਦਾ ਪ੍ਰਤੀਕ ਹੈ। ਜਿਸ ਝੰਡੇ ਨੂੰ ਤੁਸੀਂ ਲਹਿਰਾ ਰਹੇ ਹੋ, ਉਸ ਤੇ ਮਾਣ ਕਰੋ। ਇਹ ਸਾਡੀ ਕੌਮੀ ਪਹਿਚਾਣ ਹੈ ਅਤੇ ਇਸਨੂੰ ਆਦਰ ਨਾਲ ਲਹਿਰਾਓ।”