ਸਰੀ, (ਦਿਵਰੂਪ ਕੌਰ): ਸਰੀ ਦੇ ਮਾਤਾ-ਪਿਤਾ ਅਤੇ ਅਧਿਆਪਕ ਸਟੈਂਡ-ਅਲੋਨ ਐਲਟਰਨੇਟਿਵ ਸਿੱਖਿਆ ਕੇਂਦਰਾਂ ਨੂੰ ਬਚਾਉਣ ਲਈ ਇੱਕ ਤਿੱਖੀ ਮੁਹਿੰਮ ਚਲਾ ਰਹੇ ਹਨ। ਇਸਦੇ ਬਾਵਜੂਦ, ਸੂਬੇ ਦੀ ਸਿੱਖਿਆ ਮੰਤਰੀ ਲੀਸਾ ਬੀਅਰ ਨੇ ਇਹ ਸੰਕੇਤ ਦਿੱਤਾ ਹੈ ਕਿ ਸੂਬਾ ਇਸ ਮਾਮਲੇ ਵਿੱਚ ਦਖਲ ਨਹੀਂ ਦੇਵੇਗਾ।
ਸਰੀ ਸਕੂਲ ਜ਼ਿਲ੍ਹਾ ਕਈ ਸਟੈਂਡ-ਅਲੋਨ ਸਿੱਖਿਆ ਕੇਂਦਰਾਂ ਨੂੰ ਬੰਦ ਕਰਨ ਦੀ ਯੋਜਨਾ ਬਣਾ ਰਿਹਾ ਹੈ, ਜਿਹੜੇ ਉਹਨਾਂ ਵਿਦਿਆਰਥੀਆਂ ਲਈ ਬਣਾਏ ਗਏ ਸਨ ਜਿਹਨਾਂ ਨੂੰ ਸਿੱਖਿਆ ਪ੍ਰਣਾਲੀ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ । ਹੁਣ ਜ਼ਿਲ੍ਹਾ ਪੰਜ ਤੋਂ ਘਟਾ ਕੇ ਸਿਰਫ ਦੋ ਸਿੱਖਿਆ ਕੇਂਦਰ ਹੀ ਚਾਲੂ ਰੱਖਣ ਦੀ ਯੋਜਨਾ ਬਣਾ ਰਿਹਾ ਹੈ। ਇਸ ਫੈਸਲੇ ਦੇ ਪਿਛੇ ਖਰਚਿਆਂ ਦੀ ਮਾਰ ਅਤੇ ਲੀਜ਼ ਸਮਾਪਤੀ ਕਾਰਨ ਦਿੱਤੇ ਗਏ ਹਨ।
ਸਰੀ ਟੀਚਰਜ਼ ਐਸੋਸੀਏਸ਼ਨ ਦੀ ਪ੍ਰਧਾਨ ਲਿਜ਼ੈਨ ਫੋਸਟਰ ਨੇ ਕਿਹਾ, ”ਚਾਲੀ ਸਾਲ ਪਹਿਲਾਂ ਇਹ ਸਿੱਖਿਆ ਕੇਂਦਰ ਇਸ ਲਈ ਬਣਾਏ ਗਏ ਸਨ ਕਿਉਂਕਿ ਸਿੱਖਿਆ ਪ੍ਰਣਾਲੀ ਵਿਚ ਕੁਝ ਵਿਦਿਆਰਥੀ ਤਾਲਮੇਲ ਨਹੀਂ ਬਣਾ ਸਕਦੇ ਸਨ। ਇਹ ਕੇਂਦਰ ਉਹਨਾਂ ਲਈ ਅਹਿਮ ਸਹਾਰਾ ਸਾਬਤ ਹੋਏ ਹਨ।” ਸਰੀ ਜ਼ਿਲ੍ਹਾ ਪੈਰੇਂਟ ਐਡਵਾਈਜ਼ਰੀ ਕੌਂਸਲ ਦੀ ਚੇਅਰ ਐਨ ਵਿੱਟਮੋਰ ਨੇ ਕਿਹਾ, ”ਕਈ ਵਿਦਿਆਰਥੀਆਂ ਨੇ ਦੱਸਿਆ ਕਿ ਉਹ ਇਨ੍ਹਾਂ ਕੇਂਦਰਾਂ ਦੇ ਕਾਰਨ ਆਪਣਾ ਮਕਸਦ ਹਾਸਲ ਕਰ ਸਕੇ ਜਿਹਨਾਂ ਬਾਰੇ ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਸੀ। ਕਈਆਂ ਨੇ ਇੱਥੋਂ ਪੜ੍ਹਾਈ ਮੁਕਾ ਕੇ ਯੂਨੀਵਰਸਿਟੀ ਵਿੱਚ ਦਾਖਲਾ ਲਿਆ। ਇਹ ਸਿਰਫ ਸਿੱਖਿਆ ਨਹੀਂ, ਬਲਕਿ ਉਨ੍ਹਾਂ ਦੀ ਜ਼ਿੰਦਗੀ ਬਦਲਣ ਵਾਲਾ ਤਜਰਬਾ ਸੀ।”
ਸਿੱਖਿਆ ਮੰਤਰੀ ਲੀਸਾ ਬੀਅਰ ਨੇ ਕਿਹਾ ਕਿ ਸਰੀ ਸਕੂਲ ਜ਼ਿਲ੍ਹੇ ਨਾਲ ਸੰਪਰਕ ਕੀਤਾ ਗਿਆ ਹੈ, ਅਤੇ ਉਨ੍ਹਾਂ ਨੇ ਇਸ ਗੱਲ ਦਾ ਭਰੋਸਾ ਦਿੱਤਾ ਹੈ ਕਿ ਬੰਦ ਹੋਣ ਵਾਲੇ ਸਿੱਖਿਆ ਕੇਂਦਰਾਂ ਦੀ ਸੇਵਾਵਾਂ ਮੁੱਖਧਾਰਾ ਸਕੂਲਾਂ ਵਿੱਚ ਨਵੀਆਂ ਵਿਸ਼ੇਸ਼ ਪ੍ਰੋਗਰਾਮਾਂ ਰਾਹੀਂ ਮੁਹੱਈਆ ਕਰਵਾਈਆਂ ਜਾਣਗੀਆਂ।
ਉਸਨੇ ਇਹ ਵੀ ਕਿਹਾ ਕਿ ਸੂਬਾ ਸਰਕਾਰ ਸਕੂਲ ਜ਼ਿਲ੍ਹਿਆਂ ਦੇ ਚੋਣਾਂ ਵਿੱਚ ਦਖਲ ਨਹੀਂ ਦੇ ਸਕਦਾ। ਬੀਅਰ ਨੇ ਦਾਅਵਾ ਕੀਤਾ ਕਿ 2017 ਤੋਂ ਸੂਬੇ ਨੇ ਸਰੀ ਸਕੂਲ ਜ਼ਿਲ੍ਹੇ ਲਈ ਫੰਡਿੰਗ ਵਿੱਚ 40 ਫੀਸਦੀ ਵਾਧਾ ਕੀਤਾ ਹੈ। ਉਧਰ ਵਿਰੋਧੀਧਿਰਾਂ ਦਾ ਕਹਿਣਾ ਹੈ ਕਿ ਸੂਬਾ ਅਤੇ ਜ਼ਿਲ੍ਹਾ ਬਜਟ ਨੂੰ ਗਲਤ ਤਰੀਕੇ ਨਾਲ ਦੇਖ ਰਹੇ ਹਨ। ”ਇਹ ਵਿਦਿਆਰਥੀਆਂ ਦੇ ਭਵਿੱਖ ਅਤੇ ਸੁਰੱਖਿਆ ਦਾ ਮੁੱਦਾ ਹੈ। ਅਸੀਂ ਇਹ ਪੁੱਛ ਰਹੇ ਹਾਂ ਕਿ ਇੱਕ ਬੱਚੇ ਦੇ ਭਵਿੱਖ ਦੀ ਕੀਮਤ ਕਿਵੇਂ ਲਗਾਈ ਜਾ ਸਕਦੀ ਹੈ?”
ਫੋਸਟਰ ਨੇ ਕਿਹਾ ਕਿ 5,000 ਤੋਂ ਵੱਧ ਲੋਕਾਂ ਨੇ ਸਿੱਖਿਆ ਕੇਂਦਰਾਂ ਨੂੰ ਬਚਾਉਣ ਲਈ ਪਟੀਸ਼ਨ ‘ਤੇ ਹਸਤਾਖਰ ਕੀਤੇ ਹਨ। ”ਹਰ ਦਸਤਖਤ ਪਿੱਛੇ ਇੱਕ ਕਹਾਣੀ ਹੈ। ਕਈ ਲੋਕਾਂ ਲਈ ਇਹ ਸਿੱਖਿਆ ਕੇਂਦਰ ਉਨ੍ਹਾਂ ਦੀ ਜ਼ਿੰਦਗੀ ਬਚਾਉਣ ਵਾਲੇ ਸਨ। ਸਿੱਖਿਆ ਮੰਤਰੀ ਨੂੰ ਸਾਡੇ ਨਾਲ ਮਿਲ ਕੇ ਇਸ ਮਾਮਲੇ ਨੂੰ ਸਮਝਣਾ ਚਾਹੀਦਾ ਹੈ ।
ਸਰੀ ਸਕੂਲ ਜ਼ਿਲ੍ਹੇ ਦੀ ਯੋਜਨਾ ਅਤੇ ਸੂਬੇ ਦੀ ਅਣਗਹਿਲੀ ਕਾਰਨ ਕਈ ਵਿਦਿਆਰਥੀਆਂ ਦੇ ਭਵਿੱਖ ‘ਤੇ ਸਵਾਲ ਖੜ੍ਹੇ ਹੋ ਰਹੇ ਹਨ। ਵਿਦਿਆਰਥੀਆਂ, ਮਾਤਾ-ਪਿਤਾ ਅਤੇ ਅਧਿਆਪਕਾਂ ਦੀ ਇੱਕ ਸਾਂਝੀ ਮੰਗ ਹੈ ਕਿ ਇਹ ਕੇਂਦਰ ਸਿਰਫ ਇਮਾਰਤਾਂ ਨਹੀਂ ਸਗੋਂ ਨਾਜ਼ੁਕ ਵਿਦਿਆਰਥੀਆਂ ਲਈ ਸੁਰੱਖਿਅਤ ਸਥਾਨ ਹਨ ਜਿਨ੍ਹਾਂ ਨੂੰ ਬਚਾਉਣ ਦੀ ਲੋੜ ਹੈ।