ਅਮਰੀਕਾ ‘ਚ ਸਰਕਾਰੀ ਸਕੂਲ ਦਾ ਨਾਮ ਜਸਵੰਤ ਸਿੰਘ ਖਾਲੜਾ ਦੇ ਨਾਂ ‘ਤੇ ਰੱਖਣ ਦਾ ਫੈਸਲਾ

 

ਫਰਿਜ਼ਨੋ : ਅਮਰੀਕਾ ਦੇ ਫਰਿਜ਼ਨੋ ਸ਼ਹਿਰ ਵਿਚ ਅਗਲੇ ਸਾਲ ਖੁੱਲ੍ਹਣ ਵਾਲੇ ਸਰਕਾਰੀ ਐਲੀਮੈਂਟਰੀ ਸਕੂਲ ਦਾ ਨਾਂ ਮਰਹੂਮ ਜਸਵੰਤ ਸਿੰਘ ਖਾਲੜਾ ਦੇ ਨਾਂ ‘ਤੇ ਰੱਖਿਆ ਜਾਵੇਗਾ। ਇਸ ਫੈਸਲੇ ਦੀ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੇ ਸ਼ਲਾਘਾ ਕੀਤੀ ਹੈ। ਉਹਨਾਂ ਨੇ ਇਸ ਫੈਸਲੇ ਨੂੰ ਇਤਿਹਾਸਕ ਕਰਾਰ ਦਿੱਤਾ ਹੈ।
ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ ਸੈਂਟਰਲ ਯੂਨੀਫਾਈਡ ਸਕੂਲ ਡਿਸਟ੍ਰਿਕਟ ਨੇ ਕੈਲੀਫੋਰਨੀਆ ਦੇ ਫਰਿਜ਼ਨੋ ਵਿੱਚ ਆਪਣੇ ਨਵੇਂ ਸਕੂਲ ਦਾ ਨਾਮ ਜਸਵੰਤ ਸਿੰਘ ਖਾਲੜਾ ਐਲੀਮੈਂਟਰੀ ਸਕੂਲ ਰੱਖਿਆ ਹੈ। ਬੋਰਡ ਪ੍ਰਧਾਨ ਨੇ ਕਿਹਾ ਕਿ ਇਹ ਉੱਤਰੀ ਅਮਰੀਕਾ ਦਾ ਪਹਿਲਾ ਪਬਲਿਕ ਸਕੂਲ ਹੈ ਜਿਸਦਾ ਨਾਮ ਸਿੱਖ ਮੂਲ ਦੇ ਕਿਸੇ ਵਿਅਕਤੀ ਦੇ ਨਾਮ ‘ਤੇ ਰੱਖਿਆ ਗਿਆ ਹੈ।
ਬੋਰਡ ਨੇ ਫੈਸਲਾ ਕੀਤਾ ਕਿ ਸ਼ੀਲਡਜ਼ ਅਤੇ ਬ੍ਰਾਲੀ ਦੇ ਸਕੂਲ ਦਾ ਨਾਮ ਜਸਵੰਤ ਸਿੰਘ ਖਾਲੜਾ ਐਲੀਮੈਂਟਰੀ ਸਕੂਲ ਰੱਖਿਆ ਜਾਵੇਗਾ। ਛੇ ਬੋਰਡ ਮੈਂਬਰਾਂ ਨੇ ਨਾਮ ਦੇ ਹੱਕ ਵਿੱਚ ਵੋਟ ਦਿੱਤੀ, ਜਦੋਂ ਕਿ ਇੱਕ ਮੈਂਬਰ ਗੈਰਹਾਜ਼ਰ ਰਿਹਾ।
ਪੰਜਾਬ ਦਾ 1980ਵਿਆਂ ਅਤੇ 1990ਵਿਆਂ ਦਾ ਪਹਿਲਾ ਅੱਧ ਖਾੜਕੂ ਲਹਿਰ, ਪੁਲਿਸ ਕਾਰਵਾਈਆਂ ਅਤੇ ਬੇਕਸੂਰ ਲੋਕਾਂ ਦੇ ਘਾਣ ਲਈ ਜਾਣਿਆ ਜਾਂਦਾ ਹੈ। ਇਸ ਦੌਰ ਵਿੱਚ ਜੇ ਦਹਿਸ਼ਤਗਰਦੀ ਦੀਆਂ ਵਾਰਦਾਤਾਂ ਹੋਈਆਂ ਤਾਂ ਪੁਲਿਸ ਤਸ਼ੱਦਦ, ਹਿਰਾਸਤੀ ਮੌਤਾਂ ਅਤੇ ਝੂਠੇ ਪੁਲਿਸ ਮੁਕਾਬਲੇ ਵੀ ਲਗਾਤਾਰ ਚਰਚਾ ਵਿੱਚ ਰਹੇ। ਇਹ ਮਸਲਾ ਮਨੁੱਖੀ ਹੱਕਾਂ ਬਾਰੇ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਹਵਾਲੇ ਨਾਲ ਚਰਚਾ ਵਿੱਚ ਆਇਆ ਜਦੋਂ ਉਨ੍ਹਾਂ ਨੇ ਅੰਮ੍ਰਿਤਸਰ, ਮਜੀਠਾ ਅਤੇ ਤਰਨ ਤਾਰਨ ਦੇ ਤਿੰਨ ਸ਼ਮਸ਼ਾਨ ਘਾਟਾਂ ਵਿੱਚ ਜੂਨ 1984 ਤੋਂ ਦਸੰਬਰ 1994 ਤੱਕ ਕਿਓਟੀਆਂ ਗਈਆਂ ਲਾਸ਼ਾਂ ਦੇ ਵੇਰਵੇ ਨਸ਼ਰ ਕੀਤੇ।
ਉਨ੍ਹਾਂ ਇਹ ਦਾਅਵਾ ਕੀਤਾ ਕਿ ਇਹ ਲਾਵਾਰਿਸ ਲਾਸ਼ਾਂ ਪੁਲਿਸ ਦੀਆਂ ਗ਼ੈਰ-ਕਾਨੂੰਨੀ ਕਾਰਵਾਈਆਂ ਦੀ ਗਵਾਹੀ ਭਰਦੀਆਂ ਹਨ। ਬੋਰਡ ਮੈਂਬਰਾਂ ਨੇ ਜਸਵੰਤ ਸਿੰਘ ਖਾਲੜਾ ਨੂੰ ਸੈਂਟਰਲ ਵੈਲੀ ਵਿੱਚ ਪੰਜਾਬੀ ਭਾਈਚਾਰੇ ਲਈ ਇੱਕ ਆਈਕਨ ਦੱਸਿਆ, ਇਹ ਨੋਟ ਕਰਦੇ ਹੋਏ ਕਿ ਖਾਲੜਾ ਦੀ ਧੀ ਫਰਿਜ਼ਨੋ ਸਟੇਟ ਵਿੱਚ ਪੜ੍ਹਦੀ ਸੀ ਅਤੇ ਉਸਦਾ ਪਰਿਵਾਰ ਇਸ ਖੇਤਰ ਵਿੱਚ ਰਹਿੰਦਾ ਹੈ। 2017 ਵਿੱਚ, ਵਿਕਟੋਰੀਆ ਪਾਰਕ ਦਾ ਨਾਮ ਵੀ ਜਸਵੰਤ ਸਿੰਘ ਖਾਲੜਾ ਪਾਰਕ ਰੱਖਿਆ ਗਿਆ ਸੀ।

Exit mobile version