ਸਰੀ, (ਸਿਮਰਨਜੀਤ ਸਿੰਘ): ਐਨ.ਡੀ.ਪੀ. ਆਗੂ ਜਗਮੀਤ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਲਿਬਰਲ ਸਰਕਾਰ ਅਤੇ ਹੋਰ ਵਿਰੋਧੀ ਧਿਰਾਂ ਨਾਲ ਮਿਲ ਕੇ ਅਮਰੀਕੀ ਟੈਰਿਫ਼ ਕਾਰਨ ਪ੍ਰਭਾਵਿਤ ਹੋਣ ਵਾਲੇ ਕਾਮਿਆਂ ਲਈ ਸਮਰਥਨ ਯੋਜਨਾ ਉੱਤੇ ਗੱਲਬਾਤ ਕਰ ਸਕਦੇ ਹਨ, ਪਰ ਉਹ ਪਹਿਲੇ ਮੌਕੇ ‘ਤੇ ਸਰਕਾਰ ਡਿਗਾਉਣ ਦੇ ਆਪਣੇ ਫੈਸਲੇ ‘ਤੇ ਅਜੇ ਵੀ ਕਾਇਮ ਹਨ।
ਜਗਮੀਤ ਸਿੰਘ ਨੇ ਲਿਬਰਲਸ ਨੂੰ ਕਿਹਾ ਕਿ ਉਹ ਵਿਰੋਧੀ ਧਿਰਾਂ ਲਈ ਇੱਕ ਸਮਰਥਨ ਯੋਜਨਾ ਤਿਆਰ ਕਰਕੇ ਪੇਸ਼ ਕਰਨ, ਤਾਂ ਕਿ ਇਸ ਸੰਕਟ ਨੂੰ ਨਿਪਟਾਉਣ ਲਈ ਤੁਰੰਤ ਕਦਮ ਚੁੱਕੇ ਜਾ ਸਕਣ।
ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸੰਸਦ, ਜੋ ਕਿ ਮਾਰਚ 24 ਤੱਕ ਮੁਲਤਵੀ ਕੀਤੀ ਗਈ ਹੈ, ਉਸਨੂੰ ਤੁਰੰਤ ਬੁਲਾ ਕੇ ਉਨ੍ਹਾਂ ਦੀ ਯੋਜਨਾ ‘ਤੇ ਕਾਨੂੰਨ ਲਿਆਂਦਾ ਜਾਵੇ।
ਜਗਮੀਤ ਸਿੰਘ ਨੇ ਕੋਵਿਡ-19 ਮਹਾਂਮਾਰੀ ਦਾ ਹਵਾਲਾ ਦਿੰਦਿਆਂ ਕਿਹਾ ਕਿ, “ਜਿਵੇਂ ਸੰਸਦ ਨੇ ਤੁਰੰਤ ਬੈਠਕਾਂ ਬੁਲਾ ਕੇ ਆਰਥਿਕ ਮਦਦ ਅਤੇ ਹੋਰ ਸਹਾਇਤਾ ਪ੍ਰੋਗਰਾਮ ਪਾਸ ਕੀਤੇ ਸਨ, ਠੀਕ ਉਵੇਂ ਹੀ ਹੁਣ ਵੀ ਕਰਨਾ ਚਾਹੀਦਾ ਹੈ।”
ਪਰ, ਉਨ੍ਹਾਂ ਨੇ ਇਹ ਵੀ ਸਾਫ਼ ਕਰ ਦਿੱਤਾ ਕਿ ਲਿਬਰਲ ਸਰਕਾਰ ਨੇ ਅਜੇ ਤੱਕ ਕੋਈ ਵਿਸ਼ੇਸ਼ ਯੋਜਨਾ ਪੇਸ਼ ਨਹੀਂ ਕੀਤੀ।
ਜਗਮੀਤ ਸਿੰਘ ਨੇ ਬੀ.ਸੀ. ਦੇ ਬਰਨਾਬੀ ਵਿੱਚ ਪੱਤਰਕਾਰਾਂ ਨੂੰ ਦੱਸਿਆ। “ਮੈਂ ਆਪਣੇ ਬਿਆਨ ‘ਤੇ ਕਾਇਮ ਹਾਂ ਕਿ ਮੈਂ ਸਰਕਾਰ ਖ਼ਿਲਾਫ਼ ਸਭ ਤੋਂ ਪਹਿਲੇ ਮੌਕੇ ‘ਤੇ ਵੋਟ ਪਾਵਾਂਗਾ, ਜੇਕਰ ਲਿਬਰਲਸ ਮਜ਼ਦੂਰਾਂ ਲਈ ਵਾਸਤਵ ਵਿੱਚ ਕੋਈ ਸਮਰਥਨ ਲਿਆਉਣ ‘ਚ ਗੰਭੀਰ ਹਨ, ਤਾਂ ਉਹ ਵਿਰੋਧੀ ਆਗੂਆਂ ਨੂੰ ਇੱਕਜੁੱਟ ਕਰਕੇ ਇੱਕ ਯੋਜਨਾ ਪੇਸ਼ ਕਰਨ। ਅਜੇ ਤੱਕ ਉਨ੍ਹਾਂ ਨੇ ਅਜਿਹਾ ਕੁਝ ਨਹੀਂ ਕੀਤਾ।”
ਜ਼ਿਕਰਯੋਗ ਹੈ ਕਿ ਅਮਰੀਕੀ ਵ੍ਹਾਈਟ ਹਾਊਸ ਨੇ ਮੰਗਲਵਾਰ ਨੂੰ ਪੁਸ਼ਟੀ ਕੀਤੀ ਕਿ ਰਾਸ਼ਟਰਪਤੀ ਡੋਨਾਲਡ ਟਰੰਪ 1 ਫਰਵਰੀ ਤੋਂ ਕੈਨੇਡਾ ਅਤੇ ਮੈਕਸੀਕੋ ਦੀਆਂ ਸਾਰੀਆਂ ਵਸਤੂਆਂ ‘ਤੇ 25% ਟੈਰਿਫ਼ ਲਗਾਉਣ ਦਾ ਇਰਾਦਾ ਰੱਖਦੇ ਹਨ।
ਇਸ ਤਰੀਕ ਤੋ ਪਹਿਲਾਂ, ਕੈਨੇਡਾ ਦੀ ਫੈਡਰਲ ਸਰਕਾਰ ਇੱਕ ਰਾਹਤ ਪੈਕੇਜ ਤਿਆਰ ਕਰਨ ‘ਤੇ ਵੀ ਵਿਚਾਰ ਕਰ ਰਹੀ ਹੈ, ਜੋ ਕਿ ਉਨ੍ਹਾਂ ਉਦਯੋਗਾਂ ਅਤੇ ਕਾਰੋਬਾਰਾਂ ਦੀ ਸਹਾਇਤਾ ਕਰੇਗਾ ਜੋ ਟਰੰਪ ਦੇ ਟੈਰਿਫ਼ ਕਾਰਨ ਪ੍ਰਭਾਵਿਤ ਹੋਣਗੇ। ਕਈ ਸੂਬਿਆਂ ਦੇ ਮੁੱਖ ਮੰਤਰੀ ਵੀ ਅਜਿਹੀ ਸਹਾਇਤਾ ਸਕੀਮ ‘ਤੇ ਗੱਲ ਕਰ ਰਹੇ ਹਨ, ਜੋ ਕੋਵਿਡ-19 ਦੌਰਾਨ ਦਿੱਤੇ ਗਏ ਆਰਥਿਕ ਸਮਰਥਨ ਦੀ ਤਰ੍ਹਾਂ ਹੋ ਸਕਦੀ ਹੈ। This report was written by Divroop Kaur as part of the Local Journalism Initiative.