ਲੇਖਕ : ਪੰਕਜ ਚਤੁਰਵੇਦੀ
ਦੁੱਧ ਉਤਪਾਦਾਂ ਲਈ ਮਸ਼ਹੂਰ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦਾ ਇਕ ਛੋਟਾ ਜਿਹਾ ਪਿੰਡ ਬਡਾਲ ਬੀਤੇ ਇਕ ਮਹੀਨੇ ਵਿਚ 17 ਮੌਤਾਂ ਕਾਰਨ ਚਰਚਾ ਵਿਚ ਹੈ। ਹਾਲੇ 16 ਹੋਰ ਮਰੀਜ਼ਾਂ ਦਾ ਇਲਾਜ ਵੱਖ-ਵੱਖ ਹਸਪਤਾਲਾਂ ਵਿਚ ਚੱਲ ਰਿਹਾ ਹੈ। ਬਡਾਲ ਵਿਚ ਜਾਨ ਗੁਆਉਣ ਵਾਲਿਆਂ ਵਿਚ ਜ਼ਿਆਦਾਤਰ ਬੱਚੇ ਹਨ। ਇਨ੍ਹਾਂ ਸਾਰਿਆਂ ਨੂੰ ਅਚਾਨਕ ਤੇਜ਼ ਬੁਖ਼ਾਰ ਅਤੇ ਸਾਹ ਲੈਣ ਵਿਚ ਦਿੱਕਤ ਹੋਈ। ਇਸ ਤੋਂ ਬਾਅਦ ਉਹ ਬੇਹੋਸ਼ ਹੋ ਗਏ ਤੇ ਫਿਰ ਉਨ੍ਹਾਂ ਦੀ ਜਾਨ ਚਲੀ ਗਈ।
ਇਸ ਤੋਂ ਬਾਅਦ ਤੋਂ ਪ੍ਰਸ਼ਾਸਨ ਦੁਆਰਾ ਕੋਵਿਡ ਕਾਲ ਦੀ ਤਰ੍ਹਾਂ ਪਿੰਡ ਦੇ ਵੱਡੇ ਹਿੱਸੇ ਨੂੰ ਬਾਹਰਲੇ ਸੰਪਰਕ ਨਾਲੋਂ ਪੂਰੀ ਤਰ੍ਹਾਂ ਕੱਟ ਦਿੱਤਾ ਗਿਆ। ਪ੍ਰਭਾਵਿਤ ਘਰਾਂ ਤੋਂ ਖਾਣ-ਪੀਣ ਵਾਲਾ ਸਾਰਾ ਸਾਮਾਨ ਕੱਢ ਦਿੱਤਾ ਗਿਆ ਅਤੇ ਲੋਕਾਂ ਨੂੰ ਪ੍ਰਸ਼ਾਸਨ ਦੁਆਰਾ ਮੁਹੱਈਆ ਕਰਵਾਈ ਗਈ ਸਮੱਗਰੀ ਹੀ ਖਾਣ-ਪੀਣ ਦੀ ਆਗਿਆ ਹੈ। ਪਾਕਿਸਤਾਨ ਦੀ ਸਰਹੱਦ ਨਾਲ ਲੱਗੇ ਇਸ ਪਿੰਡ ਵਿਚ ਇਸ ਤਰ੍ਹਾਂ ਦੀਆਂ ਮੌਤਾਂ ਨੇ ਕਈ ਖ਼ਦਸ਼ੇ ਖੜ੍ਹੇ ਕੀਤੇ ਹਨ।
ਕੇਂਦਰੀ ਮੰਤਰੀ ਡਾ. ਜਤਿੰਦਰ ਸਿੰਘ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੇ ਸਰੀਰ ਵਿਚ ਕੈਡਮਿਅਮ ਦੀ ਭਾਰੀ ਮਾਤਰਾ ਪਾਈ ਗਈ ਅਤੇ ਮੌਤ ਦਾ ਕਾਰਨ ਇਹੀ ਲੱਗਦਾ ਹੈ। ਓਥੇ ਹੀ ਪੀਜੀਆਈ ਚੰਡੀਗੜ੍ਹ ਦੀ ਇਕ ਰਿਪੋਰਟ ਅਨੁਸਾਰ ਬਿਮਾਰ ਲੋਕਾਂ ਦੇ ਸਰੀਰ ਵਿਚ ਬਹੁਤ ਸਾਰੀਆਂ ਭਾਰੀ ਧਾਤਾਂ ਮਿਲੀਆਂ ਹਨ। ਇਨ੍ਹਾਂ ਦੀ ਮਾਤਰਾ ਵੀ ਆਮ ਨਾਲੋਂ ਕਈ ਗੁਣਾ ਜ਼ਿਆਦਾ ਮਿਲੀ ਹੈ। ਮਾਹਿਰਾਂ ਮੁਤਾਬਕ ਭਾਰੀ ਧਾਤਾਂ ਜ਼ਹਿਰ ਵਰਗਾ ਕੰਮ ਕਰਦੀਆਂ ਹਨ। ਮਰੀਜ਼ਾਂ ਦੇ ਖ਼ੂਨ ਦੇ ਨਮੂਨਿਆਂ ਨੂੰ ਕੇਂਦਰੀ ਫਾਰੈਂਸਿਕ ਸਾਇੰਸ ਲੈਬੋਰੇਟਰੀ, ਡੀਆਰਡੀਓ ਗਵਾਲੀਅਰ ਅਤੇ ਹੋਰ ਵੱਕਾਰੀ ਲੈਬਜ਼ ਨੂੰ ਵੀ ਭੇਜਿਆ ਗਿਆ ਹੈ। ਉੱਥੋਂ ਰਿਪੋਰਟ ਮਿਲਣ ‘ਤੇ ਹੀ ਬਿਮਾਰੀ ਦੇ ਅਸਲੀ ਕਾਰਨ ਦਾ ਪਤਾ ਲੱਗ ਸਕੇਗਾ।
ਫ਼ਿਲਹਾਲ ਇੰਨਾ ਸਪਸ਼ਟ ਹੈ ਕਿ ਬਡਾਲ ਵਿਚ ਮਰਨ ਵਾਲਿਆਂ ਦੇ ਸਰੀਰ ਵਿਚ ਕਿਸੇ ਕਿਸਮ ਦਾ ਜ਼ਹਿਰ ਨਹੀਂ ਮਿਲਿਆ। ਜਿਸ ਤਰ੍ਹਾਂ ਬਿਮਾਰੀ ਫੈਲੀ, ਉਸ ਤੋਂ ਇਹੀ ਸੰਕੇਤ ਮਿਲਦਾ ਹੈ ਕਿ ਕੈਡਮਿਅਮ ਜਾਂ ਹੋਰ ਭਾਰੀ ਧਾਤ ਦੀ ਵੱਡੀ ਮਾਤਰਾ ਕਿਸ ਤਰ੍ਹਾਂ ਖ਼ੁਰਾਕੀ ਲੜੀ ਵਿਚ ਆਈ। ਬਡਾਲ ਪਿੰਡ ਹਿਮਾਲਿਆ ਦੀ ਪੀਰ ਪੰਜਾਲ ਪਰਬਤ ਲੜੀ ਦੀ ਗੋਦ ਵਿਚ ਹੈ। ਇੱਥੋਂ ਬਹੁਤ ਸਾਰੀਆਂ ਜਲ ਧਾਰਾਵਾਂ ਵਗਦੀਆਂ ਹਨ।
ਚਿਨਾਬ ਦੀ ਸਹਾਇਕ ਨਦੀ ਆਂਸੀ ਬਡਾਲ ਤੋਂ ਹੋ ਕੇ ਗੁਜ਼ਰਦੀ ਹੈ। ਸੰਭਵ ਹੈ ਕਿ ਪਾਣੀ ਜ਼ਰੀਏ ਕੈਡਮਿਅਮ ਜਾਂ ਹੋਰ ਕੋਈ ਇਹ ਭਾਰੀ ਧਾਤੂ ਲੋਕਾਂ ਦੇ ਸਰੀਰ ਵਿਚ ਪੁੱਜੀ ਹੋਵੇ। ਬਡਾਲ ਤੇ ਉਸ ਦੇ ਆਸਪਾਸ ਬਹੁਤ ਸਾਰੀਆਂ ਨਦੀਆਂ ਅਤੇ ਝਰਨੇ ਹਨ। ਇੱਥੇ ਕਈ ਤਲਾਬ ਵੀ ਹਨ। ਵੱਡੀ ਆਬਾਦੀ ਪਾਣੀ ਲਈ ਇਨ੍ਹਾਂ ਜਲ ਸੋਮਿਆਂ ‘ਤੇ ਨਿਰਭਰ ਹੈ। ਕਿਉਂਕਿ ਇਸ ਇਲਾਕੇ ਵਿਚ ਕੋਲਾ, ਚੂਨਾ, ਬਾਕਸਾਈਟ, ਲੋਹਾ ਤੇ ਬੈਂਟੋਨਾਈਟ ਵਰਗੇ ਖਣਿਜ ਮਿਲਦੇ ਹਨ, ਇਸ ਕਾਰਨ ਨਾਜਾਇਜ਼ ਖਣਨ ਵੱਡੀ ਸਮੱਸਿਆ ਹੈ। ਅਜਿਹੇ ਵਿਚ ਮਾਈਨਿੰਗ ਦੀ ਰਹਿੰਦ-ਖੂਹੰਦ ਜਲ ਧਾਰਾਵਾਂ ਵਿਚ ਮਿਲਣ ਕਾਰਨ ਉਸ ਵਿਚ ਭਾਰੀ ਧਾਤ ਦੀ ਮਾਤਰਾ ਵਧਣ ਦਾ ਖ਼ਦਸ਼ਾ ਹੈ।