-0.1 C
Vancouver
Sunday, February 2, 2025

ਜ਼ਿੰਦਗੀ, ਮਨੁੱਖੀ ਗੁਣ ਤੇ ਵਿਸ਼ਵਾਸ

 

ਲੇਖਕ : ਸੰਜੀਤ ਸਿੰਘ ਸੈਣੀ
ਮੋਬਾਈਲ : 78889-66168
ਖ਼ੁਸ਼ੀਆਂ ਅਤੇ ਗ਼ਮ ਇਨਸਾਨੀ ਜ਼ਿੰਦਗੀ ਵਿਚ ਵਾਰੋ-ਵਾਰੀ ਗੇੜਾ ਮਾਰਦੇ ਰਹਿੰਦੇ ਹਨ। ਜ਼ਿੰਦਗੀ ਵਿਚ ਹਾਲਾਤ ਇਕੋ ਜਿਹੇ ਨਹੀਂ ਰਹਿੰਦੇ, ਭਾਵ ਜੇ ਦੁੱਖ ਵੀ ਆਇਆ ਹੈ ਤਾਂ ਉਹ ਸਥਾਈ ਰਹਿਣ ਵਾਲਾ ਨਹੀਂ ਹੈ। ਹਾਲਾਤ ਬਦਲਦੇ ਰਹਿੰਦੇ ਹਨ। ਇਸੇ ਤਰ੍ਹਾਂ ਵਿਅਕਤੀ ਦੇ ਮਨ ਅੰਦਰ ਤਰ੍ਹਾਂ-ਤਰ੍ਹਾਂ ਦੀਆਂ ਭਾਵਨਾਵਾਂ ਪੈਦਾ ਹੁੰਦੀਆਂ ਹਨ। ਤਰ੍ਹਾਂ-ਤਰ੍ਹਾਂ ਦੇ ਵਿਚਾਰ ਆਉਂਦੇ ਹਨ। ਦੂਜਿਆਂ ਪ੍ਰਤੀ ਨਜ਼ਰੀਆ ਬਦਲ ਜਾਂਦਾ ਹੈ। ਸਮਾਜ ਵਿਚ ਵਿਚਰਦੇ ਹੋਏ ਸਾਨੂੰ ਕਿਸੇ ਤੋਂ ਵੀ ਜ਼ਰੂਰਤ ਪੈ ਜਾਂਦੀ ਹੈ। ਮਾੜੇ ਸਮੇਂ ਵਿਚ ਪਤਾ ਲਗਦਾ ਹੈ ਕਿ ਸਾਡੇ ਦੁੱਖ ਵਿਚ ਕੌਣ ਖੜ੍ਹਿਆ ਸੀ। ਉਸੇ ਤਰ੍ਹਾਂ ਦੀ ਬੰਦੇ ਦੀ ਸੋਚ, ਬੋਲ-ਬਾਣੀ ਹੋ ਜਾਂਦੀ ਹੈ। ਹਰ ਵਿਅਕਤੀ ਦਾ ਵਿਹਾਰ ਨਜ਼ਰੀਆ ਸਾਰਿਆਂ ਲਈ ਇਕੋ ਜਿਹਾ ਨਹੀਂ ਹੁੰਦਾ।
ਬੋਲਚਾਲ ਤੋਂ ਹੀ ਇਨਸਾਨ ਦੀ ਸ਼ਖ਼ਸੀਅਤ ਝਲਕਦੀ ਹੈ। ਨਿਮਰਤਾ, ਪ੍ਰੀਤ, ਪਿਆਰ ਤੇ ਸਤਿਕਾਰ ਇਹ ਗਹਿਣੇ ਹਰ ਇਨਸਾਨ ਦੇ ਹਨ। ਅਕਸਰ ਕਿਹਾ ਜਾਂਦਾ ਹੈ ਕਿ ਇਨਸਾਨ ਦਾ ਪਤਾ ਲੱਗ ਜਾਂਦਾ ਹੈ ਕਿ ਉਸ ਦਾ ਘਰ ਵਿਚ ਪਰਿਵਾਰਕ ਮੈਂਬਰਾਂ ਨਾਲ ਵਤੀਰਾ ਕਿਹੋ ਜਿਹਾ ਹੈ। ਜੋ ਇਨਸਾਨ ਬਾਹਰ ਵੀ ਚੰਗਾ ਵਤੀਰਾ ਕਰੇਗਾ, ਉਸ ਵਿਅਕਤੀ ਦੀ ਚਾਰ ਚੁਫ਼ੇਰੇ ਬੱਲੇ-ਬੱਲੇ ਹੋਵੇਗੀ।
ਕਦੀ ਵੀ ਇਨਸਾਨ ਨੂੰ ਕਿਸੇ ਵੀ ਉਮਰ ਦੇ ਪੜਾਅ ਵਿਚ ਦੁਖੀ ਨਹੀਂ ਹੋਣਾ ਚਾਹੀਦਾ। ਦੁਖੀ ਰਹਿਣ ਕਾਰਨ ਇਨਸਾਨ ਦੀ ਸਿਹਤ ਵੀ ਜਵਾਬ ਦੇਣ ਲੱਗ ਜਾਂਦੀ ਹੈ। ਹਮੇਸ਼ਾ ਤੰਦਰੁਸਤ ਰਹਿਣਾ ਚਾਹੀਦਾ ਹੈ। ਹਸਮੁਖ ਚਿਹਰਾ ਰੱਖਣਾ ਚਾਹੀਦਾ ਹੈ। ਜੇ ਕਿਸੇ ਕੰਮ ਵਿਚ ਅਸਫ਼ਲ ਹੋਏ ਹੋ ਤਾਂ ਕਦੇ ਵੀ ਨਿਰਾਸ਼ ਨਾ ਹੋਵੋ। ਆਸ ‘ਤੇ ਹੀ ਸੰਸਾਰ ਚਲਦਾ ਹੈ। ਵਿਅਕਤੀ ਦੀ ਵਧੀਆ ਸੋਚ, ਦ੍ਰਿੜ੍ਹ ਵਿਸ਼ਵਾਸ, ਚੰਗੇ ਲੋਕਾਂ ਦੀ ਜੀਵਨੀ, ਚੰਗੀ ਬੋਲਬਾਣੀ ਹਮੇਸ਼ਾ ਇਨਸਾਨ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦੀਆਂ ਹਨ। ਹਮੇਸ਼ਾ ਚੰਗੇ ਕੰਮ ਲਈ ਆਸ ਰੱਖੋ। ਸਾਕਾਰਾਤਮਿਕ ਨਜ਼ਰੀਆ ਰੱਖੋ। ਨਾਂਹਪੱਖੀ ਸੋਚ ਵਾਲੇ ਲੋਕਾਂ ਤੋਂ ਦੂਰ ਰਹੋ।
ਅਕਸਰ ਅੱਜ ਬਹੁਤ ਲੋਕ ਤਣਾਅ ਵਿਚੋਂ ਗੁਜ਼ਰ ਰਹੇ ਹਨ। ਮਹਿੰਗਾਈ, ਵਧੀਆ ਰੁਜ਼ਗਾਰ ਨਾ ਹੋਣਾ, ਪੈਸੇ ਦੀ ਕਮੀ, ਇਕ-ਦੂਜੇ ਨੂੰ ਨੀਵਾਂ ਦਿਖਾਉਣਾ, ਬੱਚਿਆਂ ਦੀ ਚਿੰਤਾ ਹੋਰ ਵੀ ਅਜਿਹੇ ਕਈ ਤਣਾਅ ਦੇ ਮੁੱਖ ਕਾਰਨ ਹਨ। ਹਮੇਸ਼ਾ ਆਪਣੇ-ਆਪ ਨੂੰ ਕਿਸੇ ਚੰਗੇ ਕੰਮ ਵਿਚ ਲਗਾ ਕੇ ਰੱਖੋ। ਕਿਸੇ ਬਾਰੇ ਵੀ ਨਕਾਰਾਤਮਿਕ ਸੋਚ ਨਾ ਰੱਖੋ। ਸੈਰ ਕਰੋ, ਜਿੰਨਾ ਵੀ ਤੁਹਾਡੇ ਕੋਲ ਹੈ, ਉਸ ਵਿਚ ਸਬਰ ਰੱਖੋ। ਆਪਣੇ ਹੇਠਾਂ ਵੀ ਝਾਤੀ ਮਾਰ ਕੇ ਦੇਖੋ, ਜਿਨ੍ਹਾਂ ਕੋਲ ਰਹਿਣ ਲਈ ਛੱਤ ਵੀ ਨਹੀਂ ਹੈ। ਹਰ ਵੇਲੇ ਪਰਮਾਤਮਾ ਦਾ ਸ਼ੁਕਰਗੁਜ਼ਾਰ ਕਰੋ। ਵਧੀਆ ਕਿਤਾਬਾਂ ਪੜ੍ਹੋ। ਜ਼ਿਆਦਾ ਨਾ ਸੋਚੋ। ਚੰਗਾ ਖਾਣਾ ਖਾਓ, ਜਿਸ ਨਾਲ ਤੁਹਾਡੀ ਸਿਹਤ ਤੰਦਰੁਸਤ ਰਹੇ। ਪਾਰਕ ਵਿਚ ਜਾਓ, ਗੁਰੂ ਘਰ ਜਾਓ।
ਅੱਜ ਪੈਸੇ ਦੀ ਹੋੜ ਬਹੁਤ ਹੈ। ਅੱਜ ਦੀ ਜ਼ਿੰਦਗੀ ਵਿਚ ਪੈਸਾ ਬਹੁਤ ਜ਼ਰੂਰੀ ਹੈ, ਜਿਸ ਇਨਸਾਨ ਕੋਲ ਪੈਸਾ ਹੈ, ਜੋ ਕੱਲ੍ਹ ਨੂੰ ਕੋਈ ਮੁਸੀਬਤ ਵੀ ਪੈ ਜਾਵੇ ਤਾਂ ਚਾਰ ਬੰਦੇ ਤਾਂ ਹੀ ਨੇੜੇ ਖੜ੍ਹਦੇ ਹਨ। ਪਰ ਕਈ ਵਾਰ ਪੈਸਾ ਹੀ ਸਭ ਕੁਝ ਨਹੀਂ ਹੁੰਦਾ। ਪੈਸੇ ਨਾਲ ਤੁਸੀਂ ਪਿਆਰ, ਸਕੂਨ, ਵਧੀਆ ਨੀਂਦ, ਖ਼ੁਸ਼ੀ ਨਹੀਂ ਖ਼ਰੀਦ ਸਕਦੇ। ਰੋਟੀ, ਕੱਪੜਾ ਅਤੇ ਮਕਾਨ ਹਰ ਇਨਸਾਨ ਦੀਆਂ ਬੁਨਿਆਦੀ ਲੋੜਾਂ ਹਨ।
ਸਾਦਗੀ ਦਾ ਮਨੁੱਖੀ ਜੀਵਨ ਵਿਚ ਬਹੁਤ ਜ਼ਿਆਦਾ ਮਹੱਤਵ ਹੈ। ਅੱਜ ਦੀ ਜੋ ਪੀੜ੍ਹੀ ਹੈ, ਉਸ ਨੂੰ ਦਿਖਾਵਾ ਜ਼ਿਆਦਾ ਕਰਨ ਦੀ ਹੋੜ ਹੈ। ਸਾਦਗੀ ਮਨੁੱਖੀ ਜੀਵਨ ਦਾ ਅਨਮੋਲ ਗਹਿਣਾ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਜੋ ਲੋਕ ਸਾਦਾ ਜੀਵਨ ਬਤੀਤ ਕਰਦੇ ਹਨ, ਉਨ੍ਹਾਂ ਦਾ ਦੁਨਿਆਵੀ ਵਸਤਾਂ ਤੋਂ ਲੋਭ ਭੋਗ ਹੋ ਜਾਂਦਾ ਹੈ। ਸ਼ਾਂਤ ਮਨ ਦੀ ਸਥਿਤੀ ਵਿਚ ਵਿਅਕਤੀ ਉਲਝਣਾਂ ਤੋਂ ਬਚਿਆ ਰਹਿੰਦਾ ਹੈ। ਹਮੇਸ਼ਾ ਸਮੇਂ ਦੀ ਕਦਰ ਕਰੋ। ਜੋ ਇਨਸਾਨ ਸਮੇਂ ਦੀ ਕਦਰ ਕਰਦੇ ਹਨ, ਉਹ ਹਮੇਸ਼ਾ ਤਰੱਕੀ ਕਰਦੇ ਹਨ। ਜੋ ਇਨਸਾਨ ਸਮੇਂ ਦੇ ਮੁਤਾਬਕ ਹਰ ਕੰਮ ਕਰਦਾ ਹੈ, ਉਹ ਕਦੇ ਵੀ ਠੋਕਰਾਂ ਨਹੀਂ ਖਾਂਦਾ। ਹਮੇਸ਼ਾ ਜਿਥੇ ਵੀ ਜਾਣਾ ਹੈ, ਸਮੇਂ ਸਿਰ ਜਾਓ। ਨੌਕਰੀ ਪੇਸ਼ਾ ਵਾਲੇ ਵਿਅਕਤੀ ਨੂੰ ਹਮੇਸ਼ਾ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ। ਕਹਿੰਦੇ ਹਨ ਕਿ ਜੇ ਇਕ ਵਾਰ ਸਮਾਂ ਲੰਘ ਗਿਆ, ਉਹ ਵਾਪਸ ਮੁੜ ਕੇ ਨਹੀਂ ਆਉਂਦਾ। ਹਮੇਸ਼ਾ ਚੰਗੇ ਲੋਕਾਂ ਦੀ ਸੰਗਤ ਕਰੋ। ਚੰਗਾ ਦੋਸਤ ਬਣਾਓ। ਜ਼ਿੰਦਗੀ ਦੇ ਹਰ ਪਲ ਦਾ ਅਨੰਦ ਮਾਣੋ। ਇਹ ਜ਼ਿੰਦਗੀ ਸਾਨੂੰ ਕੱਟਣ ਲਈ ਨਹੀਂ ਮਿਲੀ ਹੈ, ਜ਼ਿੰਦਗੀ ਨੂੰ ਬੋਝ ਨਾ ਸਮਝੋ। ਜ਼ਿੰਦਗੀ ਹੱਸ ਖੇਡ ਕੇ ਗੁਜ਼ਾਰੋ। ਨਿਰਾਸ਼ ਨਾ ਹੋਵੋ। ਜੇ ਸਫ਼ਲ ਨਹੀਂ ਹੋਏ ਤਾਂ ਗ਼ਲਤੀਆਂ ਤੋਂ ਸਿੱਖੋ। ਹਮੇਸ਼ਾ ਸੱਚ ਬੋਲੋ। ਝੂਠ ਦਾ ਕਦੇ ਵੀ ਸਹਾਰਾ ਨਾ ਲਓ। ਬਜ਼ੁਰਗਾਂ ਦਾ ਸਤਿਕਾਰ ਕਰੋ। ਸਹਿਣਸ਼ੀਲ ਰਹੋ। ਨਿਮਰਤਾ ਮਨੁੱਖੀ ਜੀਵਨ ਦਾ ਅਨਮੋਲ ਗਹਿਣਾ ਹੈ। ਵਧੀਆ ਜ਼ਿੰਦਗੀ ਜਿਊਣ ਲਈ ਪਿਆਰ, ਸਤਿਕਾਰ, ਨਿਮਰਤਾ ਬਹੁਤ ਜ਼ਰੂਰੀ ਹੈ। ਬੋਲਬਾਣੀ ਤੋਂ ਹੀ ਇਨਸਾਨ ਦੀ ਸ਼ਖ਼ਸੀਅਤ ਦਾ ਪਤਾ ਚੱਲ ਜਾਂਦਾ ਹੈ। ਹਮੇਸ਼ਾ ਚੰਗਾ ਬੋਲੋ। ਕਦੇ ਕਿਸੇ ਨੂੰ ਉੱਚਾ ਨਾ ਬੋਲੋ। ਰਾਹ ਜਾਂਦੇ ਕਿਸੇ ਸੱਜਣ ਨੂੰ ਟਿੱਚਰ ਨਾ ਕਰੋ। ਅਕਸਰ ਸਿਆਣੇ ਕਹਿੰਦੇ ਵੀ ਹਨ ਕਿ ਇਕ ਚੁੱਪ ਸੌ ਸੁੱਖ। ਕੁਝ ਵੀ ਬੋਲਣਾ ਹੈ ਤਾਂ ਪਹਿਲਾਂ ਉਸ ‘ਤੇ ਸੋਚ ਵਿਚਾਰ ਕਰੋ। ਆਪਣੇ-ਆਪ ‘ਤੇ ਵਿਸ਼ਵਾਸ ਰੱਖੋ। ਸੁਣੋ ਸਭ ਦੀ, ਕਰੋ ਮਨ ਦੀ। ਕਿੱਥੇ ਕੀ ਗੱਲ ਕਰਨੀ ਹੈ, ਸੋਚ ਸਮਝ ਕੇ ਬੋਲੋ। ਸੁਣੋ ਧਿਆਨ ਨਾਲ। ਕਦੀ ਵੀ ਆਪਣੇ-ਆਪ ਨੂੰ ਬੇਸਹਾਰਾ, ਕਮਜ਼ੋਰ ਨਾ ਸਮਝੋ। ਲੋੜਵੰਦਾਂ ਦੀ ਮਦਦ ਕਰੋ। ਜੇ ਪਰਮਾਤਮਾ ਦੀ ਕਿਰਪਾ ਨਾਲ ਤੁਹਾਡੇ ਕੋਲ ਜ਼ਿਆਦਾ ਪੈਸਾ ਹੈ ਤਾਂ ਦੁਖੀਆਂ ਦੀ ਮਦਦ ਕਰੋ। ਕਿਸੇ ਦਾ ਦਿਲ ਦੁਖੀ ਨਾ ਕਰੋ। ਹਰ ਸਵੇਰ ਨਵੀਂ ਉਮੀਦ ਲੈ ਕੇ ਆਉਂਦੀ ਹੈ। ਵਰਤਮਾਨ ਵਿਚ ਰਹਿੰਦੇ ਹੋਏ ਪਿਛਲੀਆਂ ਗੱਲਾਂ ਨੂੰ ਕਦੇ ਵੀ ਯਾਦ ਨਾ ਕਰੋ। ਜੇ ਵਰਤਮਾਨ ਵਿਚ ਹੱਸ-ਖੇਡ ਕੇ ਰਹਾਂਗੇ ਤਾਂ ਭਵਿੱਖ ਦੀ ਸਾਨੂੰ ਫ਼ਿਕਰ ਨਹੀਂ ਰਹੇਗੀ।

Related Articles

Latest Articles