ਸਰੀ, (ਸਿਮਰਨਜੀਤ ਸਿੰਘ): ਸਰੀ ਦੀ ਮੇਅਰ ਬਰੈਂਡਾ ਲੌਕ ਨੇ ਕੌਂਸਲ ਦੀ ਤਨਖ਼ਾਹ ਵਿੱਚ 8% ਵਾਧਾ ਕਰਨ ਦੀ ਸਿਫ਼ਾਰਸ਼ ‘ਤੇ ਹੋ ਰਹੀ ਤਿੱਖੀ ਆਲੋਚਨਾ ਤੋਂ ਖੁਦ ਨੂੰ ਬਚਾਉਣ ਲਈ ਸ਼ਹਿਰੀ ਅਧਿਕਾਰੀਆਂ ਨੂੰ ਨੀਤੀ ਦੀ ਮੁੜ ਸਮੀਖਿਆ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਹ ਵਾਧਾਂ ਨਵੇਂ ਸਾਲ ਦੀ ਸ਼ੁਰੂਆਤ ਤੋਂ ਲਾਗੂ ਹੋਣ ਵਾਲਾ ਸੀ, ਪਰ ਹੁਣ ਅਧਿਕਾਰੀਆਂ ਨੂੰ ਮੁੜ ਸਮੀਖਿਆ ਕਰਨ ਦੇ ਨਿਰਦੇਸ਼ ਦਿੱਤੇ ਹਨ।
ਜ਼ਿਕਰਯੋਗ ਹੈ ਕਿ 16 ਦਸੰਬਰ 2024 ਨੂੰ, ਸ਼ਹਿਰੀ ਕਰਮਚਾਰੀਆਂ ਦੀ ਤਿਆਰ ਕੀਤੀ ਇੱਕ ਰਿਪੋਰਟ ਕੌਂਸਲ ਦੀ ਮੀਟਿੰਗ ‘ਚ ਪੇਸ਼ ਹੋਈ, ਜਿਸ ਵਿੱਚ ਕੌਂਸਲਰਾਂ ਦੀ ਤਨਖ਼ਾਹ 8% ਵਧਾਉਣ ਦੀ ਸਿਫ਼ਾਰਸ਼ ਕੀਤੀ ਗਈ ਸੀ।
ਪਰ ਉਸ ਦਿਨ ਮੇਅਰ ਬਰੈਂਡਾ ਲੌਕ ਉਥੇ ਮੌਜੂਦ ਨਹੀਂ ਸਨ, ਕਿਉਂਕਿ ਉਹ ਔਟਵਾ ‘ਚ ਸ਼ਹਿਰ ਦੀ ਨੁਮਾਇੰਦਗੀ ਲਈ ਗਏ ਹੋਏ ਸਨ। ਕੌਂਸਲਰ ਹੈਰੀ ਬੈਂਸ ਨੇ ਉਸ ਮੀਟਿੰਗ ਦੀ ਅਗਵਾਈ ਕੀਤੀ, ਅਤੇ ਉਹਨਾਂ ਨੇ ਇਸ ਮੁੱਦੇ ਨੂੰ 13 ਜਨਵਰੀ 2025 ਤਕ ਮੁਲਤਵੀ ਕਰ ਦਿੱਤਾ, ਤਾਂ ਜੋ ਸਭ ਕੌਂਸਲ ਮੈਂਬਰ ਹਾਜ਼ਰ ਹੋਣ ‘ਤੇ ਇਸ ‘ਤੇ ਵੋਟ ਪਾਈ ਜਾਵੇ।
ਜੇਕਰ ਵੋਟਿੰਗ ਹੋ ਜਾਂਦੀ, ਤਾਂ ਮੇਅਰ ਲੌਕ ਦੀ ਤਨਖ਼ਾਹ $171,150 ਤੋਂ $184,899 ਹੋ ਜਾਂਦੀ, ਜਿਸ ਵਿੱਚ $13,749 ਦਾ ਵਾਧਾ ਹੁੰਦਾ, ਅਤੇ ਕੌਂਸਲ ਮੈਂਬਰਾਂ ਦੀ ਤਨਖ਼ਾਹ $87,287 ਤੋਂ $94,298 ਹੋ ਜਾਂਦੀ, ਜਿਸ ਵਿੱਚ $7,011 ਦਾ ਵਾਧਾ ਸ਼ਾਮਲ ਹੁੰਦਾ।
ਸਰੀ ਫ਼ਸਟ ਪਾਰਟੀ ਦੇ ਕੌਂਸਲਰ ਲਿੰਡਾ ਐਨੀਸ ਅਤੇ ਮਾਈਕ ਬੋਸੇ ਨੇ ਉਸ ਦਿਨ ਹੀ ਇੱਕ ਪ੍ਰੈਸ ਰਿਲੀਜ਼ ਜਾਰੀ ਕਰਕੇ ਇਸ ਵਾਧੇ ਦਾ ਵਿਰੋਧ ਕੀਤਾ ਸੀ। ਉਹਨਾਂ ਨੇ ਕਿਹਾ, “ਜਦ ਸ਼ਹਿਰ ਵਾਸੀ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਹਨ, ਤਾਂ ਆਪਣੇ ਲਈ ਤਨਖ਼ਾਹ ਵਧਾਉਣਾ ਗਲਤ ਹੋਵੇਗਾ।”
ਉਧਰ 13 ਜਨਵਰੀ ਦੀ ਮੀਟਿੰਗ ਆਈ ਅਤੇ ਗੁਜ਼ਰ ਗਈ, ਪਰ ਇਸ ਮੁੱਦੇ ‘ਤੇ ਕੋਈ ਚਰਚਾ ਨਹੀਂ ਹੋਈ। 27 ਜਨਵਰੀ ਨੂੰ ਮੇਅਰ ਲੌਕ ਨੇ ਅਧਿਕਾਰੀਆਂ ਨੂੰ ਨੀਤੀ ਦੀ ਮੁੜ ਸਮੀਖਿਆ ਕਰਨ ਦੀ ਹਦਾਇਤ ਦਿੱਤੀ ਅਤੇ ਕਿਹਾ ਕਿ ਇਹ ਮੁੱਦਾ 2025 ਦੀ ਪਹਿਲੀ ਤਿਮਾਹੀ ਵਿੱਚ ਮੁੜ ਲਿਆਂਦਾ ਜਾਵੇ।
ਉਨ੍ਹਾਂ ਨੇ ਕਿਹਾ, “ਕੌਂਸਲ ਦੀ ਤਨਖ਼ਾਹ ‘ਤੇ ਚਰਚਾ ਆਮ ਤੌਰ ‘ਤੇ ਸੰਵੇਦਨਸ਼ੀਲ ਰਹਿੰਦੀ ਹੈ, ਖਾਸ ਕਰਕੇ ਆਉਣ ਵਾਲੀ ਮੁਸ਼ਕਲ ਆਰਥਿਕੀ ਹਾਲਤ ਨੂੰ ਦੇਖਦੇ ਹੋਏ।”
ਉਨ੍ਹਾਂ ਨੇ ਇਹ ਵੀ ਸਾਫ਼ ਕੀਤਾ ਕਿ “ਇਹ ਤਨਖ਼ਾਹ ਵਾਧਾ ਮੇਰੀ ਜਾਂ ਕਿਸੇ ਹੋਰ ਕੌਂਸਲ ਮੈਂਬਰ ਦੀ ਸ਼ਖ਼ਸੀ ਮੰਗ ਨਹੀਂ ਸੀ। ਇਹ 2017 ਵਿੱਚ ਬਣਾਈ ਨੀਤੀ (ਛੋੁਨਚਿਲ ਫੋਲਿਚੇ ਧ-36) ਦੇ ਤਹਿਤ ਹੈ, ਜਿਸ ਵਿੱਚ ਹਰ 4 ਸਾਲ ਬਾਅਦ ਕੌਂਸਲ ਦੀ ਤਨਖ਼ਾਹ ਦਾ ਮੁਲਾਂਕਣ ਕੀਤਾ ਜਾਂਦਾ ਹੈ।”
ਮੇਅਰ ਲੌਕ ਨੇ ਸ਼ਹਿਰੀ ਅਧਿਕਾਰੀਆਂ ਨੂੰ ਕਿਹਾ ਕਿ ਇਸ ਨੀਤੀ ਨੂੰ ਪੂਰੀ ਤਰ੍ਹਾਂ ਸਮੀਖਿਆ ਕੀਤੀ ਜਾਵੇ।
ਨੀਤੀ ਮੁਤਾਬਕ, ਸ਼ਹਿਰੀ ਅਧਿਕਾਰੀਆਂ ਅਤੇ ਇੱਕ ਬਾਹਰੀ ਸਲਾਹਕਾਰ ਨੇ 12 ਵੱਡੇ ਸ਼ਹਿਰਾਂ ਦੀ ਤਨਖ਼ਾਹ ਨੀਤੀ ਦਾ ਵਿਸ਼ਲੇਸ਼ਣ ਕੀਤਾ।
ਇਸ ਵਿੱਚ ਓਨਟਾਰੀਓ: ਬ੍ਰੈਂਪਟਨ, ਓਟਾਵਾ, ਟੋਰਾਂਟੋ, ਮਿਸੀਸਾਗਾ, ਕੈਲਗਰੀ, ਐਡਮੰਟਨ, ਵੈਨਕੂਵਰ, ਵਿਚਟੋਰੀਆ, ਵਿੰਨੀਪੈਗ, ਬਰਨਾਬੀ, ਕੋਕੁਟਲਾਮ, ਰਿਚਮੰਡ ਸ਼ਹਿਰ ਸ਼ਾਮਲ ਹਨ, ‘ਚ 2021 ਵਿੱਚ ਵੀ ਵਾਧਾ ਕੀਤਾ ਗਿਆ ਸੀ। ਮਿਸੀਸਾਗਾ ਅਤੇ ਟੋਰਾਂਟੋ ਨੇ ਇਸ ਸਰਵੇਖਣ ‘ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ, ਪਰ ਉਨ੍ਹਾਂ ਦੀ ਤਨਖ਼ਾਹ ਸੰਬੰਧੀ ਜਾਣਕਾਰੀ ਸਰਕਾਰੀ ਰਿਕਾਰਡ ਤੋਂ ਲੈ ਲਈ ਗਈ।
ਹਰ 4 ਸਾਲ ਬਾਅਦ ਹੋਣ ਵਾਲੀ ਇਸ ਸਮੀਖਿਆ ਆਖਰੀ ਵਾਰ 2021 ਵਿੱਚ ਕੀਤੀ ਗਈ ਸੀ, ਜਿਸ ‘ਚ ਮੇਅਰ ਦੀ ਤਨਖ਼ਾਹ $150,576 ਤੋਂ $156,800 ਹੋਈ ਸੀ। ਕੌਂਸਲ ਮੈਂਬਰਾਂ ਦੀ ਤਨਖ਼ਾਹ $76,795 ਤੋਂ $78,139 ਹੋਈ ਸੀ। ਹੁਣ ਉਹ $171,150 ਅਤੇ $87,287 ‘ਤੇ ਪਹੁੰਚ ਚੁੱਕੀਆਂ ਹਨ।
ਸਰੀ ਦੀ ਮੇਅਰ ਬਰੈਂਡਾ ਲੌਕ ਨੇ ਕਿਹਾ ਕਿ “ਇਹ ਤਨਖ਼ਾਹ ਵਾਧੂ ਕਿਸੇ ਇਕਲੌਤੇ ਵਿਅਕਤੀ ਦੇ ਫ਼ੈਸਲੇ ਨਾਲ ਨਹੀਂ, ਸਗੋਂ ਇੱਕ ਨਿਯਮਤ ਨੀਤੀ ਅਨੁਸਾਰ ਲਿਆ ਗਿਆ ਸੀ।” ਹੁਣ ਦੇਖਣਾ ਇਹ ਰਹੇਗਾ ਕਿ 2025 ਦੀ ਪਹਿਲੀ ਤਿਮਾਹੀ ਵਿੱਚ ਅਧਿਕਾਰੀ ਇਸ ਮੁੱਦੇ ‘ਤੇ ਕੀ ਨਤੀਜਾ ਕੱਢਦੇ ਹਨ।
This report was written by Divroop Kaur as part of the Local Journalism Initiative.