ਵੈਨਕੂਵਰ, (ਦਿਵਰੂਪ ਕੌਰ): ਬੀਤੇ ਦਿਨੀਂ ਹੋਈ ਰੈਗੂਲਰ ਕੌਂਸਲ ਮੀਟਿੰਗ ਦੌਰਾਨ, ਸਰੀ ਸਿਟੀ ਕੌਂਸਲ ਨੇ ਜ਼ਮਾਨਤੀ ਬੌਂਡ (ਸਿਓਰਟੀ ਬੌਂਡ) ਪਾਇਲਟ ਪ੍ਰੋਗਰਾਮ ਦੇ ਵਿਸਥਾਰ ਨੂੰ ਮਨਜ਼ੂਰੀ ਦਿੱਤੀ ਹੈ। ਇਸ ਨਾਲ ਯੋਗ ਡਿਵੈਲਪਮੈਂਟ ਪ੍ਰੋਜੈਕਟਾਂ ਦੀ ਗਿਣਤੀ 30 ਤੋਂ ਵਧਾ ਕੇ 50 ਕਰ ਦਿੱਤੀ ਗਈ ਹੈ। ਇਹ ਮਹੱਤਵਪੂਰਨ ਫ਼ੈਸਲਾ ਸ਼ਹਿਰ ਦੇ ਆਰਥਿਕ ਵਿਕਾਸ ਦੀ ਸਥਿਰਤਾ ਨੂੰ ਉਤਸ਼ਾਹਿਤ ਕਰਨ ਲਈ ਕੀਤਾ ਗਿਆ ਹੈ, ਜਿਸ ਨਾਲ ਡਿਵੈਲਪਰਾਂ ਨੂੰ ਆਪਣੇ ਪ੍ਰੋਜੈਕਟਾਂ ਦੀ ਵਿੱਤੀ ਯੋਜਨਾ ਬਣਾਉਣ ਵਿੱਚ ਆਸਾਨੀ ਹੋਵੇਗੀ ।
ਮੇਅਰ ਬ੍ਰੈਂਡਾ ਲੌਕ ਨੇ ਕਿਹਾ, ”ਸਿਓਰਟੀ ਬੌਂਡ ਪਾਇਲਟ ਪ੍ਰੋਗਰਾਮ ਵਿੱਚ ਵਾਧਾ ਸਾਡੇ ਸ਼ਹਿਰ ਦੇ ਵਿਕਾਸ ਲਈ ਅਹਿਮ ਉਪਰਾਲਾ ਹੈ”। ”ਇਸ ਨਾਲ ਅਸੀਂ ਸਿਰਫ਼ ਡਿਵੈਲਪਰਾਂ ਨੂੰ ਆਪਣੇ ਪ੍ਰੋਜੈਕਟਾਂ ਨੂੰ ਅੱਗੇ ਵਧਾਉਣ ਲਈ ਵਧੇਰੇ ਸਰੋਤ ਹੀ ਉਪਲਬਧ ਨਹੀਂ ਕਰਵਾ ਰਹੇ, ਬਲਕਿ ਤੇਜ਼ੀ ਨਾਲ ਵੱਧ ਰਹੇ ਸਾਡੇ ਸ਼ਹਿਰ ਲਈ ਇਹ ਲੋੜੀਂਦੇ ਢਾਂਚੇ ਦੇ ਸੁਧਾਰਾਂ ਨੂੰ ਵੀ ਯਕੀਨੀ ਬਣਾਉਣ ਵਿੱਚ ਸਹਾਈ ਹੋਵੇਗਾ। ਇਸ ਨਵੀਂ ਵਿੱਤੀ ਯੋਜਨਾ ਨੂੰ ਅਪਣਾਉਂਦੇ ਹੋਏ, ਅਸੀਂ ਸਾਡੇ ਵਾਸੀਆਂ ਲਈ ਇੱਕ ਮਜ਼ਬੂਤ ਅਤੇ ਖ਼ੁਸ਼ਹਾਲ ਭਵਿੱਖ ਬਣਾਉਣ ਵੱਲ ਵੱਡਾ ਕਦਮ ਚੁੱਕ ਰਹੇ ਹਾਂ”। ਸਿਓਰਟੀ ਬੌਂਡ ਪਾਇਲਟ ਪ੍ਰੋਗਰਾਮ, 2016 ਵਿੱਚ ਸ਼ੁਰੂ ਕੀਤਾ ਗਿਆ ਸੀ, ਤਾਂ ਜੋ ਡਿਵੈਲਪਰਾਂ ਨੂੰ ਪੁਰਾਣੇ ਸਕਿਉਰਿਟੀ ਤਰੀਕਿਆਂ ਜਿਵੇਂ ਕਿ ਨਕਦ ਜਾਂ ਲੈਟਰ ਆਫ਼ ਕਰੈਡਿਟ ਦੇ ਬਦਲੇ ਸਿਓਰਟੀ ਬੌਂਡ ਦੀ ਵਰਤੋਂ ਕਰਨ ਦੀ ਸਹੂਲਤ ਮਿਲ ਸਕੇ । ਇਸ ਨਾਲ ਯੋਗ ਡਿਵੈਲਪਰਾਂ ਕੋਲ ਤਰਲ ਰਾਸ਼ੀ ਵਧਣ ਨਾਲ, ਉਹ ਹੋਰ ਪ੍ਰੋਜੈਕਟਾਂ ਵਿੱਚ ਮੁੜ ਨਿਵੇਸ਼ ਕਰ ਸਕਦੇ ਹਨ। ਹੁਣ ਤੱਕ 30 ਪ੍ਰੋਜੈਕਟ ਇਸ ਪ੍ਰੋਗਰਾਮ ਦਾ ਸਫਲਤਾ ਪੂਰਵਕ ਫ਼ਾਇਦਾ ਲੈ ਚੁੱਕੇ ਹਨ, ਜਿਨ੍ਹਾਂ ਵਿਚੋਂ ਕਈ ਮੁਕੰਮਲ ਹੋਣ ਦੇ ਕਰੀਬ ਹਨ । ਇਹ ਪ੍ਰੋਗਰਾਮ ਲੈਂਡ ਡਿਵੈਲਪਮੈਂਟ ਲਈ ਜ਼ਰੂਰੀ ਇੰਜੀਨੀਅਰਿੰਗ ਕੰਮਾਂ ਨੂੰ ਆਸਾਨ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ ।
ਇਸ ਪ੍ਰੋਗਰਾਮ ਵਿੱਚ ਵਾਧੇ ਨਾਲ, ਹੁਣ ਹੋਰ ਵੱਡੀ ਪੱਧਰ ਦੇ ਉਨਾਂ ਪ੍ਰੋਜੈਕਟਾਂ ਦੇ ਨਿਰਮਾਣ ਵਿੱਚ ਮੱਦਦ ਮਿਲੇਗੀ, ਜੋ ਇਸਦੇ ਨਿਰਧਾਰਿਤ ਯੋਗਤਾ ਮਾਪਦੰਡਾਂ ‘ਤੇ ਖਰੇ ਉੱਤਰਦੇ ਹਨ, ਜਿਵੇਂ ਕਿ ਰੈਪਿਡ ਟਰਾਂਜ਼ਿਟ ਕਾਰੀਡੋਰ ਦੇ ਨੇੜੇ ਸਥਿਤ ਪ੍ਰੋਜੈਕਟ ਜਾਂ ਉਹ ਪ੍ਰੋਜੈਕਟ ਜੋ ਮਹੱਤਵਪੂਰਨ ਸਮਾਜਿਕ ਢਾਂਚਾ ਸਹੂਲਤਾਂ ਪ੍ਰਦਾਨ ਕਰਦੇ ਹਨ। ਕੌਂਸਲ ਨੇ ਹਿੱਸਾ ਲੈਣ ਵਾਲੇ ਪ੍ਰੋਜੈਕਟਾਂ ਲਈ ਕੁੱਝ ਲਾਜ਼ਮੀ ਸ਼ਰਤਾਂ ਰੱਖੀਆਂ ਹਨ, ਜਿਸ ਵਿੱਚ ਜ਼ਮਾਨਤ ਚੁੱਕ ਰਹੀਆਂ ਕੰਪਨੀਆਂ ਦੀ ਘੱਟੋ-ਘੱਟ ਅਪਰੇਟਿੰਗ ਅਤੇ ਸਕਿਉਰਿਟੀ ਰਕਮ $3 ਤੋਂ $15 ਮਿਲੀਅਨ ਤੱਕ ਹੋਣੀ ਚਾਹੀਦੀ ਹੈ।
ਇਹ ਕਦਮ ਸਰੀ ਸ਼ਹਿਰ ਵਿੱਚ ਵਿਕਾਸ ਪ੍ਰੋਜੈਕਟਾਂ ਨੂੰ ਆਕਰਸ਼ਿਤ ਕਰਨ ਚ ਮੁਕਾਬਲੇ ਅਤੇ ਨਿਵੇਸ਼ ਦੇ ਮੌਕੇ ਵਧਾ ਰਿਹਾ ਹੈ, ਜਿਸ ਨਾਲ ਸਰੀ ਵਾਸੀਆਂ ਨੂੰ ਵਧੀਆ ਸੇਵਾਵਾਂ ਅਤੇ ਇਨਫ੍ਰਾਸਟ੍ਰਕਚਰ ਦਾ ਲਾਭ ਮਿਲੇਗਾ।