ਸਰੀ, (ਸਿਮਰਨਜੀਤ ਸਿੰਘ): ਸਰੀ ਸ਼ਹਿਰ ਦੀ ਮਿਊਂਸਿਪਲ ਕੌਂਸਲ ਨੇ ਟਮੈਨਾਵਿਸ ਪਾਰਕ ਵਿੱਚ ਤੀਜਾ ਸਿੰਥੈਟਿਕ ਹਾਕੀ ਮੈਦਾਨ ਬਣਾਉਣ ਲਈ $3.9 ਮਿਲੀਅਨ ਦੇ ਠੇਕੇ ‘ਤੇ ਵੋਟਿੰਗ ਕਰਨ ਦਾ ਫੈਸਲਾ ਕੀਤਾ ਹੈ। ਜੇਕਰ ਇਹ ਠੇਕਾ ਮੰਨਜ਼ੂਰ ਹੋ ਜਾਂਦਾ ਹੈ, ਤਾਂ ਸਰੀ ਕਨੇਡਾ ਦਾ ਪਹਿਲਾ ਅਤੇ ਇਕਲੌਤਾ ਸ਼ਹਿਰ ਬਣ ਜਾਵੇਗਾ, ਜਿੱਥੇ ਇੱਕੋ ਜਗ੍ਹਾ ‘ਤੇ ਤਿੰਨ ਪਾਣੀ-ਅਧਾਰਤ ਹਾਕੀ ਫੀਲਡ ਹੋਣਗੇ। ਇਹ ਨਵਾਂ ਪ੍ਰੋਜੈਕਟ ਨਿਊਟਨ ਖੇਤਰ ਦੇ 12601 – 64 ਐਵੇਨਿਊ ਵਿਖੇ ਸਥਿਤ ਟਮੈਨਾਵਿਸ ਪਾਰਕ ਵਿੱਚ ਬਣਾਇਆ ਜਾਵੇਗਾ, ਜੋ ਪਹਿਲਾਂ ਹੀ ਸਰੀ ਵਿੱਚ ਖੇਡਾਂ ਲਈ ਇੱਕ ਪ੍ਰਮੁੱਖ ਕੇਂਦਰ ਵਜੋਂ ਵਿਕਸਤ ਹੋ ਰਿਹਾ ਹੈ। ਨਵੇਂ ਮੈਦਾਨ ਦੇ ਬਣਨ ਨਾਲ ਨਾ ਕੇਵਲ ਸਥਾਨਕ ਖਿਡਾਰੀਆਂ ਨੂੰ ਹੋਰ ਵਧੀਆ ਸਹੂਲਤਾਂ ਮਿਲਣਗੀਆਂ, ਬਲਕਿ ਸ਼ਹਿਰ ਵਿੱਚ ਕੌਮੀ ਅਤੇ ਅੰਤਰਰਾਸ਼ਟਰੀ ਫੀਲਡ ਹਾਕੀ ਟੂਰਨਾਮੈਂਟ ਹੋਸਟ ਕਰਨ ਦੀ ਸੰਭਾਵਨਾ ਵੀ ਵਧੇਗੀ। ਮੇਅਰ ਬਰੈਂਡਾ ਲੌਕ ਨੇ ਇਸ ਪ੍ਰੋਜੈਕਟ ਦੀ ਮਹੱਤਤਾ ਉਤੇ ਰੌਸ਼ਨੀ ਪਾਉਂਦਿਆਂ ਕਿਹਾ, “ਇਹ ਨਵਾਂ ਮੈਦਾਨ ਸਾਡੇ ਸ਼ਹਿਰ ਦੀ ਖੇਡ ਢਾਂਚੇ ਵਿੱਚ ਇਕ ਹੋਰ ਵਧੀਆ ਸ਼ਾਮਿਲ ਹੋਵੇਗਾ। ਸਰੀ ਹੁਣ ਇੱਕ ਅਜਿਹਾ ਕੈਨੇਡੀਅਨ ਸ਼ਹਿਰ ਹੋਵੇਗਾ, ਜਿੱਥੇ ਤਿੰਨ ਸਮਰਪਿਤ ਹਾਕੀ ਮੈਦਾਨ ਹੋਣਗੇ। ਇਹ ਸਥਾਨਕ ਖਿਡਾਰੀਆਂ, ਨੌਜਵਾਨਾਂ ਅਤੇ ਖੇਡ-ਪ੍ਰੇਮੀਆਂ ਲਈ ਵੱਡੀ ਉਪਲਬਧੀ ਹੋਵੇਗੀ।”
ਟਮੈਨਾਵਿਸ ਪਾਰਕ ਪਹਲਾਂ ਹੀ ਦੋ ਆਰਟੀਫ਼ੀਸ਼ੀਅਲ ਹਾਕੀ ਟਰਫ, ਇੱਕ ਬੇਸਬਾਲ ਫੀਲਡ ਅਤੇ ਇੱਕ ਫੁੱਟਬਾਲ ਮੈਦਾਨ ਰੱਖਦਾ ਹੈ। ਨਵੇਂ ਮੈਦਾਨ ਦੇ ਸ਼ਾਮਲ ਹੋਣ ਨਾਲ ਇਹ ਪਾਰਕ ਸਰੀ ਦੇ ਖੇਡ ਭਾਈਚਾਰੇ ਦਾ ਕੇਂਦਰੀ ਹੱਬ ਬਣ ਜਾਵੇਗਾ।
ਸਰੀ ਸਿਟੀ ਦੇ ਪਾਰਕਸ, ਰੀਕ੍ਰੀਏਸ਼ਨ ਐਂਡ ਸਪੋਰਟ ਟੂਰਿਜ਼ਮ ਕਮੇਟੀ ਦੇ ਚੇਅਰਮੈਨ, ਕੌਂਸਲਰ ਗੋਰਡ ਹੈਪਨਰ ਨੇ ਕਿਹਾ, “ਇਹ ਨਵਾਂ ਮੈਦਾਨ ਸਥਾਨਕ ਹਾਕੀ ਕਲੱਬਾਂ, ਵਿਦਿਆਰਥੀਆਂ ਅਤੇ ਪੇਸ਼ਾਵਰ ਖਿਡਾਰੀਆਂ ਲਈ ਵਿਸ਼ੇਸ਼ ਤਰੀਕੇ ਨਾਲ ਲਾਭਕਾਰੀ ਹੋਵੇਗਾ। ਸਾਡੇ ਸ਼ਹਿਰ ਵਿੱਚ ਵੱਡੇ ਪੱਧਰ ਦੇ ਹਾਕੀ ਟੂਰਨਾਮੈਂਟ ਹੋਣਗੇ, ਜਿਸ ਨਾਲ ਸਰੀ ਦੀ ਖੇਡਾਂ ਦੀ ਸ਼ਖਸੀਅਤ ਹੋਰ ਉਭਰੇਗੀ।”
ਇਸ ਮੈਦਾਨ ਦੀ ਉਸਾਰੀ ਮਾਰਚ 2024 ਵਿੱਚ ਸ਼ੁਰੂ ਹੋਣ ਦੀ ਉਮੀਦ ਹੈ, ਅਤੇ ਇਹ 2025 ਦੇ ਅਖੀਰ ਤੱਕ ਪੂਰਾ ਹੋਵੇਗਾ।
ਇਸ ਪ੍ਰੋਜੈਕਟ ਦੀ ਫੰਡਿੰਗ ਸਰੀ ਸ਼ਹਿਰ ਦੇ 2024 ਪਾਰਕ, ਰੀਕ੍ਰੀਏਸ਼ਨ ਐਂਡ ਕਲਚਰ ਵਿਭਾਗ ਦੇ ਕੈਪੀਟਲ ਬਜਟ ਤਹਿਤ ਕੀਤੀ ਜਾਵੇਗੀ।
ਕੌਂਸਲ ਦੇ ਵੋਟਿੰਗ ਤੋਂ ਬਾਅਦ, ਇਹ ਕੰਨਟਰੈਕਟ ਤਤਕਾਲ ਪ੍ਰਭਾਵ ਨਾਲ ਜਾਰੀ ਕੀਤਾ ਜਾਵੇਗਾ।
ਇਹ ਪ੍ਰੋਜੈਕਟ ਸਰੀ ਨੂੰ ਕੈਨੇਡਾ ਦੇ ਖੇਡ-ਹੱਬ ਵਜੋਂ ਵਿਖਾ ਸਕਦਾ ਹੈ। ਇਹ ਨਵੇਂ ਮੈਦਾਨ ਸਥਾਨਕ ਖਿਡਾਰੀਆਂ ਨੂੰ ਹੋਰ ਵਧੀਆ ਸਾਧਨ ਮੁਹੱਈਆ ਕਰੇਗਾ, ਜਦਕਿ ਸਰੀ ਵਿੱਚ ਫੀਲਡ ਹਾਕੀ ਟੂਰਨਾਮੈਂਟਾਂ ਅਤੇ ਖੇਡ ਸੈਰ-ਸਪਾਟੇ (ਸਪੋਰਟ ਟੂਰਿਜ਼ਮ) ਨੂੰ ਹੋਰ ਉਤਸ਼ਾਹਿਤ ਕਰੇਗਾ।
ਸਰੀ ਵਾਸੀਆਂ ਅਤੇ ਖਿਡਾਰੀਆਂ ਲਈ ਇਹ ਖ਼ਬਰ ਇੱਕ ਵੱਡੀ ਉਮੀਦ ਬਣੀ ਹੋਈ ਹੈ, ਅਤੇ ਹੁਣ ਸਭ ਦੀ ਨਜ਼ਰ ਆਉਂਦੇ ਸੋਮਵਾਰ ਨੂੰ ਹੋਣ ਵਾਲੀ ਵੋਟਿੰਗ ਉਤੇ ਟਿਕੀ ਹੋਈ ਹੈ। This report was written by Divroop Kaur as part of the Local Journalism Initiative.