ਸਰੀ ਦੀ ਮੇਅਰ ਬ੍ਰੈਂਡਾ ਲੌਕ ਨੇ ਟਰੰਪ ਟੈਕਸਾਂ ਤੋਂ ਆਰਥਿਕਤਾ ਬਚਾਉਣ ਲਈ ‘ਬੋਰਡਰ ਮੇਅਰਜ਼ ਐਲਾਇਅਨਸ’ ‘ਚ ਸ਼ਾਮਲ ਹੋਣ ਦਾ ਲਿਆ ਫੈਸਲਾ

 

ਅਮਰੀਕਾ ਨਾਲ ਹਰ ਸਾਲ ਹੁੰਦਾ ਲਗਭਗ 2.8 ਅਰਬ ਡਾਲਰ ਵਪਾਰ ਖ਼ਤਰੇ ‘ਚ : ਮੇਅਰ ਬ੍ਰੈਂਡਾ ਲੌਕ
ਸਰੀ, (ਸਿਮਰਨਜੀਤ ਸਿੰਘ): ਸਰੀ ਦੀ ਮੇਅਰ ਬ੍ਰੈਂਡਾ ਲੌਕ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਕੈਨੇਡਿਆਈ ਵਪਾਰ ‘ਤੇ 25% ਟੈਕਸ ਲਗਾਉਣ ਦੀ ਸੰਭਾਵਨਾ ਨੂੰ ਲੈਕੇ ਨਵੇਂ “ਬੋਰਡਰ ਮੇਅਰਜ਼ ਐਲਾਇਅਨਸ” ਵਿੱਚ ਸ਼ਾਮਲ ਹੋਣ ਦਾ ਫੈਸਲਾ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਸਰੀ ਦੀ ਆਰਥਿਕਤਾ ਦੀ ਰੱਖਿਆ ਅਤੇ ਇਥੋਂ ਦੇ ਵਪਾਰਾਂ ਨੂੰ ਇਹਨਾਂ ਟੈਕਸਾਂ ਦੇ ਪ੍ਰਭਾਵ ਤੋਂ ਬਚਾਉਣ ਲਈ ਵਚਨਬੱਧ ਹਨ।
ਮੇਅਰ ਬ੍ਰੈਂਡਾ ਲੌਕ ਨੇ ਕਿਹਾ ਕਿ “ਸਰੀ ਦੀ ਆਰਥਿਕਤਾ ਦੀ ਰਾਖੀ ਮੇਰੀ ਸਭ ਤੋਂ ਵੱਡੀ ਤਰਜੀਹ ਹੈ, ਅਤੇ ਮੈਂ ਇਸ ਮਾਮਲੇ ‘ਤੇ ਪੂਰੀ ਤਰ੍ਹਾਂ ਵਚਨਬੱਧਹਾਂ।”
ਉਨ੍ਹਾਂ ਨੇ ਦੱਸਿਆ ਕਿ ਸਰੀ ਵਿੱਚ 20% ਤੋਂ ਵੱਧ ਵਪਾਰ ਅਮਰੀਕਾ ਨਾਲ ਸਿੱਧੀ ਵਪਾਰਕ ਸਾਂਝ ਰੱਖਦੇ ਹਨ, ਜੋ ਹਰ ਸਾਲ ਲਗਭਗ 2.8 ਅਰਬ ਡਾਲਰ ਦੇ ਸੀਮਾ ਪਾਰ ਵਪਾਰ ਦਾ ਹਿੱਸਾ ਹੈ। “ਜੇਕਰ ਇਹ ਟੈਕਸ ਲਾਗੂ ਹੋ ਜਾਂਦੇ ਹਨ, ਤਾਂ ਸਰੀ ਦੇ ਨਿਰਮਾਣ ਉਦਯੋਗ, ਉਤਪਾਦਨ ਅਤੇ ਨਿਰਯਾਤ-ਕੇਂਦ੍ਰਤ ਵਪਾਰ ਉੱਤੇ ਗੰਭੀਰ ਪ੍ਰਭਾਵ ਪਵੇਗਾ।
ਉਨ੍ਹਾਂ ਦੱਸਿਆ ਕਿ ਸਭ ਤੋਂ ਵਧੇਰੇ ਪ੍ਰਭਾਵ ਟਰੱਕ ਡਰਾਈਵਰਾਂ ਉੱਤੇ ਪਵੇਗਾ ਅਤੇ ਸਭ ਤੋਂ ਨਿਰਾਸ਼ਾਜਨਕ ਗੱਲ ਹੈ ਕਿ ਇਹ ਪ੍ਰਭਾਵ ਇਕ ਹਫ਼ਤੇ ਜਾਂ ਮਹੀਨੇ ਬਾਅਦ ਨਹੀਂ, ਤੁਰੰਤ ਹੀ ਮਹਿਸੂਸ ਹੋਵੇਗਾ।
ਸਰੀ ਦੀ ਮੇਅਰ ਬ੍ਰੈਂਡਾ ਲੌਕ ਨੇ ਕਿਹਾ ਕਿ ਉਹ ਫੈਡਰਲ ਅਤੇ ਸੂਬੇ ਦੀਆਂ ਸਰਕਾਰਾਂ ਦੇ ਪ੍ਰਤੀਨਿਧੀਆਂ ਅਤੇ ਹੋਰ ਮੇਅਰਾਂ ਨਾਲ ਮੀਟਿੰਗਾਂ ਕਰ ਰਹੀਆਂ ਹਨ, ਤਾਂ ਜੋ ਸਰੀ ਦੀ ਆਵਾਜ਼ ਉੱਚੀ ਕੀਤੀ ਜਾ ਸਕੇ ।
ਉਨ੍ਹਾਂ ਨੇ ਕਿਹਾ, “ਅਸੀਂ ਸਮਝਦੇ ਹਾਂ ਕਿ ਇਨ੍ਹਾਂ ਟੈਕਸਾਂ ਦਾ ਸਾਡੀ ਸਪਲਾਈ ਚੇਨ ਅਤੇ ਸਥਾਨਕ ਉਦਯੋਗਾਂ ਉੱਤੇ ਵੱਡਾ ਪ੍ਰਭਾਵ ਪੈ ਸਕਦਾ ਹੈ।”
ਬੋਰਡਰ ਮੇਅਰਜ਼ ਐਲਾਇਆਂਸ ਹਾਲ ਹੀ ਵਿੱਚ ਉਨ੍ਹਾਂ ਕੈਨੇਡਿਆਈ ਸ਼ਹਿਰਾਂ ਦੇ ਮੇਅਰਾਂ ਵਲੋਂ ਬਣਾਇਆ ਗਿਆ, ਜੋ ਅਮਰੀਕਾ ਨਾਲ ਸਰਹੱਦਾਂ ਉੱਤੇ ਸਥਿਤ ਹਨ। ਇਹ ਗਠਜੋੜ ਮੌਜੂਦਾ ਆਰਥਿਕ ਦਬਾਅ ਅਤੇ ਸੰਭਾਵੀ ਟੈਕਸਾਂ ਦੇ ਪ੍ਰਭਾਵ ਦਾ ਡਟ ਕੇ ਸਾਹਮਣਾ ਕਰਨ ਲਈ ਬਣਾਇਆ ਗਿਆ ਹੈ।
ਲੌਕ ਨੇ ਦੱਸਿਆ, “ਹਰ ਰੋਜ਼ ਲਗਭਗ 2 ਅਰਬ ਡਾਲਰ ਦਾ ਵਪਾਰ ਕੈਨੇਡਾ-ਅਮਰੀਕਾ ਸਰਹੱਦ ਰਾਹੀਂ ਹੁੰਦਾ ਹੈ, ਜੋ ਦੋਵੇਂ ਪਾਸਿਆਂ ਲੱਖਾਂ ਨਾਗਰਿਕਾਂ ਨੂੰ ਨੌਕਰੀਆਂ ਵੀ ਦਿੰਦਾ ਹੈ।”
ਸਰੀ ਦੀ ਮੇਅਰ ਬ੍ਰੈਂਡਾ ਲੌਕ ਨੇ ਚੇਤਾਵਨੀ ਦਿੱਤੀ ਕਿ, “ਕੈਨੇਡਾ ਦੀ 70% ਨਿਰਯਾਤ ਅਮਰੀਕਾ ਵਿੱਚ ਜਾਂਦੀ ਹੈ, ਜਿਸ ਕਾਰਨ ਇਹ ਟੈਕਸ ਸਾਡੇ ਵਪਾਰ ਤੇ ਵੱਡਾ ਪ੍ਰਭਾਵ ਪਾ ਸਕਦੇ ਹਨ।”
ਉਨ੍ਹਾਂ ਨੇ ਕਿਹਾ ਕਿ ਸਰੀ ਵਿੱਚ ਖੇਤੀਬਾੜੀ, ਨਿਰਮਾਣ ਅਤੇ ਤਕਨਾਲੋਜੀ ਖੇਤਰ ਉੱਤੇ ਇਸ ਤਰੀਕੇ ਦੇ ਟੈਕਸਾਂ ਦਾ ਵੱਡਾ ਅਸਰ ਪੈ ਸਕਦਾ ਹੈ।
ਸਰੀ ਦੀ ਮੇਅਰ ਬ੍ਰੈਂਡਾ ਲੌਕ ਨੇ ਕਿਹਾ ਕਿ “ਸਾਡੀ ਕੋਸ਼ਿਸ਼ ਹੈ ਕਿ ਅਸੀਂ ਖੁੱਲ੍ਹੇ ਅਤੇ ਨਿਰਪੱਖ ਵਪਾਰ ਨੂੰ ਬਣਾਈ ਰੱਖੀਏ, ਸਰੀ ਦੀ ਆਰਥਿਕਤਾ ਲਈ ਇਹ ਇਕ ਵੱਡੀ ਲੜਾਈ ਹੈ, ਅਤੇ ਅਸੀਂ ਇਸ ‘ਚ ਪੂਰੀ ਤਰ੍ਹਾਂ ਸ਼ਾਮਲ ਰਹਾਂਗੇ।” This report was written by Divroop Kaur as part of the Local Journalism Initiative.

Exit mobile version