-0.1 C
Vancouver
Sunday, February 2, 2025

ਸਿਰਜਣਾਤਮਕਤਾ ਬਨਾਮ ਨਕਾਰਾਤਮਕਤਾ

 

ਲੇਖਕ: ਡਾ. ਹੀਰਾ ਸਿੰਘ ਭੂਪਾਲ
ਜਿੱਥੇ ਸਿਰਜਣਾਤਮਕਤਾ ਹੋਵੇਗੀ ਉੱਥੇ ਨਕਾਰਾਤਮਕਤਾ ਕਦੇ ਨਹੀਂ ਹੋਵੇਗੀ, ਪਰ ਜੇਕਰ ਰੱਤੀ ਭਰ ਵੀ ਮਨੁੱਖ ਵਿੱਚ ਜਾਂ ਆਲੇ-ਦੁਆਲੇ ਨਕਾਰਾਤਮਕਤਾ ਹੋਵੇਗੀ ਤਾਂ ਉੱਥੇ ਸਿਰਜਣਾਤਮਕਤਾ ਖੰਭ ਲਾ ਕੇ ਉਡਾਰੀ ਮਾਰ ਜਾਵੇਗੀ। ਇਹ ਦੋਵੇਂ ਸ਼ਬਦ ਇੱਕ ਦੂਜੇ ਦੇ ਵਿਰੋਧੀ ਹਨ। ਸਿਰਜਣਾਤਮਕਤਾ ਤੋਂ ਭਾਵ ਹੈ ਕਿ ਕਿਸੇ ਵੀ ਕਿਸਮ ਦੀ ਸਕਾਰਾਤਮਕਤਾ ਨਾਲ ਕੁਝ ਸਾਰਥਕ ਸਿਰਜਣਾ, ਉਪਜਾਉਣਾ, ਉਤਪਤੀ ਕਰਨਾ, ਨਿਰਮਾਣ ਕਰਨਾ ਆਦਿ। ਜਿੱਥੇ ਸਾਰਥਕ ਸਿਰਜਣਾ ਹੋਵੇਗੀ, ਉੱਥੇ ਖ਼ੁਸ਼ੀਆਂ ਤੇ ਹਾਸੇ ਖੁਸ਼ੀਆਂ-ਖੇੜੇ ਵੀ ਜਰੂਰ ਹੋਣਗੇ। ਨਕਾਰਾਤਮਕਤਾ ਜਾਂ ਸਕਾਰਾਤਮਕਤਾ ਵਿੱਚ ਸਿਰਫ਼ ‘ਨ’ ਅਤੇ ‘ਸ’ ਦਾ ਫ਼ਰਕ ਹੈ, ਪਰ ਕਿਸੇ ਵੀ ਇਨਸਾਨ, ਪਰਿਵਾਰ ਅਤੇ ਸੰਸਥਾ ‘ਤੇ ਇਸ ਫ਼ਰਕ ਦਾ ਬਹੁਤ ਗੰਭੀਰ ਤੇ ਸੰਗੀਨ ਅਸਰ ਪੈਂਦਾ ਹੈ। ਇਹ ਸਮੁੱਚੇ ਤੌਰ ‘ਤੇ ਕਿਸੇ ਦੇ ਨਜ਼ਰੀਏ ‘ਤੇ ਨਿਰਭਰ ਕਰਦਾ ਹੈ। ਸਾਡਾ ਨਜ਼ਰੀਆ ਹੀ ਸਾਡੇ ਉਤਪੰਨ ਹੋ ਰਹੇ ਵਿਚਾਰਾਂ ਨੂੰ ਸੇਧ ਦਿੰਦਾ ਹੈ। ਇਹ ਸੇਧ ਤੁਹਾਨੂੰ ਰਾਜਾ ਵੀ ਬਣਾ ਸਕਦੀ ਹੈ ਤੇ ਇਹੋ ਸੇਧ ਤੁਹਾਨੂੰ ਗ਼ੁਲਾਮੀ ਦੀਆਂ ਜ਼ੰਜੀਰਾਂ ‘ਚ ਵੀ ਜਕੜ ਸਕਦੀ ਹੈ। ਇਹ ਤੁਹਾਡੇ ‘ਤੇ ਨਿਰਭਰ ਕਰਦਾ ਹੈ ਕਿ ਤੁਸੀਂ ਆਪਣੇ ਦਿਮਾਗ਼ ਨੂੰ ਕਿਸ ਰਸਤੇ ਪਾਉਣਾ ਹੈ। ਮਨੁੱਖੀ ਦਿਮਾਗ਼ ਦੋ ਤਰ੍ਹਾਂ ਦਾ ਹੁੰਦਾ ਹੈ: ਇੱਕ ਅਵਚੇਤਨ ਤੇ ਦੂਜਾ ਸੁਚੇਤ! ਇਹ ਦੋਵੇਂ ਘੱਟ ਹੀ ਇੱਕ ਦੂਜੇ ਨਾਲ ਮਿਲ ਕੇ ਚਲਦੇ ਹਨ। ਆਪਾਂ ਰੋਜ਼ਮਰ੍ਹਾ ਦੀ ਜ਼ਿੰਦਗੀ ‘ਚ ਅਕਸਰ ਹੀ ਅਜਿਹੇ ਲੋਕਾਂ ਨੂੰ ਮਿਲਦੇ ਹਾਂ ਜੋ ਮੂੰਹ ‘ਚ ਕੁਝ ਹੋਰ ਬੋਲਦੇ ਹਨ ਤੇ ਉਨ੍ਹਾਂ ਦੇ ਦਿਮਾਗ਼ ‘ਚ ਕੁਝ ਹੋਰ ਚੱਲਦਾ ਹੈ। ਸਾਡਾ ਅਵਚੇਤਨ ਮਨ ਚੌਵੀ ਘੰਟੇ ਕੰਮ ਕਰਦਾ ਹੈ। ਇਹ ਰਾਤ ਨੂੰ ਜ਼ਿਆਦਾ ਕਿਰਿਆਸ਼ੀਲ ਹੁੰਦਾ ਹੈ ਅਤੇ ਸਾਰੇ ਦਿਨ ਦੇ ਕੀਤੇ ਚੰਗੇ ਮਾੜੇ ਕੰਮਾਂ ਅਤੇ ਵਿਚਾਰਾਂ ਦਾ ਹਿਸਾਬ ਕਰਦਾ ਰਹਿੰਦਾ ਹੈ। ਜੋ ਲੋਕ ਲੋੜ ਤੋਂ ਵਧੇਰੇ ਸੋਚਦੇ ਹਨ, ਹੱਦੋ ਵੱਧ ਜਜ਼ਬਾਤੀ ਅਤੇ ਸੰਵੇਦਨਸ਼ੀਲ ਹੁੰਦੇ ਹਨ ਜਾਂ ਫਿਰ ਦੂਜਿਆਂ ਪ੍ਰਤੀ ਮਾੜੀਆਂ ਭਾਵਨਾਵਾਂ ਰੱਖਦੇ ਹਨ ਜਾਂ ਕਿਸੇ ਨਾਲ ਕੋਈ ਗ਼ੈਰ-ਕਾਨੂੰਨੀ ਵਿਹਾਰ ਅਤੇ ਬੇਇਨਸਾਫ਼ੀ ਕਰਦੇ ਹਨ, ਅਜਿਹੇ ਇਨਸਾਨਾਂ ਦਾ ਅਵਚੇਤਨ ਮਨ ਉਨ੍ਹਾਂ ਨੂੰ ਰਾਤ ਵੇਲੇ ਚੈਨ ਨਾਲ ਸੌਣ ਨਹੀਂ ਦਿੰਦਾ। ਕਈ ਅੱਧੀ ਰਾਤ ਨੂੰ ਨੀਂਦ ਦਾ ਖੁੱਲ੍ਹ ਜਾਂਦੀ ਹੈ ਜਿਸ ਨੂੰ ਡਾਕਟਰੀ ਭਾਸ਼ਾ ‘ਚ ਇਨਸੋਮਨੀਆ ਕਿਹਾ ਜਾਂਦਾ ਹੈ। ਇਹ ਬਿਮਾਰੀ ਅੱਜਕੱਲ੍ਹ ਦੁਨੀਆ ਦੇ ਹਰ ਕੋਨੇ ਵਿੱਚ ਅਮਰ ਵੇਲ ਵਾਂਗ ਪਸਰ ਰਹੀ ਹੈ।
ਸਿਰਜਣਾ ਉੱਥੇ ਹੀ ਉਪਜਦੀ ਹੈ ਜਿੱਥੇ ਸਰਬੱਤ ਦੇ ਭਲੇ ਦੀ ਅਰਦਾਸ ਹੋਵੇ, ਅਪਣੱਤ ਹੋਵੇ, ਸੱਚੀ ਨੀਅਤ ਤੇ ਮਨ ‘ਚ ਨਿਰਮਲਤਾ ਹੋਵੇ, ਦਿਲੋਂ ਕੀਤੀ ਕਿਸੇ ਦੀ ਪ੍ਰਸ਼ੰਸ਼ਾ ਹੋਵੇ, ਵਡਿਆਈ ਤੇ ਸਿਫ਼ਤ ਹੋਵੇ। ਇਹ ਸਭ ਸੁਭ ਵਿਚਾਰ ਅਤੇ ਕਰਮ ਮਿਲ ਕੇ ਉਹ ਤਰੰਗਾਂ ਉਤਪੰਨ ਕਰਦੇ ਹਨ ਜਿਸ ਨਾਲ ਸਕਾਰਾਤਮਕਤਾ ਅਤੇ ਸਿਰਜਣਾ ਦੀ ਪੈਦਾਵਾਰ ਹੁੰਦੀ ਹੈ, ਜਿਸ ਵਿੱਚ ਕਿਸੇ ਪਰਿਵਾਰ, ਮੁਹੱਲੇ, ਸੂਬੇ, ਦੇਸ਼ ਅਤੇ ਸੰਸਾਰ ਤੱਕ ਨੂੰ ਬਦਲਣ ਦੀ ਆਸ ਤੇ ਸਮਰੱਥਾ ਦਾ ਆਗਾਜ਼ ਹੁੰਦਾ ਹੈ। ਇਤਿਹਾਸ ਇਸ ਦਾ ਗਵਾਹ ਹੈ। ਵੱਡੇ ਵੱਡੇ ਅੰਦੋਲਨਾਂ ਦੀ ਜਿੱਤ ਅਤੇ ਯੁੱਗ ਪਲਟਾਊ ਖੋਜਾਂ ਆਮ ਲੋਕਾਂ ਦੀ ਹੀ ਦੇਣ ਹਨ।
ਮਨੁਖੱਤਾ ਦੀ ਨਾਂਹ-ਪੱਖੀ ਸੋਚ, ਬਦਲਾਖੋਰੀ, ਅਣਮਨੁੱਖੀ ਰਵੱਈਆ, ਬੇਰਹਿਮ ਨਜ਼ਰੀਆ ਆਦਿ ਸਿਰਜਣਾਤਮਕਤਾ ਨੂੰ ਘੁਣ ਵਾਂਗ ਲੱਗ ਗਿਆ ਹੈ, ਜਿਸ ਨੇ ਇਸ ਨੂੰ ਕਾਫ਼ੀ ਢਾਹ ਲਾਈ ਹੈ। ਚੱਲ ਰਹੇ ਦੌਰ ਅਤੇ ਹਾਲਾਤ ਨੇ ਮਨੁਖੱਤਾ ਦੀ ਬੌਧਿਕ ਸੰਪਤੀ ਦਾ ਆਪਣੇ ਕੋਲ ਬੈਅਨਾਮਾ (ਰਜਿਸਟਰੀ) ਕਰ ਲਿਆ ਹੈ। ਸਿਰਜਣਾ ਲਈ ਦਿਮਾਗ਼ ਤੇ ਮਨ ਨੂੰ ਸ਼ਾਂਤ ਤੇ ਆਜ਼ਾਦ ਰੱਖਣਾ ਲਾਜ਼ਮੀ ਹੈ। ਇਹ ਉਪਜਾਊ ਦਿਮਾਗ਼ ਦੀ ਪਹਿਲੀ ਲੋੜ ਹੈ। ਭੌਤਿਕਤਾਵਾਦੀ, ਸਾਹਮਣੇ ਵਾਲੇ ਨੂੰ ਛੋਟਾ ਜਾਂ ਹੀਣਭਾਵਨਾ ਵਾਲੀ ਸੋਚ, ਅਣਮਨੁੱਖੀ ਵਰਤੀਰਾ, ਇੱਕ ਦੂਜੇ ਤੋਂ ਅੱਗੇ ਵਧਣ ਅਤੇ ਲਤਾੜਨ ਵਾਲੀ ਸੋਚ ਕਾਰਨ ਦਿਮਾਗ਼ੀ ਪੱਧਰ ‘ਤੇ ਮਚੀ ਹਲਚਲ ਨੇ ਕਈ ਮਾਨਸਿਕ ਬਿਮਾਰੀਆਂ, ਉਦਾਸੀਨਤਾ ਅਤੇ ਤਣਾਅ ਵਰਗੀਆਂ ਅਲਾਮਤਾਂ ਵਿੱਚ ਚੋਖਾ ਵਾਧਾ ਕੀਤਾ ਹੈ। ਇਹ ਸਭ ਸਕਾਰਾਤਮਕ ਤੇ ਉਸਾਰੂ ਵਿਚਾਰਾਂ ਦੀ ਉਪਜ ‘ਚ ਵੱਡਾ ਅੜਿੱਕਾ ਹਨ। ਇਨ੍ਹਾਂ ਵਿਚਾਰਾਂ ਤੋਂ ਬਿਨਾਂ ਕਿਸੇ ਵੀ ਕਿਸਮ ਦੀ ਸਿਰਜਣਾ ਨਾਮੁਮਕਿਨ ਹੈ। ਉਚਿਤ ਅਤੇ ਸਾਰਥਕ ਵਿਚਾਰ ਹੀ ਸਿਰਜਣਾਤਮਕਤਾ ਦਾ ਬੁਨਿਆਦੀ ਅਤੇ ਮੌਲਿਕ ਆਧਾਰ ਹਨ। ਇਹ ਇੰਝ ਹੀ ਹੈ ਜਿਵੇਂ ਕਿਸੇ ਫਸਲ ਦੇ ਬੀਜ ਨੂੰ ਉੱਗਣ ਲਈ ਵਿਸ਼ੇਸ਼ ਮੌਸਮ ਭਾਵ ਤਾਪਮਾਨ ਅਤੇ ਹੋਰ ਲੋੜੀਂਦੀਆਂ ਪਰਿਸਥਿਤੀਆਂ ਜ਼ਰੂਰੀ ਹਨ, ਚੰਗੇ ਬੀਜ ਹੀ ਭਰਪੂਰ ਫਸਲ ਹੋਣ ਦਾ ਆਧਾਰ ਹਨ।
ਸੋਚਣ ਦੀ ਗੁਣਵੱਤਾ, ਪ੍ਰੇਰਨਾ, ਉਤਸੁਕਤਾ, ਜਜ਼ਬਾ, ਅਸਫਲਤਾ ਪ੍ਰਤੀ ਸਹਿਣਸ਼ੀਲਤਾ, ਸਮੱਸਿਆਵਾਂ ਪ੍ਰਤੀ ਨਜ਼ਰੀਆ, ਜੋਖ਼ਮ ਲੈਣ, ਗ਼ਲਤੀਆਂ ਤੋਂ ਸਿੱਖਣਾ ਆਦਿ ਸਿਰਜਣਾਤਮਕਤਾ ਦੇ ਹੁਨਰ ਨੂੰ ਵਿਕਸਤ ਕਰਨ ਵਿੱਚ ਵਧੇਰੇ ਪ੍ਰਭਾਵਸ਼ਾਲੀ ਭੂਮਿਕਾ ਨਿਭਾਉਂਦੇ ਹਨ। ਸਾਡੇ ਵਿਚਾਰ ਅਤੇ ਸੋਚ ਹੀ ਸਾਡੀ ਸ਼ਖ਼ਸੀਅਤ ਦੀ ਉਸਾਰੀ ਕਰਦੀ ਹੈ। ਦੂਜਿਆਂ ਤੋਂ ਵੱਖਰੇ ਹੋਣ ਲਈ ਇਨਸਾਨ ਨੂੰ ਹਾਂ-ਪੱਖੀ, ਸ਼ਾਂਤ ਅਤੇ ਸਹਿਜ ਸੁਭਾਅ ਦਾ ਹੋਣਾ ਜ਼ਰੂਰੀ ਹੈ। ਨਾਂਹ-ਪੱਖੀ ਵਿਅਕਤੀ ਕਦੇ ਵੀ ਅੰਦਰੂਨੀ ਤੌਰ ‘ਤੇ ਸੰਤੁਸ਼ਟ ਅਤੇ ਖ਼ੁਸ਼ ਨਹੀਂ ਹੋ ਸਕਦਾ। ਸੰਸਾਰਕ ਭਾਵਨਾਵਾਂ ਅਤੇ ਇੱਛਾਵਾਂ ਦੀ ਤੀਬਰਤਾ ‘ਤੇ ਕਾਬੂ ਪਾਉਣਾ ਲਾਜ਼ਮੀ ਹੈ ਜੋ ਮਨ ਦੀ ਇਕਾਗਰਤਾ ਦੇ ਰਸਤੇ ‘ਚ ਰੁਕਾਵਟ ਪੈਦਾ ਕਰਦੇ ਹਨ। ਖੁਸ਼ਹਾਲ ਜ਼ਿੰਦਗੀ ਲਈ ਖ਼ੁਦ ‘ਤੇ ਭਰੋਸਾ ਕਰਨ ਦਾ ਹੁਨਰ ਬਹੁਤ ਅਹਿਮ ਹੈ, ਨਹੀਂ ਤਾਂ ਨਿਰਾਸ਼ਤਾ, ਉਦਾਸੀਨਤਾ ਅਤੇ ਤਣਾਅ ਵਰਗੀਆਂ ਜੋਕਾਂ ਜੁੜਨ ‘ਚ ਦੇਰੀ ਨਹੀਂ ਲੱਗਦੀ। ਹਾਂ-ਪੱਖੀ ਸੋਚ ਵਾਲਾ ਇਨਸਾਨ ਛੇਤੀ ਕੀਤੇ ਨਾ ਤਾਂ ਘਬਰਾਉਂਦਾ ਹੈ ਤੇ ਨਾ ਹੀ ਖ਼ੁਸ਼ੀ ‘ਚ ਖੀਵਾ ਹੁੰਦਾ ਹੈ, ਸਗੋਂ ਲੰਮੇ ਰਾਹਾਂ ਦਾ ਪਾਂਧੀ ਬਣ ਕੇ ਜ਼ਿੰਦਗੀ ਦਾ ਲੁਤਫ਼ ਮਾਣਦਾ ਹੈ। ਸੁਸਤੀ, ਦਲਿੱਦਰ ਤੇ ਢਿੱਲਾ ਸਰੀਰ ਅਤੇ ਹਰ ਸਮੇ ਰੋਂਦੇ ਰਹਿਣਾ ਆਦਿ ਨਾਂਹ-ਪੱਖੀ ਤੇ ਨਕਾਰਾਤਮਕ ਵਿਅਕਤੀਆਂ ਦੀਆਂ ਨਿਸ਼ਾਨੀਆਂ ਹਨ।
ਅਚਨਚੇਤ ਅਤੇ ਇਕਦਮ ਮਿਲੀ ਪ੍ਰਸ਼ੰਸਾ, ਪ੍ਰਸਿੱਧੀ, ਨੁਕਤਾਚੀਨੀ ਅਤੇ ਆਲੋਚਨਾ ਨੂੰ ਅੱਖੋਂ ਪਰੋਖੇ ਕਰਨਾ ਹੀ ਇੱਕ ਸਿਆਣੇ, ਸੂਝਵਾਨ ਅਤੇ ਕਾਬਿਲ ਇਨਸਾਨ ਦੇ ਸਫ਼ਲ ਹੋਣ ਦੀ ਪਹਿਲੀ ਨਿਸ਼ਾਨੀ ਹੈ। ਆਸ਼ਾਵਾਦੀ ਤੇ ਉਸਾਰੂ ਇਨਸਾਨ ਮਾਨਸਿਕ ਅਤੇ ਬੌਧਿਕ ਤੌਰ ‘ਤੇ ਵਧੇਰੇ ਨਰੋਏ ਹੋਣ ਦੇ ਨਾਲ ਨਾਲ ਦੂਸਰਿਆਂ ਦੀ ਹੋ ਰਹੀ ਤਰੱਕੀ ‘ਤੇ ਖ਼ੁਸ਼ ਹੁੰਦੇ ਹਨ, ਨਾ ਕਿ ਕੋਲੇ ਵਾਂਗ ਧੁਖ਼ਦੇ ਅਤੇ ਸੜਦੇ ਹਨ। ਇਹੋ ਜਿਹੇ ਲੋਕ ਕੁਦਰਤ ਅਤੇ ਅਸਲੀਅਤ ਦੇ ਵਧੇਰੇ ਨੇੜੇ ਹੁੰਦੇ ਹਨ। ਇਹੀ ਲੋਕ ਕਿਸੇ ਨਾ ਕਿਸੇ ਤਰ੍ਹਾਂ ਦੀ ਸਿਰਜਣਾ ਕਰਦੇ ਹਨ ਜੋ ਸਮਾਜ ਲਈ ਸਿੱਧੇ ਜਾਂ ਅਸਿੱਧੇ ਤੌਰ ‘ਤੇ ਬਣਦਾ ਯੋਗਦਾਨ ਪਾਉਂਦੇ ਹਨ। ਈਰਖਾ ਅਤੇ ਨਫ਼ਰਤ ਕਰਨ ਵਾਲੇ ਇਨਸਾਨ ਹਰ ਵਕ਼ਤ ਅਲੋਚਨਾ ਅਤੇ ਤਣਾਅ ‘ਚ ਰਹਿਣ ਲਈ ਮਜਬੂਰ ਰਹਿੰਦੇ ਹਨ। ਉਹ ਆਪਣਾ ਆਲਾ-ਦੁਆਲਾ ਨਾਂਹ-ਪੱਖੀ ਤਰੰਗਾਂ ਨਾਲ ਭਰ ਦਿੰਦੇ ਹਨ। ਇਹੋ ਜਿਹੇ ਮਾਹੌਲ ‘ਚ ਸਿਰਜਣਾ ਦਾ ਉਪਜਣਾ ਨਾਮੁਮਕਿਨ ਹੋ ਜਾਂਦਾ ਹੈ। ਇੱਕ ਹੱਲਾਸ਼ੇਰੀ ਹੀ ਹੈ ਜੋ ਕਿਸੇ ਅਸੰਭਵ ਕੰਮ ਨੂੰ ਸੰਭਵ ‘ਚ ਬਦਲਣ ਲਈ ਸੋਨੇ ‘ਤੇ ਸੁਹਾਗੇ ਵਾਂਗ ਕੰਮ ਕਰਦੀ ਹੈ। ਇੱਕ ਮੁੱਠੀ ਚੱਕ ਲੈ ਦੂਜੀ ਤਿਆਰ ਵਾਂਗ ਇੱਛਾਵਾਂ ਤੇ ਦੁੱਖ-ਤਕਲੀਫ਼ਾਂ ਦਾ ਆਉਣ ਜਾਣ ਹਰ ਮਨੁੱਖ ਦੀ ਜ਼ਿੰਦਗੀ ‘ਚ ਰਹਿੰਦਾ ਹੈ। ਕੋਈ ਵੀ ਸ਼ਖ਼ਸ ਇਨ੍ਹਾਂ ਨੂੰ ਕਾਬੂ ਨਹੀਂ ਕਰ ਸਕਿਆ, ਪਰ ਮਾਨਸਿਕ ਤੌਰ ‘ਤੇ ਮਜ਼ਬੂਤ ਵਿਅਕਤੀ ਇਨ੍ਹਾਂ ਨੂੰ ਇੰਝ ਸਰ ਕਰ ਜਾਂਦਾ ਹੈ ਜਿਵੇਂ ਝੱਖੜ ਸੁੱਕੇ ਤੇ ਟੁੱਟੇ ਪੱਤਿਆਂ ਨੂੰ ਛਿਣ ‘ਚ ਹੀ ਦਰੱਖਤ ਤੋਂ ਕੋਹਾਂ ਦੂਰ ਕਿਸੇ ਅਗਿਆਤ ਥਾਂ ‘ਤੇ ਲੈ ਜਾਂਦਾ ਹੈ। ਨਿਰਾਸ਼ਤਾ ਅਤੇ ਨਕਾਰਾਤਮਕਤਾ ਰੂਪੀ ਪੌੜੀ ਦਾ ਆਖ਼ਰੀ ਟੰਬਾ ਖ਼ੁਦਕੁਸ਼ੀ ਹੀ ਹੈ। ਦਿਨੋ ਦਿਨ ਇਸ ਪੌੜੀ ਦੇ ਟੰਬੇ ਘਟਦੇ ਜਾਂਦੇ ਹਨ। ਉਮੀਦ ਅਤੇ ਚੰਗਾ ਹੋਣ ਦੀ ਕਲਪਨਾ, ਨਿਰਾਸ਼ਤਾ ਅਤੇ ਨਕਾਰਾਤਮਕਤਾ ਨੂੰ ਦੂਰ ਕਰਨ ‘ਚ ਸਹਾਈ ਹੁੰਦੀ ਹੈ। ਦੁਨੀਆਦਾਰੀ ‘ਚ ਕਿਸੇ ਵੀ ਇਨਸਾਨ ਦੀ ਕੁਦਰਤ ਵੱਲੋਂ ਨਿਵਾਜ਼ੀ ਹੋਈ ਕਲਾ, ਹੁਨਰ ਅਤੇ ਯੋਗਤਾ ਨੂੰ ਕੁਝ ਸਮੇਂ ਲਈ ਰੋਕਿਆ ਜਾਂ ਅੱਖੋਂ ਪਰੋਖੇ ਕੀਤਾ ਜਾ ਸਕਦਾ ਹੈ, ਪਰ ਵਕਤ ਨਾਲ ਇਹ ਕਿਸੇ ਨਾ ਕਿਸੇ ਰੂਪ ‘ਚ ਆਪਣੇ ਆਪ ਸ੍ਰਿਸ਼ਟੀ ਵਿੱਚ ਹੋਰ ਨਿਖਰਕੇ ਵਧੇਰੇ ਛਾਪ ਛੱਡੇਗੀ ਬਸ਼ਰਤੇ ਹੌਂਸਲਾ ਅਤੇ ਸਕਾਰਾਤਮਕਤਾ ਬਰਕਰਾਰ ਰੱਖੀ ਜਾਵੇ। ਇਸੇ ਲਈ ਕਿਹਾ ਜਾਂਦਾ ਹੈ ਕਿ ਸਮੁੰਦਰਾਂ ਨੂੰ ਕਦੇ ਨੱਕੇ ਨਹੀਂ ਲੱਗਦੇ।

Related Articles

Latest Articles