ਹੱਕ ਸੱਚ ਤੇ ਇਨਸਾਫ਼ ਦੀ ਵੇਖੀ

 

ਹੱਕ ਸੱਚ ਤੇ ਇਨਸਾਫ਼ ਦੀ ਵੇਖੀ, ਮੈਂ ਤਾਂ ਕਿਤੇ ਦੁਕਾਨ ਨਹੀਂ ।
ਏਸ ਨਸਲ ਦੇ ਘੱਟ ਵਣਜਾਰੇ, ਵਿਕਦਾ ਕਿਤੇ ਸਮਾਨ ਨਹੀਂ ।

ਭਾਰਤ ਲੱਭਦੇ ਕਿਵੇਂ ਕੋਲੰਬਸ ਲੱਭ ਲਿਆ ਅਮਰੀਕਾ ਨੂੰ,
ਮੈਂ ਤੱਕਿਆ ਹੈ ਵਿੱਚ ਅਮਰੀਕਾ, ਜਿਸਦਾ ਨਾਮ ਨਿਸ਼ਾਨ ਨਹੀਂ ।

ਸ਼ਬਦ ਸਲਾਮਤ ਗੁਰ ਹੈ ਮੇਰਾ, ਜੇ ਪੜ੍ਹਦਾਂ ਰਾਹ ਦੱਸਦਾ ਹੈ,
ਸੌ ਦੀ ਇੱਕ ਸੁਣਾਵਾਂ ਮੇਰਾ, ਮਿੱਟੀ ਦਾ ਭਗਵਾਨ ਨਹੀਂ ।

ਮੈਂ ਹੀ ਤੈਨੂੰ ਚੁਣਿਆ, ਚੁਣ ਕੇ, ਤੈਨੂੰ ਖ਼ੁਦ ਸਰਕਾਰ ਕਿਹਾ,
ਮੇਰੇ ਨਾਲ ਬਰਾਬਰ ਬਹਿ ਤੂੰ, ਮੈਂ ਤੇਰਾ ਦਰਬਾਨ ਨਹੀਂ ।

ਇਸ ਵਿੱਚ ਮੈਂ ਤੇ ਪੁਰਖ਼ੇ ਰਹਿੰਦੇ, ਖੇਡਣ ਬੱਚੜੇ ਸ਼ਾਮ ਸਵੇਰ,
ਨਿੱਤਨੇਮਣ ਬੀਵੀ ਦੇ ਕਾਰਨ, ਘਰ ਇਹ ਸਿਰਫ਼ ਮਕਾਨ ਨਹੀਂ ।

ਮੈਨੂੰ ਗੁਰ ਉਪਦੇਸ਼ ਸਿਖਾਇਆ, ਸੁਣ ਲਉ ਦੁਨੀਆ ਵਾਲੜਿਓ,
ਰੂਹ ਦੇ ਕੰਗਲੇ, ਧਨ ਦੇ ਲੋਭੀ, ਸ਼ਾਹ ਤਾਂ ਹਨ, ਧਨਵਾਨ ਨਹੀਂ ।

ਸੀਸ ਤਲੀ ਧਰ, ਯਾਰ ਗਲੀ ਵੱਲ, ਤੁਰਨਾ ਏਨਾ ਸਹਿਲ ਨਹੀਂ,
ਉਸ ਨੂੰ ਸਮਝ ਕਦੇ ਨਹੀਂ ਪੈਣੀ, ਜਿਸ ਮਿੱਟੀ ਵਿੱਚ ਜਾਨ ਨਹੀਂ ।

ਲੇਖਕ : ਗੁਰਭਜਨ ਗਿੱਲ

Exit mobile version