13.3 C
Vancouver
Friday, February 28, 2025

ਅਖ਼ੀਰੀ ਤੱਕਣੀ

ਓਸ ਅਖ਼ੀਰੀ ਤੱਕਣੀ ਦੇ ਵਿਚ, ਕਿੰਨਾਂ ਦਰਦ ਸੀ ਹਾਏ ।
ਉਹਦੇ ਵਿਛੜਣ ਵਾਲਾ ਵੇਲਾ, ਕਿੰਜ ਭੁਲਾਇਆ ਜਾਏ ।

ਕਾਲਖ਼ ਲਿੱਪੇ ਅੰਬਰੋਂ ਲੀਕੇ, ਨੈਣਾਂ ਤੀਕ ਹਨ੍ਹੇਰ,
ਤੇਰੇ ਬਾਝੋਂ ਕਿਹੜਾ ਮੇਰੀਆਂ, ਅੱਖੀਆਂ ਨੂੰ ਰੁਸ਼ਨਾਏ ।

ਨਾ ਦੇਹ ਭੇਤੀਆ ਐਨੇ ਲਾਰੇ, ਲੰਮੀਆਂ ਉਮਰਾਂ ਵਾਲੇ,
ਮਰ ਕੇ ਇਕ ਹੰਢਾਈ ਏ ਹੁਣ, ਦੂਜੀ ਕੌਣ ਹੰਢਾਏ ।

ਤੂੰ ਵੀ ਆਪਣੇ ਵਾਲਾਂ ਅੰਦਰ, ਫੁਲ ਟੰਗਣੇ ਭੁੱਲ ਗਈ ਏਂ,
ਮੈਂ ਵੀ ਰੰਗ ਬਰੰਗੇ ਬਾਣੇਂ, ਫੇਰ ਕਦੀ ਨਈਂ ਪਾਏ ।

ਇੰਜ ਅਧਵਾਟਿਉਂ ਟੁੱਟੀ ਯਾਰੀ, ਜਿਉਂ ਕਰ ਗੁੱਡੀ ਡੋਰੋਂ,
ਹੁਣ ਤੇ ਆਪਣੇ ਘਰ ਬੂਹੇ ਵਲ, ਵੀ ਨਾ ਪਰਤਿਆ ਜਾਏ ।

ਇਸ ਬੇ ਸੁਰਤੀ ਜੂਹ ਦੇ ਅੰਦਰ, ਹੋਇਆ ਵਾਸਾ ਮੇਰਾ,
ਰੁੱਖਾਂ ਨਾਲੋਂ ਲੰਮੇ ਜਿੱਥੇ, ਰੁੱਖਾਂ ਦੇ ਨੇ ਸਾਏ ।

ਸ਼ਿਅਰ ਦੀ ਦੇਹੀ ਉੱਤੇ ਮਲਿਆ, ਰੂਪ ‘ਖ਼ਿਆਲ’ ਦਾ ਵਟਨਾ,
ਕਿਉਂ ਨਾ ਗ਼ਜ਼ਲਾਂ ਵਿੱਚੋਂ ਅੜੀਏ, ਖ਼ੁਸ਼ਬੂ ਤੇਰੀ ਆਏ ।
ਲੇਖਕ : ਅਮੀਨ ਖ਼ਿਆਲ

Related Articles

Latest Articles