ਲੇਖਕ : ਕੇ.ਐੱਸ.ਅਮਰ,
ਮੋਬ.9465369343.
ਗੀਤ- ਸੰਗੀਤ ਮਨੁੱਖੀ ਜ਼ਿੰਦਗੀ ਦੀ ਰੂਹ ਦੀ ਖੁਰਾਕ ਹੈ। ਸੰਗੀਤ ਸਾਡੇ ਸਮਾਜਿਕ ਵਰਤਾਰੇ ਦਾ ਇੱਕ ਮਹੱਤਵਪੂਰਣ ਹਿੱਸਾ ਹੈ ਜੋ ਸਾਡੀ ਮਾਨਸਿਕ ਥਕਾਵਟ ਨੂੰ ਦੂਰ ਕਰਦਾ ਹੈ।ਢੋਲ ਦਾ ਡਗਾ, ਵਾਇਲਨ ਦੀਆਂ ਤਰੰਗਾਂ, ਗਟਾਰ ਦੀਆਂ ਧੁਨਾਂ ਅਤੇ ਬਹੁਤ ਸਾਰੇ ਸੰਗੀਤਕ ਜੰਤਰ ਮਨੁੱਖ ਨੂੰ ਆਪ ਮੁਹਾਰੇ ਨੱਚਣ ਲਈ ਮਜਬੂਰ ਕਰ ਦਿੰਦੇ ਹਨ।ਰੂਹਾਨੀਅਤ ਦੇ ਆਨੰਦ ਲਈ ਹੀ ਮਨੁੱਖ ਨੇ ਰੇਡੀਓ ,ਟੈਲੀਵਿਜ਼ਨ, ਕੰਪਿਊਟਰ ਤੇ ਮੋਬਾਈਲ ਵਰਗੇ ਧੁਨੀ ਜੰਤਰ ਇਜ਼ਾਦ ਕੀਤੇ ਹਨ ਜੋ ਉਸਨੂੰ ਸੁਖ਼ਦ ਦੁਨੀਆਂ ਦਾ ਅਹਿਸਾਸ ਕਰਵਾਉਂਦੇ ਹਨ। ਚੁੰਬਕੀ ਤਰੰਗਾਂ ਨਾਲ ਕੰਮ ਕਰਨ ਵਾਲਾ ਸੰਚਾਰ ਜੰਤਰ “ਰੇਡੀਓ” ਮਨੁੱਖ ਦਾ ਸਭ ਤੋਂ ਪੁਰਾਣਾ ਸਾਥੀ ਹੈ। ਜਿਸ ਨੂੰ ਆਧੁਨਿਕਤਾ ਦੇ ਦੌਰ ਵਿੱਚ ਵੀ ਭੁਲਾਇਆ ਨਹੀਂ ਜਾ ਸਕਦਾ। ਰੇਡੀਓ ਦੀ ਖੋਜ ਦੀ ਲੰਬੀ ਕਹਾਣੀ ਹੈ। ਜਿਸ ਨੂੰ ਇਟਲੀ ਦੇ ਪ੍ਰਸਿੱਧ ਵਿਗਿਆਨੀ ਗੁਗਲੇਲਮੋ ਮਾਰਕੋਨੀ ਨੇ ਦਸੰਬਰ 1895 ਵਿੱਚ ਖੋਜਿਆ ਸੀ।ਜਿਸ ਦੀ ਬਦੌਲਤ ਹੀ ਉਹਨਾਂ ਨੂੰ 1909 ਵਿੱਚ ਨੋਬਲ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ ਸੀ। ਮਾਰਕੋਨੀ ਨੇ 1897 ਵਿੱਚ ਆਪਣੀ ਸਿਗਨਲ ਕੰਪਨੀ ਵਾਇਰਲੈਸ ਟੈਲੀਗ੍ਰਾਫ ਸ਼ੁਰੂ ਕੀਤੀ ਸੀ ਅਤੇ ਪਹਿਲੀ ਵਾਰ 12 ਮੀਲ ਤੱਕ ਰੇਡੀਓ ਸੰਦੇਸ਼ ਭੇਜਣ ਵਿੱਚ ਸਫਲਤਾ ਪ੍ਰਾਪਤ ਕੀਤੀ ਸੀ। 1899 ਈਸਵੀ ਵਿੱਚ ਇੰਗਲਿਸ਼ ਚੈਨਲ ਦੇ ਪਾਰ 31 ਮੀਲ ਤੱਕ ਉਹ ਆਪਣਾ ਰੇਡੀਓ ਸੰਦੇਸ਼ ਭੇਜਣ ਵਿੱਚ ਕਾਮਯਾਬ ਹੋਏ, ਇਸੇ ਤਰ੍ਹਾਂ ਹੀ 1901 ਵਿੱਚ ਮਾਰਕੋਨੀ ਪਹਿਲੀ ਵਾਰ ( ਐੱਸ) ਅੱਖਰ ਨੂੰ ਸੈਂਸਰ ਕੋਡ ਦੁਆਰਾ ਐਟਲਾਂਟਿਕ ਸਾਗਰ ਦੇ ਆਰ ਪਾਰ ਭੇਜਣ ਵਿੱਚ ਸਫਲ ਹੋਏ ਅਤੇ ਉਹਨਾਂ ਨੇ ਵਿਸ਼ਵ ਭਰ ਵਿੱਚ ਪ੍ਰਸਿੱਧੀ ਹਾਸ਼ਿਲ ਕੀਤੀ। ਇੰਗਲੈਂਡ ਵਿੱਚ ਪਹਿਲੀ ਵਾਰ ਮਾਰਕੋਨੀ ਦੇ ਬਣਾਏ ਜੰਤਰਾਂ ਨਾਲ ਹੀ 14 ਫਰਵਰੀ, 1922 ਨੂੰ ਰੇਡੀਓ ਪ੍ਰਸ਼ਾਰਣ ਸੇਵਾ ਆਰੰਭ ਕੀਤੀ ਗਈ ਸੀ।1930 ਈ. ਵਿੱਚ ਮਾਰਕੋਨੀ ਨੂੰ ‘ਰੋਇਲ ਅਕੈਡਮੀ’ ਆਫ ਇਟਲੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਟਲੀ ਦਾ ਹੀ ਇਹ ਪ੍ਰਸਿੱਧ ਵਿਗਿਆਨੀ ਲਗਭਗ 63 ਸਾਲ ਤੱਕ ਜਿੰਦਾ ਰਿਹਾ।20 ਜੁਲਾਈ, 1937 ਨੂੰ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਮੌਤ ਦੇ ਸਨਮਾਨ ਵਜੋਂ ਅਮਰੀਕਾ ,ਇੰਗਲੈਂਡ ਤੇ ਇਟਲੀ ਨੇ ਆਪਣੇ ਰੇਡੀਓ ਸਟੇਸ਼ਨ ਕੁਝ ਮਿੰਟਾਂ ਲਈ ਬੰਦ ਕਰ ਦਿੱਤੇ ਸਨ।
ਭਾਰਤ ਵਿੱਚ ਰੇਡੀਓ ਦਾ ਇਤਿਹਾਸ 95 ਸਾਲ ਪੁਰਾਣਾ ਹੈ 8 ਅਗਸਤ, 1921 ਨੂੰ ਸੰਗੀਤ ਦੇ ਵਿਸ਼ੇਸ਼ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਜੋ ਰੇਡੀਓ ਦੇ ਸਫਰ ਦੀ ਮੁੰਬਈ ਤੋਂ ਪੂਨੇ ਤੱਕ ਦੀ ਯਾਤਰਾ ਸੀ। ਇਸ ਤੋਂ ਬਾਅਦ ਸ਼ੌਕੀਆਂ ਰੇਡੀਓ ਕਲੱਬਾਂ ਦਾ ਦੌਰ ਸ਼ੁਰੂ ਹੋਇਆ। 13 ਨਵੰਬਰ, 1923 ਨੂੰ ਰੇਡੀਓ ਕਲੱਬ ਬੰਗਾਲ, 8 ਜੂਨ, 1923 ਨੂੰ ਮੁੰਬਈ ਪ੍ਰਾਈਵੇਟ ਸਰਵਿਸ ਕਲੱਬ ਅਤੇ 31 ਜੁਲਾਈ, 1924 ਨੂੰ ਮਦਰਾਸ ਪ੍ਰੈਜੀਡੈਂਸੀ ਰੇਡੀਓ ਕਲੱਬ ਹੋਂਦ ਵਿੱਚ ਆਏ। 23 ਜੁਲਾਈ, 1927 ਨੂੰ ਇੰਡੀਅਨ ਬਰਾਡ ਕਾਸਟਿੰਗ ਕੰਪਨੀ( ਆਈ. ਬੀ. ਸੀ.) ਦਾ ਨਿੱਜੀ ਪ੍ਰਸ਼ਾਰਣ ਸ਼ੁਰੂ ਕੀਤਾ ਗਿਆ,ਜਿਸ ਦਾ ਉਦਘਾਟਨ ਮੁੰਬਈ ਦੇ ਵਾਏਸਰਾਏ ਲਾਰਡ ਇਰਵਨ ਨੇ ਕੀਤਾ। ਇਹ ਮੀਡੀਅਮ- ਬੇਵ ਟਰਾਂਸਮੀਟਰ ਡੇਢ ਕਿਲੋਵਾਟ ਦਾ ਸੀ ਜੋ 48 ਕਿਲੋਮੀਟਰ ਦੀ ਦੂਰੀ ਤੱਕ ਸੁਣਾਈ ਦਿੰਦਾ ਸੀ। ਇਹੋ ਜਿਹੇ ਹੀ ਛੋਟੇ ਸਟੇਸ਼ਨ ਕੇਂਦਰ ਰਾਂਚੀ ਰੰਗੂਨ ਵਿੱਚ ਵੀ ਸਥਾਪਿਤ ਕੀਤੇ ਗਏ। ਇਸੇ ਤਰ੍ਹਾਂ ਹੀ 1930 ਵਿੱਚ ਇੰਡੀਅਨ ਸਟੇਟ ਬਰਾਡ ਕਾਸਟਿੰਗ ਕਾਰਪੋਰੇਸ਼ਨ ਸਰਵਿਸ ਸ਼ੁਰੂ ਕੀਤੀ ਗਈ ।1935 ਵਿੱਚ ਮਾਰਕੋਨੀ ਦੀ ਕੰਪਨੀ ਦੀ ਮਦਦ ਨਾਲ 250 ਕਿਲੋਵਾਟ ਦਾ ਟਰਾਂਸਮੀਟਰ ਪਿਸ਼ਾਵਰ ਵਿੱਚ ਲਗਾਇਆ ਗਿਆ, ਜਿਸ ਵਿੱਚ 14 ਪਿੰਡਾਂ ਨੂੰ ਗ੍ਰਾਮੀਣ ਪ੍ਰਸ਼ਾਰਣ ਲਈ ਚੁਣਿਆ ਗਿਆ। ਇਹ ਪ੍ਰਸ਼ਾਰਣ ਪ੍ਰਤੀ ਦਿਨ ਸ਼ਾਮ ਨੂੰ ਇਕ ਘੰਟਾ ਕੀਤਾ ਜਾਂਦਾ ਸੀ। ਇਸ ਤਰਜ਼ ਤੇ ਹੀ ਮੈਸੂਰ ਵਿੱਚ 250 ਕਿਲੋਵਾਟ ਦਾ ਕੇਂਦਰ ਸਥਾਪਤ ਕੀਤਾ ਗਿਆ, ਜਿਸ ਨੂੰ ਆਕਾਸ਼ਵਾਣੀ ਦਾ ਨਾਮ ਦਿੱਤਾ ਗਿਆ। 8 ਜੂਨ, 1936 ਨੂੰ ਇਸ ਕੇਂਦਰ ਨੂੰ ਹੀ ਇੰਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਸਰਵਿਸ ਅਰਥਾਤ” ਆਲ ਇੰਡੀਆ ਰੇਡੀਓ” ਦਾ ਨਾਮ ਦਿੱਤਾ ਗਿਆ। 1941 ਵਿੱਚ ਪਹਿਲੀ ਵਾਰ ਸੂਚਨਾ ਪ੍ਰਸ਼ਾਰਣ ਵਿਭਾਗ ਬਣਾਇਆ ਗਿਆ। 1947 ਤੱਕ ਭਾਰਤ ਵਿੱਚ ਕੇਵਲ 9 ਰੇਡੀਓ ਸਟੇਸ਼ਨ ਚੱਲ ਰਹੇ ਸਨ। ਜਿਨਾਂ ਵਿੱਚ ਢਾਕਾ ਲਾਹੌਰ ਅਤੇ ਪਿਸ਼ਾਵਰ ਵੀ ਸ਼ਾਮਲ ਸਨ। ਅੱਜ ਰੇਡੀਓ ਭਾਰਤ ਵਿੱਚ ਵਿਸ਼ੇਸ਼ ਸਥਾਨ ਰੱਖਦਾ ਹੈ ਜਿੱਥੇ 23 ਤੋਂ ਵੱਧ ਭਾਸ਼ਾਵਾਂ ਅਤੇ 150 ਬੋਲੀਆਂ ਵਿੱਚ ਰੇਡੀਓ ਪ੍ਰਸ਼ਾਰਣ ਹੁੰਦਾ ਹੈ। ਅੱਜ ਬਹੁਤ ਸਾਰੇ ਰੇਡੀਓ ਸਟੇਸ਼ਨ ਡਿਜ਼ੀਟਲ ਬਰਾਡ ਕਾਸਟਿੰਗ ਪ੍ਰਣਾਲੀ ਦੁਆਰਾ ਚਲਾਏ ਜਾਂਦੇ ਹਨ,ਜਿਸ ਵਿੱਚ ਰੇਡੀਓ ਆਨ ਡਿਮਾਂਡ ਅਤੇ ਨਿਊਜ਼ ਇੰਨ ਫੋਨ ਵਿਵਸਥਾਂ ਦੁਆਰਾ ਲੋਕਾਂ ਦੀ ਪਸੰਦ ਦਾ ਵਿਕਲਪ ਦਿੱਤਾ ਜਾਂਦਾ ਹੈ। ਸਾਡੇ ਦੇਸ਼ ਵਿੱਚ ਰੇਡੀਓ ਦਾ ਪਹਿਲਾ ਬੁਲੇਟਿਨ ਸਮਾਚਾਰ 19 ਜਨਵਰੀ, 1936 ਨੂੰ ਮੁੰਬਈ ਤੋਂ ਪ੍ਰਸਾਰਿਤ ਕੀਤਾ ਗਿਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਰੇਡੀਓ ਦੀ ਵਿਕਾਸ ਯਾਤਰਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰ ਰਹੀ ਹੈ। ਅੱਜ ਐਫ .ਐਮ. ਪ੍ਰਸ਼ਾਰਣ ਦੇ ਅਨੇਕਾਂ ਚੈਨਲ 24 ਘੰਟੇ ਲੋਕਾਂ ਦਾ ਮਨੋਰੰਜਨ ਕਰ ਰਹੇ ਹਨ। ਜੋ ਦੂਰ- ਦੁਰਾਡੇ ਪਹਾੜੀ ਖੇਤਰਾਂ ਵਿੱਚ ਵੀ ਆਸਾਨੀ ਨਾਲ ਸੁਣੇ ਜਾ ਸਕਦੇ ਹਨ। ਅੱਜ ਆਕਾਸ਼ਵਾਣੀ ਦਾ ਸਮਾਚਾਰ ਨੈਟਵਰਕ ਵਿਸ਼ਵ ਪ੍ਰਸ਼ਾਰਣ ਦਾ ਹਿੱਸਾ ਬਣਿਆ ਹੋਇਆ ਹੈ। ਪ੍ਰਤੀ ਦਿਨ ਲਗਭਗ ਪੌਣੇ ਤਿੰਨ ਸੌ ਬੁਲੇਟਿਨ 36 ਘੰਟੇ ਤੋਂ ਅਧਿਕ ਸਮੇਂ ਲਈ ਪ੍ਰਸਾਰਿਤ ਕੀਤੇ ਜਾਂਦੇ ਹਨ। ਰੇਡੀਓ ਦੀ ਇਸ ਮਹਾਨ ਉਪਲਬਧੀ ਕਾਰਨ ਹੀ ਯੂ.ਐਨ.ਓ.ਦੇ ਵਿਭਾਗ “ਵਿਗਿਆਨਕ ਅਤੇ ਸੰਸਕ੍ਰਿਤ ਸੰਗਠਨ ਯੂਨੈਸਕੋ” ਵੱਲੋਂ ਮਿਤੀ 3 ਨਵੰਬਰ ,2011 ਤੋਂ ਹਰ ਸਾਲ 13 ਫਰਵਰੀ ਨੂੰ ਵਿਸ਼ਵ ਰੇਡੀਓ ਦਿਵਸ ਮਨਾਉਣ ਦਾ ਫੈਸਲਾ ਕੀਤਾ ਗਿਆ ਸੀ।