ਸਿੱਖ ਇਤਿਹਾਸ ਅਤੇ ਪੰਜਾਬੀ ਸੱਭਿਆਚਾਰ ਬਾਰੇ ਬਣਾਏ ਅਨੇਕ ਚਿੱਤਰ
ਲੇਖਕ : ਸਰਬਮੀਤ ਸਿੰਘ
ਜੇਕਰ ਤੁਸੀਂ ਪੇਂਟਿੰਗਜ਼ ਅਤੇ ਕੰਧ ਚਿੱਤਰਾਂ ਵੱਲ ਧਿਆਨ ਨਹੀਂ ਵੀ ਦਿੰਦੇ ਤਾਂ ਵੀ ਸ਼ਾਇਦ ਤੁਸੀਂ ਆਪਣੇ ਘਰ ਵਿੱਚ ਟੰਗੇ ਕੈਲੰਡਰ ਜਾਂ ਕਿਸੇ ਅਖ਼ਬਾਰ ਵਿੱਚ ਪੰਜਾਬੀ ਸੱਭਿਆਚਾਰ ਦੀ ਤਰਜਮਾਨੀ ਕਰਦੀ ਕੋਈ ਤਸਵੀਰ ਦੇਖੀ ਹੋਵੇ।
ਪੰਜਾਬੀ ਸੱਭਿਆਚਾਰ ਅਤੇ ਸਿੱਖ ਜਗਤ ਦੀਆਂ ਸ਼ਾਹਕਾਰ ਪੇਂਟਿੰਗਜ਼ ਨੂੰ ਬਣਾਉਣ ਵਾਲੇ ਜਰਨੈਲ ਸਿੰਘ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ।
ਸਰੀ ਸ਼ਹਿਰ ਵਿੱਚ ਵਸਦੇ ਜਰਨੈਲ ਸਿੰਘ ਨੇ 10 ਫ਼ਰਵਰੀ ਨੂੰ ਚੰਡੀਗੜ੍ਹ ਵਿੱਚ ਆਖ਼ਰੀ ਸਾਹ ਲਿਆ। ਪੰਜਾਬ ਦੇ ਫਿਰੋਜ਼ਪੁਰ ਜ਼ਿਲੇ ਦੇ ਕਸਬੇ ਜ਼ੀਰੇ ਨਾਲ ਸੰਬੰਧਿਤ ਜਰਨੈਲ ਸਿੰਘ ਕਰੀਬ 69 ਵਰ੍ਹਿਆਂ ਦੇ ਸਨ। ਉਹ ਆਪਣੇ ਪਿੱਛੇ ਪਤਨੀ, ਇਕ ਪੁੱਤਰ ਅਤੇ ਇਕ ਧੀ ਛੱਡ ਗਏ ਹਨ।
ਚਿਤਰਕਾਰ ਜਰਨੈਲ ਸਿੰਘ ਦੇ ਦੇਹਾਂਤ ‘ਤੇ ਭਾਈਚਾਰੇ ਦੀਆਂ ਵੱਖ ਵੱਖ ਸ਼ਖਸ਼ੀਅਤਾਂ ਵੱਲੋਂ ਅਫ਼ਸੋਸ ਪ੍ਰਗਟ ਕੀਤਾ ਜਾ ਰਿਹਾ ਹੈ।
ਗੱਲਬਾਤ ਦੌਰਾਨ ਫ਼ਿਲਮਕਾਰ ਨਵਲਪ੍ਰੀਤ ਰੰਗੀ ਨੇ ਕਿਹਾ ਕਿ ਜਰਨੈਲ ਸਿੰਘ ਦੇ ਦੇਹਾਂਤ ਨਾਲ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ।
ਰੰਗੀ ਮੁਤਾਬਿਕ ਪੀਲੀਏ ਕਾਰਨ ਜਰਨੈਲ ਸਿੰਘ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ ਸੀ ਅਤੇ ਉਹਨਾਂ ਨੇ ਹੁਣ ਕੈਨੇਡਾ ਵਾਪਿਸ ਆਉਣਾ ਸੀ ਪਰ ਬਿਮਾਰੀ ਕਾਰਨ ਟਿਕਟ ਨੂੰ ਅੱਗੇ ਕਰਨਾ ਪਿਆ।
ਨਵਲਪ੍ਰੀਤ ਰੰਗੀ ਨੇ ਕਿਹਾ “ਜਰਨੈਲ ਸਿੰਘ ਇਕ ਵੱਡੇ ਆਰਟਿਸਟ ਹੋਣ ਦੇ ਬਾਵਜੂਦ ਨਵੇਂ ਕਲਾਕਾਰਾਂ ਨੂੰ ਬਹੁਤ ਤਪਾਕ ਨਾਲ ਮਿਲਦੇ ਸਨ ਅਤੇ ਉਤਸ਼ਾਹਿਤ ਕਰਦੇ ਸਨ। ”
ਪਰਿਵਾਰ ‘ਚੋਂ ਮਿਲੀ ਚਿਣਗ
ਜਰਨੈਲ ਸਿੰਘ ਨੂੰ ਚਿੱਤਰਕਾਰੀ ਦੀ ਚਿਣਗ ਆਪਣੇ ਪਰਿਵਾਰ ‘ਚੋਂ ਮਿਲੀ। ਜਰਨੈਲ ਸਿੰਘ ਦੇ ਪਿਤਾ , ਕਿਰਪਾਲ ਸਿੰਘ ਵੀ ਚਿਤਰਕਾਰ ਸਨ , ਜਿੰਨ੍ਹਾਂ ਤੋਂ ਜਰਨੈਲ ਸਿੰਘ ਨੇ ਚਿਤਰਕਲਾ ਦੀਆਂ ਬਾਰੀਕੀਆਂ ਨੂੰ ਸਿੱਖਿਆ।
ਕਿਰਪਾਲ ਸਿੰਘ ਦੀਆਂ ਸਿੱਖ ਇਤਿਹਾਸ ਬਾਰੇ ਬਣਾਈਆਂ ਪੇਂਟਿੰਗਜ਼ ਅੰਮ੍ਰਿਤਸਰ ਦੇ ਸਿੱਖ ਅਜਾਇਬਘਰ ਵਿੱਚ ਲੱਗੀਆਂ ਹੋਈਆਂ ਹਨ। ਜਰਨੈਲ ਸਿੰਘ ਨੇ ਆਪਣੇ ਪਿਤਾ ਦੀਆਂ ਪੇਂਟਿੰਗਜ਼ ਨੂੰ ਦੇਖ ਕੇ ਡਰਾਇੰਗ ਕਰਨੀ ਸ਼ੁਰੂ ਕੀਤੀ।
ਜਰਨੈਲ ਸਿੰਘ ਨੇ 70 ਵਿਆਂ ਦੌਰਾਨ ਪੰਜਾਬ ਕਲਾ ਅਕੈਡਮੀ ਅਤੇ ਹੋਰ ਅਦਾਰਿਆਂ ਲਈ ਕਈ ਤਰ੍ਹਾਂ ਦੇ ਚਿਤਰ ਬਣਾਏ। ਉਨ੍ਹਾਂ ਨੇ ਪੰਜਾਬ ਲਲਿਤ ਅਕੈਡਮੀ ਦੇ ਕਈ ਇਨਾਮ ਜਿੱਤੇ। ਜਰਨੈਲ ਸਿੰਘ ਨੂੰ ਕੈਨੇਡੀਅਨ ਇੰਸਟੀਚਿਊਟ ਆਫ ਪੋਰਟਰੇਟ ਆਰਟਿਸਟਸ , ਸਿਟੀ ਆਫ਼ ਸਰੀ ਅਤੇ ਸਰੀ ਆਰਟਸ ਕੌਂਸਲ ਵੱਲੋਂ ਸਨਮਾਨਿਤ ਕੀਤਾ ਗਿਆ।
ਸਿੱਖ ਇਤਿਹਾਸ ਅਤੇ ਪੰਜਾਬੀ ਸੱਭਿਆਚਾਰ
ਦੀ ਚਿੱਤਰਕਾਰੀ
ਜਰਨੈਲ ਸਿੰਘ ਨੇ ਸਿੱਖ ਇਤਿਹਾਸ ਅਤੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਅਨੇਕਾਂ ਚਿੱਤਰ ਬਣਾਏ , ਜਿੰਨ੍ਹਾਂ ਨੂੰ ਜਨਤਾ ਵੱਲੋਂ ਬਹੁਤ ਪਿਆਰ ਦਿੱਤਾ ਗਿਆ।
2000 ਵਿੱਚ ਉਹ ਕੈਨੇਡਾ ਆ ਗਏ ਅਤੇ ਸਰੀ ਵਿੱਚ ਸਿਟੀ ਆਫ਼ ਸਰੀ ਲਈ ਕਈ ਪ੍ਰੋਜੈਕਟਸ ‘ਤੇ ਕੰਮ ਕਰਨ ਤੋਂ ਇਲਾਵਾ ਸਿੰਘ ਸਭਾ ਗੁਰਦੁਆਰੇ ਲਈ ਕੰਧ ਚਿਤਰ ਬਣਾਏ। ਜਰਨੈਲ ਸਿੰਘ ਨੇ ਸਰੀ ਵਿੱਚ ਆਪਣੀ ਆਰਟ ਗੈਲਰੀ ਸਥਾਪਿਤ ਕੀਤੀ।
ਜਰਨੈਲ ਸਿੰਘ ਵੱਲੋਂ ਕਾਮਾਗਾਟਾਮਾਰੂ ਸਬੰਧੀ ਬਣਾਈਆਂ ਪੇਂਟਿੰਗਾਂ ਨੂੰ ਬਹੁਤ ਪਸੰਦ ਕੀਤਾ ਗਿਆ। ਜਰਨੈਲ ਸਿੰਘ ਨੇ ਖੂਹਾਂ , ਬਲਦਾਂ , ਤ੍ਰਿੰਝਣਾਂ , ਰੁੱਖਾਂ ਆਦਿ ਦੀਆਂ ਤਸਵੀਰਾਂ ਬਣਾ ਕੇ ਪੰਜਾਬੀ ਸੱਭਿਆਚਾਰ ਨੂੰ ਦੁਨੀਆ ਦੇ ਕੋਨੇ ਕੋਨੇ ਵਿੱਚ ਪੁੱਜਦਾ ਕੀਤਾ।
ਬ੍ਰਿਟਿਸ਼ ਕੋਲੰਬੀਆ ਦੇ ਮਾਈਨਿੰਗ ਮਨਿਸਟਰ ਜਗਰੂਪ ਬਰਾੜ ਵੱਲੋਂ ਜਰਨੈਲ ਸਿੰਘ ਨੂੰ ਇਕ ਨੇਕ ਰੂਹ ਵਜੋਂ ਯਾਦ ਕੀਤਾ ਜਾ ਰਿਹਾ ਹੈ।
ਗੱਲਬਾਤ ਦੌਰਾਨ ਜਗਰੂਪ ਬਰਾੜ ਨੇ ਜਰਨੈਲ ਸਿੰਘ ਦੁਆਰਾ ਆਪਣੇ ਪਿਤਾ ਕਾਕਾ ਸਿੰਘ ਬਰਾੜ ਦੀ ਬਣਾਈ ਪੇਂਟਿੰਗ ਦਾ ਜ਼ਿਕਰ ਕੀਤਾ।
ਕਾਕਾ ਸਿੰਘ ਬਰਾੜ ਨੇ 1947 ਦੀ ਵੰਡ ਦੌਰਾਨ ਮੁਸਲਿਮ ਭਾਈਚਾਰੇ ਦੇ ਲੋਕਾਂ ਦੀ ਜਾਨ ਬਚਾਉਣ ਦਾ ਕੰਮ ਕੀਤਾੀ ਜਗਰੂਪ ਬਰਾੜ ਨੇ ਕਿਹਾ “ਜਰਨੈਲ ਸਿੰਘ , ਮੇਰੇ ਪਿਤਾ ਦਾ ਚਿੱਤਰ ਬਣਾਉਣ ਮੌਕੇ ਮੇਰੀ ਮਾਤਾ ਅਤੇ ਮੇਰੇ ਭਰਾ ਦੇ ਲਗਾਤਾਰ ਸੰਪਰਕ ਵਿੱਚ ਰਹੇ ਅਤੇ ਨਿੱਕੀਆਂ ਨਿੱਕੀਆਂ ਬਾਰੀਕੀਆਂ ‘ਤੇ ਕੰਮ ਕੀਤਾ। ”
ਗੱਲਬਾਤ ਦੌਰਾਨ ਓਨਟੇਰੀਓ ਵਸਦੇ ਚਿਤਰਕਾਰ ਅਤੇ ਅੱਖਰਕਾਰ ਪ੍ਰਤੀਕ ਸਿੰਘ ਨੇ ਕਿਹਾ ਕਿ ਜਰਨੈਲ ਸਿੰਘ ਦੇ ਦੇਹਾਂਤ ਨਾਲ ਕਲਾ ਖ਼ੇਤਰ ਨੂੰ ਵੱਡਾ ਘਾਟਾ ਪਿਆ ਹੈ।
ਪ੍ਰਤੀਕ ਸਿੰਘ ਨੇ ਕਿਹਾ “ਜਰਨੈਲ ਸਿੰਘ ਨੇ ਪੰਜਾਬੀ ਸੱਭਿਆਚਾਰ ਅਤੇ ਸਿੱਖ ਇਤਿਹਾਸ ਬਾਬਤ ਕੰਮ ਕਰਕੇ ਪੰਜਾਬੀ ਵਿੱਚ ਹੀ ਨਹੀਂ ਸਗੋਂ ਹੋਰਨਾਂ ਭਾਈਚਾਰਿਆਂ ਵਿੱਚ ਵੀ ਆਪਣਾ ਨਾਮ ਬਣਾਇਆ। ”
ਕਿਤਾਬਾਂ ਰਾਹੀਂ ਯੋਗਦਾਨ
ਜਰਨੈਲ ਸਿੰਘ ਨੇ ਆਪਣੀਆਂ ਕਿਤਾਬਾਂ ਰਾਹੀਂ ਵੀ ਸਾਹਿਤ ਅਤੇ ਕਲਾ ਦੇ ਖ਼ੇਤਰ ਵਿੱਚ ਆਪਣਾ ਯੋਗਦਾਨ ਪਾਇਆ। ਜਰਨੈਲ ਸਿੰਘ ਨੇ 1990 ਦੌਰਾਨ ਪੰਜਾਬੀ ਚਿੱਤਰਕਾਰ ਨਾਮੀ ਕਿਤਾਬ ਵਿੱਚ ਪੰਜਾਬ ਦੇ ਚਿੱਤਰਕਾਰਾਂ ਬਾਰੇ ਲਿਖਿਆ।
2011 ਦੌਰਾਨ ਜਰਨੈਲ ਸਿੰਘ ਨੇ ਵਿਸ਼ਵ ਦੇ ਪ੍ਰਸਿੱਧ ਚਿੱਤਰਕਾਰ ਸ਼ਾਹਕਾਰ ਨਾਮ ਦੀ ਕਿਤਾਬ ਪਾਠਕਾਂ ਦੀ ਝੋਲੀ ਪਾਈ। ਕਾਮਾਗਾਟਾਮਾਰੂ ਬਾਰੇ ਜਰਨੈਲ ਸਿੰਘ ਨੇ ਅਜਮੇਰ ਰੋਡੇ ਦੇ ਨਾਲ ਮਿਲ ਕੇ ਏ ਜਰਨੀ ਵਿਦ ਦਾ ਐਂਡਲੈਸ ਆਈ ਨਾਮ ਦੀ ਕਿਤਾਬ ਲਿਖੀ।
ਜਰਨੈਲ ਸਿੰਘ ਸਰੀ ਤੋਂ ਪ੍ਰਕਾਸ਼ਤ ਹੁੰਦੇ ਹਫਤਾਵਾਰੀ ਪੰਜਾਬੀ ਅਖਬਾਰ ‘ਇੰਟਰਨੈਸ਼ਨਲ ਪੰਜਾਬੀ ਟ੍ਰਿਬਿਊਨ’ ਦੇ ਸੰਪਾਦਕ ਅਤੇ ਪੰਜਾਬੀ ਪ੍ਰੈੱਸ ਕਲੱਬ ਆਫ ਬੀਸੀ ਦੇ ਮੁਢਲੇ ਮੈਂਬਰਾਂ ਵਿੱਚੋਂ ਸਨ। ਉਹਨਾਂ ਨੇ ਵੱਖ ਵੱਖ ਅਖ਼ਬਾਰਾਂ ਲਈ ਵੱਡੀ ਗਿਣਤੀ ਵਿੱਚ ਲੇਖ ਲਿਖੇ।
ਲੇਖਕ ਅਜਮੇਰ ਰੋਡੇ ਦਾ ਕਹਿਣਾ ਹੈ ਕਿ ਜਰਨੈਲ ਸਿੰਘ ਕਲਾਕਾਰਾਂ ਅਤੇ ਲੇਖਕਾਂ ਦਰਮਿਆਨ ਇਕ ਪੁਲ ਸੀ ਅਤੇ ਜਰਨੈਲ ਸਿੰਘ ਦੇ ਸਟੂਡੀਓ ਵਿੱਚ ਲੇਖਕ ਇਕੱਠੇ ਹੋ ਕੇ ਵਿਚਾਰ ਵਟਾਂਦਰੇ ਕਰਦੇ ਸਨ।
ਹਰਭਜਨ ਸਿੰਘ ਹੁੰਦਲ ਵੱਲੋਂ ਜਰਨੈਲ ਸਿੰਘ ਬਾਰੇ ਕਿਤਾਬ , ਚਿਤਰਕਾਰ ਜਰਨੈਲ ਸਿੰਘ ਲਿਖੀ ਗਈ ਹੈ।
ਸਿਆਸੀ ਅਤੇ ਹੋਰਨਾਂ ਸ਼ਖਸ਼ੀਅਤਾਂ
ਵੱਲੋਂ ਦੁੱਖ ਜ਼ਾਹਰ
ਜਰਨੈਲ ਸਿੰਘ ਦੇ ਦੇਹਾਂਤ ‘ਤੇ ਦੁਨੀਆ ਭਰ ਵਿੱਚ ਬੈਠੇ ਪੰਜਾਬੀ ਕਲਾਕਾਰਾਂ , ਲੇਖਕਾਂ ਸਮੇਤ ਸਿਆਸੀ ਸ਼ਖਸ਼ੀਅਤਾਂ ਵੱਲੋਂ ਦੁੱਖ ਜ਼ਾਹਰ ਕੀਤਾ ਜਾ ਰਿਹਾ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਰਨੈਲ ਸਿੰਘ ਦੀ ਮੌਤ ‘ਤੇ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ “ਚਿੱਤਰਕਾਰੀ ਦੇ ਖੇਤਰ ‘ਚ ਇੱਕ ਯੁੱਗ ਦਾ ਅੰਤ ਹੋਇਆ ਹੈ, ਇਹ ਘਾਟਾ ਨਾ ਪੂਰਨ ਯੋਗ ਹੈ। ਉਹਨਾਂ ਵੱਲੋਂ ਚਿੱਤਰਕਾਰੀ ਦੇ ਨਾਲ ਸਿੱਖ ਵਿਰਾਸਤ ਅਤੇ ਸੱਭਿਆਚਾਰ ਲਈ ਪਾਏ ਯੋਗਦਾਨ ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਵੇਗਾ।”
ਪੰਜਾਬ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਵੀ ਜਰਨੈਲ ਸਿੰਘ ਦੀ ਮੌਤ ‘ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਗਿਆ ਹੈ।
ਨਵਲਪ੍ਰੀਤ ਰੰਗੀ ਨੇ ਦੱਸਿਆ ਕਿ 23 ਫ਼ਰਵਰੀ ਨੂੰ ਮਾਂ ਬੋਲੀ ਦਿਵਸ ਦੇ ਮੌਕੇ ‘ਤੇ ਉਹ ਜਰਨੈਲ ਸਿੰਘ ਬਾਬਤ ਸਮਾਗਮ ਰੱਖਣਗੇ। ਸਰੀ ਦੇ ਪੰਜਾਬੀ ਭਵਨ ਅਦਾਰੇ ਵੱਲੋਂ 14 ਫ਼ਰਵਰੀ ਨੂੰ ਜਰਨੈਲ ਸਿੰਘ ਨਮਿਤ ਸ਼ਰਧਾਂਜਲੀ ਸਮਾਰੋਹ ਉਲੀਕਿਆ ਗਿਆ ਹੈ।