ਲੇਖਕ : ਸਤਿਆਜੀਤ ਜੇਨਾ
ਇੱਕ ਬੇਮਿਸਾਲ ਘਟਨਾਕ੍ਰਮ ਵਿੱਚ ਚੀਨ ਵੱਲੋਂ ਵਿਕਸਤ ਕੀਤੀ ਗਈ ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਐਪਲੀਕੇਸ਼ਨ ਦਾ ਜਾਦੂ ਆਲਮੀ ਤਕਨੀਕੀ ਸਫ਼ਾਂ ਵਿੱਚ ਸਿਰ ਚੜ੍ਹ ਕੇ ਬੋਲ ਰਿਹਾ ਹੈ। ਇਸ ਨੇ ਏਆਈ ਸਨਅਤ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਇਸ ਖੇਤਰ ਵਿੱਚ ਸਥਾਪਿਤ ਦਿਓਕੱਦ ਕੰਪਨੀਆਂ ਲਈ ਚੁਣੌਤੀ ਪੇਸ਼ ਕਰ ਦਿੱਤੀ ਹੈ। ਡੀਪਸੀਕ ਦੀ ਲੋਕਪ੍ਰਿਅਤਾ ਕਰ ਕੇ ਮਾਈਕਰੋਸਾਫਟ, ਮੇਟਾ, ਐਨਵਿਡੀਆ ਅਤੇ ਅਲਫਾਬੈੱਟ ਜਿਹੀਆਂ ਅਮਰੀਕਾ ਦੀਆਂ ਵੱਡੀਆਂ ਟੈੱਕ ਕੰਪਨੀਆਂ ਦੇ ਸ਼ੇਅਰਾਂ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਕੁੱਲ ਮਿਲਾ ਕੇ ਇਨ੍ਹਾਂ ਕੰਪਨੀਆਂ ਦੀ ਬਾਜ਼ਾਰੀ ਕੀਮਤ ਨੂੰ ਇੱਕ ਖਰਬ ਡਾਲਰ ਤੋਂ ਵੱਧ ਨੁਕਸਾਨ ਹੋਇਆ ਹੈ। ਇਕੱਲੀ ਐਨਵਿਡੀਆ ਦੇ ਸ਼ੇਅਰਾਂ ਵਿੱਚ 17.5 ਫ਼ੀਸਦੀ ਨਿਘਾਰ ਆਇਆ ਹੈ ਜਿਸ ਕਰ ਇਸ ਦੀ ਮਾਰਕੀਟ ਪੂੰਜੀਕਾਰੀ ਵਿੱਚ 600 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ।
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਡੀਪਸੀਕ ਦੀ ਪ੍ਰਗਤੀ ਨੂੰ ‘ਅੱਖਾਂ ਖੋਲ੍ਹਣ ਵਾਲੀ ਘਟਨਾ’ ਦੱਸਿਆ ਤੇ ਨਾਲ ਹੀ ਉਨ੍ਹਾਂ ਅਮਰੀਕਾ ਨੂੰ ਏਆਈ ਦੇ ਵਿਕਾਸ ਵਿੱਚ ਪ੍ਰਤੀਯੋਗੀ ਬਣਨ ਦੀ ਲੋੜ ਉੱਪਰ ਜ਼ੋਰ ਦਿੱਤਾ ਹੈ। ਮਾਈਕਰੋਸਾਫਟ ਦੇ ਸੀਈਓ ਸਤਿਆ ਨਾਡੇਲਾ ਅਤੇ ਓਪਨਏਆਈ ਸੀਈਓ ਸੈਮ ਆਲਟਮੈਨ ਜਿਹੇ ਇਸ ਸਨਅਤ ਦੇ ਮੋਹਰੀਆਂ ਨੇ ਡੀਪਸੀਕ ਦੀ ਪ੍ਰਗਤੀ ਨੂੰ ਪ੍ਰਵਾਨ ਕੀਤਾ ਹੈ ਅਤੇ ਆਲਟਮੈਨ ਨੇ ਡੀਪਸੀਕ ਦੇ ਮਾਡਲ ਨੂੰ ‘ਬਹੁਤ ਹੀ ਦਿਲਕਸ਼’ ਆਖਿਆ ਹੈ।
ਫਿਰ ਇਹ ਡੀਪਸੀਕ ਆਖ਼ਰ ਕੀ ਹੈ? ਡੀਪਸੀਕ ਚੀਨ ਵੱਲੋਂ ਵਿਕਸਤ ਕੀਤਾ ਗਿਆ ਇੱਕ ਐਡਵਾਂਸਡ ਆਰਟੀਫੀਸ਼ੀਅਲ ਇੰਟੈਲੀਜੈਂਸ ਪ੍ਰਾਜੈਕਟ ਹੈ। ਇਹ ਲਾਰਜ ਲੈਂਗੁਏਜ ਮਾਡਲ (ਐੱਲਐੱਲਐੱਮ) ਉੱਪਰ ਆਧਾਰਿਤ ਹੈ ਜੋ ਗਹਿਨ ਸਿੱਖਿਆ ਅਤੇ ਟ੍ਰਾਂਸਫਾਰਮਰ ਆਧਾਰਿਤ ਆਰਕੀਟੈਕਚਰ ਨੂੰ ਇਨਸਾਨਾਂ ਜਿਹਾ ਟੈਕਸਟ ਪੈਦਾ ਕਰਨ, ਤਰਕ ਆਧਾਰਿਤ ਕਾਰਜ ਨਿਭਾਉਣ ਅਤੇ ਏਆਈ ਸੰਚਾਲਿਤ ਐਪਲੀਕੇਸ਼ਨਾਂ ਵਿੱਚ ਇਜ਼ਾਫ਼ਾ ਕਰਨ ਦੇ ਯੋਗ ਬਣਾਉਂਦਾ ਹੈ। ਡੀਪਸੀਕ ਨੇ ਓਪਨਏਆਈ ਦੇ ਜੀਪੀਟੀ-4 ਅਤੇ ਗੂਗਲ ਦੇ ਜੈਮਿਨੀ ਜਿਹੇ ਮਾਡਲਾਂ ਲਈ ਚੁਣੌਤੀ ਪੇਸ਼ ਕੀਤੀ ਹੈ। ਮਈ 2023 ਵਿੱਚ ਲਿਆਂਗ ਵੈਨਫੈਂਗ ਵੱਲੋਂ ਇੱਕ ਹੈੱਜ ਫੰਡ ਪ੍ਰਬੰਧਕੀ ਏਜੰਟ ਹਾਈ ਫਲਾਇਰ ਏਆਈ ਦੀ ਮਸ਼ਹੂਰੀ ਵਜੋਂ ਡੀਪਸੀਕ ਦੀ ਸਥਾਪਨਾ ਕੀਤੀ ਗਈ ਸੀ ਜਿਸ ਨੂੰ ਰਵਾਇਤੀ ਵਿੱਤੀ ਔਜ਼ਾਰਾਂ ਲਈ ਏਆਈ ਅਲਗੋਰਿਦਮਾਂ ਦਾ ਆਧਾਰ ਦੇਣ ਲਈ ਵਿਉਂਤਿਆ ਗਿਆ ਸੀ। ਉਸ ਸਮੇਂ ਤੱਕ ਕੰਪਨੀ ਵੱਲ ਕਿਸੇ ਦਾ ਧਿਆਨ ਨਹੀਂ ਸੀ ਗਿਆ ਜਦੋਂ ਇਸ ਨੇ ਇੱਕ ਪੇਪਰ ਜਾਰੀ ਕੀਤਾ ਸੀ ਜਿਸ ਵਿਚ ਮਾਹਿਰਾਂ ਦੇ ਮਿਸ਼ਰਣ (ਐੱਮਓਈ) ਦੇ ਬੁਨਿਆਦੀ ਮਾਡਲ ਤਹਿਤ ਤੱਤਾਂ ਨੂੰ ਜੋੜਨ ਵਾਲੇ ਇੱਕ ਮੌਲਿਕ ਲੋਡ ਬੈਲੈਂਸਰ ਦਾ ਉਲੇਖ ਕੀਤਾ ਗਿਆ ਸੀ।
ਬਾਅਦ ਵਿੱਚ ਛੁੱਟੀਆਂ ਦੇ ਸੀਜ਼ਨ ਦੌਰਾਨ, ਡੀਪਸੀਕ ਏਆਈ ਨੇ ਆਪਣੇ ਡੀਪਸੀਕ ਵੀ3 ਫਾਊਂਡੇਸ਼ਨਲ ਮਾਡਲ ਦੇ ਚੌਖਟੇ ਦੇ ਵੇਰਵੇ ਨਸ਼ਰ ਕੀਤੇ ਸਨ। ਇਸ ਵਿੱਚ 671 ਖਰਬ ਮਾਪਕ ਸ਼ਾਮਿਲ ਹਨ ਜਿਨ੍ਹਾਂ ‘ਚੋਂ ਜੈਨਰੇਟ ਕੀਤੇ ਜਾਂਦੇ ਹਰੇਕ ਟੋਕਨ ਲਈ ਸਿਰਫ਼ 37 ਅਰਬ ਹੀ ਸਰਗਰਮ ਹੁੰਦੇ ਹਨ ਅਤੇ 14.8 ਖਰਬ ਟੋਕਨਾਂ ਦੇ ਡੇਟਾਸੈੱਟ (ਅੰਕੜਾ ਸਮੂਹ) ਲਈ ਸਿਖਲਾਈਯਾਫ਼ਤਾ ਹਨ। 21 ਜਨਵਰੀ 2025 ਨੂੰ ਡੀਪਸੀਕ ਨੇ ਡੀਪਸੀਕ ਆਰ1 ਲਾਂਚ ਕੀਤਾ ਹੈ ਜਿਸ ਵਿੱਚ ਤਾਰਕਿਕਤਾ ਨੂੰ ਸੁਧਾਰਨ ਲਈ ਦੋ ਵਾਧੂ ਰੀਇਨਫੋਰਸਮੈਂਟ ਲਰਨਿੰਗ ਸਟੇਜ ਅਤੇ ਦੋ ਨਿਗਰਾਨੀਯੁਕਤ ਫਾਈਨ ਟਿਊਨਿੰਗ ਸਟੇਜ ਸ਼ਾਮਿਲ ਕੀਤੇ ਗਏ ਹਨ। ਲਾਰਜ ਲੈਂਗੁਏਜ ਮਾਡਲ ਬਹੁਤ ਜ਼ਿਆਦਾ ਟ੍ਰਾਂਸਫਾਰਮਰ ਆਧਾਰਿਤ ਨਿਊਰਲ ਨੈੱਟਵਰਕ ਹਨ ਜਿਨ੍ਹਾਂ ਦਾ ਡਿਜ਼ਾਈਨ ਨੈਕਸਟ ਵਰਡ ਪ੍ਰਿਡਿਕਸ਼ਨ ਸਮੱਸਿਆ ਨੂੰ ਸੁਲਝਾਉਣ ਲਈ ਤਿਆਰ ਕੀਤਾ ਗਿਆ ਹੈ। ਇਨ੍ਹਾਂ ਮਾਡਲਾਂ ਵਿੱਚ ਪ੍ਰਗਤੀ ਉਦੋਂ ਹੋਈ ਜਦੋਂ ਟ੍ਰਾਂਸਫਾਰਮਰ ਆਰਕੀਟੈਕਚਰ ਨੇ ਟੈਕਸਟ (ਪਾਠ ਜਾਂ ਇਬਾਰਤ) ਉਤਪਾਦਨ ਵਿੱਚ ਕ੍ਰਾਂਤੀ ਲਿਆਂਦੀ। ਖ਼ਾਸ ਤੌਰ ‘ਤੇ ਇਹ ਬਹੁਤ ਵੱਡੇ ਮਾਡਲ ਹਨ ਜਿਨ੍ਹਾਂ ਲਈ ਚੋਖੇ ਕੰਪਿਊਟੇਸ਼ਨਲ ਸਰੋਤਾਂ ਦੀ ਲੋੜ ਪੈਂਦੀ ਹੈ ਅਤੇ ਤਰ੍ਹਾਂ ਤਰ੍ਹਾਂ ਦੇ ਸਿਖਲਾਈ ਚੱਕਰਾਂ ਵਾਸਤੇ ਅਕਸਰ ਲੱਖਾਂ ਦੀ ਤਾਦਾਦ ਵਿੱਚ ਗ੍ਰਾਫਿਕਸ ਪ੍ਰਾਸੈਸਿੰਗ ਯੂਨਿਟਾਂ (ਜੀਪੀਯੂਜ਼) ਦਰਕਾਰ ਹੁੰਦੀਆਂ ਹਨ ਜੋ ਕਿ ਇੰਟਰਨੈੱਟ ਤੋਂ ਹਾਸਿਲ ਕੀਤੇ ਜਾਣ ਵਾਲੇ ਬੇਤਹਾਸ਼ਾ ਟੈਕਸਟ ਡੇਟਾ ਦੀ ਵਰਤੋਂ ਕਰਦੇ ਹਨ। ਇਸ ਵਾਰ ਵਾਰ ਸਿੱਖਣ ਪ੍ਰਕਿਰਿਆ ਜ਼ਰੀਏ, ਐੱਲਐੱਲਐੱਮਜ਼ ਵਧੇਰੇ ਸਟੀਕਤਾ ਨਾਲ ਟੈਕਸਟ ਦੀ ਪੇਸ਼ੀਨਗੋਈ ਅਤੇ ਪੈਦਾਇਸ਼ ਕਰਨ ਦੀ ਆਪਣੀ ਕਾਬਲੀਅਤ ਨੂੰ ਨਿਖਾਰਦੇ ਹਨ।
ਜਿਵੇਂ-ਜਿਵੇਂ ਏਆਈ ਦਾ ਖੋਜ ਕਾਰਜ ਅੱਗੇ ਵਧਿਆ, ਮੋਹਰੀ ਤਕਨੀਕੀ ਕੰਪਨੀਆਂ ਵਿਚਾਲੇ ਹੋਰ ਵੱਡੇ ਮਾਡਲ ਵਿਕਸਤ ਕਰਨ ਦੀ ਦੌੜ ਸ਼ੁਰੂ ਹੋ ਗਈ, ਬਿਹਤਰ ਕਾਰਗੁਜ਼ਾਰੀ ਲਈ ਇਨ੍ਹਾਂ ਨੂੰ ਪਹਿਲਾਂ ਨਾਲੋਂ ਵੱਡੇ ਡੇਟਾਸੈੱਟਸ (ਅੰਕੜਿਆਂ) ਉੱਤੇ ਟਰੇਨਿੰਗ ਦੇਣੀ ਸ਼ੁਰੂ ਕੀਤੀ ਗਈ। ਇਸ ਦੌੜ ਨੇ ਇੱਕ ਧਾਰਨਾ ਨੂੰ ਜਨਮ ਦਿੱਤਾ ਕਿ ਏਆਈ ‘ਚ ਦਬਦਬਾ ਤਾਕਤਵਰ ਕੰਪਿਊਟਰ ਗਣਿਤ ਢਾਂਚੇ ਤੇ ਵਡੇਰੇ ਮਾਡਲਾਂ ‘ਤੇ ਨਿਰਭਰ ਕਰਦਾ ਹੈ। ਸਿੱਟੇ ਵਜੋਂ, ਬਾਜ਼ਾਰ ‘ਚ ਇੱਕ ਏਕਾਧਿਕਾਰ ਬਣਨਾ ਸ਼ੁਰੂ ਹੋ ਗਿਆ, ਜਿੱਥੇ ਕੇਵਲ ਉਹ ਅਮੀਰ ਕੰਪਨੀਆਂ ਹੀ ਆਪਣੀ ਮਾਲਕੀ ਵਾਲੇ ਵਡੇਰੇ ਮਾਡਲਾਂ ਨਾਲ ਏਆਈ ਦੇ ਵਿਕਾਸ ‘ਚ ਦਬਦਬਾ ਰੱਖ ਸਕਦੀਆਂ ਸਨ ਜਿਨ੍ਹਾਂ ਕੋਲ ਅਤਿ-ਆਧੁਨਿਕ ਹਾਰਡਵੇਅਰ ਮੌਜੂਦ ਹੈ।
ਹਾਲਾਂਕਿ, ਡੀਪਸੀਕ ਨੇ ਆਪਣੇ ਉੱਨਤ ਮਾਡਲ ਨਾਲ ਇਸ ਬਿਰਤਾਂਤ ਨੂੰ ਤੋੜ ਦਿੱਤਾ। ਰਵਾਇਤੀ ਪਹੁੰਚਾਂ ਤੋਂ ਉਲਟ ਜਿਹੜੀਆਂ ਕੰਪਨੀਆਂ ਨਿਰੋਲ ਕੰਪਿਊਟਰੀ ਗਣਿਤ ਦੇ ਪੱਧਰ ਨੂੰ ਪਹਿਲ ਦਿੰਦੀਆਂ ਹਨ, ਡੀਪਸੀਕ-ਆਰ1 ਅਨੁਕੂਲ ਵਿਧੀਆਂ ਤੋਂ ਕੰਮ ਲੈਂਦਾ ਹੈ ਜਿਸ ਨਾਲ ਬੇਹਿਸਾਬੇ ਹਾਰਡਵੇਅਰ ਤੋਂ ਬਿਨਾਂ ਵੀ ਉੱਚ ਕਾਰਗੁਜ਼ਾਰੀ ਸੰਭਵ ਬਣਦੀ ਹੈ। ਉਦਾਹਰਨ ਵਜੋਂ ਡੀਪਸੀਕ-ਵੀ3, 2048 ਐੱਨਵਿਡੀਆ ਐੱਚ 800 ਜੀਪੀਯੂ ਦੇ ਕਲੱਸਟਰ ‘ਤੇ ਬਣਿਆ ਹੈ, ਜੋ ਲਗਭਗ ਰਵਾਇਤੀ ਮਾਡਲ ਜਿੰਨਾ ਹੀ ਸਟੀਕ ਹੈ, ਸਗੋਂ ਕਈ ਵਾਰ ਉਸ ਤੋਂ ਬਿਹਤਰ ਵੀ ਹੈ।
ਇਸ ਨੇ ਏਆਈ ਦੇ ਮੌਜੂਦਾ ਏਕਾਧਿਕਾਰ ਨੂੰ ਤਕੜੀ ਚੁਣੌਤੀ ਦਿੱਤੀ ਹੈ ਤੇ ਦਰਸਾਇਆ ਹੈ ਕਿ ਸਭ ਤੋਂ ਵਧੀਆ ਤਕਨੀਕੀ ਢਾਂਚਾ ਨਾ ਹੋਣ ਦੇ ਬਾਵਜੂਦ ਵੀ ਉੱਨਤ ਏਆਈ ਲਾਂਚ ਕੀਤੀ ਜਾ ਸਕਦੀ ਹੈ। ਰਵਾਇਤੀ ਏਆਈ ਢਾਂਚਾ ਜਿਸ ਲਈ ਕਾਫ਼ੀ ਊਰਜਾ ਖ਼ਪਾਉਣ ਦੀ ਲੋੜ ਪੈਂਦੀ ਹੈ, ਤੋਂ ਉਲਟ ਡੀਪਸੀਕ ਮਾਡਲ ਕਾਫੀ ਹੱਦ ਤੱਕ ਊਰਜਾ ਦੀ ਲੋੜ ਤੇ ਕਾਰਬਨ ਨਿਕਾਸੀ ਨੂੰ ਘਟਾਉਂਦਾ ਹੈ। ਇਹ ਵਾਤਾਵਰਨ ਪੱਖੀ ਅਨੁਕੂਲਤਾ ਇੱਕ ਟਿਕਾਊ ਬਦਲ ਉਪਲਬਧ ਕਰਾਉਂਦੀ ਹੈ, ਵਾਤਾਵਰਨ ਬਚਾਉਣ ਦੇ ਨਾਲ-ਨਾਲ ਏਆਈ ਦੀ ਪ੍ਰਗਤੀ ‘ਚ ਡੀਪਸੀਕ ਦੀ ਭੂਮਿਕਾ ਨੂੰ ਵੀ ਮਜ਼ਬੂਤ ਕਰਦੀ ਹੈ।
ਦੂਜੇ ਪਾਸੇ ਸਭ ਕੁਝ ‘ਓਪਨ ਸੋਰਸ’ (ਵਰਤੋਂ, ਸੋਧ ਲਈ ਖੁੱਲ੍ਹਾ) ਰੱਖ ਤੇ ਇਸ ਨੂੰ ਜਨਤਕ ਕਰ ਕੇ, ਡੀਪਸੀਕ ਨੇ ਇਸ ਮੱਤ ਨੂੰ ਵੀ ਚੁਣੌਤੀ ਦਿੱਤੀ ਹੈ ਕਿ ਚੀਨੀ ਕੰਪਨੀਆਂ ਡੇਟਾ ਚੋਰੀ ਕਰਦੀਆਂ ਹਨ। ਇਸ ਪਾਰਦਰਸ਼ਤਾ ਨੇ ਵਰਤੋਂਕਾਰਾਂ ਨੂੰ ਮਜਬੂਰ ਕੀਤਾ ਹੈ ਕਿ ਉਹ ਆਪਣੀ ਧਾਰਨਾ ‘ਤੇ ਮੁੜ ਗ਼ੌਰ ਕਰਨ ਤੇ ਡੀਪਸੀਕ ਵਿਚਲੀਆਂ ਸੰਭਾਵਨਾਵਾਂ ਅਤੇ ਇਸ ਦੀ ਉਪਲਬਧਤਾ ਨੂੰ ਜਾਂਚਣ।
ਅਮਰੀਕਾ ‘ਚ ਆਈਓਐੱਸ ਐਪ ਸਟੋਰ ਤੋਂ ਸਭ ਤੋਂ ਵੱਧ ਡਾਊਨਲੋਡ ਕੀਤੀ ਗਈ ਫਰੀ ਐਪ ਦੇ ਮਾਮਲੇ ‘ਚ ਡੀਪਸੀਕ ਨੇ 27 ਜਨਵਰੀ ਨੂੰ ਓਪਨ ਏਆਈ ਦੇ ਚੈਟ ਜੀਪੀਟੀ ਨੂੰ ਪਛਾੜ ਦਿੱਤਾ ਸੀ। ਇਸ ਦੇ ਤੇਜ਼ੀ ਨਾਲ ਹੋਏ ਉਭਾਰ ਨੇ ਕੌਮਾਂਤਰੀ ਪੱਧਰ ‘ਤੇ ਧਿਆਨ ਖਿੱਚਿਆ ਹੈ ਜੋ ਏਆਈ ਤਕਨੀਕਾਂ ਦੇ ਵਿਕਾਸ ‘ਚ ਇੱਕ ਫ਼ੈਸਲਾਕੁਨ ਮੋੜ ਹੈ।
ਡੀਪਸੀਕ ਨੇ ਇਹ ਮਿੱਥ ਤੋੜ ਦਿੱਤਾ ਹੈ ਕਿ ਏਆਈ ‘ਚ ਨਿਪੁੰਨਤਾ ਲਈ ਕੰਪਿਊਟਰੀ ਗਣਿਤ ‘ਚ ਸਰਬਉੱਚ ਹੋਣ ਦੀ ਲੋੜ ਹੈ। ਕੌਮਾਂਤਰੀ ਪਾਬੰਦੀਆਂ ਕਾਰਨ ਉੱਚ-ਪੱਧਰੀ ਜੀਪੀਯੂਜ਼ ਤੱਕ ਸੀਮਤ ਪਹੁੰਚ ਨਾਲ ਪਏ ਅੜਿੱਕੇ ਨੇ ਸਗੋਂ ਚੀਨੀ ਇੰਜਨੀਅਰਾਂ ਨੂੰ ਨਵੇਂ ਤੇ ਕਲਾਤਮਕ ਹੱਲ ਕੱਢਣ ਵੱਲ ਤੋਰਿਆ।
ਇਸ ਨੇ ਫੇਰ ਸਾਬਿਤ ਕੀਤਾ ਹੈ ਕਿ ਲੋੜ ਕਾਢ ਦੀ ਮਾਂ ਹੈ। ਅਸਲ ‘ਚ ਇਸ ਤਰ੍ਹਾਂ ਦੀ ਯੋਗਤਾ ਹਾਸਿਲ ਕਰਨਾ ਇੱਕ ਤਕਨੀਕੀ ਉਪਲਬਧੀ ਹੈ ਤੇ ਇਸ ਤੱਥ ਨੂੰ ਮੱਦੇਨਜ਼ਰ ਰੱਖਦਿਆਂ ਕਿ ਚੀਨ ਨੂੰ ਉੱਚ-ਮਿਆਰੀ ਐਨਵਿਡੀਆ ਗਰਾਫਿਕਸ ਦੇਣ ‘ਤੇ ਰੋਕ ਲੱਗੀ ਹੋਈ ਹੈ, ਇਹ ਕਾਢ ਹੋਰ ਵੀ ਮਹੱਤਵਪੂਰਨ ਬਣ ਗਈ ਹੈ।
ਭਾਵੇਂ ਇੱਕ ਗ਼ੈਰ-ਲੋਕਤੰਤਰੀ ਮੁਲਕ ਵੱਲੋਂ ਏਆਈ ਦੇ ਜਮਹੂਰੀਕਰਨ ਦੇ ਯਤਨ ਵਿਰੋਧਾਭਾਸ ਜਿਹੇ ਜਾਪਦੇ ਹਨ, ਫਿਰ ਵੀ ਡੀਪਸੀਕ ਏਆਈ ਖੇਤਰ ਨੂੰ ਨਵੀਂ ਦਿੱਖ ਦੇਣ ਵੱਲ ਵੱਡੀਆਂ ਪੁਲਾਂਘਾਂ ਪੁੱਟ ਰਿਹਾ ਹੈ। ਇਸ ਦੀ ਪਹੁੰਚ ਨਾ ਸਿਰਫ਼ ਉਪਲਬਧਤਾ ਨੂੰ ਵਧਾਉਣ ਵਾਲੀ ਹੈ ਬਲਕਿ ਕੰਪਿਊਟਰੀ ਗਣਿਤ ਨੂੰ ਵੱਧ ਅਸਰਦਾਰ ਬਣਾ ਕੇ ਇਹ ਏਆਈ ਦੀ ਸਰਬਉੱਚਤਾ ‘ਚ ਵੀ ਹਿੱਸਾ ਪਾ ਰਿਹਾ ਹੈ। ਲਾਂਚ ਹੋਣ ਤੋਂ ਬਾਅਦ ਤੋਂ ਹੀ ਡੀਪਸੀਕ ਨੇ ਡਿਜੀਟਲ ਦੁਨੀਆ ‘ਚ ਤੂਫਾਨ ਖੜ੍ਹਾ ਕੀਤਾ ਹੋਇਆ ਹੈ। ਸ਼ੇਅਰ ਬਾਜ਼ਾਰਾਂ ‘ਚ ਅਚਾਨਕ ਹੋਈ ਉਥਲ-ਪੁਥਲ ਦਰਸਾਉਂਦੀ ਹੈ ਕਿ ਚੀਨ ਦੀ ਤਕਨੀਕੀ ਮੁਹਾਰਤ ‘ਚ ਪੱਛਮ ਦੇ ਏਆਈ ਦਬਦਬੇ ਨੂੰ ਚੁਣੌਤੀ ਦੇਣ ਦੀ ਪੂਰੀ ਸਮਰੱਥਾ ਹੈ।
ਨਿਵੇਸ਼ਕਾਂ ਨੇ ਡੀਪਸੀਕ ਵੱਲੋਂ ਦਿੱਤੇ ਜਾ ਰਹੇ ਮੁਕਾਬਲੇ ਤੇ ਇਸ ਦੇ ਹੋਰਨਾਂ ਏਆਈ ਫਰਮਾਂ ‘ਤੇ ਪੈਣ ਵਾਲੇ ਅਸਰਾਂ ਬਾਰੇ ਖ਼ਦਸ਼ੇ ਜ਼ਾਹਿਰ ਕੀਤੇ ਹਨ। ਓਪਨ ਏਆਈ ਆਪਣੇ ਜੀਪੀਟੀ-4 ਮਾਡਲ ਲਈ 2.50 ਡਾਲਰ ਪ੍ਰਤੀ ਮਿਲੀਅਨ ਇਨਪੁਟ ਟੋਕਨ ਚਾਰਜ ਕਰ ਰਹੀ ਹੈ, ਜਦੋਂਕਿ ਡੀਪਸੀਕ ਇਸ ਤੋਂ ਕਾਫੀ ਘੱਟ 0.14 ਡਾਲਰ ਪ੍ਰਤੀ ਮਿਲੀਅਨ ਟੋਕਨ ਲੈ ਰਹੀ ਹੈ। ਡੀਪਸੀਕ ਨੂੰ ਵਿਕਸਤ ਕਰਨ ਵਿੱਚ ਲਗਭਗ 50-60 ਲੱਖ ਡਾਲਰ ਦਾ ਖ਼ਰਚਾ ਆਇਆ ਹੈ, ਜਦੋਂਕਿ ਇਸ ਦੇ ਮੁਕਾਬਲੇ ‘ਚ ਪੱਛਮੀ ਮੁਲਕਾਂ ਦੀਆਂ ਵੱਡੀਆਂ ਏਆਈ ਲੈਬਾਂ ਨੇ ਕਰੋੜਾਂ ਡਾਲਰ ਖਰਚ ਦਿੱਤੇ ਹਨ। ਹੈਰਾਨੀ ਦੀ ਗੱਲ ਨਹੀਂ ਕਿ ਉਦਯੋਗਿਕ ਵਰਤੋਂਕਾਰ ਏਆਈ ਵਿਕਸਤ ਕਰਨ ‘ਤੇ ਪੱਛਮੀ ਮੁਲਕਾਂ ਵੱਲੋਂ ਕੀਤੇ ਐਨੇ ਜ਼ਿਆਦਾ ਖਰਚ ਉੱਤੇ ਸਵਾਲ ਚੁੱਕ ਰਹੇ ਹਨ।
ਕੀ ਅਸੀਂ ਉਮੀਦ ਰੱਖ ਸਕਦੇ ਹਾਂ ਕਿ ਇਨ੍ਹਾਂ ਤਕਨੀਕੀ ਢਾਂਚਿਆਂ ਨੂੰ ਤਿਆਰ ਕਰਨ ਦੇ ਪੱਖ ਤੋਂ ਅਗਲੀ ਵੱਡੀ ਕਾਢ ਨਵੇਂ ਵਿਚਾਰਾਂ ਵਾਲੀਆਂ ਛੋਟੀਆਂ ਟੀਮਾਂ ਵੱਲੋਂ ਕੱਢੀ ਜਾਵੇਗੀ?