13.3 C
Vancouver
Friday, February 28, 2025

ਫਾਈਲਾਂ ਦਾ ਅਣਮੁੱਕ ਸਫ਼ਰ

 

ਲੇਖਕ : ਗੁਰਦੀਪ ਢੁੱਡੀ, ਸੰਪਰਕ: 95010-20731
ਗੱਲ 2001 ਦੇ ਮਾਰਚ ਮਹੀਨੇ ਦੀ ਹੈ। ਉਸ ਸਮੇਂ ਮੇਰੀ ਤਾਇਨਾਤੀ ਸਰਕਾਰੀ ਇਨ-ਸਰਵਿਸ ਟ੍ਰੇਨਿੰਗ ਸੈਂਟਰ ਵਿਚ ਸੀ। ਇਸ ਸੰਸਥਾ ਵਿਚ ਸ਼ਨਿਚਰਵਾਰ ਅਤੇ ਐਤਵਾਰ ਦੀ ਛੁੱਟੀ ਹੁੰਦੀ ਸੀ। ਇਸ ਕਰਕੇ ਅਵੇਸਲਾ ਜਿਹਾ ਘਰੇ ਹੀ ਬੈਠਾ ਸਾਂ ਕਿ ਤਤਕਾਲੀਨ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਦਾ ਲੈਂਡ ਲਾਈਨ ‘ਤੇ ਫ਼ੋਨ ਆਇਆ,”ਗੁਰਦੀਪ ਸਿੰਘ ਜੀ, ਛੁੱਟੀ ਵਾਲੇ ਦਿਨ ਤੁਹਾਨੂੰ ਤਕਲੀਫ਼ ਦੇਣ ਲੱਗੀ ਹਾਂ।” ਬੜੇ ਨਿਮਰ ਸੁਭਾਅ ਦੇ, ਸਲੀਕੇ ਨਾਲ ਬੋਲਣ ਵਾਲੇ ਅਤੇ ਬਹੁਤਾ ਸ਼ਾਂਤ ਰਹਿਣ ਵਾਲੇ ਮੈਡਮ ਨੇ ਗੱਲ ਜਾਰੀ ਰੱਖਦਿਆਂ ਕਿਹਾ,”. . . ਸਕੂਲ ਵਿੱਚ ਨਕਲ ਬਹੁਤ ਚੱਲ ਰਹੀ ਹੈ। ਉੱਪਰੋਂ ਹੁਕਮ ਆਇਆ ਹੈ। ਨਕਲ ਰੋਕਣੀ ਹੈ, ਮੈਨੂੰ ਪਤੈ, ਤੁਹਾਡੇ ਤੋਂ ਵੱਧ ਕੇ ਕੋਈ ਅਜਿਹਾ ਸ਼ੁੱਭ ਕਰਮ ਨਹੀਂ ਕਰ ਸਕਦਾ। ਤੁਹਾਡੀ ਅਬਜ਼ਰਵਰ ਦੀ ਡਿਊਟੀ ਲਾਈ ਹੈ।” ਮੇਰੀ ਲੋੜੋਂ ਵੱਧ ਤਾਰੀਫ਼ ਕਰਕੇ ਉਨ੍ਹਾਂ ਮੇਰੇ ‘ਤੇ ਭਰੋਸਾ ਵੀ ਵਿਖਾ ਦਿੱਤਾ ਅਤੇ ਡਿਊਟੀ ਵੀ ਪੱਕੀ ਕਰ ਦਿੱਤੀ। ਉਸ ਸਮੇਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਸਾਲਾਨਾ ਪੇਪਰ ਹੋ ਰਹੇ ਸਨ। ਮੈਂ ਤਥਾ-ਅਸਤੂ ਆਖ ਕੇ ਪ੍ਰੀਖਿਆ ਹਾਲ ਵਿਚ ਨਿਸਚਤ ਸਮੇਂ ‘ਤੇ ਪਹੁੰਚ ਗਿਆ।
ਪ੍ਰੀਖਿਆ ਕੇਂਦਰ ਵਿਚ ਬਾਹਰੀ ਲੋਕਾਂ ਦਾ ਦਖ਼ਲ ਵੇਖ ਕੇ ਮੈਂ ਸਹਿਜੇ ਹੀ ਅੰਦਾਜ਼ਾ ਲਾ ਲਿਆ ਸੀ ਕਿ ਇਸ ਕੇਂਦਰ ਵਿਚ ਨਕਲ ਖੁੱਲ੍ਹ ਕੇ ਕਰਵਾਈ ਜਾ ਰਹੀ ਹੋਵੇਗੀ। ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ ਹੀ ਪ੍ਰੀਖਿਆ ਅਮਲੇ ਨੂੰ ਮੈਂ ਬੜੀ ਸਖ਼ਤੀ ਨਾਲ ਆਪਣੇ ਇਰਾਦੇ ਸਪਸ਼ਟ ਕਰਦਿਆਂ ਇੱਥੋਂ ਤੱਕ ਆਖਿਆ ”ਮੇਰੀ ਡਿਊਟੀ ਸਪੈਸ਼ਲ ਲੱਗੀ ਹੈ, ਜਿਸ ਵੀ ਅਧਿਆਪਕ ਨੂੰ ਮੈਂ ਨਕਲ ਕਰਵਾਉਂਦਿਆਂ ਵੇਖ ਲਿਆ, ਮੈਂ ਬਿਨਾਂ ਕਿਸੇ ਲਿਹਾਜ਼ ਦੇ ਰਿਪੋਰਟ ਕਰ ਦੇਣੀ ਹੈ।” ਪ੍ਰੀਖਿਆ ਸ਼ੁਰੂ ਹੋਈ ਤਾਂ ਥੋੜ੍ਹੇ ਸਮੇਂ ਬਾਅਦ ਮੇਰੇ ਕੋਲ ਤਰ੍ਹਾਂ ਤਰ੍ਹਾਂ ਦੇ ਸਿਫ਼ਾਰਸ਼ੀ ਸੁਨੇਹੇ ਆਉਣ ਲੱਗੇ। ਪਰ ਮੈਂ ਹਰ ਇਕ ਸੁਨੇਹੇ ਨੂੰ ਅਣਸੁਣਿਆਂ ਕਰਦਿਆਂ ਆਪਣਾ ‘ਸਫ਼ਰ’ ਜਾਰੀ ਰੱਖਿਆ। ਥੋੜ੍ਹੇ ਸਮੇਂ ਬਾਅਦ ਮੈਂ ਭਾਂਪ ਲਿਆ ਕਿ ਸਾਰਾ ਮਾਹੌਲ ਮੇਰੀ ਮੁੱਠੀ ਵਿਚ ਆ ਚੁੱਕਿਆ ਹੈ। ਪੇਪਰ ਪੈਕ ਕਰਵਾ ਕੇ ਜਦੋਂ ਮੈਂ ਘਰ ਨੂੰ ਆਇਆ ਤਾਂ ਰਸਤੇ ਵਿਚ ਕੁੱਝ ਪਹੁੰਚ ਵਾਲੇ ਘਰਾਂ ਦੇ ਕਾਕਿਆਂ ਨੇ ਮੇਰੇ ਨਾਲ ਬਦਤਮੀਜ਼ੀ ਕੀਤੀ। ਅਧਿਆਪਕ ਜੱਥੇਬੰਦੀਆਂ ਦੇ ਦਬਾਅ ਸਦਕਾ ਪੁਲੀਸ ਵਾਲਿਆਂ ਨੂੰ ਮੇਰੇ ਨਾਲ ਅਜਿਹਾ ਵਿਹਾਰ ਵਾਲਿਆਂ ਵਿਰੁੱਧ ਕੇਸ ਦਰਜ ਕਰਨਾ ਪਿਆ। ਕੇਸ ਦੀ ਤਫ਼ਤੀਸ਼ ਕਰਨ ਵਾਲੇ ਮੁਲਾਜ਼ਮ ਨੇ ਮੌਕਾ-ਏ-ਵਾਰਦਾਤ ਵਾਲੀ ਥਾਂ ਤੇ ਮੈਨੂੰ ਬੁਲਾ ਕੇ ਕੁੱਝ ਪੁੱਛ-ਗਿੱਛ ਕੀਤੀ।
ਇਸ ਸਮੇਂ ਤੱਕ ਮੈਂ ਕੁੱਝ ਸਹਿਜ ਹੋ ਚੁੱਕਿਆ ਸਾਂ। ਉਸ ਸਥਾਨ ਤੇ ਜਾ ਕੇ ਮੈਂ ਤਫ਼ਤੀਸ਼ੀ ਅਫ਼ਸਰ (ਪੁਲੀਸ ਦੇ ਸਬ ਇੰਸਪੈਕਟਰ) ਨੂੰ ਸਹਿਵਨ ਹੀ ਪੁੱਛਿਆ,”ਜਨਾਬ, ਕਦੋਂ ਕੁ ਤੱਕ ਚਲਾਨ ਪੇਸ਼ ਕਰ ਦਿਓਗੇ।” ਐੱਸ.ਆਈ. ਦਾ ਕੱਦ ਛੇ ਕੁ ਫੁੱਟ ਦੇ ਕਰੀਬ ਹੋਵੇਗਾ, ਪੁਲੀਸ ਵਾਲੀ ਵਰਦੀ ਵਿਚ ਉਸ ਦਾ ਵਧਿਆ ਹੋਇਆ ਢਿੱਡ ਅਤੇ ਮੁੱਛਾਂ ਨੂੰ ਚਾੜ੍ਹਿਆ ਹੋਇਆ ਵੱਟ ਉਸ ਦੇ ਰੋਹਬ ਵਿਚ ਵਾਧਾ ਕਰ ਰਹੇ ਸਨ। ”ਮਾਸਟਰ ਜੀ, ਤੁਸੀਂ ਤਾਂ ਇਕ ਕਾਗਜ਼ ਉੱਤੇ ਦਰਖ਼ਾਸਤ ਦੇ ਕੇ ਸੁਰਖ਼ੁਰੂ ਹੋ ਗਏ ਹੋ, ਜਦੋਂ ਤੱਕ ਚਲਾਨ ਪੇਸ਼ ਕਰਨਾ ਹੈ, ਆਹ ਖਾਖੀ ਫ਼ਾਈਲ ਪੂਰੀ ਭਰੀ ਹੋਵੇਗੀ। ਅਸੀਂ ਕਿਵੇਂ ਕਾਗਜ਼ਾਂ ਦਾ ਢਿੱਡ ਭਰਨੈ, ਇਹ ਤਾਂ ਅਸੀਂ ਜਾਣਦੇ ਹਾਂ।” ਉਸ ਨੇ ਬੋਲਾਂ ਵਿਚੋਂ ਗੁੱਸਾ ਲੁਕੋਣ ਦੀ ਕੋਸ਼ਿਸ਼ ਕਰਦਿਆਂ ਵੀ ਸੁਆਲੀਆ ਨਜ਼ਰਾਂ ਮੇਰੇ ਚਿਹਰੇ ‘ਤੇ ਸੁੱਟੀਆਂ। ਘਰ ਆ ਕੇ ਮੈਨੂੰ ਫ਼ਾਈਲਾਂ ਭਰਨ ਵਾਲੀਆਂ ਸੋਚਾਂ ਵਾਲੀ ਗੱਲ ਦੀ ਘੁੰਮਣ ਘੇਰੀ ਨੇ ਘੇਰ ਲਿਆ। ਥੋੜ੍ਹੇ ਜਿਹੇ ਸਾਲਾਂ ਬਾਅਦ ਹੀ ਸਿੱਧੇ ਤੌਰ ‘ਤੇ ਮੇਰਾ ਵਾਹ ਦਫ਼ਤਰੀ ਕੰਮਾਂ ਨਾਲ ਪੈ ਗਿਆ। ਅਕਸਰ ਮੈਨੂੰ ਜ਼ਿਲ੍ਹਾ ਸਿੱਖਿਆ ਦਫ਼ਤਰ ਜਾਣਾ ਪੈਂਦਾ ਸੀ। ਉੱਥੇ ਦਫ਼ਤਰ ਦੇ ਕਲਰਕਾਂ ਨੂੰ ਇਕ ਇਕ ਕਾਗਜ਼ ਤੋਂ ਪੂਰੀ ਫ਼ਾਈਲ ਤਿਆਰ ਕਰਦੇ ਵੇਖਦਾ, ਕਾਗਜ਼ਾਂ ‘ਤੇ ਦਫ਼ਤਰੀ ਨੋਟ ਲਿਖੇ ਹੋਏ ਵੀ ਵੇਖਦਾ ਅਤੇ ਮੇਰੇ ਸਾਹਮਣੇ ਰੋਹਬਦਾਰ ਪ੍ਰੰਤੂ ਵਿਚਾਰੇ ਬਣੇ ਥਾਣੇਦਾਰ ਦਾ ਚਿਹਰਾ ਆ ਜਾਂਦਾ। ਇਹ ਕਾਗਜ਼ਾਂ ਦਾ ਢਿੱਡ ਕਿਵੇਂ ਭਰੀਦਾ ਹੈ; ਇਸ ਦਾ ਵੀ ਪਤਾ ਲੱਗਣ ਲੱਗ ਪਿਆ।
ਫਿਰ ਤਾਂ ਇਕ ਇਕ ਕਾਗਜ਼ ਤੋਂ ਭਾਰੀ ਭਰਕਮ ਫਾਈਲਾਂ, ਆਮ ਹੀ ਵੇਖਣ ਲੱਗ ਪਿਆ ਅਤੇ ਇਨ੍ਹਾਂ ਫ਼ਾਈਲਾਂ ਨੂੰ ਜੂੰ ਦੀ ਤੋਰ ਮੇਜ਼ਾਂ ‘ਤੇ ਸਫ਼ਰ ਕਰਦਿਆਂ ਤੱਕ ਕੇ ਮੈਂ ਅੰਤਾਂ ਦਾ ਪ੍ਰੇਸ਼ਾਨ ਹੁੰਦਾ। ਬੜੇ ਵਾਰੀ ਤਾਂ ਫ਼ਾਈਲਾਂ ਬਿਨਾਂ ਕਿਸੇ ਨਤੀਜੇ ਤੋਂ ਹੀ ਸਫ਼ਰ ਕਰਦੀਆਂ ਵੇਖੀਆਂ ਹਨ। ਉਂਜ ਸੋਚਿਓ ਤਾਂ ਸਹੀ, ਜਾਣਿਓ ਅਤੇ ਕਿਸੇ ਸਿੱਟੇ ਤੇ ਪਹੁੰਚਿਓ ਕਿ ਅੰਗਰੇਜ਼ਾਂ ਦੇ ਸਮੇਂ ਦੀ ਬਾਬੂਸ਼ਾਹੀ ਅਜੇ ਤਕ ਸਾਡੇ ਦੇਸ਼ ਵਿਚੋਂ ਗਈ ਕਿਉਂ ਨਹੀਂ ਹੈ? ਕੀ ਸਾਡੇ ਆਜ਼ਾਦ ਅਤੇ ਜਮਹੂਰੀ ਮੁਲਕ ਅਤੇ ਅੰਗਰੇਜ਼ ਹਾਕਮਾਂ ਦੇ ਸਮੇਂ ਦੇ ਗ਼ੁਲਾਮ ਮੁਲਕ ਵਿਚ ਕੋਈ ਅੰਤਰ ਆਇਆ ਹੈ? ਹੁਣ ਦੇਸ਼ ਦੇ ਹਾਕਮ, ਲੋਕਾਂ ਦੇ ਚੁਣੇ ਹੋਏ ਹਾਕਮ ਹਨ ਜਾਂ ਫਿਰ ਬਾਬੂਸ਼ਾਹੀ ਦੇਸ਼ ਤੇ ਰਾਜ ਕਰਦੀ ਹੈ!

Related Articles

Latest Articles