13.3 C
Vancouver
Friday, February 28, 2025

ਭਾਈ ਜਸਵੰਤ ਸਿੰਘ ਖਾਲੜਾ ‘ਤੇ ਆਧਾਰਿਤ ਫਿਲਮ ‘ਪੰਜਾਬ 95’ ਨੂੰ ਰਿਲੀਜ਼ ਹੋਣ ਤੋਂ ਕਿਉਂ ਰੋਕਿਆ ਗਿਆ..?

ਲੇਖਕ : ਅਵਤਾਰ ਸਿੰਘ ਅਨੰਦ
ਹੁਸ਼ਿਆਰ ਨਗਰ, ਅੰਮ੍ਰਿਤਸਰ
ਮਨੁੱਖੀ ਅਧਿਕਾਰਾਂ ਦੇ ਪਹਿਰੇਦਾਰ ਰਹੇ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ‘ਤੇ ਹਨੀ ਤ੍ਰੇਹਨ ਵਲੋਂ ਬਣਾਈ ਗਈ ਫ਼ਿਲਮ ‘ਪੰਜਾਬ 95’ ਨੂੰ ਰਿਲੀਜ਼ ਹੋਣ ਤੋਂ ਫਿਰ ਰੋਕ ਲਿਆ ਗਿਆ ਹੈ।
ਫ਼ਿਲਮ 2022 ‘ਚ ਬਣਨੀ ਸ਼ੁਰੂ ਹੋਈ ਸੀ ਅਤੇ ਉਦੋਂ ਤੋਂ ਹੀ ਇਸ ਨੂੰ ਸੈਂਸਰ ਬੋਰਡ ਟੇਢੀ ਅੱਖ ਨਾਲ ਦੇਖ ਰਿਹਾ ਹੈ। 2023 ਤੋਂ ਲੈ ਕੇ ਅੱਜ ਤੱਕ ਇਸ ਫ਼ਿਲਮ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਨਾ ਹੋਣ ਦੇਣਾ ਤਾਂ ਇਕ ਪਾਸੇ ਬਲਕਿ ਇੰਟਰਨੈੱਟ ਦੇ ਨੈੱਟਫਲਿਕਸ ਅਤੇ ਦੂਜੇ ਓ. ਟੀ. ਟੀ. ਪਲੇਟ ਫਾਰਮਾਂ ‘ਤੇ ਵੀ ਰਿਲੀਜ਼ ਨਹੀਂ ਹੋਣ ਦਿੱਤਾ ਜਾ ਰਿਹਾ। ਯੂ-ਟਿਊਬ ‘ਤੇ ਚੱਲ ਰਿਹਾ ਟੀਜ਼ਰ ਵੀ ਹਟਾ ਦਿੱਤਾ ਗਿਆ ਹੈ।
ਫ਼ਿਲਮ ‘ਪੰਜਾਬ ’95’ ਨੂੰ ਪ੍ਰਦਰਸ਼ਿਤ ਹੋਣ ਤੋਂ ਰੋਕਣ ਦਾ ਕਾਰਨ ਸੈਂਸਰਸ਼ਿਪ ‘ਤੇ ਰਾਜਨੀਤਕ ਦਬਾਅ ਮੰਨਿਆ ਜਾ ਰਿਹਾ ਹੈ, ਕਿਉਂਕਿ ਇਸ ਫ਼ਿਲਮ ਦਾ ਜਿਹੜਾ ਮੁੱਖ ਕਿਰਦਾਰ (ਜਸਵੰਤ ਸਿੰਘ ਖਾਲੜਾ) ਹੈ ਉਸ ਨੇ 1980-90 ਵਿਚਾਲੇ ਪੰਜਾਬ ਪੁਲਿਸ ਦੀਆਂ ਕਾਰਵਾਈਆਂ ਦੇ ਦੌਰਾਨ ਗੁੰਮ ਹੋਏ ਲੋਕਾਂ ਦੀ ਸਚਾਈ ਸਾਹਮਣੇ ਲਿਆਉਂਦਿਆਂ ਆਪਣੀ ਜ਼ਿੰਦਗੀ ਲੇਖੇ ਲਾ ਦਿੱਤੀ ਸੀ। ਇਸ ਫ਼ਿਲਮ ਦਾ ਮੁੱਖ ਕਿਰਦਾਰ ਜਸਵੰਤ ਸਿੰਘ ਖਾਲੜਾ ਕੌਣ ਸੀ ਅਤੇ ਉਨ੍ਹਾਂ ‘ਤੇ ਬਣੀ ਫ਼ਿਲਮ ਨੂੰ ਵਾਰ-ਵਾਰ ਸੈਂਸਰ ਬੋਰਡ ਰਿਲੀਜ਼ ਹੋਣ ਤੋਂ ਕਿਉਂ ਰੋਕ ਰਿਹਾ ਹੈ, ਇਸ ਲੇਖ ਰਾਹੀਂ ‘ਅਜੀਤ’ ਅਖ਼ਬਾਰ ਦੇ ਪਾਠਕਾਂ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਹਾਂ।
ਮਨੁੱਖੀ ਅਧਿਕਾਰਾਂ ਦੇ ਪਹਿਰੇਦਾਰ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਨੂੰ 1995 ‘ਚ ਅੰਮ੍ਰਿਤਸਰ ‘ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਹਮਣੇ ਕਬੀਰ ਪਾਰਕ ਵਾਲੇ ਘਰ ਤੋਂ 6 ਸਤੰਬਰ ਨੂੰ ਪੰਜਾਬ ਪੁਲਿਸ ਵਲੋਂ ਚੁੱਕ ਲਿਆ ਗਿਆ ਸੀ। ਚੁੱਕ ਕੇ ਉਸ ਨੂੰ ਝਬਾਲ ਥਾਣੇ ‘ਚ ਰੱਖਿਆ ਗਿਆ। ਭਾਰੀ ਤਸ਼ੱਦਦ ਕਰਨ ਤੋਂ ਬਾਅਦ ਉਨ੍ਹਾਂ ਦੀ ਲਾਸ਼ ਨੂੰ ਹਰੀਕੇ ਹੈੱਡ ਵਿਖੇ ਰੋੜ੍ਹ ਦਿੱਤਾ ਗਿਆ। ਉਸ ਵੇਲੇ ਪੰਜਾਬ ‘ਚ ਖਾਲੜਾ ਨੂੰ ਲੈ ਕੇ ਬਹੁਤ ਵਿਵਾਦ ਹੋਇਆ। ਪੰਜਾਬ ਦੀ ਕਾਂਗਰਸ ਸਰਕਾਰ ਦੀ ਬਹੁਤ ਕਿਰਕਰੀ ਹੋਈ। ਪੰਥਕ ਜਥੇਬੰਦੀਆਂ ਅਤੇ ਲੀਡਰਾਂ ਨੇ ਵੀ ਖਾਲੜਾ ਪਰਿਵਾਰ ਦਾ ਕੋਈ ਬਹੁਤਾ ਸਾਥ ਨਾ ਦਿੱਤਾ। ਕਾਂਗਰਸ ਦੇ ਮਰਹੂਮ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਨੇ ਇਹ ਕੇਸ ਦੀ ਜਾਂਚ ਸੀ. ਬੀ. ਆਈ. ਦੇ ਹਵਾਲੇ ਕਰਕੇ ਕਾਂਗਰਸ ਨੂੰ ਸੁਰਖ਼ਰੂ ਕਰ ਦਿੱਤਾ। ਸੀ. ਬੀ. ਆਈ. ਦੀ ਲੰਬੀ ਚੱਲੀ ਪੜਤਾਲ ਤੋਂ ਬਾਅਦ ਕੁਝ ਕੁ ਪੁਲਿਸ ਮੁਲਾਜ਼ਮਾਂ ਨੂੰ ਸਜ਼ਾ ਹੋਈ, ਕੁਝ ਕੁ ਬਚ ਨਿਕਲੇ। ਤਤਕਾਲੀਨ ਸਾਬਕਾ ਐਸ. ਐਸ. ਪੀ. ਅਜੀਤ ਸਿੰਘ ਸੰਧੂ ਆਤਮ ਹੱਤਿਆ ਕਰ ਗਿਆ।
ਜਸਵੰਤ ਸਿੰਘ ਖਾਲੜਾ ਦੀ ਸ਼ਹੀਦੀ ਜਿਵੇਂ-ਜਿਵੇਂ ਪੁਰਾਣੀ ਹੁੰਦੀ ਗਈ, ਕੇਸ ਠੰਢੇ ਬਸਤੇ ‘ਚ ਪੈਂਦਾ ਚਲਾ ਗਿਆ। ਖਾਲੜਾ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਨੇ ਬੜੀ ਭੱਜ-ਨੱਠ ਕੀਤੀ ਕਿ ਸ਼ਾਇਦ ਉਨ੍ਹਾਂ ਦੇ ਮਰਹੂਮ ਪਤੀ ਨੂੰ ਨਿਆਂ ਮਿਲ ਸਕੇ ਪਰ ਇਨਸਾਫ਼ ਮਿਲਿਆ ਵੀ ਤਾਂ ਬਹੁਤ ਦੇਰ ਬਾਅਦ। ਕੁਝ ਪੁਲਿਸ ਮੁਲਾਜ਼ਮ ਰੱਬ ਨੂੰ ਪਿਆਰੇ ਹੋ ਗਏ। ਕੁਝ ਜ਼ਮਾਨਤ ‘ਤੇ ਬਾਹਰ ਆ ਗਏ। ਕੁਝ ਬਿਮਾਰੀ ਦਾ ਬਹਾਨਾ ਬਣਾ ਕੇ ਅਦਾਲਤ ‘ਚ ਕੇਸ ਫਾਈਲ ਕਰਵਾ ਚੁੱਕੇ ਹਨ। 1990 ਦੇ ਦਹਾਕੇ ‘ਚ ਖਾੜਕੂਵਾਦ ਦੌਰਾਨ ਪੰਜਾਬ ਪੁਲਿਸ ਦੁਆਰਾ ਸਿੱਖ ਨੌਜਵਾਨਾਂ ਦੇ ਗ਼ੈਰ-ਕਾਨੂੰਨੀ ਕਤਲਾਂ ਦਾ ਪਰਦਾਫਾਸ਼ ਕਰਦਿਆਂ ਉਨ੍ਹਾਂ ਨੇ ਜਾਂਚ ਦਾ ਕਾਰਜ ਆਰੰਭਿਆ ਸੀ, ਕਿ ਅੰਮ੍ਰਿਤਸਰ ਦੇ ਦੁਰਗਿਆਣਾ ਮੰਦਿਰ, ਪੱਟੀ, ਤਰਨ ਤਾਰਨ ਅਤੇ ਮਜੀਠਾ ਦੇ ਸ਼ਮਸ਼ਾਨ ਘਾਟ ‘ਚ ਪੰਜਾਬ ਦੀ ਤਤਕਾਲੀਨ ਹਕੂਮਤ ਅਤੇ ਭਾਰਤੀ ਸਟੇਟ ਨੇ ਜਿਹੜੇ 25 ਹਜ਼ਾਰ ਦੇ ਕਰੀਬ ਪੰਜਾਬੀ ਸਿੱਖ ਨੌਜਵਾਨ ਮਾਰ ਖਪਾਏ ਹਨ, ਉਨ੍ਹਾਂ ਦਾ ਹਿਸਾਬ ਦਿੱਤਾ ਜਾਵੇ।
ਜਸਵੰਤ ਸਿੰਘ ਖਾਲੜਾ ਵਲੋਂ ਪੰਜਾਬ ‘ਚ 90 ਦੇ ਦਹਾਕੇ ‘ਚ ਨਿਭਾਇਆ ਗਿਆ ਰੋਲ ਅੱਜ ਦੀ ਯੁਵਾ ਪੀੜ੍ਹੀ ਨੂੰ ਵੱਡੇ ਪਰਦੇ ‘ਤੇ ਦਿਖਾਉਣ ਲਈ ਮੱਧ ਪ੍ਰਦੇਸ਼ ਦੇ ਸਾਗਰ ਸ਼ਹਿਰ ‘ਚ ਜਨਮੇ ਖਾਲੜਾ ਫ਼ਿਲਮ ਦੇ ਨਿਰਦੇਸ਼ਕ ਹਨੀ ਤ੍ਰੇਹਨ ਨੇ ਖਾਲੜਾ ਪਰਿਵਾਰ ਤੋਂ ਆਗਿਆ ਲੈ ਕੇ 2022 ਵਿਚ ਫ਼ਿਲਮ ਦਾ ਨਿਰਦੇਸ਼ਨ ਸ਼ੁਰੂ ਕੀਤਾ ਸੀ। 2023 ‘ਚ ਫ਼ਿਲਮ ਰਿਲੀਜ਼ ਹੋਣੀ ਸੀ ਪਰ ਉਦੋਂ ਤੋਂ ਹੀ ਸੈਂਸਰ ਬੋਰਡ ਵਲੋਂ ਡਰਾਮੇਬਾਜ਼ੀ ਸ਼ੁਰੂ ਕਰਦਿਆਂ ਇਸ ਦੇ ਪ੍ਰਸਾਰਨ ਨੂੰ ਰੋਕਿਆ ਗਿਆ।
ਸੈਂਸਰ ਬੋਰਡ ਨੇ ਪੰਜਾਬ ਦੇ ਇਸ ਸੰਵੇਦਨਸ਼ੀਲ ਵਿਸ਼ੇ ‘ਤੇ ਆਧਾਰਿਤ ਫ਼ਿਲਮ ‘ਚ 120 ਕਟੌਤੀਆਂ ਦਾ ਸੁਝਾਅ ਦਿੱਤਾ ਸੀ। ਫ਼ਿਲਮ ਨਿਰਦੇਸ਼ਕ ਹਨੀ ਤ੍ਰੇਹਨ ਦਾ ਕਹਿਣਾ ਹੈ ਕਿ ਪਹਿਲਾਂ ਸਾਨੂੰ ਖਾਲੜਾ ਪਰਿਵਾਰ ਦੀਆਂ ਕੁਝ ਸਖ਼ਤ ਸ਼ਰਤਾਂ ਦਾ ਖਿਆਲ ਰੱਖਣਾ ਪਿਆ, ਹੁਣ ਸੈਂਸਰ ਬੋਰਡ ਦੀਆਂ ਕਰਵਾਈਆਂ ਕਰਕੇ ਅਟਕਲਾਂ ਜਾਰੀ ਹਨ। ਇਸ ਵਾਰ ਫ਼ਿਲਮ 7 ਫਰਵਰੀ ਨੂੰ ਰਿਲੀਜ਼ ਹੋਣੀ ਸੀ। ਪਰ ਸੈਂਸਰ ਬੋਰਡ ਨੇ ਰੋਕ ਲਗਾ ਦਿੱਤੀ।
ਸੈਂਸਰ ਬੋਰਡ ਚਾਹੁੰਦਾ ਹੈ ਕਿ 120 ਕਟੌਤੀਆਂ ਕੀਤੀਆਂ ਜਾਣ, ਫ਼ਿਲਮ ਦਾ ਟਾਈਟਲ ਬਦਲਿਆ ਜਾਵੇ, ਮੁੱਖ ਕਿਰਦਾਰ ਦਾ ਨਾਂਅ ਜਸਵੰਤ ਸਿੰਘ ਤੋਂ ਬਦਲ ਕੇ ਕੁਝ ਹੋਰ ਕੀਤਾ ਜਾਵੇ। ਸੈਂਸਰ ਬੋਰਡ ਦੀ ਇਸ ਸ਼ਰਤ ਨੂੰ ਮੁੱਖ ਰੱਖਦਿਆਂ ਫ਼ਿਲਮ ਦਾ ਨਾਂਅ ਬਦਲ ਕੇ ‘ਪੰਜਾਬ ’95’ ਰੱਖ ਦਿੱਤਾ ਗਿਆ ਪਰ ਟੀਮ ਨੂੰ ਕਟੌਤੀਆਂ ਮਨਜ਼ੂਰ ਨਹੀਂ ਸਨ, ਕਿਉਂਕਿ ਮੰਨ ਲਓ ਫ਼ਿਲਮ 120 ਮਿੰਟ ਲੰਬੀ ਹੈ ਅਤੇ ਹਰੇਕ ਕੱਟ 20 ਸਕਿੰਟ ਲੰਬਾ ਹੈ ਤਾਂ ਤੁਸੀਂ ਫ਼ਿਲਮ ਦਾ 1/3 ਹਿੱਸਾ ਹਟਾ ਰਹੇ ਹੋ। ਮਤਲਬ ਕਿ ਤੁਸੀਂ ਅੱਧੀ ਫ਼ਿਲਮ ਨੂੰ ਹਟਾ ਰਹੇ ਹੋ। ਪਹਿਲੀ ਗੱਲ ਤਾਂ ਇਹ ਹੈ ਕਿ ਜੇਕਰ ਖਾਲੜਾ ਪਰਿਵਾਰ ਨੇ ਫ਼ਿਲਮ ਨਿਰਦੇਸ਼ਕ ਨੂੰ ਮਨਜ਼ੂਰੀ ਦਿੱਤੀ ਹੋਈ ਹੈ ਤਾਂ ਸੈਂਸਰ ਬੋਰਡ ਜਸਵੰਤ ਸਿੰਘ ਖਾਲੜਾ ਦੀ ਵਿਰਾਸਤ ਅਤੇ ਉਸ ਦੇ ਪਰਿਵਾਰ ਨਾਲ 120 ਕੱਟਾਂ, ਸਮੇਤ ਫ਼ਿਲਮ ਦੇ ਨਾਂਅ ਅਤੇ ਮੁੱਖ ਕਿਰਦਾਰ ਵਿਚ ਤਬਦੀਲੀ ਦੇ ਨਾਲ-ਨਾਲ ਐਨੀਆਂ ਸਖ਼ਤ ਸ਼ਰਤਾਂ ਸਮੇਤ ਵੀ ਪਾਬੰਦੀ ਲਗਾ ਦੇਵੇ ਤਾਂ ਕੀ ਇਸ ਨੂੰ ਠੀਕ ਕਿਹਾ ਜਾ ਸਕਦਾ ਹੈ? ਇਸ ਤੋਂ ਪਹਿਲਾਂ 13 ਕਟੌਤੀਆਂ ਨਾਲ ਕੰਗਨਾ ਰਣੌਤ ਦੀ ‘ਐਮਰਜੈਂਸੀ’ ਫ਼ਿਲਮ ਰਿਲੀਜ਼ ਕੀਤੀ ਗਈ ਸੀ। ਕਸ਼ਮੀਰ ਤੇ ਬਣੀ ਫ਼ਿਲਮ ‘ਕਸ਼ਮੀਰ ਫਾਈਲ’ ਨੂੰ 7 ਮਾਮੂਲੀ ਕੱਟਾਂ ਨਾਲ ਰਿਲੀਜ਼ ਕੀਤਾ ਗਿਆ ਸੀ।
ਪਰ ਖਾਲੜਾ ‘ਤੇ ਬਣੀ ਫ਼ਿਲਮ ਨੂੰ ਭਾਰਤੀ ਹਕਮੂਤ ਦੇ ਰਾਜਨੀਤਕ ਦਬਾਅ ਕਾਰਨ 2023 ਦੇ ਟੋਰਾਂਟੋ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ ਤੋਂ ਵੀ ਹਟਵਾ ਦਿੱਤਾ। ਇਸ ਤੋਂ ਇਲਾਵਾ, ਜਨਵਰੀ 2025 ਵਿਚ ਯੂ-ਟਿਊਬ ‘ਤੇ ਰਿਲੀਜ਼ ਕੀਤੇ ਗਏ ਫ਼ਿਲਮ ਦੇ ਟ੍ਰੇਲਰ ਨੂੰ ਤੀਹ ਲੱਖ ਤੋਂ ਵੱਧ ਵਿਊਜ਼ ਪ੍ਰਾਪਤ ਹੁੰਦਿਆਂ ਹੀ ਇਸ ਟ੍ਰੇਲਰ ਨੂੰ ਵੀ ਯੂ ਟਿਊਬ ਤੋਂ ਹਟਾ ਦਿੱਤਾ ਗਿਆ। ਅਸਲ ‘ਚ ਸੈਂਸਰ ਬੋਰਡ ਉਤੇ ਰਾਜਨੀਤਕ ਦਬਾਅ ਹੈ, ਸੈਂਸਰ ਬੋਰਡ ਚਾਹੁੰਦਾ ਹੈ ਕਿ ਫ਼ਿਲਮ ਵਿਚ ਕੁਝ ਹੋਰ ਬਦਲਾਅ ਕੀਤੇ ਜਾਣ…. ਜਿਵੇਂ ਕਿ ਜਸਵੰਤ ਸਿੰਘ ਖਾਲੜਾ ਦਾ ਨਾਂਅ ਨਾ ਵਰਤਿਆ ਜਾਵੇ, ਫ਼ਿਲਮ ਦਾ ਨਾਂਅ ਖਾਲੜਾ ਦੇ ਨਾਂਅ ‘ਤੇ ਨਹੀਂ ਹੋਣਾ ਚਾਹੀਦਾ, ਫ਼ਿਲਮ ਵਿਚ ਚਲਦੇ ਗੁਰਬਾਣੀ ਕੀਰਤਨ ਨੂੰ ਵੀ ਹਟਾਇਆ ਜਾਵੇ, ਪੰਜਾਬ ਵਿਚ ਝੂਠੇ ਪੁਲਿਸ ਮੁਕਾਬਲਿਆਂ, ਲਾਵਾਰਸ ਲਾਸ਼ਾਂ ਦੇ ਅੰਕੜੇ ਅਤੇ ਉਨ੍ਹਾਂ ਥਾਵਾਂ ਦੇ ਨਾਂਅ ਜਿੱਥੇ ਇਹ ਘਟਨਾਵਾਂ ਵਾਪਰੀਆਂ, ਪੁਲਿਸ ਅਫ਼ਸਰਾਂ ਦੇ ਨਾਂਅ ਵੀ ਹਟਾਏ ਜਾਣ। ਇਕ ਗੱਲ ਜ਼ਿਕਰਯੋਗ ਹੈ ਕਿ ਸੈਂਸਰ ਬੋਰਡ ਜਿਨ੍ਹਾਂ ਇਤਿਹਾਸਕ ਤੱਥਾਂ ‘ਤੇ ਇਤਰਾਜ਼ ਕਰ ਰਿਹਾ ਹੈ ਉਹ ਸਾਰੇ ਹੀ ਸਾਬਿਤ ਹੋ ਚੁੱਕੇ ਹਨ।
ਬੀਬੀ ਪਰਮਜੀਤ ਕੌਰ ਖਾਲੜਾ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ, ਅਸੀਂ ਫ਼ਿਲਮ ਦੇ ਪ੍ਰੋਡਿਊਸਰ ਨੂੰ ਵੀ ਜਸਵੰਤ ਸਿੰਘ ਖਾਲੜਾ ਅਤੇ ਫ਼ਿਲਮ ਦੀ ਕਹਾਣੀ ਦੇ ਸੱਚ ਨਾਲ ਖੜ੍ਹਨ ਦੀ ਅਪੀਲ ਕਰਦੇ ਹਾਂ। ਅਸੀਂ ਫ਼ਿਲਮ ਨਿਰਦੇਸ਼ਕ ਵਲੋਂ ਕਾਨੂੰਨੀ ਤੱਥਾਂ ਦੀ ਬੁਨਿਆਦ ‘ਤੇ ਬਣਾਈ ਇਸ ਫ਼ਿਲਮ ਅਤੇ ਦਿਲਜੀਤ ਦੋਸਾਂਝ ਵਲੋਂ ਨਿਭਾਏ ਖਾਲੜਾ ਦੇ ਕਿਰਦਾਰ ਨਾਲ ਸਹਿਮਤ ਹਾਂ ਅਤੇ ਆਸ ਕਰਦੇ ਹਾਂ ਕਿ ਫ਼ਿਲਮ ਅਸਲ ਰੂਪ ਵਿਚ ਰਿਲੀਜ਼ ਕੀਤੀ ਜਾਵੇਗੀ।
ਫ਼ਿਲਮ ਰਿਲੀਜ਼ ਹੁੰਦੀ ਹੈ ਜਾਂ ਨਹੀਂ ਇਹ ਬਾਅਦ ਦੀ ਗੱਲ ਹੈ ਪਰ ਇਕ ਗੱਲ ਜ਼ਰੂਰ ਪੱਕੀ ਹੈ ਕਿ ਹਰੇਕ ਪੰਜਾਬੀ ਉਸ ਕਿਰਦਾਰ ਨੂੰ ਨੇੜੇ ਤੋਂ ਦੇਖਣ ਲਈ ਉਤਸੁਕ ਹੈ, ਜਿਹੜਾ ਜਸਵੰਤ ਸਿੰਘ ਖਾਲੜਾ ਨੇ ਆਪਣੀ ਜ਼ਿੰਦਗੀ ‘ਚ ਉਨ੍ਹਾਂ ਗੁੰਮ ਹੋਏ ਲੋਕਾਂ ਦੀ ਭਾਲ ਕਰਦਿਆਂ ਨਿਭਾਇਆ ਸੀ ਅਤੇ ਉਸ ਨੇ ਕਿਸ ਤਰ੍ਹਾਂ ਦਲੇਰੀ ਦਾ ਪ੍ਰਗਟਾਵਾ ਕਰਦਿਆਂ ਭਾਰਤੀ ਹਕੂਮਤ ਅਤੇ ਪੰਜਾਬ ਪੁਲਿਸ ਦੇ ਕਿਰਦਾਰ ਨੂੰ ਉਜਾਗਰ ਕਰ ਦਿੱਤਾ ਸੀ?

Related Articles

Latest Articles