ਐਨ.ਡੀ.ਪੀ. ਨੇ ਪਰਿਵਾਰਾਂ ਨੂੰ $1,000 ਦੀ ਸਹਾਇਤਾ ਰਕਮ ਦੇਣ ਦਾ ਚੋਣ ਵਾਅਦਾ ਟੈਰਿਫ਼ ਸੰਕਟ ‘ਤੇ ਚਲਦੇ ਕੀਤਾ ਰੱਦ, ਮਾਰਚ 4 ਨੂੰ ਹੋਵੇਗਾ ਬਜਟ ਪੇਸ਼
ਵਿਕਟੋਰੀਆ (ਸਿਮਰਨਜੀਤ ਸਿੰਘ): ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਨੇ 2025 ਦੀ ਸਿੰਘਾਸਨੀ ਭਾਸ਼ਣ ਦੌਰਾਨ ਅਮਰੀਕਾ ਵੱਲੋਂ ਲਾਏ ਜਾ ਰਹੇ 25% ਟੈਰਿਫ਼ ਖ਼ਤਰੇ ਨੂੰ “ਦੂਜੀ ਵਿਸ਼ਵ ਯੁੱਧ ਤੋਂ ਬਾਅਦ ਪ੍ਰਾਂਤ ਲਈ ਸਭ ਤੋਂ ਗੰਭੀਰ ਸਮਾਂ” ਕਰਾਰ ਦਿੰਦਿਆਂ ਸਖ਼ਤ ਰਵੱਈਆ ਅਪਣਾਉਣ ਦੀ ਘੋਸ਼ਣਾ ਕੀਤੀ।
ਬੀ.ਸੀ. ਦੀ ਨਵੀਂ ਉਪ-ਰਾਜਪਾਲ ਵਿੰਡੀ ਕੋਚੀਆ ਨੇ ਸੰਸਦ ਦੀ ਨਵੀਂ ਮੀਟਿੰਗ ਦੇ ਆਰੰਭ ‘ਚ ਸਰਕਾਰੀ ਭਾਸ਼ਣ ਪੜ੍ਹਦੇ ਹੋਏ ਕਿਹਾ ਕਿ “ਇਸ ਨਾਜਾਇਜ਼ ਖ਼ਤਰੇ ਦੇ ਸਾਹਮਣੇ, ਬ੍ਰਿਟਿਸ਼ ਕੋਲੰਬੀਆ ਦੇ ਲੋਕ ਕੈਨੇਡਾ ਦੇ ਨਾਲ ਮਿਲ ਕੇ ਪਿੱਛੇ ਨਹੀਂ ਹਟਣਗੇ। ਅਸੀਂ ਇਕਜੁੱਟ ਹੋ ਕੇ ਕਹਿ ਰਹੇ ਹਾਂ: ਅਸੀਂ ਕਦੇ ਵੀ 51ਵੀਂ ਰਾਜ ਨਹੀਂ ਬਣਾਂਗੇ।
ਬੀ.ਸੀ. ‘ਚ ਅਕਤੂਬਰ 2024 ਦੀਆਂ ਚੋਣਾਂ ‘ਚ ਐਨ.ਡੀ.ਪੀ. ਨੇ 47 ਸੀਟਾਂ ਹਾਸਲ ਕਰਕੇ ਮੁਸ਼ਕਿਲ ਨਾਲ ਸੱਤਾ ਬਚਾਈ, ਜਦਕਿ ਬੀ.ਸੀ. ਕੰਜ਼ਰਵੇਟਿਵ ਪਾਰਟੀ ਨੇ 44 ਸੀਟਾਂ ਜਿੱਤੀਆਂ ਸਨ ਅਤੇ ਇਨ੍ਹਾਂ ਚੋਣਾਂ ਦੌਰਾਨ ਐਨ.ਡੀ.ਪੀ. ਨੇ ਸਭ ਤੋਂ ਜੋ ਚੋਣ ਵਾਅਦਾ ਕੀਤਾ ਸੀ ਉਸ ਨੂੰ ਰੱਦ ਕਰ ਦਿੱਤਾ ਹੈ। ਇਨ੍ਹਾਂ ਚੋਣਾਂ ਦੌਰਾਨ, ਐਨ.ਡੀ.ਪੀ. ਨੇ ਪਰਿਵਾਰਾਂ ਨੂੰ $1,000 ਦੀ ਸਹਾਇਤਾ ਰਕਮ ਦੇਣ ਦਾ ਵਾਅਦਾ ਕੀਤਾ ਸੀ, ਪਰ ਹੁਣ ਇਹ ਪ੍ਰਸਤਾਵ ਟੈਰਿਫ਼ ਸੰਕਟ ਕਰਕੇ ਰੱਦ ਕਰ ਦਿੱਤਾ ਗਿਆ ਹੈ।
ਬੀ.ਸੀ. ਸਰਕਾਰ ਨੇ ਦੱਸਿਆ ਕਿ 25% ਦੀਆਂ ਨਵੀਆਂ ਟੈਕਸ ਦਰਾਂ (ਟੈਰਿਫ਼) ਕਰਕੇ ਬੀ.ਸੀ. ਤੋਂ ਅਮਰੀਕਾ ਭੇਜੇ ਜਾਂਦੇ ਤਕਰੀਬਨ ਸਾਰੇ ਉਤਪਾਦ ਪ੍ਰਭਾਵਿਤ ਹੋਣਗੇ। ਉਪ-ਰਾਜਪਾਲ ਨੇ ਕਿਹਾ ਕਿ “ਸਾਨੂੰ ਆਪਣਾ ਭਰੋਸਾ ਬਾਹਰੀ ਤਾਕਤਾਂ ‘ਤੇ ਛੱਡਣ ਦੀ ਬਜਾਏ, ਖੁਦ ‘ਤੇ ਕਰਨਾ ਚਾਹੀਦਾ ਹੈ।
ਬੀ.ਸੀ. ਸਰਕਾਰ ਨੇ ਟੈਕਸ ਖ਼ਤਰੇ ਦਾ ਜਵਾਬ ਦੇਣ ਲਈ ਤਿੰਨ ਹਿੱਸਿਆਂ ਵਾਲੀ ਰਣਨੀਤੀ ਬਣਾਈ ਹੈ: ਅਰਥਵਿਵਸਥਾ ਨੂੰ ਮਜ਼ਬੂਤ ਬਣਾਉਣਾ ਅਤੇ ਵਪਾਰਕ ਸੰਬੰਧ ਹੋਰ ਦੇਸ਼ਾਂ ਨਾਲ ਵਧਾਉਣਾ, ਲੋੜ ਪੈਣ ‘ਤੇ ਸਖ਼ਤ ਅਤੇ ਫ਼ੌਰੀ ਕਾਰਵਾਈ ਕਰਨੀ, ਵਪਾਰ, ਉਦਯੋਗ ਅਤੇ ਨੌਕਰੀਆਂ ਲਈ ਕੀਤੇ ਜਾਣਗੇ ਨਵੇਂ ਐਲਾਨ। $20 ਅਰਬ ਦੀ ਨਿਵੇਸ਼ ਯੋਜਨਾ ਤਹਿਤ 18 ਨਵੇਂ ਵੱਡੇ ਪ੍ਰਾਜੈਕਟ ਜਲਦੀ ਸ਼ੁਰੂ ਕੀਤੇ ਜਾਣਗੇ। ਇਨ੍ਹਾਂ ਵਿੱਚ ਕੁਦਰਤੀ ਗੈਸ, ਹਰੀ ਊਰਜਾ, ਖਣਿਜ ਅਤੇ ਮਾਈਨਿੰਗ ਪ੍ਰਾਜੈਕਟ ਸ਼ਾਮਲ ਹੋਣਗੇ। 2025 ਦੇ ਬਜਟ ‘ਚ ਫਿਲਮ ਅਤੇ ਟੀ.ਵੀ. ਉਦਯੋਗ ਲਈ ਵਧੇਰੇ ਕਰ ਛੋਟ ਦੇਣ ਦਾ ਐਲਾਨ ਕੀਤਾ ਗਿਆ ਹੈ, ਜਿਸ ਕਾਰਨ ਨਵੇਂ ਉਤਪਾਦਨ ਨਵੇਂ ਸਮਝੌਤੇ ਹੋ ਰਹੇ ਹਨ। ਮਾਰਚ 4 ਨੂੰ ਬੀ.ਸੀ. ਸਰਕਾਰ ਆਪਣਾ 2025 ਦਾ ਬਜਟ ਪੇਸ਼ ਕਰੇਗੀ, ਜੋ ਕਿ ਅਮਰੀਕੀ ਟੈਕਸ ਲਾਗੂ ਹੋਣ ਤੋਂ ਇਕ ਦਿਨ ਪਹਿਲਾਂ ਆਉਂਦਾ ਹੈ।