ਵਿਸ਼ਵ ਲਈ ਖਿੱਚ ਦਾ ਕੇਂਦਰ ਉੱਤਰੀ ਅਮਰੀਕਾ

 

ਲੇਖਕ : ਅਸ਼ਵਨੀ ਚਤਰਥ
ਸੰਪਰਕ: 62842-20595
ਵਿਸ਼ਵ ਦੇ ਸੱਤ ਮਹਾਂਦੀਪਾਂ ਵਿੱਚੋਂ ਉੱਤਰੀ ਅਮਰੀਕਾ ਤੀਜਾ ਸਭ ਤੋਂ ਵੱਡਾ ਮਹਾਂਦੀਪ ਹੈ। ਇਹ ਉਨ੍ਹਾਂ ਤਿੰਨ ਮਹਾਂਦੀਪਾਂ ਵਿੱਚੋਂ ਇੱਕ ਹੈ (ਬਾਕੀ ਦੋ ਹਨ ਦੱਖਣੀ ਅਮਰੀਕਾ ਅਤੇ ਓਸ਼ੀਏਨੀਆ) ਜਿਨ੍ਹਾਂ ਨੂੰ ਨਵਾਂ ਵਿਸ਼ਵ ਦਾ ਨਾਂ ਦਿੱਤਾ ਜਾਂਦਾ ਹੈ। ਤਕਰੀਬਨ 25 ਮਿਲੀਅਨ ਵਰਗ ਕਿਲੋਮੀਟਰ ਵਿੱਚ ਫੈਲਿਆ ਇਹ ਇਲਾਕਾ ਉੱਤਰ ਵਾਲੇ ਪਾਸਿਓਂ ਆਰਕਟਿਕ ਮਹਾਂਸਾਗਰ, ਪੂਰਬ ਵੱਲੋਂ ਅੰਧ ਮਹਾਂਸਾਗਰ, ਦੱਖਣ ਵੱਲੋਂ ਦੱਖਣੀ ਅਮਰੀਕਾ ਅਤੇ ਪੱਛਮ ਵੱਲੋਂ ਪ੍ਰਸ਼ਾਂਤ ਮਹਾਂਸਾਗਰ ਨਾਲ ਘਿਰਿਆ ਹੋਇਆ ਹੈ। ਸੰਸਾਰ ਦੇ ਸਭ ਤੋਂ ਵੱਡੇ ਟਾਪੂ ਗਰੀਨਲੈਂਡ ਨੂੰ ਉੱਤਰੀ ਅਮਰੀਕੀ ਟੈਕਟੋਨਿਕ ਪਲੇਟ ਉੱਤੇ ਸਥਿਤ ਹੋਣ ਕਰਕੇ ਉੱਤਰੀ ਅਮਰੀਕਾ ਮਹਾਂਦੀਪ ਦਾ ਹਿੱਸਾ ਹੀ ਗਿਣਿਆ ਜਾਂਦਾ ਹੈ। ਆਬਾਦੀ ਪੱਖੋਂ ਚੌਥੇ ਸਭ ਤੋਂ ਵੱਡੇ ਇਸ ਮਹਾਂਦੀਪ ਦੀ ਜਨਸੰਖਿਆ 59.70 ਕਰੋੜ ਦੇ ਕਰੀਬ ਹੈ। ਇਸ ਦੀ ਤਿੰਨ ਚੌਥਾਈ ਆਬਾਦੀ ਇਸਾਈ ਧਰਮ ਨਾਲ ਸਬੰਧਿਤ ਹੈ। ਜ਼ਿਕਰਯੋਗ ਹੈ ਕਿ ਉੱਤਰੀ ਅਮਰੀਕਾ ਮਹਾਂਦੀਪ ਦੀ ਕੁੱਲ ਆਬਾਦੀ ਦਾ ਪੰਜਵਾਂ ਹਿੱਸਾ ਕਿਸੇ ਵੀ ਧਰਮ ਨਾਲ ਸਬੰਧ ਨਹੀਂ ਰੱਖਦਾ।
ਇਟਲੀ ਦੇ ਮਹਾਨ ਖੋਜੀ ਕ੍ਰਿਸਟੋਫਰ ਕੋਲੰਬਸ ਨੇ ਸੰਨ 1492 ਤੋਂ 1504 ਦੇ ਦਰਮਿਆਨ ਸਪੇਨ (ਯੂਰਪ) ਤੋਂ ਅਮਰੀਕਾ ਕੀਤੀਆਂ ਗਈਆਂ ਚਾਰ ਖੋਜੀ ਯਾਤਰਾਵਾਂ ਦੌਰਾਨ ਯੂਰਪ ਅਤੇ ਅਮਰੀਕਾ ਵਿੱਚ ਸਬੰਧ ਸਥਾਪਿਤ ਕੀਤੇ। ਇੱਕ ਹੋਰ ਘਟਨਾ 7 ਜੂਨ 1494 ਦੀ ਹੈ ਜਦੋਂ ਯੂਰਪ ਦੀਆਂ ਉਸ ਸਮੇਂ ਦੀਆਂ ਦੋ ਸ਼ਕਤੀਆਂ ਸਪੇਨ ਅਤੇ ਪੁਰਤਗਾਲ ਵਿਚਾਲੇ ਹੋਈ ਇੱਕ ਸੰਧੀ ਤਹਿਤ ਉਨ੍ਹਾਂ ਨੇ ‘ਨਵੇਂ ਵਿਸ਼ਵ’ ਭਾਵ ਅਮਰੀਕਾ ਦੀ ਜ਼ਮੀਨ ਅਤੇ ਉੱਥੋਂ ਦੇ ਸਾਧਨਾਂ ਨੂੰ ਆਪਸ ਵਿੱਚ ਵੰਡ ਲਿਆ ਸੀ। ਇਸ ਦਾ ਸਬੂਤ ਅਮਰੀਕਾ ਦੇ ਅਨੇਕਾਂ ਹਿੱਸਿਆਂ ਵਿੱਚ ਬੋਲੀਆਂ ਜਾਂਦੀਆਂ ਸਪੈਨਿਸ਼ ਅਤੇ ਪੁਰਤਗਾਲੀ ਭਾਸ਼ਾਵਾਂ ਹਨ। ਦੋ ਯੂਰਪੀ ਸ਼ਕਤੀਆਂ ਦਰਮਿਆਨ ਹੋਏ ਇਸ ਸਮਝੌਤੇ ਤੋਂ ਬਾਅਦ ਇਨ੍ਹਾਂ ਵੱਲੋਂ ਲੱਖਾਂ ਦੀ ਗਿਣਤੀ ਵਿੱਚ ਅਫ਼ਰੀਕੀ ਗ਼ੁਲਾਮਾਂ ਨੂੰ ਅਮਰੀਕਾ ਵਿੱਚ ਲਿਆਂਦਾ ਗਿਆ ਸੀ। ਉਕਤ ਸਮਝੌਤੇ ਤੋਂ ਬਾਅਦ ਤਾਂ ਸੰਨ 1500 ਅਤੇ 1600 ਦੇ ਦਰਮਿਆਨ ਬਰਤਾਨੀਆ ਅਤੇ ਫਰਾਂਸ ਸਮੇਤ ਅਨੇਕਾਂ ਯੂਰਪੀ ਦੇਸ਼ਾਂ ਨੇ ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਵਿੱਚ ਆਪਣੀਆਂ ਬਸਤੀਆਂ ਸਥਾਪਿਤ ਕੀਤੀਆਂ।
ਭੂਗੋਲਿਕ ਪੱਖੋਂ ਪਨਾਮਾ ਥਲਡਮਰੂ ਉੱਤਰੀ ਅਮਰੀਕਾ ਅਤੇ ਦੱਖਣੀ ਅਮਰੀਕਾ ਮਹਾਂਦੀਪਾਂ ਨੂੰ ਆਪਸ ਵਿੱਚ ਜੋੜਦਾ ਹੈ। ਉੱਤਰੀ ਅਮਰੀਕਾ ਮਹਾਂਦੀਪ ਵਿੱਚ 23 ਦੇਸ਼ ਹਨ ਜਿਨ੍ਹਾਂ ਵਿੱਚੋਂ ਦਸ ਮਹਾਂਦੀਪ ਦੀ ਮੁੱਖ ਭੂਮੀ ਉੱਤੇ ਸਥਿਤ ਹਨ ਅਤੇ ਬਾਕੀ 13 ਟਾਪੂਆਂ ਦਾ ਇੱਕ ਸਮੂਹ ਹੈ ਜਿਸ ਨੂੰ ਕੈਰੀਬਿਆਈ ਦੇਸ਼ ਆਖਦੇ ਹਨ। ਇਹ 13 ਦੇਸ਼ ਹਨ ਬਾਹਮਾਸ, ਬਾਰਬਾਡੋਸ, ਕਿਊਬਾ, ਐਂਟੀਗੂਆ, ਡੋਮਾਨੀਕਾ, ਹੈਤੀ, ਸੇਂਟ ਕਿੱਟਸ, ਜਮਾਇਕਾ, ਸੇਂਟ ਲੂਸੀਆ, ਸੇਂਟ ਵਿਨਸੈਂਟ, ਗਰੀਨੇਡਾ, ਡੋਮਿਨੀਕਨ ਰਿਪਬਲਿਕ ਅਤੇ ਟ੍ਰਿਨੀਡਾਡ ਤੇ ਟੋਬੈਗੋ। ਇਸ ਮਹਾਂਦੀਪ ਦੇ ਤਿੰਨ ਵੱਡੇ ਦੇਸ਼ ਹਨ: ਯੂ.ਐੱਸ.ਏ. ਭਾਵ ਅਮਰੀਕਾ, ਕੈਨੇਡਾ ਅਤੇ ਮੈਕਸਿਕੋ।
ਅਮਰੀਕਾ ਵਿਸ਼ਵ ਦਾ ਤੀਜਾ ਸਭ ਤੋਂ ਵੱਡਾ ਉਹ ਦੇਸ਼ ਹੈ ਜਿਸ ਦੇ ਪੰਜਾਹ ਸੂਬੇ ਹਨ। ਉੱਤਰ ਵੱਲੋਂ ਇਸ ਦੀ ਹੱਦ ਕੈਨੇਡਾ ਅਤੇ ਦੱਖਣ ਵੱਲੋਂ ਮੈਕਸਿਕੋ ਨਾਲ ਲੱਗਦੀ ਹੈ। ਇਸ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਹੈ। ਅਜੋਕੇ ਸਮੇਂ ਵਿੱਚ ਵਿਗਿਆਨ, ਆਰਥਿਕ ਤਰੱਕੀ, ਉਦਯੋਗ ਅਤੇ ਪੁਲਾੜ ਵਿਗਿਆਨ ਪੱਖੋਂ ਬੇਹੱਦ ਵਿਕਸਿਤ ਇਸ ਦੇਸ਼ ਨੇ ਆਪਣੇ ਆਪ ਨੂੰ ਵਿਸ਼ਵ ਸ਼ਕਤੀ ਦੇ ਰੂਪ ਵਿੱਚ ਸਥਾਪਿਤ ਕੀਤਾ ਹੋਇਆ ਹੈ। ਵਿਸ਼ਵ ਦੀ ਕੁੱਲ ਆਬਾਦੀ ਦੀ ਮਹਿਜ਼ ਚਾਰ ਫ਼ੀਸਦ ਵਸੋਂ ਵਾਲੇ ਇਸ ਦੇਸ਼ ਕੋਲ ਸੰਸਾਰ ਦੇ ਕੁੱਲ ਸਰਮਾਏ ਦਾ 30 ਫ਼ੀਸਦੀ ਹਿੱਸਾ ਮੌਜੂਦ ਹੈ। ਇਸ ਦਾ ਵੱਡਾ ਕਾਰਨ ਪਿਛਲੇ ਤਕਰੀਬਨ ਸੌ ਸਾਲਾਂ ਵਿੱਚ ਇਸ ਦਾ ਤੇਜ਼ੀ ਨਾਲ ਵਿਕਾਸ ਕਰਨਾ ਹੈ। ਇਸ ਦੇ ਨਿਊਯਾਰਕ ਸ਼ਹਿਰ ਵਿੱਚ ਸਥਾਪਿਤ ਕੀਤਾ ਤਾਂਬੇ ਦਾ ਬਣਿਆ ‘ਸਟੈਚੂ ਆਫ ਲਿਬਰਟੀ’ ਬੁੱਤ ਫਰਾਂਸ ਵੱਲੋਂ ਤੋਹਫ਼ੇ ਦੇ ਰੂਪ ਵਿੱਚ ਦਿੱਤਾ ਗਿਆ ਸੀ। ਫਰਾਂਸ ਦੀ ਮੂਰਤੀਕਾਰ ਫਰੈਡਰਿਕ ਆਗਸਤ ਬਾਰਥੋਲਡੀ ਵੱਲੋਂ ਡਿਜ਼ਾਈਨ ਕੀਤੇ 93 ਮੀਟਰ (ਜ਼ਮੀਨ ਤੋਂ ਮਸ਼ਾਲ ਦੇ ਸਿਖਰ ਤੱਕ) ਉਚਾਈ ਵਾਲੀ ਯੂਨੈਸਕੋ ਦੀ ਇਸ ਵਿਰਾਸਤ ਨੂੰ 28 ਅਕਤੂਬਰ 1886 ਨੂੰ ਅਮਰੀਕਾ ਦੇ ਲੋਕਾਂ ਨੂੰ ਰਸਮੀ ਤੌਰ ‘ਤੇ ਸਮਰਪਿਤ ਕੀਤਾ ਗਿਆ ਸੀ।
ਅਮਰੀਕਾ ਦੀਆਂ ਮੈਸਾਚੂਸੈਟਸ ਤਕਨਾਲੋਜੀ ਸੰਸਥਾ, ਸਟੈਨਫਰਡ ਯੂਨੀਵਰਸਿਟੀ, ਹਾਰਵਰਡ ਯੂਨੀਵਰਸਿਟੀ ਅਤੇ ਕੋਲੰਬੀਆ ਯੂਨੀਵਰਸਿਟੀ ਜਿਹੀਆਂ ਸੰਸਥਾਵਾਂ ਉੱਥੋਂ ਦੀ ਆਧੁਨਿਕ ਸਿੱਖਿਆ ਪ੍ਰਣਾਲੀ ਦਾ ਆਧਾਰ ਹਨ। ਅਮਰੀਕਾ ਦੀਆਂ ਨਾਸਾ ਅਤੇ ਸਪੇਸ-ਐਕਸ ਪੁਲਾੜ ਏਜੰਸੀਆਂ ਨੇ ਪੁਲਾੜ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰੀਆਂ ਹਨ, ਜਿਸ ਨੇ ਵਿਸ਼ਵ ਭਰ ਦੇ ਵਿਗਿਆਨੀਆਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਹੈ। ਇਨ੍ਹਾਂ ਗੱਲਾਂ ਦੇ ਚੱਲਦਿਆਂ ਇੱਕ ਚੀਜ਼ ਜੋ ਜ਼ਿਕਰਯੋਗ ਹੈ ਉਹ ਹੈ ਕਿ ਸਮੁੱਚੇ ਏਸ਼ੀਆ ਵਿੱਚ ਬੇਰੁਜ਼ਗਾਰੀ ਦੇ ਚੱਲਦਿਆਂ ਅਤੇ ਅਮਰੀਕਾ ਦੀ ਚਮਕ-ਦਮਕ ਨੂੰ ਵੇਖਦੇ ਹੋਏ ਭਾਰਤ ਅਤੇ ਖ਼ਾਸਕਰ ਪੰਜਾਬ ਦੇ ਅਨੇਕਾਂ ਨੌਜਵਾਨ ਲੜਕੇ-ਲੜਕੀਆਂ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵੱਲ ਜਾਣ ਦੀ ਗ਼ਲਤੀ ਕਰ ਬੈਠਦੇ ਹਨ। ਇਸ ਧੰਦੇ ਨਾਲ ਜੁੜੇ ਲੋਕ ਉਨ੍ਹਾਂ ਨੂੰ ‘ਡੰਕੀ ਤਰੀਕੇ’ ਭਾਵ ਨਾਜਾਇਜ਼ ਤਰੀਕੇ ਨਾਲ ਮੈਕਸਿਕੋ ਅਤੇ ਹੋਰ ਦੇਸ਼ਾਂ ਦੀਆਂ ਸਰਹੱਦਾਂ ਵਿੱਚੋਂ ਲੰਘਾ ਕੇ ਅਮਰੀਕਾ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਕਰਦੇ ਹਨ, ਜਿਸ ਦੌਰਾਨ ਬੱਚਿਆਂ ਨੂੰ ਅਨੇਕਾਂ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਮਰੀਕਾ ਦੇ ਪ੍ਰਦੇਸ਼ ਕੈਲੀਫੋਰਨੀਆ ਦੇ ਸਭ ਤੋਂ ਵੱਧ ਵੱਸੋਂ ਵਾਲੇ ਸ਼ਹਿਰ ਲਾਸ ਏਂਜਲਸ ਵਿਖੇ ਹੌਲੀਵੁੱਡ ਫਿਲਮ ਉਦਯੋਗ ਵਿਸ਼ਵ ਪ੍ਰਸਿੱਧ ਹੈ। ਇਹ ਸ਼ਹਿਰ ਜਨਵਰੀ 2025 ਨੂੰ ਉਦੋਂ ਕਾਫ਼ੀ ਸੁਰਖੀਆਂ ਵਿੱਚ ਆਇਆ ਸੀ ਜਦੋਂ ਹੌਲੀਵੁੱਡ ਪਹਾੜਾਂ ਵਿੱਚ ਅੱਗ ਲੱਗਣ ਕਾਰਨ ਇਸ ਸ਼ਹਿਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਦਸ ਹਜ਼ਾਰ ਦੇ ਕਰੀਬ ਘਰ ਅਤੇ ਹੋਰ ਨਾਮੀ ਇਮਾਰਤਾਂ ਸੜ ਕੇ ਸਵਾਹ ਹੋ ਗਈਆਂ ਸਨ। ਇਨ੍ਹਾਂ ਵਿੱਚ ਅਨੇਕਾਂ ਹੌਲੀਵੁੱਡ ਸਿਤਾਰਿਆਂ ਦੇ ਘਰ ਵੀ ਨਸ਼ਟ ਹੋ ਗਏ ਸਨ।
ਅਮਰੀਕਾ ਦੇ ਨਿਊਯਾਰਕ ਰਾਜ ਤੋਂ ਨਿਕਲਦਾ ਜਗਤ ਪ੍ਰਸਿੱਧ ਨਿਆਗਰਾ ਝਰਨਾ ਕੈਨੇਡਾ ਦੇ ਓਂਟਾਰੀਓ ਇਲਾਕੇ ਵਿੱਚ ਦਾਖ਼ਲ ਹੁੰਦਾ ਹੈ।
ਰਕਬੇ ਪੱਖੋਂ ਕੈਨੇਡਾ ਸੰਸਾਰ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ ਜਿੱਥੇ ਸੰਸਾਰ ਦੀਆਂ ਸਭ ਤੋਂ ਵੱਧ ਤਾਜ਼ੇ ਪਾਣੀ ਦੀਆਂ ਝੀਲਾਂ ਹਨ। ਦਸ ਪ੍ਰਦੇਸ਼ਾਂ ਅਤੇ ਤਿੰਨ ਹੋਰ ਖੇਤਰਾਂ ਵਿੱਚ ਵੰਡੇ ਹੋਏ ਕੈਨੇਡਾ ਦੀ ਕੁੱਲ ਆਬਾਦੀ 3.80 ਕਰੋੜ ਹੈ ਜੋ ਕਿ ਵਿਸ਼ਵ ਦੀ ਕੁੱਲ ਵੱਸੋਂ ਦੇ ਅੱਧਾ ਫ਼ੀਸਦ ਤੋਂ ਵੀ ਘੱਟ ਹੈ। ਕੈਨੇਡਾ ਦੇ ਓਂਟਾਰੀਓ, ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਇਲਾਕਿਆਂ ਵਿੱਚ ਪੰਜਾਬੀਆਂ ਦੀ ਵੱਡੀ ਗਿਣਤੀ ਵੱਸਦੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਵਿਖੇ ਪੰਜਾਬੀਆਂ ਦੀ ਸਭ ਤੋਂ ਜ਼ਿਆਦਾ ਗਿਣਤੀ ਹੈ।
ਉੱਤਰੀ ਅਮਰੀਕਾ ਮਹਾਂਦੀਪ ਦਾ ਰਕਬਾ ਵੱਡਾ ਹੋਣ ਕਰਕੇ ਇਸ ਵਿੱਚ ਜਲਵਾਯੂ ਪੱਖੋਂ ਵੱਡੀ ਵਿਭਿੰਨਤਾ ਪਾਈ ਜਾਂਦੀ ਹੈ। ਇੱਕ ਪਾਸੇ ਮੈਕਸਿਕੋ ਦੇ ਇਲਾਕਿਆਂ ਵਿੱਚ ਖੁਸ਼ਕ ਅਤੇ ਮਾਰੂਥਲੀ ਖੇਤਰ ਹਨ, ਦੂਜੇ ਪਾਸੇ ਕੈਨੇਡਾ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਵੱਡੇ ਪੱਧਰ ‘ਤੇ ਬਰਫ਼ ਅਤੇ ਮੀਂਹ ਵੇਖਿਆ ਜਾ ਸਕਦਾ ਹੈ। ਨਸਲੀ ਵਿਭਿੰਨਤਾ ਪੱਖੋਂ ਉੱਤਰੀ ਅਮਰੀਕਾ ਦੀ ਆਬਾਦੀ ਨੂੰ ਤਿੰਨ ਵਰਗਾਂ ਵਿੱਚ ਵੰਡ ਸਕਦੇ ਹਾਂ: ਗੋਰੇ, ਸਿਆਹਫ਼ਾਮ ਅਤੇ ਤੀਜੀ ਨਸਲ ਹੈ ਯੂਰਪੀ ਲੋਕਾਂ ਅਤੇ ਦੇਸੀ ਲੋਕਾਂ ਦੀ ਮਿਸ਼ਰਿਤ ਨਸਲ। ਇਸ ਇਲਾਕੇ ਦੇ ਕੁਝ ਮੈਟਰੋ ਸ਼ਹਿਰ ਹਨ: ਮੈਕਸਿਕੋ ਸ਼ਹਿਰ, ਨਿਊਯਾਰਕ ਸ਼ਹਿਰ, ਸ਼ਿਕਾਗੋ, ਹਿਊਸਟਨ, ਵਾਸ਼ਿੰਗਟਨ, ਟੋਰਾਂਟੋ ਅਤੇ ਮਿਆਮੀ ਆਦਿ ।
ਮਹਾਂਦੀਪ ਦੇ ਕੈਨੇਡਾ ਅਤੇ ਅਮਰੀਕਾ ਦੇਸ਼ਾਂ ਵਿੱਚ ਫੁੱਟਬਾਲ, ਬੇਸਬਾਲ ਅਤੇ ਬਾਸਕਟਬਾਲ ਖੇਡਾਂ ਨੂੰ ਕਾਫ਼ੀ ਪਸੰਦ ਕੀਤਾ ਜਾਂਦਾ ਹੈ ਜਦੋਂਕਿ ਅਮਰੀਕਾ ਵਿੱਚ ਟੈਨਿਸ ਦੀ ਖੇਡ ਬੇਹੱਦ ਹਰਮਨ-ਪਿਆਰੀ ਹੈ। ਟੈਨਿਸ ਦੇ ਚਾਰ ਗਰੈਂਡ ਸਲੈਮ ਮੁਕਾਬਲਿਆਂ ਵਿੱਚੋਂ ਇੱਕ ਅਮਰੀਕਾ ਦਾ ਯੂ.ਐੱਸ. ਓਪਨ ਵਿਸ਼ਵ ਪ੍ਰਸਿੱਧ ਹੈ। ਸੈਰੇਨਾ ਵਿਲੀਅਮਜ਼, ਵੀਨਸ ਵਿਲੀਅਮਜ਼ ਅਤੇ ਕੋਕੋ ਗਾਫ਼ ਜਿਹੀਆਂ ਟੈਨਿਸ ਅਮਰੀਕੀ ਖਿਡਾਰਨਾਂ ਨੇ ਖੇਡ ਪ੍ਰੇਮੀਆਂ ਦੇ ਦਿਲਾਂ ਵਿੱਚ ਆਪਣੀ ਵਿਸ਼ੇਸ਼ ਜਗ੍ਹਾ ਬਣਾਈ ਹੈ।
ਇਸ ਮਹਾਂਦੀਪ ਦੀਆਂ ਪ੍ਰਮੁੱਖ ਭਾਸ਼ਾਵਾਂ ਹਨ: ਅੰਗਰੇਜ਼ੀ, ਸਪੈਨਿਸ਼ ਅਤੇ ਫਰੈਂਚ। ਕੁਝ ਅਮਰੀਕੀ ਸ਼ਖ਼ਸੀਅਤਾਂ ਜਿਵੇਂ ਅਬਰਾਹਮ ਲਿੰਕਨ, ਮਾਰਟਿਨ ਲੂਥਰ, ਜਾਰਜ ਵਾਸ਼ਿੰਗਟਨ, ਬੈਂਜਾਮਿਨ ਫਰੈਂਕਲਿਨ, ਬਿਲ ਗੇਟਸ, ਮੁਹੰਮਦ ਅਲੀ, ਨੀਲ ਆਰਮਸਟਰਾਂਗ ਅਤੇ ਐਲਨ ਮਸਕ ਆਦਿ ਵਿਸ਼ਵ ਪ੍ਰਸਿੱਧ ਹਸਤੀਆਂ ਹਨ।

Exit mobile version