8.1 C
Vancouver
Friday, February 28, 2025

ਸਰੀ ਸਕੂਲ ਦੀ ਵਿਦਿਆਰਥਣ ਬੀ.ਸੀ. ਮਹਿਲਾ ਐਥਲੀਟ ਐਵਾਰਡ ਲਈ ਨਾਮਜ਼ਦ

 

6 ਮਾਰਚ ਨੂੰ ਬੀ.ਸੀ. ਸਪੋਰਟਸ ਐਵਾਰਡ ਦਾ ਕੀਤਾ ਜਾਵੇਗਾ ਆਯੋਜਿਤ

ਸਰੀ, (ਸਿਮਰਨਜੀਤ ਸਿੰਘ): 16 ਸਾਲ ਦੀ ਤਾਲੀਆ ਫੰਗੂਰਾ ਆਪਣੀਆਂ ਸ਼ਾਨਦਾਰ ਪ੍ਰਾਪਤੀਆਂ ਨਾਲ ਰਿਕਾਰਡ ਤੋੜ ਰਹੀ ਹੈ ਅਤੇ ਤਮਗ਼ੇ ਜਿੱਤ ਰਹੀ ਹੈ, ਉਸ ਨੂੰ ਇਹ ਉਮੀਦ ਹੈ ਕਿ ਇਹ ਸਫਲਤਾਵਾਂ ਉਸ ਨੂੰ ਅਮਰੀਕੀ ਯੂਨੀਵਰਸਿਟੀ ਵਿੱਚ ਸਕਾਲਰਸ਼ਿਪ ਦਿਵਾਏਗੀ।
ਤਾਲੀਆ ਬੀ.ਸੀ. ਦੇ 2025 ‘ਐਥਲੀਟ ਆਫ਼ ਦ ਈਅਰ’ ਐਵਾਰਡ ਲਈ ਨਾਮਜ਼ਦ ਕੀਤੀ ਗਈ ਹੈ। ਉਸ ਨੇ ਸ਼ਾਟ ਪੁੱਟ, ਹੈਮਰ ਅਤੇ ਡਿਸਕਸ ਥ੍ਰੋ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਹ ਨੌਰਥ ਸਰੀ ਸਕੈਂਡਰੀ ਸਕੂਲ ਦੀ ਟੀਮ ਅਤੇ ਡਾਈਨਾਮੋ ਥ੍ਰੋਜ਼ ਕਲੱਬ ਲਈ ਖੇਡਦੀ ਹੈ। ਉਨ੍ਹਾਂ ਨੇ ਸੂਬਾਈ ਅਤੇ ਰਾਸ਼ਟਰੀ ਪੱਧਰ ‘ਤੇ ਕਈ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਬੀ.ਸੀ. ਵਿੱਚ 6 ਮਾਰਚ ਨੂੰ ਬੀ.ਸੀ. ਸਪੋਰਟ ਐਵਾਰਡ ਹੋਣ ਜਾ ਰਹੇ ਹਨ। ਤਾਲੀਆ ਇਸ ਸਮੇਂ ਆਉਣ ਵਾਲੇ ਆਉਟਡੋਰ ਸੀਜ਼ਨ ਦੀ ਤਿਆਰੀ ਕਰ ਰਹੀ ਹੈ। ਉਹ ਹਫ਼ਤੇ ‘ਚ ਚਾਰ ਵਾਰ ਨੌਰਥ ਸਰੀ ਤੇ ਮੈਪਲ ਰਿਜ਼ ਵਿੱਚ ਅਭਿਆਸ ਕਰਦੀ ਹੈ।
ਉਸ ਦੇ ਕੋਚ ਬਰੈਡ ਗ੍ਰਾਹਮ ਨੇ ਦੱਸਿਆ ਕਿ, “ਅਸੀਂ ਹਾਲ ਹੀ ਵਿੱਚ ਅਭਿਆਸ ਲਈ ਰਿੰਗ ‘ਚੋਂ ਬਰਫ਼ ਹਟਾਈ ਹੈ, ਹੁਣ ਜਲਦੀ ਹੀ ਅਭਿਆਸ ਸ਼ੁਰੂ ਕਰਾਂਗੇ।”
ਜ਼ਿਕਰਯੋਗ ਹੈ ਕਿ ਤਾਲੀਆ ਨੇ 8 ਸਾਲ ਦੀ ਉਮਰ ‘ਚ ਐਥਲੈਟਿਕਸ ਖੇਡਾਂ ਖੇਡਣੀਆਂ ਸ਼ੁਰੂ ਕਰ ਦਿੱਤੀਆਂ ਸੀ। ਉਸ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ “ਮੈਂ ਆਪਣੇ ਸਕੂਲ ਡਿਸਟ੍ਰਿਕਟ ਖੇਡ ਮੁਕਾਬਲੇ ਲਈ ਯੋਗਤਾ ਹਾਸਲ ਕੀਤੀ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਮੇਰੀ ਮਾਂ ਨੇ ਮੈਨੂੰ ਇਹ ਖੇਡ ਅਪਣਾਉਣ ਲਈ ਪ੍ਰੇਰਿਤ ਕੀਤਾ ਸੀ, ਕਿਉਂਕਿ ਉਹ ਵੀ ਨੌਜਵਾਨੀ ‘ਚ ਟਰੈਕ ਐਂਡ ਫੀਲਡ ‘ਚ ਹਿੱਸਾ ਲੈਂਦੀ ਸੀ।”
ਉਸ ਦੇ ਪਿਤਾ ਪਾਰਮ ਫੰਗੂਰਾ ਇੱਕ ਮਸ਼ਹੂਰ ਪਹਿਲਵਾਨ ਖਿਡਾਰੀ ਰਹੇ ਹਨ, ਜਿਨ੍ਹਾਂ ਨੇ 2010 ਕਾਮਨਵੈਲਥ ਗੇਮਜ਼ ‘ਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ। ਉੱਥੇ ਉਨ੍ਹਾਂ ਦੀ ਮੁਲਾਕਾਤ ਡਿਲਨ ਆਰਮਸਟ੍ਰੌਂਗ (ਕਨੇਡੀਅਨ ਸ਼ਾਟ ਪੁੱਟ ਓਲੰਪਿਕ ਖਿਡਾਰੀ) ਨਾਲ ਹੋਈ, ਜੋ ਤਲੀਆ ਦੇ ਕੋਚ ਬਰੈਡ ਗ੍ਰਾਹਮ ਦੇ ਪੁਰਾਣੇ ਦੋਸਤ ਹਨ। ਇਨ੍ਹਾਂ ਹੀ ਸੰਪਰਕਾਂ ਰਾਹੀਂ ਤਲੀਆ ਨੂੰ ਗ੍ਰਾਹਮ ਨਾਲ ਜੁੜਨ ਦਾ ਮੌਕਾ ਮਿਲਿਆ।
ਜੂਨ 2024 ਵਿੱਚ, ਗਰੇਡ 10 ‘ਚ ਹੋਣ ਦੇ ਬਾਵਜੂਦ ਬੀ.ਸੀ. ਹਾਈ ਸਕੂਲ ਟਰੈਕ ਐਂਡ ਫੀਲਡ ਚੈਂਪੀਅਨਸ਼ਿਪਸ ‘ਚ ਤਾਲੀਆ ਨੇ ਸ਼ਾਟ ਪੁੱਟ (ਤੀਜੀ ਵਾਰ), ਡਿਸਕਸ (ਦੂਜੀ ਵਾਰ) ਅਤੇ ਹੈਮਰ ਥ੍ਰੋ ‘ਚ ਪਹਿਲਾ ਸਥਾਨ ਹਾਸਲ ਕੀਤਾ।
ਉਸ ਨੇ ਇਹ ਤਿੰਨ ਟਾਈਟਲ ਇਕੋ ਸਮੇਂ ਜਿੱਤ ਕੇ ਇਤਿਹਾਸ ਰਚਿਆ, ਕਿਉਂਕਿ ਇਸ ਤੋਂ ਪਹਿਲਾਂ ਕਿਸੇ ਵੀ ਬੀ.ਸੀ. ਥ੍ਰੋਅਰ ਨੇ ‘ਟ੍ਰਿਪਲ ਕ੍ਰਾਊਨ’ ਨਹੀਂ ਜਿੱਤੀ ਸੀ। ਇਸ ਤੋਂ ਇਲਾਵਾ, ਉਹ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਵੀ ਸ਼ਾਟ ਪੁੱਟ ਦੀ ਰਾਸ਼ਟਰੀ ਵਿਜੇਤਾ ਰਹੀ। ਤਾਲੀਆ ਨੇ 2025 ਵਿੱਚ ਪਹਿਲੀ ਵਾਰ ਹੈਰੀ ਜੇਰੋਮ ਇੰਡੋਰ ਗੇਮਜ਼ (ਰਿਚਮੰਡ) ਵਿੱਚ ਹਿੱਸਾ ਲਿਆ। ਉਸ ਦੇ ਕੋਚ ਗ੍ਰਾਹਮ ਨੇ ਕਿਹਾ, “ਅਸੀਂ ਚਾਹੁੰਦੇ ਹਾਂ ਕਿ ਤਾਲੀਆ ਬੀ.ਸੀ. ਦੀ ਅੰਡਰ-18 ਸ਼ਾਟ ਪੁੱਟ ਰਿਕਾਰਡ ਤੋੜੇ। ਉਹ ਪਿਛਲੇ ਸਾਲ ਸਿਰਫ਼ 30 ਸੈਂਟੀਮੀਟਰ ਪਿੱਛੇ ਰਹੀ ਸੀ, ਪਰ ਮਾਰਚ ਦੇ ਆਉਟਡੋਰ ਮੁਕਾਬਲਿਆਂ ‘ਚ ਇਹ ਸੰਭਵ ਹੋ ਸਕਦਾ ਹੈ।”

Related Articles

Latest Articles