ਜੇਕਰ ਅਮਰੀਕਾ ਵਲੋਂ ਟੈਰਿਫ਼ ਲਾਗੂ ਹੋਏ ਤਾਂ ਕੈਨੇਡਾ ਵੀ ਸਖ਼ਤ ਜਵਾਬੀ ਕਾਰਵਾਈ ਕਰੇਗਾ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਉਹ 4 ਮਾਰਚ ਤੋਂ ਜ਼ਿਆਦਾਤਰ ਕੈਨੇਡੀਅਨ ਸਾਮਾਨ ‘ਤੇ 25 ਪ੍ਰਤੀਸ਼ਤ ਟੈਰਿਫ਼ ਲਗਾਉਣਗੇ। ਉਨ੍ਹਾਂ ਨੇ ਕਿਹਾ ਕਿ ਇਹ ਫੈਸਲਾ ਫੈਂਟਾਨਿਲ ਦੀ ਆਮਦ ਨੂੰ ਰੋਕਣ ਲਈ ਲਿਆ ਗਿਆ ਹੈ, ਪਰ ਅੰਕੜੇ ਇਹ ਦਰਸਾਉਂਦੇ ਹਨ ਕਿ ਕੈਨੇਡਾ-ਅਮਰੀਕਾ ਦਰਮਿਆਨ ਹੁੰਦੀ ਫੈਂਟਾਨਿਲ ਦੀ ਤਸਕਰੀ ਸਰਹੱਦ ‘ਤੇ ਵਧੀ ਸਖ਼ਤੀ ਤੋਂ ਬਾਅਦ ਕਾਫੀ ਘਟ ਗਈ ਹੈ।
ਵੀਰਵਾਰ ਨੂੰ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ, ਟਰੰਪ ਨੇ ਕਿਹਾ, “ਫੈਂਟਾਨਿਲ ਦੀ ਆਮਦ ਅਮਰੀਕਾ ਵਿੱਚ ਲੋਕਾਂ ਨੂੰ ਮਾਰ ਰਹੀ ਹੈ। ਅਸੀਂ ਇਸ ਮਹਾਂਮਾਰੀ ਨੂੰ ਆਪਣੇ ਦੇਸ਼ ਨੂੰ ਨੁਕਸਾਨ ਪਹੁੰਚਾਉਣ ਨਹੀਂ ਦੇ ਸਕਦੇ। ਜਦ ਤੱਕ ਇਹ ਪੂਰੀ ਤਰ੍ਹਾਂ ਬੰਦ ਨਹੀਂ ਹੁੰਦੀ ਜਾਂ ਗੰਭੀਰ ਤਰੀਕੇ ਨਾਲ ਸੀਮਿਤ ਨਹੀਂ ਕੀਤੀ ਜਾਂਦੀ, ਤਦ ਤੱਕ ਕੈਨੇਡਾ ‘ਤੇ 25% ਟੈਰਿਫ਼ ਲਾਗੂ ਰਹੇਗਾ।”
ਦੂਜੇ ਪਾਸੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ‘ਤੇ ਸਖ਼ਤ ਪ੍ਰਤੀਕ੍ਰਿਰਿਆ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਰਕਾਰ, ਸੂਬਾਈ ਸਰਕਾਰਾਂ ਅਤੇ ਵਪਾਰਕ ਆਗੂ ਇਸੇ ਉੱਤੇ ਕੰਮ ਕਰ ਰਹੇ ਹਨ ਕਿ ਟੈਰਿਫ਼ ਨਾ ਲੱਗਣ, ਪਰ ਟਰੂਡੋ ਨੇ ਆਖਰੀ ਵਾਰ ਚੇਤਾਵਨੀ ਦਿੱਤੀ ਕਿ ਜੇ 4 ਮਾਰਚ ਨੂੰ “ਟੈਰਿਫ਼” ਲਗਾਏ ਜਾਂਦੇ ਹਨ, ਤਾਂ “ਕੈਨੇਡਾ ਵੀ ਤੁਰੰਤ ਅਤੇ ਬਹੁਤ ਮਜ਼ਬੂਤੀ ਨਾਲ ਜਵਾਬ ਦੇਵੇਗਾ।” ਉਨ੍ਹਾਂ ਕਿਹਾ, “ਟਰੰਪ ਦੇ ਟੈਰਿਫ਼ ਮੁੜ-ਮੁੜ ਫੈਂਟਾਨਿਲ ਸੰਕਟ ਦਾ ਰਾਗ ਅਲਾਪ ਰਹੇ ਹਨ ਜਿਸ ਦਾ ਕਿ ਅਮਰੀਕਾ ਅਤੇ ਕੈਨੇਡਾ ਦੋਵੇਂ ਸਾਹਮਣਾ ਕਰ ਰਹੇ ਹਨ। ਕੈਨੇਡਾ ਨੇ ਕਈ ਵਾਰ ਇਹ ਗੱਲ ਕਹੀ ਹੈਕਿ ਅਮਰੀਕਾ ‘ਚ ਜਾਣ ਵਾਲੀ ਫੈਂਟਾਨਿਲ ‘ਚ 1% ਤੋਂ ਵੀ ਘੱਟ ਕੈਨੇਡਾ ਵਾਲੇ ਪਾਸਿਓਂ ਆ ਰਹੀ ਹੈ।” ਉਨ੍ਹਾਂ ਨਾਲ ਹੀ ਇਹ ਵੀ ਸ਼ਪਸ਼ਟ ਕੀਤਾ ਕਿ ਭਾਵੇਂ ਇਹ 1% ਤੋਂ ਵੀ ਘੱਟ ਹੋਵੇ, ਪਰ ਕੈਨੇਡਾ “ਇਸਦੀ ਰੋਕਥਾਮ ਲਈ ਵਚਨਬੱਧ” ਹੈ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਕੈਨੇਡਾ ਨੇ 1.3 ਬਿਲੀਅਨ ਡਾਲਰ ਦੇ ਦੇ ਖਰਚੇ ਨਾਲ ਬਾਰਡਰ ਨਿਗਰਾਨੀ ਸਖ਼ਤ ਕੀਤੀ ਹੈ, ਜਿਸ ਵਿੱਚ “ਬਾਰਡਰ ‘ਤੇ ਹੈਲੀਕੌਪਟਰ, ਆਧੁਨਿਕ ਤਕਨੀਕ ਅਤੇ 10,000 ਤੋਂ ਵੱਧ ਗਸ਼ਤ ਅਧਿਕਾਰੀ ਤਾਇਨਾਤ” ਹਨ। ਟਰੰਪ ਵੱਲੋਂ ਇੱਕ ਹਫ਼ਤੇ ਤਕ ਚੱਲੀ ਉਲਝਣਭਰੀ ਬਿਆਨਬਾਜ਼ੀ ਤੋਂ ਬਾਅਦ ਆਇਆ।ਉਨ੍ਹਾਂ ਨੇ ਕਿਹਾ ਸੀ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਗੱਲਬਾਤ ਤੋਂ ਬਾਅਦ ਇਹ ਟੈਰਿਫ਼ ਅਗਲੇ ਹਫ਼ਤੇ ਲਾਗੂ ਹੋਣਗੇ। ਮੰਗਲਵਾਰ ਵ੍ਹਾਈਟ ਹਾਊਸ ਨੇ ਕਿਹਾ ਕਿ 25% ਟੈਰਿਫ਼ ਹਾਲੇ ਵੀ ਚਰਚਾ ਹੇਠ ਹਨ, ਪਰ ਵੀਰਵਾਰ ਨੂੰ ਟਰੰਪ ਨੇ ਇਹ ਸਪਸ਼ਟ ਕਰ ਦਿੱਤਾ ਕਿ “4 ਮਾਰਚ ਤੋਂ ਇਹ ਟੈਰਿਫ਼ ਲਾਗੂ ਕੀਤੇ ਜਾਣਗੇ।” This report was written by Simranjit Singh as part of the Local Journalism Initiative.