6.9 C
Vancouver
Saturday, March 1, 2025

ਡੈਲਟਾ ਹਸਪਤਾਲ ਦਾ ਐਮਰਜੈਂਸੀ ਵਿਭਾਗ ਦੋ ਦਿਨ ਰਿਹਾ ਬੰਦ, ਫਰੇਜ਼ਰ ਹੈਲਥ ਅਥਾਰਟੀ ਦਬਾਅ ਹੇਠ

 

ਆਉਣ ਵਾਲੇ ਦਿਨਾਂ ‘ਚ ਦੁਬਾਰਾ ਫਿਰ ਬੰਦ ਹੋ ਸਕਦਾ ਹੈ ਐਮਰਜੈਂਸੀ ਵਿਭਾਗ

ਸਰੀ, (ਸਿਮਰਨਜੀਤ ਸਿੰਘ): ਬ੍ਰਿਟਿਸ਼ ਕੋਲੰਬੀਆ ਦੀ ਸਭ ਤੋਂ ਵੱਡੀ ਸਿਹਤ ਅਥਾਰਟੀ, ਫਰੇਜ਼ਰ ਹੈਲਥ, ਦੀ ਟੀਮ ਇਸ ਵੇਲੇ ਭਾਰੀ ਦਬਾਅ ਹੇਠ ਹੈ। ਇਲਾਕੇ ਦੀ ਸਿਹਤ ਸੰਭਾਲ ਪ੍ਰਣਾਲੀ ‘ਤੇ ਵੱਧ ਰਹੀ ਚਿੰਤਾ ਦੇ ਮੱਦੇਨਜ਼ਰ, ਫਰੇਜ਼ਰ ਹੈਲਥ ਬੋਰਡ ਨੇ ਬੁਧਵਾਰ ਨੂੰ ਇੱਕ ਜਨਤਕ ਮੀਟਿੰਗ ਕੀਤੀ, ਜੋ ਪਿਛਲੇ ਹਫਤੇ ਸਾਬਕਾ ਸੀਈਓ ਡਾ. ਵਿਕਟੋਰੀਆ ਲੀ ਨੂੰ ਅਹੁਦੇ ਤੋਂ ਹਟਾਉਣ ਦੀ ਘੋਸ਼ਣਾ ਤੋਂ ਇਕ ਹਫ਼ਤਾ ਬਾਅਦ ਹੋਈ।
ਫਰੇਜ਼ਰ ਹੈਲਥ ਦੀ ਮੀਟਿੰਗ ਤੋਂ ਠੀਕ ਪਹਿਲਾਂ, ਡੈਲਟਾ ਹਸਪਤਾਲ ਦੇ ਐਮਰਜੈਂਸੀ ਵਿਭਾਗ ਨੂੰ ਦੋ ਰਾਤਾਂ ਲਈ ਬੰਦ ਕਰਨਾ ਪਿਆ, ਜਿਸ ਕਾਰਨ ਲੋਕਾਂ ਵਿੱਚ ਗੁੱਸਾ ਅਤੇ ਇਸ ਖਿਲਾਫ਼ ਵਿਰੋਧ ਜਤਾਇਆ।
ਪਿਛਲੇ ਸਤੰਬਰ, ਸਰੀ ਮੈਮੋਰਿਅਲ ਹਸਪਤਾਲ ਦੇ ਐਮਰਜੈਂਸੀ ਡਾਕਟਰਾਂ ਨੇ ਡਾ. ਵਿਕਟੋਰੀਆ ਲੀ ਨੂੰ ਇੱਕ ਖੁੱਲਾ ਪੱਤਰ ਲਿਖ ਕੇ ਹਸਪਤਾਲ ਵਿੱਚ ਬੇਹੱਦ ਮਾੜੀਆਂ ਹਾਲਤਾਂ ਦੀ ਵਰਣਨਾ ਕੀਤੀ ਸੀ।
ਉਧਰ ਵਿਰੋਧੀ ਪਾਰਟੀ ਬੀ.ਸੀ. ਕੰਜ਼ਰਵੇਟਿਵਜ਼ ਨੇ ਦਾਅਵਾ ਕੀਤਾ ਹੈ ਕਿ ਫਰੇਜ਼ਰ ਹੈਲਥ ਵਿੱਚ ਆ ਰਹੀਆਂ ਮੁਸ਼ਕਲਾਂ ਦਾ ਮੁੱਖ ਕਾਰਨ ਇਸੇ ਦੇ ਮੁਖ ਪ੍ਰਬੰਧਾਂ ਦੀ ਅਯੋਗਤਾ ਹੈ।
ਸਰੀ-ਵਾਈਟ ਰੌਕ ਤੋਂ ਐਮ.ਐਲ.ਏ. ਟ੍ਰੇਵਰ ਹੈਲਫੋਰਡ ਨੇ ਫਰੇਜ਼ਰ ਹੈਲਥ ਦੇ ਚੇਅਰਮੈਨ, ਜਿਮ ਸਿਨਕਲੇਅਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ:
”ਅਸਲ ਗੱਲ ਇਹ ਹੈ ਕਿ ਉਥੇ ਇੱਕ ਰਾਜਨੀਤਿਕ ਨਿਯੁਕਤ ਆਦਮੀ ਬੈਠਾ ਹੈ, ਜਿਸ ਕੋਲ ਸਿਹਤ ਸੰਭਾਲ ਦਾ ਕੋਈ ਤਜਰਬਾ ਨਹੀਂ। ਉਸਦੇ ਅਧੀਨ ਫਰੇਜ਼ਰ ਹੈਲਥ ਵਿੱਚ ਇਤਿਹਾਸ ਦੀਆਂ ਸਭ ਤੋਂ ਮਾੜੀਆਂ ਸਿਹਤ ਸੇਵਾਵਾਂ ਦੇਖਣ ਨੂੰ ਮਿਲੀਆਂ ਹਨ।”
ਉਨ੍ਹਾਂ ਕਿਹਾ, “ਮੈਨੂੰ ਸਮਝ ਨਹੀਂ ਆਉਂਦੀ ਕਿ ਉਹ ਅਜੇ ਵੀ ਆਪਣੀ ਕੁਰਸੀ ‘ਤੇ ਕਿਵੇਂ ਬੈਠਾ ਹੈ।”
ਡੈਲਟਾ ਸ਼ਹਿਰ ਦੀ ਮਿਊਂਸਪਲ ਕੌਂਸਲ ਨੇ ਸੋਮਵਾਰ ਨੂੰ ਇੱਕ ਮਤ ਪਾਸ ਕਰਕੇ ਬੀ.ਸੀ. ਸਰਕਾਰ ਨੂੰ ਇੱਕ ਪੱਤਰ ਲਿਖਣ ਦਾ ਫ਼ੈਸਲਾ ਕੀਤਾ, ਜਿਸ ਵਿੱਚ ਉਨ੍ਹਾਂ ਫਰੇਜ਼ਰ ਹੈਲਥ ਦੀ ਕਾਰਗੁਜ਼ਾਰੀ ‘ਤੇ ਨਾਰਾਜ਼ਗੀ ਜ਼ਾਹਿਰ ਕੀਤੀ।
ਡੈਲਟਾ ਕੌਂਸਲਰ ਡਿਲਨ ਕਰੂਗਰ ਨੇ ਗੱਲਬਾਤ ਕਰਦਿਆਂ ਕਿਹਾ, ”ਹਸਪਤਾਲਾਂ ਨੂੰ ਖੋਲ੍ਹਾ ਰੱਖਣਾ, ਐਮਰਜੈਂਸੀ ਸੇਵਾਵਾਂ ਉਪਲਬਧ ਕਰਵਾਉਣਾ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਹੈ। ਜੇਕਰ ਅਸੀਂ ਇਹ ਵੀ ਨਹੀਂ ਕਰ ਸਕਦੇ, ਤਾਂ ਇਹ ਇੱਕ ਬਹੁਤ ਵੱਡੀ ਸਮੱਸਿਆ ਹੈ ਜਿਸ ਦਾ ਹੱਲ ਜਲਦ ਤੋਂ ਜਲਦ ਲੱਭਣਾ ਜ਼ਰੂਰੀ ਹੈ।”
ਫਰੇਜ਼ਰ ਹੈਲਥ ਦੇ ਚੇਅਰਮੈਨ, ਜਿਮ ਸਿਨਕਲੇਅਰ, ਨੇ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਡਾਕਟਰਾਂ ਅਤੇ ਨਰਸਾਂ ਦੀ ਘਾਟ ਪੂਰੀ ਕਰਨ ਲਈ “ਲਗਾਤਾਰ ਕੰਮ” ਕੀਤਾ ਹੈ।
ਉਨ੍ਹਾਂ ਕਿਹਾ, ”ਅਸੀਂ ਉਮੀਦ ਕਰਦੇ ਹਾਂ ਕਿ ਇਹ ਸਮੱਸਿਆ ਜਲਦ ਹੀ ਖ਼ਤਮ ਹੋ ਜਾਵੇਗੀ। ਪਰ ਆਉਣ ਵਾਲੇ ਦਿਨਾਂ ਵਿੱਚ ਦੁਬਾਰਾ ਐਮਰਜੈਂਸੀ ਵਿਭਾਗ ਬੰਦ ਹੋਣ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ।”
ਉਨ੍ਹਾਂ ਕਿਹਾ, “ਮੈਂ ਆਸ਼ਾਵਾਦੀ ਹਾਂ ਕਿ ਸਾਡੇ ਐਮਰਜੈਂਸੀ ਵਿਭਾਗ 24 ਘੰਟੇ, 7 ਦਿਨ ਖੁੱਲ੍ਹੇ ਰਹਿਣਗੇ।”
ਸਿਨਕਲੇਅਰ ਨੇ ਕਿਹਾ ਕਿ ਲੰਬੇ ਇਸ ਦਾ ਹੱਲ ਕੱਢਣ ਲਈ, ਉਨ੍ਹਾਂ ਨੂੰ ਸਮਾਜ ਅਤੇ ਸਰਕਾਰ ਦੇ ਤਾਲਮੇਲ ਨਾਲ ਜ਼ਿਆਦਾ ਡਾਕਟਰਾਂ ਅਤੇ ਨਰਸਾਂ ਦੀ ਭਰਤੀ ਕਰਨੀ ਪਏਗੀ।
ਉਨ੍ਹਾਂ ਨੇ ਵਿਦੇਸ਼ੀ ਡਾਕਟਰਾਂ ਨੂੰ ਤੁਰੰਤ ਮਾਨਤਾ ਦੇਣ ਅਤੇ ਉਨ੍ਹਾਂ ਲਈ ਘੱਟ-ਲਾਗਤ ਵਾਲੀ ਰਿਹਾਇਸ਼ ਉਪਲਬਧ ਕਰਵਾਉਣ ‘ਤੇ ਵੀ ਜ਼ੋਰ ਦਿੱਤਾ।
ਸਿਨਕਲੇਅਰ ਨੇ ਕਿਹਾ ਕਿ ਹਸਪਤਾਲਾਂ ਦੇ ਐਮਰਜੈਂਸੀ ਕਲੋਜ਼ਰ ਦੀ ਘੋਸ਼ਣਾ ਕਰਨ ਦਾ ਇੱਕ ਵੱਡਾ ਕਾਰਨ ਇਹ ਹੈ ਕਿ “ਅਸੀਂ ਲੋਕਾਂ ਨੂੰ ਗਲਤ ਜਾਣਕਾਰੀ ਨਹੀਂ ਦੇਣਾ ਚਾਹੁੰਦੇ, ਇਸ ਲਈ ਅਸੀਂ ਆਖਰੀ ਪਲ ਤੱਕ ਉਮੀਦ ਰੱਖਦੇ ਹਾਂ ਕਿ ਸੇਵਾ ਜਾਰੀ ਰਹੇ।”
ਫਰੇਜ਼ਰ ਹੈਲਥ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕਣ ਵਾਲਿਆਂ ਆਵਾਜ਼ਾਂ ਜ਼ੋਰ ਫੜ੍ਹ ਰਹੀਆਂ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਸਰਕਾਰ ਇਨ੍ਹਾਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦੀ ਹੈ ਜਾਂ ਨਹੀਂ। ਉਧਰ ਇਸ ਮਾਮਲੇ ‘ਤੇ ਅਜੇ ਤੱਕ, ਬੀ.ਸੀ. ਸਿਹਤ ਮੰਤਰੀ ਨੇ ਕੋਈ ਬਿਆਨ ਨਹੀਂ ਦਿੱਤਾ ਹੈ। This report was written by Simranjit Singh as part of the Local Journalism Initiative.

Related Articles

Latest Articles