ਵੈਨਕੂਵਰ : ਲੋਅਰ ਮੈਨਲੈਂਡ ‘ਚ ਦੋ ਨਵੇਂ ਖਸਰੇ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ, ਬੀ.ਸੀ. ਸੈਂਟਰ ਫੋਰ ਡਿਜੀਜ਼ ਕੰਟਰੋਲ (BCCDC) ਨੇ ਬੀ.ਸੀ. ਵਾਸੀਆਂ ਨੂੰ ਟੀਕਾਕਰਨ ਦੀ ਜਾਂਚ ਕਰਨ ਅਤੇ ਜ਼ਰੂਰੀ ਵੈਕਸੀਨ ਲਗਵਾਉਣ ਦੀ ਹਦਾਇਤਾਂ ਜਾਰੀ ਕੀਤੀਆਂ ਹਨ। ਬੀ.ਸੀ. ਸਿਹਤ ਮੰਤਰਾਲਾ, BCCDC, ਅਤੇ ਸੂਬਾਈ ਸਿਹਤ ਸੇਵਾਵਾਂ ਅਥਾਰਟੀ ਨੇ 21 ਫ਼ਰਵਰੀ ਨੂੰ ਇੱਕ ਬੁਲੇਟਿਨ ਜਾਰੀ ਕਰਕੇ ਬੀ.ਸੀ. ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਟੀਕਾਕਰਨ ਦੀ ਜਾਂਚ ਕਰਨ ਅਤੇ ਵੈਕਸੀਨ ਲਗਵਾਉਣ ਲਈ ਅੱਜ ਹੀ ਆਪਣੀ ਮੁਲਾਕਾਤ ਬੁੱਕ ਕਰਨ। ਉਨ੍ਹਾਂ ਦੱਸਿਆ ਕਿ ਵੈਕਸੀਨ ਦੀਆਂ ਦੋ ਖੁਰਾਕਾਂ ਦਿੱਤੀਆਂ ਜਾਂਦੀਆਂ ਹਨ। 12 ਮਹੀਨਿਆਂ ਦੀ ਉਮਰ ‘ਚ ਪਹਿਲੀ ਖੁਰਾਕ , ਕਿੰਡਰਗਾਰਟਨ ਉਮਰ ‘ਚ ਦੂਜੀ ਖੁਰਾਕ। BCCDC ਨੇ ਕਿਹਾ ਕਿ ਖਸਰਾ ਇੱਕ ਬਹੁਤ ਤੇਜ਼ੀ ਨਾਲ ਫੈਲਣ ਵਾਲਾ ਵਾਇਰਸ ਹੈ, ਜੋ ਹਵਾ ਰਾਹੀਂ ਵੀ ਦੂਜਿਆਂ ਨੂੰ ਲੱਗ ਸਕਦਾ ਹੈ। ਇਹ ਵਾਇਰਸ ਦੇ ਲੱਛਣ ਦਿਖਾਈ ਦੇਣ ਤੋਂ ਪਹਿਲਾਂ ਹੀ ਦੂਜਿਆਂ ਨੂੰ ਲੱਗ ਸਕਦਾ ਹੈ, ਅਤੇ ਕਿਸੇ ਕਮਰੇ ‘ਚ ਘੰਟਿਆਂ ਤਕ ਮੌਜੂਦ ਰਹਿ ਸਕਦਾ ਹੈ। 21 ਫ਼ਰਵਰੀ ਨੂੰ ਜਾਰੀ ਰਿਪੋਰਟ ਅਨੁਸਾਰ, 2024 ਵਿੱਚ ਕੈਨੇਡਾ ਵਿੱਚ 146 ਖਸਰੇ ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 44 ਕੇਸ ਇਸ ਸਾਲ ਹੀ ਹੋਏ ਹਨ। ਇਹ ਮਾਮਲੇ ਮੁੱਖ ਤੌਰ ‘ਤੇ ਉਨ੍ਹਾਂ ਲੋਕਾਂ ‘ਚ ਪਾਏ ਗਏ ਹਨ, ਜਿਨ੍ਹਾਂ ਨੇ ਟੀਕਾਕਰਣ ਨਹੀਂ ਕਰਵਾਇਆ ਜਾਂ ਅਧੂਰਾ ਕਰਵਾਇਆ ਹੋਇਆ ਸੀ।
15 ਫ਼ਰਵਰੀ ਨੂੰ ਫਰੇਜ਼ਰ ਅਤੇ ਵੈਨਕੂਵਰ ਕੋਸਟਲ ਸਿਹਤ ਅਥਾਰਟੀ ਨੇ ਪਹਿਲੇ ਮਾਮਲੇ ਦੀ ਪੁਸ਼ਟੀ ਕੀਤੀ ਸੀ। ਇਹ ਮਾਮਲਾ ਇੱਕ ਯਾਤਰੀ ‘ਚ ਪਾਇਆ ਗਿਆ ਸੀ, ਜੋ ਕਿ ਫਰੇਜ਼ਰ ਹੈਲਥ ਖੇਤਰ ‘ਚ ਰਹਿੰਦਾ ਸੀ। ਅਧਿਕਾਰੀਆਂ ਨੇ ਚੇਤਾਵਨੀ ਜਾਰੀ ਕੀਤੀ ਕਿ ਯਾਤਰਾ ਦੌਰਾਨ ਫਲਾਈਟ ਦੇ ਅੰਤਰਰਾਸ਼ਟਰੀ ਪਹੁੰਚ ਖੇਤਰ ‘ਚ ਲੋਕ ਸੰਕਰਮਿਤ ਹੋ ਸਕਦੇ ਹਨ। ਦੂਜਾ ਮਾਮਲਾ 19 ਫ਼ਰਵਰੀ ਨੂੰ ਵੈਨਕੂਵਰ ਕੋਸਟਲ ਹੈਲਥ ਨੇ ਪੁਸ਼ਟੀ ਕੀਤੀ, ਜੋ ਉਸੇ ਯਾਤਰੀ ਗਰੁੱਪ ਦਾ ਹਿੱਸਾ ਸੀ, ਜਿਸ ਵਿੱਚ ਪਹਿਲਾ ਮਰੀਜ਼ ਸੀ।
ਸਰੀ ਵਿੱਚ, ਨਿਊਟਨ ਪਬਲਿਕ ਹੈਲਥ ਯੂਨਿਟ ਅਤੇ ਨੌਰਥ ਸਰੀ ਪਬਲਿਕ ਹੈਲਥ ਯੂਨਿਟ ‘ਚ ਟੀਕਾਕਰਨ ਸੇਵਾਵਾਂ ਉਪਲਬਧ ਹਨ। ਉਨ੍ਹਾਂ ਲੋਕਾਂ ਨੂੰ ਤੁਰੰਤ ਟੀਕਾ ਲਗਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ । ਹੋਰ ਜਾਣਕਾਰੀ ਲਈ Fraser Health ਦੀ ਵੈੱਬਸਾਈਟ ਜਾਂ immunizebc.ca ‘ਤੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। This report was written by Simranjit Singh as part of the Local Journalism Initiative.