6.9 C
Vancouver
Saturday, March 1, 2025

ਵੈਨਕੂਵਰ ‘ਚ ਸਹਾਇਕ ਰਿਹਾਇਸ਼ ‘ਤੇ ਰੋਕ ਲਗਾਉਣ ਦੇ ਫ਼ੈਸਲੇ ਖਿਲਾਫ਼ ਰੋਸ ਪ੍ਰਦਰਸ਼ਨ

 

ਵੈਨਕੂਵਰ, (ਸਿਮਨਰਜੀਤ ਸਿੰਘ): ਵੈਨਕੂਵਰ ਸ਼ਹਿਰੀ ਹਾਲ ਦੇ ਬਾਹਰ ਬੁਧਵਾਰ ਨੂੰ ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀ ਇਕੱਠੇ ਹੋਏ, ਜਦੋਂ ਸ਼ਹਿਰੀ ਕੌਂਸਲ ਨੇ ਮੇਅਰ ਕੇਨ ਸਿਮ ਵੱਲੋਂ ਸਹਾਇਕ ਰਿਹਾਇਸ਼ (Supporitve Houisng) ਦੀ ਨਵੀਂ ਨਿਰਮਾਣ ਪ੍ਰਕਿਰਿਆ ‘ਤੇ ਰੋਕ ਲਗਾਉਣ ‘ਤੇ ਚਰਚਾ ਕੀਤੀ ਗਈ। ਆਖ਼ਰਕਾਰ, ਸ਼ਹਿਰੀ ਕੌਂਸਲ ਨੇ ਇਹ ਪੇਸ਼ਕਸ਼ ਮਨਜ਼ੂਰ ਕਰ ਲਈ, ਜਿਸ ਕਾਰਨ ਸ਼ਹਿਰ ਵਿੱਚ ਸਹਾਇਕ ਰਿਹਾਇਸ਼ ਪ੍ਰੋਜੈਕਟਾਂ ‘ਤੇ ਤੁਰੰਤ ਮਾੜਾ ਅਸਰ ਪੈਣ ਦੀ ਸੰਭਾਵਨਾ ਅਤੇ ਲੱਖਾਂ ਡਾਲਰ ਬਰਬਾਦ ਹੋਣ ਦੀ ਸੰਭਾਵਨਾ ਬਣ ਗਈ ਹੈ।
ਮੇਅਰ ਕੇਨ ਸਿਮ ਦੀ ਇਹ ਨੀਤੀ ਇਸ ਗੱਲ ‘ਤੇ ਜ਼ੋਰ ਦਿੰਦੀ ਹੈ ਕਿ ਜਦ ਤੱਕ ਹੋਰ ਸ਼ਹਿਰ ਨਵੀਆਂ ਸਹਾਇਕ ਰਿਹਾਇਸ਼ ਇਮਾਰਤਾਂ ਨਹੀਂ ਬਣਾਉਂਦੇ, ਤਦ ਤੱਕ ਵੈਨਕੂਵਰ ‘ਚ ਨਵੇਂ ਯੂਨਿਟਾਂ ਦਾ ਨਿਰਮਾਣ ਰੋਕਿਆ ਜਾਵੇ। ਉਨ੍ਹਾਂ ਦਾ ਦਾਅਵਾ ਹੈ ਕਿ ਸਿਰਫ਼ ਵੈਨਕੂਵਰ ਹੀ ਹੋਮਲੈੱਸ ਆਬਾਦੀ ਲਈ ਹੱਲ ਨਹੀਂ ਹੋ ਸਕਦਾ, ਇਸ ਲਈ ਹੋਰ ਸ਼ਹਿਰਾਂ ਨੂੰ ਵੀ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਇਸ ਪੇਸ਼ਕਸ਼ ਵਿੱਚ ਸ਼ਹਿਰ ਦੀ ਤਵੱਜੋ ਨਵੇਂ ਨਿਰਮਾਣ ਦੀ ਬਜਾਏ ਮੌਜੂਦਾ ਘੱਟ-ਲਾਗਤ ਵਾਲੇ ਘਰਾਂ ਦੀ ਮੁਰੰਮਤ ਅਤੇ ਨਵੀਨੀਕਰਨ ‘ਤੇ ਕੇਂਦਰਤ ਕਰਨੀ ਦੀ ਗੱਲ ਕਹੀ ਗਈ ਹੈ।
ਉਧਰ ਵੈਨਕੂਵਰ ਹਾਲ ਦੇ ਬਾਹਰ ਲੱਗਭਗ 100 ਪ੍ਰਦਰਸ਼ਨਕਾਰੀ ਇਕੱਠੇ ਹੋਏ, ਜਿਨ੍ਹਾਂ ਨੇ ਇਹ ਨੀਤੀ ਬੇ-ਅਸਰ ਅਤੇ ਅਣਸੋਚੀ-ਵਿਚਾਰੀ ਦੱਸਦਿਆਂ ਇਸ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਡਾਊਨਟਾਊਨ ਈਸਟਸਾਈਡ ਵਿੱਚ ਕੰਮ ਕਰ ਰਹੀਆਂ ਕੁਝ ਗੈਰ-ਲਾਭਕਾਰੀ ਸੰਸਥਾਵਾਂ ਨੇ ਵੀ ਇਸ ਨੀਤੀ ‘ਤੇ ਗੰਭੀਰ ਚਿੰਤਾ ਜਤਾਈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਨਵੀਆਂ ਸਹਾਇਕ ਰਿਹਾਇਸ਼ ਯੋਜਨਾਵਾਂ ‘ਤੇ ਰੋਕ ਲਗਾ ਦਿੱਤੀ ਗਈ, ਤਾਂ ਹੋਮਲੈੱਸ ਲੋਕਾਂ ਦੀ ਗਿਣਤੀ ਹੋਰ ਵਧੇਗੀ ਅਤੇ ਸ਼ਹਿਰ ਦੀਆਂ ਗਲੀਆਂ ਵਿੱਚ ਹੋਰ ਵਿਅਕਤੀਕਤ ਅਤੇ ਆਰਥਿਕ ਸੰਕਟ ਪੈਦਾ ਹੋਣਗੇ।
ਵੈਨਕੂਵਰ ਕੌਂਸਲਰ ਪੀਟ ਫਰਾਈ ਨੇ ਵੀ ਇਸ ਫ਼ੈਸਲੇ ‘ਤੇ ਨਾਰਾਜ਼ਗੀ ਜਤਾਈ। ਉਨ੍ਹਾਂ ਨੇ ਕਿਹਾ, “ਇਹ ਇੱਕ ਅਣਸੋਚਿਆ-ਵਿਚਾਰਿਆ ਤਰੀਕਾ ਹੈ। ਜੇਕਰ ਤੁਸੀਂ ਸੜਕਾਂ ‘ਤੇ ਰਹਿ ਰਹੇ ਲੋਕਾਂ ਲਈ ਰਿਹਾਇਸ਼ ਦੀ ਵਿਕਾਸ ਯੋਜਨਾ ਨੂੰ ਰੋਕ ਦਿੰਦੇ ਹੋ, ਤਾਂ ਇਹ ਸਮੱਸਿਆ ਨੂੰ ਹੱਲ ਕਰਨ ਦੀ ਬਜਾਏ ਹੋਰ ਵਧਾਏਗੀ।”
ਉਨ੍ਹਾਂ ਕਿਹਾ ਕਿ “ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਸਹਾਇਕ ਰਿਹਾਇਸ਼ ਰੋਕਣ ਨਾਲ ਨਾ ਤਾਂ ਸ਼ਹਿਰ ਦੀ ਸੁਰੱਖਿਆ ਵਧੇਗੀ ਅਤੇ ਨਾ ਹੀ ਹੋਮਲੈੱਸ ਮਸਲੇ ਦਾ ਹੱਲ ਨਿਕਲੇਗਾ।”
ਬ੍ਰਿਟਿਸ਼ ਕੋਲੰਬੀਆ ਦੇ ਹਾਊਜ਼ਿੰਗ ਮੰਤਰੀ ਨੇ ਵੀ ਵੈਨਕੂਵਰ ਕੌਂਸਲ ਦੇ ਫ਼ੈਸਲੇ ‘ਤੇ ਨਾਰਾਜ਼ਗੀ ਜਤਾਈ, ਕਿਹਾ ਕਿ ਸਹਾਇਕ ਰਿਹਾਇਸ਼ ਨੂੰ ਰੋਕਣਾ ਸਹੀ ਹੱਲ ਨਹੀਂ। ਉਨ੍ਹਾਂ ਕਿਹਾ, “ਜੇਕਰ ਅਸੀਂ ਆਉਣ ਵਾਲੇ ਸਾਲਾਂ ਵਿੱਚ ਵਧ ਰਹੀ ਹੋਮਲੈੱਸ ਆਬਾਦੀ ਨੂੰ ਕੰਟਰੋਲ ਕਰਨਾ ਚਾਹੁੰਦੇ ਹਾਂ, ਤਾਂ ਅਸੀਂ ਵਧੇਰੇ ਲੋਕਾਂ ਨੂੰ ਰਿਹਾਇਸ਼ ਉਪਲਬਧ ਕਰਵਾਉਣੀ ਪਵੇਗੀ।”
ਉਨ੍ਹਾਂ ਨੇ ਇਹ ਵੀ ਕਿਹਾ ਕਿ “ਇਸ ਨੀਤੀ ਕਾਰਨ ਹੋ ਸਕਦਾ ਹੈ ਕਿ ਵੈਨਕੂਵਰ ਵਿੱਚ ਹੋਮਲੈੱਸ ਲੋਕ ਹੋਰ ਸੰਕਟ ਵਿੱਚ ਆ ਜਾਣ ਅਤੇ ਹੋਰ ਸ਼ਹਿਰਾਂ ਉੱਤੇ ਦਬਾਅ ਵਧ ਜਾਵੇ।” ਦੂਜੇ ਪਾਸੇ ਮੇਅਰ ਕੇਨ ਸਿਮ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਕਹਿਣਾ ਹੈ ਕਿ “ਵੈਨਕੂਵਰ ਨੂੰ ਇੱਕਲਾ ਨਿਸ਼ਾਨਾ ਬਣਾਉਣ ਦੀ ਬਜਾਏ ਹੋਰ ਸ਼ਹਿਰਾਂ ਨੂੰ ਵੀ ਇਸ ‘ਚ ਸ਼ਾਮਲ ਕੀਤਾ ਜਾਣਾ ਚਾਹੀਦਾ ਸੀ।” ਉਨ੍ਹਾਂ ਦਾ ਦਾਅਵਾ ਹੈ ਕਿ “ਜੇ ਹੋਰ ਸ਼ਹਿਰ ਸਹਾਇਕ ਰਿਹਾਇਸ਼ ਨਿਰਮਾਣ ਕਰਨ, ਤਾਂ ਇਹ ਹੋਮਲੈੱਸ ਸਮੱਸਿਆ ਨੂੰ ਬਿਹਤਰ ਢੰਗ ਨਾਲ ਹੱਲ ਕਰੇਗਾ।” ਉਨ੍ਹਾਂ ਨੇ ਇਹ ਵੀ ਕਿਹਾ ਕਿ “ਸ਼ਹਿਰ ਪਹਿਲਾਂ ਹੀ ਘੱਟ-ਲਾਗਤ ਵਾਲੀ ਰਿਹਾਇਸ਼ ‘ਚ ਕਾਫ਼ੀ ਪੈਸਾ ਲਗਾ ਚੁੱਕਾ ਹੈ, ਹੁਣ ਹੋਰ ਸ਼ਹਿਰ ਵੀ ਆਪਣੀ ਭੂਮਿਕਾ ਨਿਭਾਉਣ।” This report was written by Simranjit Singh as part of the Local Journalism Initiative.

Related Articles

Latest Articles