ਵਾਸ਼ਿੰਗਟਨ, (ਪਰਮਜੀਤ ਸਿੰਘ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ 2 ਅਪਰੈਲ ਤੋਂ ਭਾਰਤ ‘ਤੇ ‘ਜੈਸਾ ਕੋ ਤੈਸਾ’ ਟੈਰਿਫ਼ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤ ਅਮਰੀਕਾ ਤੋਂ 100% ਤੋਂ ਵੱਧ ਟੈਰਿਫ਼ ਵਸੂਲਦਾ ਹੈ, ਇਸ ਲਈ ਹੁਣ ਅਮਰੀਕਾ ਵੀ ਅੱਗੇ ਵਧੇਗਾ।
ਅਮਰੀਕੀ ਸੰਸਦ ਦੇ ਜੋਇੰਟ ਸੈਸ਼ਨ ‘ਚ ਟਰੰਪ ਨੇ 1 ਘੰਟਾ 44 ਮਿੰਟ ਦਾ ਭਾਸ਼ਣ ਦਿੱਤਾ। ਇਹ ਉਨ੍ਹਾਂ ਦੇ ਪਹਿਲੇ ਕਾਰਜਕਾਲ ਨਾਲੋਂ ਲਗਭਗ 44 ਮਿੰਟ ਵੱਧ ਸੀ। ਉਨ੍ਹਾਂ ਨੇ ”ਅਮਰੀਕਾ ਇਜ਼ ਬੈਕ” ਕਹਿ ਕੇ ਆਪਣੇ ਭਾਸ਼ਣ ਦੀ ਸ਼ੁਰੂਆਤ ਕੀਤੀ।
ਭਾਸ਼ਣ ਦੌਰਾਨ ਉਨ੍ਹਾਂ ਨੇ ਕਿਹਾ ਕਿ ਅਪਰੈਲ ਤੋਂ ਭਾਰਤ ‘ਤੇ ਨਵਾਂ ਟੈਰਿਫ਼ ਲਾਗੂ ਹੋਵੇਗਾ। ਟ੍ਰੰਪ ਨੇ ਕਿਹਾ, ”ਜਦੋਂ ਭਾਰਤ ਅਮਰੀਕਾ ਤੋਂ ਉੱਚੇ ਟੈਰਿਫ਼ ਲਗਾ ਸਕਦਾ ਹੈ, ਤਾਂ ਅਸੀਂ ਵੀ ਕਰ ਸਕਦੇ ਹਾਂ।” ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਕੰਪਨੀ ਅਮਰੀਕਾ ਵਿੱਚ ਉਤਪਾਦ ਨਹੀਂ ਬਣਾਉਂਦੀ, ਤਾਂ ਉਸ ਨੂੰ ਟੈਰਿਫ਼ ਦੇਣਾ ਪਵੇਗਾ। ਯੂਕਰੇਨੀ ਰਾਸ਼ਟਰਪਤੀ ਜੇਲੇਨਸਕੀ ਜਲਦੀ ਹੀ ਜੰਗ ਖਤਮ ਕਰਨ ਦੀ ਗੱਲਬਾਤ ਲਈ ਤਿਆਰ ਹਨ। ਟਰੰਪ ਨੇ ਦਾਅਵਾ ਕੀਤਾ ਕਿ ਅਮਰੀਕਾ ਨੇ ਮਾਸਕੋ ਨਾਲ ਸੰਭਾਵੀ ਸੰਧੀ ਲਈ ਗੰਭੀਰ ਗੱਲਬਾਤ ਕੀਤੀ ਹੈ। ਉਨ੍ਹਾਂ ਕਿਹਾ ”ਅਸੀਂ ਵਿਗਿਆਨ ਦੀ ਨਵੀਂ ਹੱਦ ਪਾਰ ਕਰਦੇ ਹੋਏ, ਮੰਗਲ ਗ੍ਰਹਿ ‘ਤੇ ਅਮਰੀਕੀ ਝੰਡਾ ਲਹਿਰਾਵਾਂਗੇ।” ਉਨ੍ਹਾਂ ਕਿਹਾ ਕਿ ”ਅਸੀਂ ਦੁਨੀਆ ਦੀ ਸਭ ਤੋਂ ਤਕਨੀਕੀ ਤੌਰ ‘ਤੇ ਤਾਕਤਵਰ ਸਭਿਆਚਾਰ ਬਣਾਉਣ ਦੀ ਯੋਜਨਾ ‘ਤੇ ਕੰਮ ਕਰ ਰਹੇ ਹਾਂ।”
ਟ੍ਰੰਪ ਦੇ ਨਵੇਂ ਟੈਰਿਫ਼ ਐਲਾਨ ਨਾਲ ਭਾਰਤ-ਅਮਰੀਕਾ ਵਪਾਰਕ ਰਿਸ਼ਤਿਆਂ ‘ਚ ਤਣਾਅ ਆ ਸਕਦਾ ਹੈ। ਇਸ ਨਾਲ ਵਪਾਰ ‘ਤੇ ਨਕਾਰਾਤਮਕ ਪ੍ਰਭਾਵ ਪੈਣ ਦੀ ਸੰਭਾਵਨਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਭਾਰਤ ਇਸ ‘ਜੈਸਾ ਕੋ ਤੈਸਾ’ ਨੀਤੀ ਦਾ ਕਿਵੇਂ ਜਵਾਬ ਦਿੰਦਾ ਹੈ।