3.3 C
Vancouver
Monday, March 10, 2025

ਆਪਸੀ ਸਾਂਝਾਂ ਅਤੇ ਮੇਲ-ਮਿਲਾਪ ਦੀ ਖ਼ੁਸ਼ਹਾਲੀ

 

ਅਮਰਜੀਤ ਬਰਾੜ, ਮੋਬਾਈਲ : 94179-49079
ਸਫ਼ਲਤਾ ਦੇ ਅਰਥ ਦੱਸਣ ਵਾਲੇ ਗੁਣੀ ਗਿਆਨੀ ਲੋਕ ਬਹੁਤ ਮਿਲ ਜਾਂਦੇ ਹਨ ਪਰ ਜ਼ਿੰਦਗੀ ਦੀ ਖ਼ੁਸ਼ਹਾਲੀ ਦਾ ਅਸਲ ਆਧਾਰ ਕੋਈ ਵਿਰਲਾ ਹੀ ਦਸਦਾ ਹੈ। ਹਰ ਪਾਸੇ ਸਮੱਸਿਆ ਦੀ ਚਰਚਾ ਹੈ ਪਰ ਸਮੱਸਿਆ ਦਾ ਹੱਲ ਦੱਸਣ ਵਾਲੇ ਲੋਕ ਬਹੁਤ ਘੱਟ ਹਨ। ਮੁੱਖ ਮਸਲਾ ਸਮੱਸਿਆ ਨਹੀਂ ਬਲਕਿ ਉਸ ਸਮੱਸਿਆ ਦਾ ਸਹੀ ਹੱਲ ਦਾ ਪਤਾ ਨਾ ਹੋਣਾ ਹੀ ਮੁੱਖ ਸਮੱਸਿਆ ਹੈ। ਜ਼ਿਕਰ ਕਰਨ ਵਾਲੇ ਬਹੁਤ ਹਨ ਪਰ ਫ਼ਿਕਰ ਕਰਨ ਵਾਲੇ ਬਹੁਤ ਘੱਟ। ਸਫ਼ਲਤਾ ਨਿੱਜੀ ਵੀ ਹੋ ਸਕਦੀ ਹੈ ਪਰ ਖ਼ੁਸ਼ਹਾਲੀ ਸਭ ਦੀ ਸਾਂਝੀ ਹੁੰਦੀ ਹੈ। ਸਾਡੇ ਸਮਾਜ ਵਿਚ ਸਾਂਝੇ ਪਰਿਵਾਰਾਂ ਦਾ ਟੁੱਟਣਾ ਇਸ ਗੱਲ ਦਾ ਵੀ ਪ੍ਰਤੀਕ ਹੈ ਕਿ ਅਸੀਂ ਆਪਣੀ ਨਿੱਜੀ ਸਫ਼ਲਤਾ ਨੂੰ ਜ਼ਿਆਦਾ ਅਹਿਮੀਅਤ ਦੇਣੀ ਸ਼ੁਰੂ ਕਰ ਦਿੱਤੀ ਹੈ। ਜਿਹੜੇ ਆਪ ਨਹੀਂ ਜਿੱਤ ਸਕਦੇ, ਉਹ ਕਈ ਵਾਰ ਦੂਜਿਆਂ ਦੀ ਹਾਰਾਂ ਦੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੰਦੇ ਹਨ। ਨੀਅਤ ਸਾਫ਼ ਹੋਵੇ ਤਾਂ ਕਿਸੇ ਨੂੰ ਜਿਤਾਉਣ ਲਈ ਕਈ ਵਾਰ ਤੁਹਾਡੀ ਇਕ ਹੱਲਾਸ਼ੇਰੀ ਹੀ ਕਾਫ਼ੀ ਹੁੰਦੀ ਹੈ।
ਜੇਕਰ ਤੁਹਾਡੀ ਕਮਾਈ ਅਤੇ ਦੌਲਤ ਦਾ ਸੰਬੰਧ ਸਿਰਫ਼ ਆਪਣੀਆਂ ਸੁੱਖ-ਸਹੂਲਤਾਂ ਤੱਕ ਸੀਮਤ ਹੈ ਤਾਂ ਇਹ ਇਕ ਸਮੱਸਿਆ ਹੈ। ਜਿਹੜੀ ਖ਼ੁਸ਼ੀ ਅਤੇ ਪ੍ਰਸੰਨਤਾ ਕਿਸੇ ਦਾ ਸਾਥ ਦੇਣ, ਸਾਥ ਲੈਣ ਅਤੇ ਮਾਨਣ ਵਿਚ ਹੈ, ਉਹ ਖ਼ੁਸ਼ੀ ਜਾਂ ਪ੍ਰਸੰਨਤਾ ਉਸ ਪ੍ਰਾਪਤੀ ਵਿਚ ਕਦੇ ਨਹੀਂ ਮਿਲ ਸਕਦੀ ਜਿਹੜੀ ਸਿਰਫ਼ ਨਿੱਜ ਤੱਕ ਸੀਮਤ ਹੈ। ਵਿਵਹਾਰ ਦੀ ਅਮੀਰੀ ਹੀ ਤੁਹਾਡੀ ਅਸਲ ਅਮੀਰੀ ਹੈ। ਇੱਜ਼ਤ ਅਤੇ ਸਤਿਕਾਰ ਸਭ ਤੋਂ ਵੱਡਾ ਅਹੁਦਾ ਹੈ। ਖ਼ੁਸ਼ੀ ਅਤੇ ਤਸੱਲੀ ਸਭ ਤੋਂ ਵੱਡੀ ਪ੍ਰਾਪਤੀ ਹੈ। ਕੋਈ ਵਿਅਕਤੀ ਸੱਚੇ ਦਿਲੋਂ ਤੁਹਾਡੀ ਪ੍ਰਸੰਸਾ ਕਰੇ, ਇਸ ਤੋਂ ਵੱਡਾ ਕੋਈ ਇਨਾਮ ਨਹੀਂ। ਕਿਸੇ ਵੀ ਵਿਅਕਤੀ ਵਲੋਂ ਦਿੱਤੀ ਗਈ ਅਸੀਸ ਤੇ ਦੁਆ ਤੁਹਾਡਾ ਸਭ ਤੋਂ ਵੱਡਾ ਸਨਮਾਨ ਹੈ। ਅਸੀਂ ਬਿਨਾਂ ਸੋਚੇ ਸਮਝੇ ਦੌੜ ਰਹੇ ਹਾਂ, ਇਸ ਲਈ ਕਿਤੇ ਵੀ ਪਹੁੰਚ ਨਹੀਂ ਰਹੇ।
ਲੋਕਾਂ ਵਿਚ ਖੜ੍ਹਨਾ ਅਤੇ ਲੋਕਾਂ ਦੇ ਨਾਲ ਖੜ੍ਹਨਾ ਇਸ ਗੱਲ ਵਿਚ ਵੱਡਾ ਅੰਤਰ ਹੈ, ਆਪਸੀ ਸਹਿਯੋਗ ਦੀ ਭਾਵਨਾ ਆਪਸੀ ਸਹਿਯੋਗ ਵਿਚੋਂ ਹੀ ਪੈਦਾ ਹੁੰਦੀ ਹੈ। ਚੰਗੀਆਂ ਸਾਂਝਾਂ ਸਾਡੀ ਖ਼ੁਸ਼ੀ ਅਤੇ ਸਾਡੇ ਆਤਮ-ਵਿਸ਼ਵਾਸ ਵਿਚ ਵਾਧਾ ਕਰਦੀਆਂ ਹਨ। ਹਰ ਵੇਲੇ ਦਾ ਇਕੱਲਾਪਨ ਸਾਨੂੰ ਧੁਰ ਅੰਦਰੋਂ ਉਦਾਸ ਕਰਦਾ ਹੈ। ਹੀਣ ਭਾਵਨਾ ਵਿਚ ਘਿਰੇ ਰਹਿਣ ਵਾਲੇ ਵਿਅਕਤੀ ਆਪਣੇ ਆਲੇ-ਦੁਆਲੇ ਅਜਿਹੀਆਂ ਸੋਚਾਂ ਅਤੇ ਵਿਚਾਰਾਂ ਦੀ ਕੰਧ ਖੜ੍ਹੀ ਕਰ ਲੈਦੇ ਹਨ, ਜਿਸ ਵਿਚੋਂ ਬਾਹਰ ਨਿਕਲਣਾ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਕਮਜ਼ੋਰੀ ਬਣ ਜਾਂਦਾ ਹੈ। ਕਿਸੇ ਦੀ ਮਜਬੂਰੀ ਨੂੰ ਸਮਝਣਾ ਸਭ ਤੋਂ ਵੱਡੀ ਸਿਆਣਪ ਹੈ। ਉਹ ਲੋਕ ਤੰਦਰੁਸਤ ਜ਼ਿੰਦਗੀ ਭੋਗਦੇ ਹਨ, ਜਿਹੜੇ ਮਿਲਵਰਤਨ ਨਾਲ ਰਹਿਣਾ ਜਾਣਦੇ ਹਨ। ਉਹ ਲੋਕ ਲੰਮੀ ਉਮਰ ਅਤੇ ਖ਼ੁਸ਼ੀ ਵਾਲੀ ਉਮਰ ਭੋਗਦੇ ਹਨ ਜਿਨ੍ਹਾਂ ਦੇ ਸੰਬੰਧ ਦੂਜੇ ਲੋਕਾਂ ਨਾਲ ਚੰਗੇ ਹੁੰਦੇ ਹਨ। ਜੇਕਰ ਤੁਹਾਡਾ ਬੱਚਾ ਤੁਹਾਡੇ ਨਾਲ ਰੁੱਖਾ ਬੋਲਦਾ ਅਤੇ ਰੁੱਖਾ ਵਿਹਾਰ ਕਰਦਾ ਹੈ ਤਾਂ ਘੱਟੋ-ਘੱਟ ਤੁਸੀਂ ਤਾਂ ਉਸ ਨਾਲ ਰੁੱਖਾ ਵਿਹਾਰ ਨਾ ਕਰੋ। ਜੇਕਰ ਤੁਸੀਂ ਉਸ ਨਾਲ ਉਸ ਵਰਗਾ ਹੀ ਵਿਹਾਰ ਕਰਦੇ ਹੋ ਤਾਂ ਤੁਹਾਡੇ ਅਤੇ ਉਹਦੇ ਵਿਚ ਅੰਤਰ ਕਰਨਾ ਔਖਾ ਹੋ ਜਾਵੇਗਾ ਕਿ ਕਸੂਰ ਕਿਸ ਦਾ ਹੈ। ਅਸੀਂ ਆਪਣੇ ਫੋਨ ਦੇ ਜ਼ਰੀਏ ਦੂਜਿਆਂ ਨਾਲ ਵਧੀਆ ਸੰਬੰਧ ਸਥਾਪਿਤ ਵੀ ਕਰ ਸਕਦੇ ਹਾਂ ਅਤੇ ਇਸ ਦੀ ਗ਼ਲਤ ਵਰਤੋਂ ਨਾਲ ਅਸੀਂ ਆਪਣਿਆਂ ਤੋਂ ਵੀ ਦੂਰ ਹੋ ਸਕਦੇ ਹਾਂ। ਅਸੀਂ ਆਪਣੀ ਦੌਲਤ ਨਾਲ ਕਿਸੇ ਲੋੜਵੰਦ ਦੀ ਮਦਦ ਵੀ ਕਰ ਸਕਦੇ ਹਾਂ ਅਤੇ ਇਸ ਦੌਲਤ ਦੇ ਲੋਭ ਨਾਲ ਅਸੀਂ ਆਮ ਕਰਕੇ ਆਪਣੇ ਤੱਕ ਹੀ ਰਹਿ ਜਾਂਦੇ ਹਾਂ। ਚੀਜ਼ਾਂ ਕਦੇ ਵੀ ਸਾਨੂੰ ਖ਼ੁਸ਼ੀ ਨਹੀਂ ਦਿੰਦੀਆਂ। ਜੇਕਰ ਸਾਡੇ ਨਜ਼ਰੀਏ ਵਿਚ ਨੁਕਸ ਹੁੰਦਾ ਹੈ। ਜਿਹੋ ਜਿਹਾ ਸਵਾਲ ਪੁੱਛਿਆ ਜਾਂਦਾ ਹੈ, ਉੱਤਰ ਲਗਭਗ ਉਸੇ ਤਰ੍ਹਾਂ ਦਾ ਹੀ ਮਿਲਦਾ ਹੈ। ਜਦੋਂ ਤੁਹਾਡਾ ਮੂਡ ਬਿਨਾਂ ਕਿਸੇ ਕਾਰਨ ਚੰਗਾ ਨਹੀਂ ਹੁੰਦਾ ਤਾਂ ਇਸ ਦਾ ਮਤਲਬ ਤੁਸੀਂ ਜ਼ਿੰਦਗੀ ਦੀ ਅਸਲੀਅਤ ਤੋਂ ਦੂਰ ਹੋ ਸਿਰਫ਼ ਇਕੱਠਾਂ ਵਿਚ ਰਹਿਣਾ ਹੀ ਸਾਂਝ ਨਹੀਂ ਹੁੰਦੀ। ਸਾਡੀ ਸੋਚ ਦਾ ਸਾਡੇ ਵਿਹਾਰ ਨਾਲ, ਸਾਡੇ ਵਿਹਾਰ ਦਾ ਸਾਡੀਆਂ ਆਦਤਾਂ ਨਾਲ ਸਾਡੀਆਂ ਆਦਤਾਂ ਦਾ ਸਾਡੇ ਚਰਿੱਤਰ ਨਾਲ, ਸਾਡੇ ਚਰਿੱਤਰ ਦਾ ਸਾਡੀ ਸ਼ਖ਼ਸੀਅਤ ਨਾਲ ਅਤੇ ਸਾਡੀ ਸ਼ਖ਼ਸੀਅਤ ਦਾ ਸਾਡੀ ਸਫ਼ਲਤਾ ਅਤੇ ਖ਼ੁਸ਼ੀ ਨਾਲ ਸਿੱਧਾ ਸੰਬੰਧ ਹੈ। ਇਨ੍ਹਾਂ ਮਾਲਾਂ ਦੇ ਮਣਕਿਆਂ ਵਿਚੋਂ ਜੇਕਰ ਇਕ ਮਣਕਾ ਵੀ ਟੁੱਟਦਾ ਹੈ ਤਾਂ ਇਹ ਸਾਰੀ ਲੜੀ ਕਮਜ਼ੋਰ ਹੋ ਜਾਂਦੀ ਹੈ। ਜਿਵੇਂ-ਜਿਵੇਂ ਮੇਲ-ਮਿਲਾਪ, ਰਿਸ਼ਤਿਆਂ ਦੀ ਸਾਂਝ ਅਤੇ ਦੋਸਤੀਆਂ ਦੇ ਦਾਇਰੇ ਘਟਦੇ ਜਾ ਰਹੇ ਹਨ। ਮਨੁੱਖ ਸੁਆਰਥੀ, ਲਾਲਚੀ, ਲੋਭੀ, ਉਦਾਸ ਅਤੇ ਚਿੰਤਤ ਹੁੰਦਾ ਜਾ ਰਿਹਾ ਹੈ। ਜੇਕਰ ਦਿਲ ਅਤੇ ਨੀਅਤ ਸਾਫ਼ ਹੋਵੇ ਤਾਂ ਬੇਵਫ਼ਾਈ, ਧੋਖਾ, ਵਿਛੋੜਾ ਵੀ ਸਬਕ ਬਣਦਾ ਹੈ। ਕਿਸੇ ਚੀਜ਼ ਦੀ ਇੱਛਾ ਰੱਖਣਾ ਹੋਰ ਗੱਲ ਹੈ ਅਤੇ ਇਸ ਦਾ ਹੱਕਦਾਰ ਹੋਣਾ ਹੋਰ ਗੱਲ। ਆਪਣੇ-ਆਪ ਵਿਚ ਕਈ ਵਿਅਕਤੀ ਸੰਸਥਾ ਵਰਗੇ ਹੁੰਦੇ ਹਨ। ਸਮਾਜ ਦੀ ਸਭ ਤੋਂ ਵੱਡੀ ਸਮੱਸਿਆ ਹੈ ਕਿ ਘਰ ਅਤੇ ਰਿਸ਼ਤੇ ਟੁੱਟ ਰਹੇ ਹਨ। ਰਿਸ਼ਤੇ ਭਵਿੱਖ ਦੀ ਸੁਰੱਖਿਆ ਹੁੰਦੇ ਹਨ, ਰਿਸ਼ਤੇ ਖ਼ੁਸ਼ੀਆਂ, ਤਸੱਲੀਆਂ ਅਤੇ ਖ਼ੁਸ਼ਹਾਲੀਆਂ ਦਾ ਮੇਲਾ ਹੁੰਦੇ ਹਨ। ਜਿਸ ਵਿਅਕਤੀ ਨੂੰ ਦੂਜਿਆਂ ਨਾਲ ਰਹਿਣਾ ਆ ਗਿਆ, ਸੁਣਨਾ ਆ ਗਿਆ, ਸਹਿਣਾ ਆ ਗਿਆ ਅਤੇ ਸਹੀ ਢੰਗ ਨਾਲ ਕਹਿਣਾ ਆ ਗਿਆ, ਸਮਝੋ ਉਸ ਵਿਅਕਤੀ ਲਈ ਕੁਝ ਵੀ ਅਸੰਭਵ ਨਹੀਂ।

Related Articles

Latest Articles