3.3 C
Vancouver
Monday, March 10, 2025

ਓਨਟਾਰੀਓ ਸਰਕਾਰ ਨੇ ਇਲੌਨ ਮਸਕ ਦੀ ਕੰਪਨੀ ਨਾਲ 100 ਮਿਲੀਅਨ ਡਾਲਰ ਦਾ ਸਮਝੌਤਾ ਕੀਤਾ ਰੱਦ

ਟੋਰਾਂਟੋ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਨੇਡੀਅਨ ਉਤਪਾਦਾਂ ‘ਤੇ ਲਾਗੂ ਕੀਤੇ ਟੈਰਿਫ਼ਾਂ ਖਿਲ਼ਾਫ਼ ਜਵਾਬੀ ਕਾਰਵਾਈ ਕਰਦੇ ਹੋਏ, ਓਨਟਾਰੀਓ ਸਰਕਾਰ ਨੇ ਅਮਰੀਕੀ ਉਤਪਾਦਾਂ ‘ਤੇ ਕਈ ਵੱਡੇ ਪ੍ਰਤਿਬੰਧ ਲਗਾ ਦਿੱਤੇ ਹਨ।
ਓਨਟਾਰੀਓ ਦੇ ਮੁੱਖ ਮੰਤਰੀ ਡਗ ਫੋਰਡ ਨੇ ਐਲਾਨ ਕੀਤਾ ਹੈ ਕਿ ਓਨਟਾਰੀਓ ਨੇ ਇਲੌਨ ਮਸਕ ਦੀ ਕੰਪਨੀ ਸਪੇਸਐਕਸ ਨਾਲ 100 ਮਿਲੀਅਨ ਡਾਲਰ ਦੇ ਇੱਕ ਮਹੱਤਵਪੂਰਨ ਇੰਟਰਨੈੱਟ ਸਮਝੌਤੇ ਨੂੰ ਰੱਦ ਕਰ ਦਿੱਤਾ ਹੈ।
ਇਹ ਸਮਝੌਤਾ ਸਟਾਰਲਿੰਕ ਸੈਟਲਾਈਟ ਇੰਟਰਨੈੱਟ ਦੇ ਜ਼ਰੀਏ ਉੱਤਰੀ ਓਨਟਾਰੀਓ ਦੇ ਹਜ਼ਾਰਾਂ ਘਰਾਂ ਨੂੰ ਹਾਈ-ਸਪੀਡ ਇੰਟਰਨੈੱਟ ਉਪਲੱਬਧ ਕਰਵਾਉਣ ਲਈ ਕੀਤਾ ਗਿਆ ਸੀ। ਫੋਰਡ ਨੇ ਕਿਹਾ, “ਜੇ ਉਹ ਸਾਨੂੰ ਕੋਰਟ ਵਿੱਚ ਲੈ ਕੇ ਜਾਂਦੇ ਹਨ, ਤਾਂ ਜਾਣ। ਅਸੀਂ ਅਮਰੀਕਾ ‘ਤੇ ਵੱਧ ਤੋਂ ਵੱਧ ਦਬਾਅ ਬਣਾਉਣਾ ਚਾਹੁੰਦੇ ਹਾਂ, ਤਾਂਕਿ ਉਹ ਸਮਝੌਤੇ ਵੱਲ ਵਾਪਸ ਆਉਣ।” ਉਨ੍ਹਾਂ ਇਸ਼ਾਰਾ ਦਿੱਤਾ ਕਿ ਇਹ ਸਮਝੌਤਾ ਚੋਣੀ ਮੁਹਿੰਮ ਦੌਰਾਨ ਹੀ ਰੱਦ ਹੋ ਸਕਦਾ ਸੀ, ਪਰ ਅਮਰੀਕੀ ਟੈਰਿਫ਼ ਨਾ ਹੋਣ ਕਰਕੇ ਇਸ ਨੂੰ ਜਾਰੀ ਰੱਖਿਆ ਗਿਆ। ਹੁਣ, ਟੈਰਿਫ਼ ਲਾਗੂ ਹੋਣ ਦੇ ਬਾਅਦ, ਇਹ ਸਮਝੌਤਾ ਤੋੜ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ, ਓਨਟਾਰੀਓ ਦੀ ਸਰਕਾਰੀ ਸ਼ਰਾਬ ਏਜੰਸੀ ਲਿਕਰ ਕੰਟਰੋਲ ਬੋਰਡ ਆਫ ਓਨਟਾਰੀਓ ਨੇ ਆਪਣੀ ਸੂਚੀ ‘ਚੋਂ ਅਮਰੀਕੀ ਸ਼ਰਾਬਾਂ ਨੂੰ ਹਟਾ ਦਿੱਤਾ ਹੈ। ਇਹ ਕਾਰਵਾਈ ਸੋਮਵਾਰ ਅੱਧੀ ਰਾਤ ਤੋਂ ਲਾਗੂ ਕਰ ਦਿੱਤੀ ਗਈ ਹੈ।
ਫੋਰਡ ਨੇ ਕਿਹਾ, ” ਲਿਕਰ ਕੰਟਰੋਲ ਬੋਰਡ ਆਫ ਓਨਟਾਰੀਓ ਹੁਣ ਅਮਰੀਕੀ ਸ਼ਰਾਬਾਂ ਦੀ ਖਰੀਦ-ਫ਼ਰੋਖ਼ਤ ਨਹੀਂ ਕਰੇਗਾ, ਜਿਸ ਕਾਰਨ ਹੋਰ ਵਪਾਰੀ, ਬਾਰ ਤੇ ਰੈਸਟੋਰੈਂਟ ਵੀ ਅਮਰੀਕੀ ਉਤਪਾਦਾਂ ਦੀ ਰੀ-ਸਟਾਕਿੰਗ ਨਹੀਂ ਕਰ ਸਕਣਗੇ।”
ਓਨਟਾਰੀਓ ਹਰੇਕ ਸਾਲ ਲਗਭਗ 965 ਮਿਲੀਅਨ ਡਾਲਰ ਦੀ ਸ਼ਰਾਬ ਇੰਪੋਰਟ ਕਰਦਾ ਹੈ, ਜਿਸ ਵਿੱਚ 36 ਅਮਰੀਕੀ ਰਾਜਾਂ ਤੋਂ 3,600 ਉਤਪਾਦ ਸ਼ਾਮਲ ਹਨ। ਹੁਣ ਇਹ ਉਤਪਾਦ ਲਿਕਰ ਕੰਟਰੋਲ ਬੋਰਡ ਆਫ ਓਨਟਾਰੀਓ ਦੀਆਂ ਸ਼ਾਪਾਂ ਅਤੇ ਆਨਲਾਈਨ ਪਲੇਟਫਾਰਮਾਂ ਤੋਂ ਹਟਾ ਦਿੱਤੇ ਗਏ ਹਨ।
ਇਸ ਕਾਰਵਾਈ ਨਾਲ ਅਮਰੀਕੀ ਉਤਪਾਦਕਾਂ ਨੂੰ ਭਾਰੀ ਨੁਕਸਾਨ ਹੋਣ ਦੀ ਸੰਭਾਵਨਾ ਹੈ, ਕਿਉਂਕਿ ਲਿਕਰ ਕੰਟਰੋਲ ਬੋਰਡ ਆਫ ਓਨਟਾਰੀਓ ਵਿਸ਼ਵ ਦੀ ਸਭ ਤੋਂ ਵੱਡੀ ਸਰਕਾਰੀ ਸ਼ਰਾਬ ਖਰੀਦਣ ਵਾਲੀ ਏਜੰਸੀ ਹੈ।
ਓਨਟਾਰੀਓ ਸਰਕਾਰ ਨੇ ਅਮਰੀਕੀ ਕੰਪਨੀਆਂ ਉੱਤੇ ਹੋਰ ਪਾਬੰਦੀਆਂ ਵੀ ਲਗਾਈਆਂ ਹਨ। ਹੁਣ, ਅਮਰੀਕੀ ਕੰਪਨੀਆਂ ਓਨਟਾਰੀਓ ਸਰਕਾਰੀ ਠੇਕਿਆਂ ‘ਚ ਹਿੱਸਾ ਨਹੀਂ ਲੈ ਸਕਣਗੀਆਂ।

Related Articles

Latest Articles