3.3 C
Vancouver
Monday, March 10, 2025

ਔਰਤ ਦਾ ਸਨਮਾਨ ਅਤੇ ਹਕੀਕਤ

 

ਲੇਖਕ : ਇੰਦਰਜੀਤ ਕੌਰ
ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀਆਂ ਇਹ ਸਤਰਾਂ ”ਸੋ ਕਿਉਂ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ”, ਔਰਤ ਦੀ ਮਹੱਤਤਾ, ਇੱਜ਼ਤ ਅਤੇ ਸਨਮਾਨ ਦੀ ਪੂਰੀ ਤਸਵੀਰ ਪੇਸ਼ ਕਰਦੀ ਹੈ। ਪਰ ਅਫ਼ਸੋਸ, ਅੱਜ ਦੇ ਸਮਾਜ ਵਿਚ ਇਹ ਸ਼ਬਦ ਕੇਵਲ ਗ੍ਰੰਥਾਂ ਅਤੇ ਕਿਤਾਬਾਂ ਤੱਕ ਹੀ ਸੀਮਿਤ ਹੋ ਕੇ ਰਹਿ ਗਏ ਹਨ। ਪਰ ਅੱਜ ਦੇ ਸਮਾਜ ਵਿਚ ਔਰਤਾਂ ਦਾ ਹੋ ਰਿਹਾ ਨਿਰਾਦਰ ਅਤੇ ਹਿੰਸਾ ਦੀਆਂ ਅਨੇਕਾਂ ਉਦਹਾਰਣਾਂ ਸਾਨੂੰ ਹਰ ਪਾਸੇ ਨਜ਼ਰ ਆਉਂਦੀਆਂ ਹਨ। ਇੰਟਰਨੈਸ਼ਨਲ ਲੇਬਰ ਆਰਗੇਨਾਈਜ਼ੇਸ਼ਨ ਦੀ ਰਿਪੋਰਟ ਮੁਤਾਬਕ, ਭਾਰਤ ਵਿਚ ਸਿਰਫ਼ 19% ਔਰਤਾਂ ਹੀ ਵਿੱਤੀ ਤੌਰ ‘ਤੇ ਸੁਤੰਤਰ ਹਨ। ਇਕ ਹੋਰ ਰਿਪੋਰਟ ਮੁਤਾਬਿਕ 2022 ਵਿਚ ਭਾਰਤ ਦੀ ਮਹਿਲਾ ਸਾਖਰਤਾ ਦਰ 68% ਸੀ, ਜਦਕਿ ਪੁਰਸ਼ਾਂ ਦੀ 84%ਸੀ। ਇਹ ਅੰਕੜੇ ਦਰਸਾਉਂਦੇ ਹਨ ਕਿ ਭਾਵੇਂ ਔਰਤਾਂ ਨੇ ਹਰ ਖੇਤਰ ਵਿਚ ਆਪਣੀ ਕਾਬਲੀਅਤ ਸਾਬਤ ਕੀਤੀ ਹੈ, ਪਰ ਅਜੇ ਵੀ ਲਿੰਗ ਵਿਤਕਰਾ ਜਾਰੀ ਹੈ। ਇੱਕ ਔਰਤ, ਚਾਹੇ ਘਰੇਲੂ ਹੋਵੇ ਜਾਂ ਕੰਮ ਕਾਜੀ, ਹਮੇਸ਼ਾ ਸਮਾਜ ਲਈ ਕੁਰਬਾਨੀ ਦੀ ਮਿਸਾਲ ਹੈ। ਉਹ ਬੱਚਿਆਂ ਦੀ ਪਰਵਰਿਸ਼ ਕਰਦੀ ਹੈ, ਘਰ ਸੰਭਾਲਦੀ ਹੈ, ਅਤੇ ਕੰਮ ਵੀ ਕਰਦੀ ਹੈ। ਇਸ ਤੋਂ ਇਲਾਵਾ, ਉਹ ਧੀ, ਭੈਣ, ਪਤਨੀ ਅਤ ਮਾਂ ਦੀ ਭੁਮਿਕਾ ਵੀ ਨਿਭਾਉਂਦੀ ਹੈ। ਇਸ ਦੇ ਨਾਲ, ਉਹ ਸਮਾਜ ਵਿਚ ਮਾਰਗ-ਦਰਸ਼ਨ ਦੀ ਭੁਮਿਕਾ ਨਿਭਾਉਂਦੀ ਹੈ, ਨਵੀਆਂ ਪੀੜ੍ਹੀਆਂ ਨੂੰ ਸਿੱਖਿਆ ਦਿੰਦੀ ਹੈ, ਤੇ ਨੈਤਿਕ ਮੁੱਲ ਸਿਖਾਉਂਦੀ ਹੈ। ਉਸ ਦੀ ਭੁਮਿਕਾ ਸਿਰਫ਼ ਘਰ ਤੱਕ ਸੀਮਿਤ ਨਹੀਂ; ਉਸ ਨੇ ਵਪਾਰ, ਤਕਨੀਕ, ਵਿਗਿਆਨ ਅਤੇ ਕਲਾ ਵਿਚ ਵੀ ਆਪਣੀ ਪਛਾਣ ਬਣਾਈ ਹੈ। ਪਰ ਅਜੇ ਵੀ, ਸਮਾਜ ਵਿਚ ਉਸਨੂੰ ਗ਼ੈਰ-ਮਹੱਤਵਪੂਰਨ ਅਤੇ ਅਸਮਾਨਤਾ ਭਰੀਆਂ ਨਜ਼ਰਾਂ ਨਾਲ ਵੇਖਿਆ ਜਾਂਦਾ ਹੈ। ਕਈ ਯੁੱਗਾਂ ਤੋਂ ਔਰਤਾਂ ਦੀ ਭਾਗੀਦਾਰੀ ਮਰਦਾਂ ਨਾਲ ਬਰਾਬਰ ਦੀ ਰਹੀ ਹੈ, ਬਲਕਿ ਕਈ ਵਾਰ ਉਹ ਇਸ ਤੋਂ ਵੀ ਵੱਧ ਭੂਮਿਕਾ ਨਿਭਾ ਚੁੱਕੀਆਂ ਹਨ। ਮਾਈ ਭਾਗੋ, ਰਾਣੀ ਝਾਂਸੀ ਅਤੇ ਹੋਰ ਅਨੇਕਾਂ ਔਰਤਾਂ ਨੇ ਆਪਣੀ ਤਾਕਤ, ਬੁੱਧੀਮੱਤਾ ਅਤੇ ਸਾਖਰਤਾ ਨਾਲ ਇਤਿਹਾਸ ਵਿਚ ਆਪਣਾ ਅਲੌਕਿਕ ਨਿਸ਼ਾਨ ਛੱਡਿਆ। ਪਰ ਸਮੇਂ ਦੀ ਧੂੜ ਨੇ ਕਈ ਵਾਰ ਉਨ੍ਹਾਂ ਦੇ ਯੋਗਦਾਨ ਨੂੰ ਧੁੰਦਲਾ ਕਰ ਦਿੱਤਾ ਹੈ। ਹੁਣ ਲੋੜ ਹੈ ਕਿ ਉਹੀ ਸਨਮਾਨ ਮੁੜ ਪ੍ਰਾਪਤ ਕਰ ਕੇ, ਸਮਾਜ ਵਿਚ ਆਪਣੀ ਸ਼ਮੂਲੀਅਤ ਅਤੇ ਪਛਾਣ ਨੂੰ ਮਜ਼ਬੂਤ ਕੀਤਾ ਜਾਵੇ। ਅਕਸਰ ਲਿੰਗ ਸਮਾਨਤਾ ਅਤੇ ਸਨਮਾਨ ਨੂੰ ਇੱਕੋ ਜਿਹਾ ਮੰਨ ਲਿਆ ਜਾਂਦਾ ਹੈ, ਪਰ ਇਹ ਦੋ ਵੱਖਰੀਆਂ ਚੀਜ਼ਾਂ ਹਨ। ਬਰਾਬਰਤਾ ਦਾ ਅਰਥ ਹੈ ਕਿ ਹਰੇਕ ਵਿਅਕਤੀ, ਚਾਹੇ ਉਹ ਕਿਸੇ ਵੀ ਲਿੰਗ, ਧਰਮ ਜਾਂ ਵਰਗ ਨਾਲ ਸੰਬੰਧਤ ਹੋਵੇ, ਉਸ ਨੂੰ ਇੱਕੋ ਜਿਹੇ ਹੱਕ ਮਿਲਣ। ਫਰ ਸਨਮਾਨ ਉਹ ਸੋਚ ਹੈ ਜੋ ਕਿਸੇ ਵਿਅਕਤੀ ਦੀ ਯੋਗਤਾ, ਸਮਰੱਥਾ, ਅਤੇ ਬਲਿਦਾਨ ਦੀ ਮਾਨਤਾ ਦਿੰਦੀ ਹੈ। ਜਦੋਂ ਇੱਕ ਔਰਤ ਨੂੰ ਉਸਦੇ ਅਧਿਕਾਰ ਮਿਲਦੇ ਹਨ, ਤਾਂ ਸਮਾਜ ਤਰੱਕੀ ਕਰਦਾ ਹੈ। ਪਰ ਜਦ ਤਕ ਉਸਨੂੰ ਇੱਜ਼ਤ ਨਹੀਂ ਮਿਲਦੀ, ਬਰਾਬਰਤਾ ਕਦੇ ਵੀ ਪੂਰੀ ਨਹੀਂ ਹੋ ਸਕਦੀ। ਸਮਾਜ ਦੀ ਤਰੱਕੀ ਔਰਤਾਂ ਦੀ ਹਾਲਤ ਨਾਲ ਜੁੜੀ ਹੋਈ ਹੈ। ਜੇਕਰ ਅਸੀਂ ਅਜੇ ਵੀ ਔਰਤ ਨੂੰ ਇਕ ‘ਦੂਜੇ ਦਰਜੇ’ ਦੀ ਨਾਗਰਿਕ ਸਮਝਦੇ ਰਹੇ, ਤਾਂ ਅਸੀਂ ਇੱਕ ਖੋਖਲੇ, ਪਿੱਛੜੇ ਅਤੇ ਅਣਨੈਤਿਕ ਸਮਾਜ ਵਿਚ ਰਹਿ ਰਹੇ ਹਾਂ। ਸਾਨੂੰ ਔਰਤ ਨੂੰ ਬਰਾਬਰੀ ਨਾਲ, ਸਨਮਾਨ ਦੇਣਾ ਹੋਵੇਗਾ। ਇਸ ਦੇ ਨਾਲਨਾਲ, ਨਵੀਆਂ ਪੀੜ੍ਹੀਆਂ ਲਈ ਸੰਸਕਾਰ ਦੀ ਸਿੱਖਿਆ ਬਹੁਤ ਮਹੱਤਵਪੂਰਨ ਹੈ। ਸਕੂਲ ਅਤੇ ਵਿਦਿਆਰਥੀਆਂ ਵਿਚ ਲਿੰਗ ਸਮਾਨਤਾ ਦੀ ਸਮਝ ਪੈਦਾ ਕਰਨੀ ਚਾਹੀਦੀ ਹੈ, ਤਾਂ ਕਿ ਨਵੀਆਂ ਪੀੜ੍ਹੀਆਂ ਆਪਣੇ ਹੱਕਾਂ ਦੀ ਪਛਾਣ ਕਰ ਸਕਣ। ਉਨ੍ਹਾਂ ਨੂੰ ਵਿਗਿਆਨ, ਤਕਨੀਕ, ਵਪਾਰ ਅਤੇ ਆਰਥਿਕ ਸੁਤੰਤਰਤਾ ਵੱਲ ਉਤਸ਼ਾਹਿਤ ਕਰਨਾ ਚਾਹੀਦਾ ਹੈ। ਸਮਾਜ ਨੂੰ ਲੋੜ ਹੈ ਕਿ ਉਹ ਔਰਤਾਂ ਦੀ ਆਵਾਜ਼ ਬਣੇ, ਉਨ੍ਹਾਂ ਨੂੰ ਆਤਮ-ਨਿਰਭਰ ਬਣਾਵੇ, ਅਤੇ ਉਨ੍ਹਾਂ ਨੂੰ ਆਪਣੀਆਂ ਯੋਗਤਾਵਾਂ ਅਤੇ ਸ਼ਕਤੀ ਨੂੰ ਸਮਝਣ ਲਈ ਉਤਸ਼ਾਹਿਤ ਕਰੇ। ਗੁਰੂ ਨਾਨਕ ਦੇਵ ਜੀ ਨੇ ਸਾਨੂੰ ਜੋ ਸਿੱਖਿਆ ਦਿੱਤੀ ਅਤੇ ਰਸਤਾ ਵਿਖਾਇਆ, ਉਸ ‘ਤੇ ਚੱਲਣ ਦੀ ਲੋੜ ਹੈ૷ਜਿਥੇ ਔਰਤ ਨੂੰ ਉੱਚਾ ਦਰਜਾ ਮਿਲੇ, ਜਿਥੇ ਉਹ ਆਤਮ-ਨਿਰਭਰ ਹੋਵੇ, ਤੇ ਜਿਥੇ ਉਹ ਸਿਰਫ਼ ਸਮਾਨਤਾ ਨਹੀਂ, ਸਨਮਾਨ ਵੀ ਪ੍ਰਾਪਤ ਕਰੇ।

Related Articles

Latest Articles