ਕੈਨੇਡਾ ਵੀ 30 ਬਿਲੀਅਨ ਡਾਲਰ ਮੁੱਲ ਦੇ ਅਮਰੀਕੀ ਉਤਪਾਦਾਂ ‘ਤੇ 25% ਦੀ ਟੈਰਿਫ਼ ਲਗਾਏਗਾ : ਜਸਟਿਨ ਟਰੂਡੋ
ਸਰੀ, (ਸਿਮਰਨਜੀਤ ਸਿੰਘ): ਅਮਰੀਕਾ ਵਲੋਂ ਕੈਨੇਡਾ ‘ਤੇ ਟੈਰਿਫ ਲਾਗੂ ਕੀਤੇ ਜਾਣ ਤੋਂ ਬਾਅਦ ਕੈਨੇਡਾ ਦੇ ਵੱਖ ਵੱਖ ਸੂਬਿਆਂ ਦੀਆਂ ਸਰਕਾਰਾਂ ਨੇ ਅਮਰੀਕਾ ਦੀ ਇਸ ਕਾਰਵਾਈ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ।
ਭਾਵੇਂ ਟਰੰਪ ਵਲੋਂ ਟੈਰਿਫ਼ ਇੱਕ ਮਹੀਨਾ ਹੋਰ ਟਾਲ ਦਿੱਤੇ ਗਏ ਹਨ ਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਕੈਨੇਡਾ ਵੀ ਆਪਣੇ ਪੱਖ ਤੋਂ 30 ਬਿਲੀਅਨ ਡਾਲਰ ਮੁੱਲ ਦੇ ਅਮਰੀਕੀ ਉਤਪਾਦਾਂ ‘ਤੇ 25% ਦੀ ਸ਼ੁਰੂਆਤੀ ਟੈਰਿਫ਼ ਲਗਾਏਗਾ। ਟਰੂਡੋ ਨੇ ਕਿਹਾ, “ਅਸੀਂ ਕਿਸੇ ਵੀ ਹਾਲਤ ਵਿੱਚ ਅਮਰੀਕੀ ਟੈਰਿਫ਼ ਦਾ ਜਵਾਬ ਦਿੰਦੇ ਰਹਾਂਗੇ, ਜਦ ਤੱਕ ਇਹ ਹਟਾਏ ਨਹੀਂ ਜਾਂਦੇ।”
ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਸੀ, “ਅਸੀਂ ਇਸ ਫੈਸਲੇ ਨੂੰ ਬਿਨਾਂ ਜਵਾਬ ਦਿੱਤੇ ਛੱਡ ਨਹੀਂ ਸਕਦੇ।” ਇਸ ਤੋਂ ਬਾਅਦ, ਕੈਨੇਡਾ ਨੇ ਅਮਰੀਕੀ ਸਮਾਨਾਂ ‘ਤੇ 30 ਅਰਬ ਡਾਲਰ ਦੀ 25 ਫੀਸਦੀ ਟੈਰਿਫ ਲਗਾਈ ਅਤੇ ਤਿੰਨ ਹਫਤਿਆਂ ਬਾਅਦ 125 ਅਰਬ ਡਾਲਰ ਦੇ ਹੋਰ ਸਮਾਨਾਂ ‘ਤੇ ਟੈਰਿਫਾਂ ਦੀ ਯੋਜਨਾ ਬਣਾਈ। ਟਰੂਡੋ ਨੇ ਕਿਹਾ, “ਸਾਡੀਆਂ ਟੈਰਿਫਾਂ ਉਦੋਂ ਤੱਕ ਜਾਰੀ ਰਹਿਣਗੀਆਂ ਜਦੋਂ ਤੱਕ ਅਮਰੀਕਾ ਆਪਣਾ ਫੈਸਲਾ ਵਾਪਸ ਨਹੀਂ ਲੈਂਦਾ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਪਾਰਲੀਮੈਂਟ ਹਿੱਲ ‘ਤੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਥਾਂ ਸਿਰਫ਼ ‘ਡੌਨਲਡ’ ਸ਼ਬਦ ਦੀ ਵਰਤੋਂ ਕੀਤੀ, ਜਿਸਨੂੰ ਕਈ ਲੋਕ ਟਰੰਪ ਵੱਲ ਇੱਕ ਮਿਹਣੇ ਵਜੋਂ ਵੇਖ ਰਹੇ ਹਨ।
ਟਰੂਡੋ ਨੇ ਆਪਣੇ ਭਾਸ਼ਣ, ਜੋ ਮੰਗਲਵਾਰ ਨੂੰ ਕੈਨੇਡੀਅਨ ਅਤੇ ਅਮਰੀਕੀ ਟੀਵੀ ਨੈੱਟਵਰਕਸ ‘ਤੇ ਪ੍ਰਸਾਰਿਤ ਹੋਇਆ, ‘ਚ ਦਾਅਵਾ ਕੀਤਾ ਕਿ ਟਰੰਪ ਕੈਨੇਡੀਅਨ ਆਰਥਿਕਤਾ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਉਨ੍ਹਾਂ ਕਿਹਾ, “ਅਸੀਂ ਹਮੇਸ਼ਾ ਆਪਣੇ ਵਪਾਰਕ ਸਾਥੀਆਂ ਨਾਲ ਮਿਲ ਕੇ ਕੰਮ ਕਰਨ ਦੇ ਹਮੇਸ਼ਾ ਹਕ ਵਿੱਚ ਰਹੇ ਹਾਂ। ਪਰ, ਜੇਕਰ ਕੋਈ ਨੀਤੀ ਸਾਨੂੰ ਨੁਕਸਾਨ ਪਹੁੰਚਾਉਂਦੀ ਹੈ, ਤਾਂ ਅਸੀਂ ਚੁੱਪ ਨਹੀਂ ਰਹਾਂਗੇ।”
ਇਹ ਪਹਿਲੀ ਵਾਰ ਨਹੀਂ ਹੈ ਕਿ ਟਰੂਡੋ ਅਤੇ ਟਰੰਪ ਵਿੱਚ ਵਪਾਰ ਜਾਂ ਰਾਜਨੀਤੀਕ ਮੁੱਦਿਆਂ ‘ਤੇ ਟਕਰਾਅ ਹੋਇਆ ਹੋਵੇ। ਪਰ, ਪ੍ਰਧਾਨ ਮੰਤਰੀ ਵਲੋਂ ਟਰੰਪ ਦਾ ਪੂਰਾ ਨਾਮ ਨਾ ਲੈਣ ਅਤੇ ‘ਡੌਨਲਡ’ ਆਖਣ ਨੂੰ ਟਰੰਪ ਦੇ ਹਮਾਇਤੀਆਂ ਨੇ ਇੱਕ ਨਵਾਂ ਵਿਵਾਦ ਬਣਾ ਦਿੱਤਾ ਹੈ।