ਰੱਬ ਨੇ ਬਣਾਈ, ਧਰਤੀ ਸ਼ਿੰਗਾਰ ਕੇ
ਸਭ ਰੰਗ ਪਾਏ, ਆਪਣੇ ਪਸਾਰ ਤੇ
ਪੁੱਠਾ ਗੇੜਾ ਦੇ ਤਾ, ਬੰਦੇ ਨੇ ਸਵਾਰ ਕੇ
ਦਾਤੇ ਦੀਆਂ ਖੁੱਲ੍ਹਾਂ, ਤਾਈ ਜਿੰਦੇ ਮਾਰ ਕੇ
ਜੰਗਲ ਕਟਾਤੇ, ਵੱਢ ਦਿੱਤੇ ਰੁੱਖ ਜੀ
ਹੋ ਗਿਆ ਹੈ ਕੈਸਾ , ਦੇਖ ਲੌ ਮਨੁੱਖ ਜੀ
ਚਲਦਾ ਨਾ ਜੋਰ, ਵਧ ਗਈ ਭੁੱਖ ਜੀ
ਕਰਨਾ ਕੀ ਲੋਕੋ, ਲਗਦਾ ਹੈ ਦੁੱਖ ਜੀ
ਪੜ੍ਹੇ ਅਖ਼ਬਾਰਾਂ, ਤਾਂ ਵੀ ਨਹੀਂ ਜਾਗਦਾ
ਕੌਣ ਹੈ ਵਜਾਵੇ, ਵਾਜਾ ਮੌਤ ਰਾਗ ਦਾ
ਕੌਣ ਹੈ ਉਜਾੜੇ, ਰਾਖਾ ਕੌਣ ਬਾਗ ਦਾ
ਮਾੜਿਆ ਦੇ ਸੀਨੇ, ਗੋਲ਼ੀ ਕੌਣ ਦਾਗ਼ਦਾ
ਕੀ ਐ ਦੱਸ ਫ਼ੈਦਾ, ਛੱਡ ਪਰੇ ਖ਼ੋਰ ਨੂੰ
ਬੰਦ ਕਰੋ ਏਥੇ, ਗੱਲ ਛੇੜੋ ਹੋਰ ਨੂੰ
ਰਾਤ ਦੇ ਵਪਾਰੀ, ਲੱਭਦੇ ਨਾ ਭੋਰ ਨੂੰ
ਲੱਭਣਗੇ ਸ਼ਮੀ, ਪੈਲਾਂ ਪਾਂਦੇ ਮੋਰ ਨੂੰ
ਲੇਖਕ : ਸਮਰਜੀਤ ਸਿੰਘ ਸ਼ਮੀ