3 C
Vancouver
Monday, March 10, 2025

ਬੌਧਿਕ ਉਡਾਰੀਆਂ ਅਤੇ ਭਾਵਨਾਤਮਕ ਵਿਕਾਸ ਦੀ ਤ੍ਰਿਪਤੀ ਲਈ ਮਾਤ-ਭਾਸ਼ਾ ਦਾ ਮਹੱਤਵ

 

ਲੇਖਕ : ਡਾ. ਇਕਬਾਲ ਸਿੰਘ ਸਕਰੌਦੀ
ਫੋਨ: 84276-85020
ਵਰਤੋਂ ਦੇ ਲਿਹਾਜ਼ ਨਾਲ ਭਾਸ਼ਾ ਤਿੰਨ ਪ੍ਰਕਾਰ ਦੀ ਹੁੰਦੀ ਹੈ- ਵਿਹਾਰ ਭਾਸ਼ਾ, ਸਾਹਿਤਕ ਭਾਸ਼ਾ ਅਤੇ ਵਿਗਿਆਨਕ ਭਾਸ਼ਾ। ਵਿਹਾਰ ਭਾਸ਼ਾ ਹੀ ਅਸਲ ਵਿਚ ਮਾਤ-ਭਾਸ਼ਾ ਹੁੰਦੀ ਹੈ, ਜਿਸ ਨੂੰ ਬੱਚਾ ਆਪਣੇ ਵਾਤਾਵਰਨ ਵਿਚੋਂ ਸਹਿਜ ਸੁਭਾਅ ਗ੍ਰਹਿਣ ਕਰਦਾ ਜਾਂਦਾ ਹੈ। ਭਾਸ਼ਾ ਨੂੰ ਗ੍ਰਹਿਣ ਕਰਨ ਦਾ ਇਹ ਵਰਤਾਰਾ ਸੁਚੇਤ ਤੌਰ ‘ਤੇ ਨਹੀਂ ਹੁੰਦਾ, ਸਗੋਂ ਉਹ ਆਪਣੇ ਕੰਨਾਂ ਨਾਲ਼ ਜੋ ਕੁਝ ਆਪਣੇ ਆਲ਼ੇ ਦੁਆਲ਼ੇ ਵਿਚ ਵਸਦੇ ਲੋਕਾਂ ਦੇ ਮੂੰਹਾਂ ਤੋਂ ਸੁਣਦਾ ਹੈ, ਉਸ ਨੂੰ ਆਪਣੀ ਕੁਦਰਤੀ ਸਿੱਖਣ ਯੋਗਤਾ ਅਨੁਸਾਰ ਸਹਿਜੇ ਹੀ ਗ੍ਰਹਿਣ ਕਰਦਾ ਜਾਂਦਾ ਹੈ। ਬੱਚੇ ਦਾ ਪਹਿਲਾ, ਨੇੜਵਾਂ ਅਤੇ ਲੰਮਾ ਸੰਪਰਕ ਕਿਉਂਕਿ ਆਪਣੀ ਮਾਂ ਨਾਲ਼ ਰਹਿੰਦਾ ਹੈ, ਇਸ ਲਈ ਇਸ ਗ੍ਰਹਿਣ ਕੀਤੀ ਭਾਸ਼ਾ ਨੂੰ ਮਾਤ-ਭਾਸ਼ਾ ਵੀ ਕਹਿ ਲਿਆ ਜਾਂਦਾ ਹੈ। ਹਾਲਾਂਕਿ ਇਹ ਭਾਸ਼ਾ ਬੱਚਾ ਆਪਣੀ ਮਾਂ ਦੇ ਬੋਲਾਂ ਦੀ ਨਕਲ ਰਾਹੀਂ ਹੀ ਗ੍ਰਹਿਣ ਨਹੀਂ ਕਰਦਾ, ਸਗੋਂ ਪਰਿਵਾਰ ਦੇ ਹੋਰ ਜੀਆਂ, ਆਂਢ-ਗੁਆਂਢ, ਹਾਣੀ, ਸਕੂਲ ਅਤੇ ਸੰਪਰਕ ਵਿਚ ਆਉਂਦੇ ਹੋਰ ਲੋਕਾਂ ਦੇ ਬੋਲਾਂ ਤੋਂ ਵੀ ਗ੍ਰਹਿਣ ਕਰਦਾ ਰਹਿੰਦਾ ਹੈ। ਮਾਤ-ਭਾਸ਼ਾ ਦੀ ਉਕਤੀ ਇਸ ਪ੍ਰਸੰਗ ਵਿਚ ਇਸ ਲਈ ਵਰਤੀ ਜਾਂਦੀ ਹੈ, ਕਿਉਂਕਿ ਮਾਂ ਵਾਂਗ ਇਸ ਭਾਸ਼ਾ ਨਾਲ਼ ਬੱਚੇ ਦਾ ਸਭ ਤੋਂ ਮੁੱਢਲਾ ਅਤੇ ਸਹਿਜ ਰਿਸ਼ਤਾ ਹੁੰਦਾ ਹੈ। ਇਹ ਭਾਸ਼ਾ ਉਹ ਮਨੁੱਖ ਵੀ ਜਾਣਦੇ ਹੁੰਦੇ ਹਨ, ਜਿਨ੍ਹਾਂ ਨੇ ਸਕੂਲ ਦਾ ਕਦੇ ਮੂੰਹ ਤੱਕ ਨਹੀਂ ਦੇਖਿਆ ਹੁੰਦਾ। ਪੰਜਾਬੀ, ਪੰਜਾਬੀਆਂ ਦੀ ਮਾਤ-ਭਾਸ਼ਾ ਹੈ। ਪਰੰਤੂ ਇਸ ਨਾਲ਼ ਧੁਰ ਮੁੱਢ ਤੋਂ ਹੀ ਮਤਰੇਈ ਮਾਂ ਵਾਲ਼ਾ ਵਿਹਾਰ ਕੀਤਾ ਜਾਂਦਾ ਰਿਹਾ ਹੈ। ਇਸ ਨੂੰ ਕਦੇ ਵੀ ਰਾਜ ਦਰਬਾਰ ਦੀ ਭਾਸ਼ਾ ਬਣ ਕੇ ਤਖ਼ਤ ਉੱਤੇ ਬੈਠਣਾ ਨਸੀਬ ਨਹੀਂ ਹੋਇਆ। ਵਾਰ-ਵਾਰ ਇਸ ਨਾਲ਼ ਧੱਕਾ ਹੁੰਦਾ ਰਿਹਾ ਹੈ। ਇਸ ਦੇ ਆਪਣੇ ਧੀਆਂ ਪੁੱਤਰ ਹੀ ਇਸ ਨੂੰ ਗੰਵਾਰਾਂ ਅਤੇ ਅਨਪੜ੍ਹਾਂ ਦੀ ਭਾਸ਼ਾ ਮੰਨ ਕੇ ਇਸ ਨੂੰ ਘ੍ਰਿਣਾ ਕਰਦੇ ਰਹੇ ਹਨ। ਜਿਹੜੀ ਨੁਹਾਰ ਅੱਜ ਪੰਜਾਬੀ ਭਾਸ਼ਾ ਦੀ ਦੇਖਣ ਨੂੰ ਮਿਲਦੀ ਹੈ, ਇਹ ਕਿਸੇ ਰਾਜ ਦਰਬਾਰ ਵਿਚ ਨਹੀਂ ਨਿੱਸਰੀ, ਸਗੋਂ ਜਨ-ਸਧਾਰਨ ਦੇ ਬੁੱਲ੍ਹਾਂ ਉੱਤੇ ਨੱਚਦੀ, ਟੱਪਦੀ ਅਤੇ ਮਟਕਦੀ ਹੋਈ ਇੱਥੋਂ ਤੱਕ ਪਹੁੰਚੀ ਹੈ। ਮਾਂ ਦੇ ਦੁੱਧ ਤੋਂ, ਮਾਂ ਦੀ ਗੋਦ ਵਿਚ, ਮਾਂ ਤੋਂ ਲੋਰੀਆਂ ਸੁਣ ਕੇ ਕੁਦਰਤੀ ਪ੍ਰਭਾਵ ਹੇਠ ਸਿੱਖੀ ਭਾਸ਼ਾ, ਮਾਤ-ਭਾਸ਼ਾ ਹੁੰਦੀ ਹੈ। ਮਾਤ-ਭਾਸ਼ਾ ਹੀ ਬੱਚੇ ਦੀਆਂ ਬੌਧਿਕ, ਮਾਨਸਿਕ, ਸਮਾਜਿਕ, ਧਾਰਮਿਕ ਅਤੇ ਸੱਭਿਆਚਾਰਕ ਵਿਕਾਸ ਦੀਆਂ ਲੋੜਾਂ ਨੂੰ ਪੂਰਿਆਂ ਕਰਦੀ ਹੈ। ਮੁੱਢਲੀਆਂ ਵਸਤਾਂ ਤੋਂ ਲੈ ਕੇ ਮਾਤਭਾਸ਼ਾ ਦੇ ਵਿਕਸਤ ਪ੍ਰਯੋਗ ਤੱਕ ਬੱਚਾ ਸੁਤੇ-ਸਿੱਧ ਇਸ ਨਾਲ਼ ਜੁੜਿਆ ਰਹਿੰਦਾ ਹੈ। ਸਵੈ-ਪ੍ਰਗਟਾਵੇ ਲਈ, ਸਾਹਿਤਕ ਅਤੇ ਮਾਨਸਿਕ ਆਨੰਦ ਦੀ ਤ੍ਰਿਪਤੀ ਲਈ, ਕਿਸੇ ਸਭਿਆਚਾਰ ਦੀ ਸਮੁੱਚੀ ਜਾਣਕਾਰੀ ਗ੍ਰਹਿਣ ਕਰਨ ਲਈ ਮਾਤ-ਭਾਸ਼ਾ ਦੀ ਵਿਸ਼ੇਸ਼ ਮਹਾਨਤਾ ਹੈ। ਸੂਚਨਾ ਦੇਣ ਅਤੇ ਲੈਣ ਲਈ, ਦੂਜੇ ਦੀ ਗੱਲ ਸਮਝਣ ਅਤੇ ਆਪਣੀ ਗੱਲ ਸਮਝਾਉਣ ਲਈ ਵੀ ਇਸ ਦੀ ਅਹਿਮ ਲੋੜ ਹੈ। ਸੱਚ ਤਾਂ ਇਹ ਹੈ ਕਿ ਮਨੁੱਖ ਮਾਤ ਭਾਸ਼ਾ ਵਿਚ ਹੀ ਸੋਚਦਾ, ਸਮਝਦਾ, ਆਨੰਦ ਲੈਂਦਾ ਅਤੇ ਤ੍ਰਿਪਤ ਹੁੰਦਾ ਹੈ। ਮਨੁੱਖ ਦੀ ਸ਼ਖ਼ਸੀਅਤ ਤਾਂ ਹੀ ਨਿੱਖਰ ਕੇ ਸਾਹਮਣੇ ਆਉਂਦੀ ਹੈ, ਜੇਕਰ ਉਹ ਆਪਣੀ ਮਾਤ-ਭਾਸ਼ਾ ਨਾਲ ਜੁੜਿਆ ਹੁੰਦਾ ਹੈ। ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਇੱਕੀ ਫਰਵਰੀ ਨੂੰ ਸੰਸਾਰ ਭਰ ਵਿਚ ਮਨਾਇਆ ਜਾਂਦਾ ਹੈ। ਭਾਸ਼ਾ ਨੂੰ ਪਿਆਰ ਕਰਨ ਵਾਲੇਲ਼ ਵੱਖ-ਵੱਖ ਅਦਾਰੇ, ਵਿੱਦਿਅਕ ਸੰਸਥਾਵਾਂ, ਸਾਹਿਤ ਸਭਾਵਾਂ ਅਤੇ ਭਾਸ਼ਾ ਨਾਲ਼ ਸੁਹਿਰਦਤਾ ਸਹਿਤ ਜੁੜੇ ਹੋਏ ਹੋਰ ਵਿਅਕਤੀ ਮਾਤ ਭਾਸ਼ਾ ਸੰਬੰਧੀ ਵੱਖ-ਵੱਖ ਪ੍ਰੋਗਰਾਮ ਉਲੀਕਦੇ ਹਨ। ਪੰਦਰਾਂ ਅਗਸਤ 1947 ਨੂੰ ਜਦੋਂ ਭਾਰਤ ਦੀ ਵੰਡ ਹੋਈ, ਤਦ ਮੁਸਲਮਾਨੀ ਬਹੁ-ਗਿਣਤੀ ਵਾਲ਼ਾ ਇਲਾਕਾ ਪੂਰਬੀ ਪਾਕਿਸਤਾਨ, ਪੱਛਮੀ ਪਾਕਿਸਤਾਨ ਅਤੇ ਹਿੰਦੁਸਤਾਨ ਬਣਿਆ। ਪੂਰਬੀ ਅਤੇ ਪੱਛਮੀ ਪਾਕਿਸਤਾਨ ਬਹੁਤ ਦੂਰ-ਦੂਰ ਸਨ। ਵਿਚਕਾਰ ਹਿੰਦੁਸਤਾਨ ਸੀ। ਪੂਰਬੀ ਪਾਕਿਸਤਾਨ ਵਿਚ ਬਹੁ-ਗਿਣਤੀ ਬੰਗਲਾ ਭਾਸ਼ਾ ਬੋਲਣ ਵਾਲ਼ਿਆਂ ਦੀ ਸੀ। ਪੱਛਮੀ ਪਾਕਿਸਤਾਨ ਵਿਚ ਬਹੁ-ਗਿਣਤੀ ਪੰਜਾਬੀ, ਬਲੋਚੀ ਅਤੇ ਪਸ਼ਤੋ ਭਾਸ਼ਾ ਬੋਲਣ ਵਾਲ਼ਿਆਂ ਸੀ। ਦੇਸ਼ ਦੀ ਵੰਡ ਹੋਣ ਉਪਰੰਤ 1948 ਈਸਵੀ ਵਿਚ ਪਾਕਿਸਤਾਨ ਵਿਚ ਉਰਦੂ ਭਾਸ਼ਾ ਨੂੰ ਕੌਮੀ ਭਾਸ਼ਾ ਵਜੋਂ ਲਾਗੂ ਕਰਨ ਦਾ ਫ਼ੈਸਲਾ ਕੀਤਾ ਗਿਆ। ਪਰੰਤੂ ਬੰਗਲਾ ਭਾਸ਼ਾ ਬੋਲਣ ਵਾਲ਼ਿਆਂ ਨੂੰ ਇਹ ਗੱਲ ਪਸੰਦ ਨਹੀਂ ਆਈ। ਉਨ੍ਹਾਂ ਨੇ ਤਰਕ ਦਿੱਤਾ ਕਿ ਲੋਕਤੰਤਰ ਦਾ ਤਕਾਜ਼ਾ ਇਹ ਹੈ ਕਿ ਬਹੁਗਿਣਤੀ ਸਾਡੀ ਬੰਗਾਲੀਆਂ ਦੀ ਹੈ। ਇਸ ਲਈ ਰਾਸ਼ਟਰੀ ਭਾਸ਼ਾ ਉਰਦੂ ਅਤੇ ਬੰਗਾਲੀ ਦੋਵੇਂ ਰੱਖੀਆਂ ਜਾਣ। ਜਾਂ ਫ਼ਿਰ ਬੰਗਲਾ ਭਾਸ਼ਾ ਨੂੰ ਵੀ ਬਰਾਬਰ ਦਾ ਦਰਜਾ ਅਤੇ ਸਤਿਕਾਰ ਦਿੱਤਾ ਜਾਵੇ। ਪਰੰਤੂ ਪਾਕਿਸਤਾਨੀ ਸਰਕਾਰ ਵੱਲੋਂ ਬੰਗਾਲੀਆਂ ਦੀ ਇਹ ਗੱਲ ਮੰਨੀ ਨਾ ਗਈ। ਸਗੋਂ ਉਲਟਾ ਉਨ੍ਹਾਂ ਉੱਪਰ ਵੀ ਉਰਦੂ ਭਾਸ਼ਾ ਜ਼ਬਰਦਸਤੀ ਠੋਸ ਦਿੱਤੀ ਗਈ। ਨਤੀਜੇ ਵਜੋਂ ਇਸ ਦੇ ਵਿਰੋਧ ਵਿਚ ਢਾਕਾ ਯੂਨੀਵਰਸਿਟੀ ਦੇ ਮੈਡੀਕਲ ਦੇ ਵਿਦਿਆਰਥੀਆਂ ਨੇ ਇੱਕੀ ਫਰਵਰੀ 1952 ਨੂ ਰੋਸ ਜਲੂਸ ਕੱਢਿਆ। ਜਲੂਸ ਉੱਤੇ ਪੁਲਿਸ ਨੇ ਗੋਲ਼ੀਆਂ ਦੀ ਵਾਛੜ ਕਰ ਦਿੱਤੀ। ਉਦੋਂ ਛੇ ਵਿਦਿਆਰਥੀ ਪੁਲਿਸ ਦੀਆਂ ਗੋਲ਼ੀਆਂ ਨਾਲ਼ ਮਾਰੇ ਗਏ ਤੇ ਹਿੰਸਾ ਹੋਰ ਭੜਕ ਗਈ। ਉਦੋਂ ਤੋਂ ਹੀ ਪੂਰਬੀ ਪਾਕਿਸਤਾਨ ਵਿਚ ਇੱਕੀ ਫ਼ਰਵਰੀ ਨੂੰ ਉਨ੍ਹਾਂ ਸ਼ਹੀਦ ਵਿਦਿਆਰਥੀਆਂ ਦੀ ਯਾਦ ਵਿਚ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ। ਪਰੰਤੂ ਪੱਛਮੀ ਪਾਕਿਸਤਾਨ ਵਾਲ਼ੇ ਭਾਸ਼ਾ ਦੇ ਆਧਾਰ ਉੱਤੇ ਪੂਰਬੀ ਪਾਕਿਸਤਾਨ ਵਾਲ਼ਿਆਂ ਉੱਤੇ ਜ਼ੁਲਮ ਕਰਦੇ ਰਹੇ। ਉਨ੍ਹਾਂ ਨੂੰ ਦਬਾਉਂਦੇ ਰਹੇ। ਉਸ ਦੇ ਪ੍ਰਤੀਕਰਮ ਦੇ ਰੂਪ ਵਿਚ 1971 ਈਸਵੀ ਨੂੰ ਬੰਗਲਾ ਦੇਸ਼ ਹੋਂਦ ਵਿਚ ਆਇਆ। ਕਿਉਂ ਜੋ ਬੰਗਲਾ ਦੇਸ਼ ਦੇ ਲੋਕਾਂ ਦੇ ਦਿਲਾਂ ਵਿਚ ਆਪਣੀ ਬੰਗਲਾ ਭਾਸ਼ਾ ਲਈ ਪਿਆਰ ਸੀ। ਇਸ ਲਈ 1952 ਈਸਵੀ ਤੋਂ ਬਾਅਦ ਉੱਥੇ ਹਰ ਸਾਲ ਇੱਕੀ ਫ਼ਰਵਰੀ ਨੂੰ ਕੌਮੀ ਭਾਸ਼ਾ ਦਿਵਸ ਵਜੋਂ ਮਨਾਇਆ ਜਾਂਦਾ ਰਿਹਾ। ਫ਼ੇਰ ਬੰਗਲਾਦੇਸ਼ ਦੇ ਜਿਹੜੇ ਨੌਜਵਾਨ ਰੁਜ਼ਗਾਰ ਅਤੇ ਰੋਜ਼ੀ ਰੋਟੀ ਦੀ ਭਾਲ਼ ਵਿਚ ਕੈਨੇਡਾ, ਅਮਰੀਕਾ, ਇੰਗਲੈਂਡ ਆਦਿ ਦੇਸ਼ਾਂ ਵਿਚ ਚਲੇ ਗਏ, ਉਨ੍ਹਾਂ ਨੇ ਉੱਥੋਂ ਯੂ.ਐੱਨ.ਓ. ਨੂੰ ਚਿੱਠੀ ਲਿਖੀ ਕਿ ਮਾਤ-ਭਾਸ਼ਾ ਦੇ ਗੌਰਵ ਨੂੰ ਸਥਾਪਤ ਕਰਨ ਲਈ ਮਾਤ-ਭਾਸ਼ਾ ਦਿਵਸ ਮਨਾਇਆ ਜਾਣਾ ਚਾਹੀਦਾ ਹੈ। ਇਸ ਲਈ ਇੱਕੀ ਫ਼ਰਵਰੀ ਦਾ ਦਿਨ ਸਾਰੇ ਸੰਸਾਰ ਵਿਚ ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਵਜੋਂ ਮਨਾਇਆ ਜਾਣਾ ਚਾਹੀਦਾ ਹੈ। ਯੂ.ਐੱਨ.ੱ. ਨੇ 1999 ਈਸਵੀ ਨੂੰ ਇਸ ਮਤੇ ਨੂੰ ਪਾਸ ਕਰ ਦਿੱਤਾ। ਸੰਨ 2000 ਈਸਵੀ ਤੋਂ ਇੱਕੀ ਫ਼ਰਵਰੀ ਨੂੰ ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਵਜੋਂ ਮਨਾਇਆ ਜਾਣਾ ਆਰੰਭ ਹੋਇਆ। ਲਗਪਗ ਸੋਲ਼ਾਂ ਕੁ ਸਾਲ ਪਹਿਲਾਂ ਦੀ ਯੂਨੈਸਕੋ ਦੀ ਇੱਕ ਰਿਪੋਰਟ ਵਿਚ ਖਦਸ਼ਾ ਜ਼ਾਹਿਰ ਕੀਤਾ ਗਿਆ ਕਿ ਸੰਸਾਰ ਦੀਆਂ ਕੁਝ ਭਾਸ਼ਾਵਾਂ ਹੌਲ਼ੀ-ਹੌਲ਼ੀ ਮਰਨ ਕਿਨਾਰੇ ਵੱਲ ਵਧ ਰਹੀਆਂ ਹਨ, ਤੇ ਕੁਝ ਨੇ ਕੁਝ ਸਾਲਾਂ ਵਿਚ ਹੀ ਖ਼ਤਮ ਹੋ ਜਾਣਾ ਹੈ। ਰੌਲ਼ਾ ਪੈ ਗਿਆ ਕਿ ਪੰਜਾਬੀ ਭਾਸ਼ਾ ਵੀ ਉਨ੍ਹਾਂ ਭਾਸ਼ਾਵਾਂ ਵਿਚ ਸ਼ਾਮਲ ਹੈ, ਜਿਹੜੀਆਂ ਭਾਸ਼ਾਵਾਂ ਨੇ ਖ਼ਤਮ ਹੋ ਜਾਣਾ ਹੈ। ਪਰੰਤੂ ਸਾਨੂੰ ਇਹ ਗੱਲ ਸਪੱਸ਼ਟ ਹੋਣੀ ਚਾਹੀਦੀ ਹੈ ਕਿ ਯੂਨੈਸਕੋ ਵੱਲੋਂ ਅਜਿਹੀ ਕੋਈ ਸੂਚੀ ਤਿਆਰ ਨਹੀਂ ਕੀਤੀ ਗਈ, ਜਿਸ ਵਿਚ ਪੰਜਾਬੀ ਭਾਸ਼ਾ ਦੇ ਖ਼ਤਮ ਹੋਣ ਦੀ ਗੱਲ ਕੀਤੀ ਗਈ ਹੋਵੇ। ਹਾਂ, ਉਨ੍ਹਾਂ ਨੇ ਕੁਝ ਆਧਾਰ ਦਿੱਤੇ ਹਨ ਕਿ ਕਿਹੜੀ ਭਾਸ਼ਾ ਨੂੰ ਖ਼ਤਰਾ ਹੋ ਸਕਦਾ ਹੈ। ਪਹਿਲੀ ਗੱਲ ਕਿ ਉਸ ਭਾਸ਼ਾ ਦੇ ਮਰ ਜਾਣ ਜਾਂ ਖ਼ਤਮ ਹੋਣ ਦਾ ਖ਼ਤਰਾ ਹੁੰਦਾ ਹੈ, ਜਿਸ ਨੂੰ ਬੋਲਣ ਵਾਲ਼ਿਆਂ ਦੀ ਗਿਣਤੀ ਖ਼ਤਰਨਾਕ ਹੱਦ ਤੱਕ ਲਗਾਤਾਰ ਘਟ ਰਹੀ ਹੋਵੇ। ਅੱਜ ਦੇ ਸਮੇਂ ਪੰਜਾਬੀ ਭਾਸ਼ਾ ਨੂੰ ਬੋਲਣ ਵਾਲ਼ਿਆਂ ਦੀ ਗਿਣਤੀ ਚੌਦਾਂ ਕਰੋੜ ਦੇ ਲਗਪਗ ਹੈ। ਤਿੰਨ ਕਰੋੜ ਭਾਰਤੀ ਪੰਜਾਬ ਵਿਚ ਅਤੇ ਦਸ ਕਰੋੜ ਤੋਂ ਵੱਧ ਪਾਕਿਸਤਾਨ ਵਿਚ ਪੰਜਾਬੀ ਭਾਸ਼ਾ ਬੋਲਦੇ ਹਨ। ਆਸਟ੍ਰੇਲੀਆ, ਕੈਨੇਡਾ, ਅਮਰੀਕਾ, ਇੰਗਲੈਂਡ, ਨਿਊਜ਼ੀਲੈਂਡ, ਕੀਨੀਆ, ਥਾਈਲੈਂਡ ਆਦਿ ਬਹੁਤ ਸਾਰੇ ਦੇਸ਼ਾਂ ਵਿਚ ਪੰਜਾਬੀ ਰਹਿੰਦੇ ਹਨ, ਜੋ ਪੰਜਾਬੀ ਬੋਲਦੇ ਹਨ। ਦੂਜੀ ਗੱਲ ਇਹ ਕਿ ਕੀ ਉਸ ਭਾਸ਼ਾ ਦੀ ਆਪਣੀ ਕੋਈ ਲਿੱਪੀ ਹੈ? ਪੰਜਾਬੀ ਭਾਸ਼ਾ ਭਾਰਤੀ ਪੰਜਾਬ ਵਿਚ ਗੁਰਮੁਖੀ ਲਿੱਪੀ ਵਿਚ ਲਿਖੀ ਜਾਂਦੀ ਹੈ। ਪਾਕਿਸਤਾਨੀ ਪੰਜਾਬ ਵਿਚ ਫ਼ਾਰਸੀ ਲਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ। ਅੰਗਰੇਜ਼ਾਂ ਨੇ ਪੰਜਾਬ ਉੱਤੇ 1849 ਈਸਵੀ ਵਿਚ ਕਬਜ਼ਾ ਕਰਨ ਤੋਂ ਬਾਅਦ ਪੰਜਾਬੀ ਭਾਸ਼ਾ ਨੂੰ ਰੋਮਨ ਲਿੱਪੀ ਵਿਚ ਲਿਖ ਕੇ ਸਫ਼ਲ ਤਜਰਬੇ ਕੀਤੇ ਸਨ। ਕੁਝ ਲੋਕ ਪੰਜਾਬੀ ਭਾਸ਼ਾ ਨੂੰ ਦੇਵਨਾਗਰੀ ਲਿੱਪੀ ਵਿਚ ਵੀ ਲਿਖ ਲੈਂਦੇ ਹਨ। ਤੀਜੀ ਗੱਲ ਇਹ ਕਿ ਪੰਜਾਬੀ ਕੋਈ ਨਵੀਂ ਭਾਸ਼ਾ ਨਹੀਂ ਹੈ। ਜੇਕਰ ਅੰਗਰੇਜ਼ੀ ਭਾਸ਼ਾ ਦਾ ਆਰੰਭ ਚੌਦਵੀਂ ਸਦੀ ਵਿਚ ਚੌਸਰ ਨਾਂ ਦੇ ਕਵੀ ਤੋਂ ਹੁੰਦਾ ਹੈ ਤਾਂ ਪੰਜਾਬੀ ਭਾਸ਼ਾ ਨੂੰ ਅੱਠਵੀਂ-ਨੌਵੀਂ ਸਦੀ ਵਿਚ ਗੋਰਖ ਨਾਥ ਨੇ ਲਿਖਣਾ ਸ਼ੁਰੂ ਕਰ ਦਿੱਤਾ ਸੀ। ਬਾਰ੍ਹਵੀਂ ਸਦੀ ਵਿਚ ਤਾਂ ਪੰਜਾਬੀ ਨੂੰ ਇਸ ਦੇ ਸਿਰਮੌਰ ਕਵੀ ਸ਼ੇਖ਼ ਫ਼ਰੀਦ ਜੀ ਨੇ ਆਪਣੇ ਸਲੋਕਾਂ ਅਤੇ ਸ਼ਬਦਾਂ ਰਾਹੀਂ ਬੁਲੰਦੀਆਂ ਉੱਤੇ ਪਹੁੰਚਾ ਦਿੱਤਾ ਸੀ। ਪੰਜਾਬੀ ਭਾਸ਼ਾ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ, ਚੰਡੀ ਦੀ ਵਾਰ, ਵਾਰਿਸ ਦੀ ਹੀਰ, ਸੂਫ਼ੀਆਂ ਦੀ ਸ਼ਾਇਰੀ, ਕਲਾਸੀਕਲ ਕ੍ਰਿਤਾਂ ਵੀ ਉਪਲੱਬਧ ਹਨ। ਹੁਣ ਤਾਂ ਭਾਰਤੀ ਪੰਜਾਬ ਵਿਚ ਪੰਜਾਬੀ ਭਾਸ਼ਾ ਰਾਜ ਭਾਸ਼ਾ ਦਾ ਦਰਜਾ ਵੀ ਗ੍ਰਹਿਣ ਕਰ ਚੁੱਕੀ ਹੈ। ਇਹ ਵਿੱਦਿਆ ਦਾ ਮਾਧਿਅਮ ਵੀ ਹੈ। ਇਸ ਦੇ ਬਾਵਜੂਦ ਜੇਕਰ ਪੰਜਾਬੀ ਭਾਸ਼ਾ ਦੇ ਮਰ ਮੁੱਕ ਜਾਣ ਦਾ ਖ਼ਦਸ਼ਾ ਪ੍ਰਗਟਾਇਆ ਗਿਆ ਹੈ ਤਾਂ ਇਹ ਫ਼ਿਕਰ ਵਾਲ਼ੀ ਗੱਲ ਹੈ। ਪੰਜਾਬੀ ਭਾਸ਼ਾ ਨੂੰ ਬਾਹਰੋਂ ਅਜੇ ਕੋਈ ਖ਼ਤਰਾ ਨਹੀਂ ਭਾਸਦਾ। ਹਾਂ, ਪੰਜਾਬੀ ਭਾਸ਼ਾ ਨੂੰ ਇਹ ਖ਼ਤਰਾ ਤਾਂ ਹੈ ਕਿ ਪੰਜਾਬ ਵਿਚ ਪੰਜਾਬੀ ਭਾਸ਼ਾ ਨੂੰ ਬੋਲਣ ਵਾਲ਼ਿਆਂ ਦੇ ਅੰਦਰ ਹੀਣ ਭਾਵਨਾ ਘਰ ਕਰ ਰਹੀ ਹੈ, ਜਿਸ ਕਾਰਨ ਇਸ ਨੂੰ ਖ਼ਤਰਾ ਹੈ। ਪੰਜਾਬ ਵਿਚ ਮਾਪੇ ਘਰਾਂ ਵਿਚ ਪੰਜਾਬੀ ਦੀ ਥਾਂ ਅੰਗਰੇਜ਼ੀ ਅਤੇ ਹਿੰਦੀ ਭਾਸ਼ਾ ਵੱਲ ਝੁਕਾਅ ਰੱਖਣ ਲੱਗ ਪਏ ਹਨ। ਇਸ ਦਾ ਵੱਡਾ ਕਾਰਨ ਰੁਜ਼ਗਾਰ ਦੀ ਪ੍ਰਾਪਤੀ ਹੈ। ਰੁਜ਼ਗਾਰ ਦੇ ਸੰਦਰਭ ਵਿਚ ਇਸ ਵੇਲੇ ਅੰਤਰਰਾਸ਼ਟਰੀ ਪੱਧਰ ਦੀਆਂ ਸਰਕਾਰਾਂ ਅਤੇ ਕਾਰਪੋਰੇਟ ਘਰਾਣਿਆਂ ਨੇ ਆਪਣੀ ਸਹੂਲਤ ਲਈ ਅੰਗਰੇਜ਼ੀ ਭਾਸ਼ਾ ਨੂੰ ਤਰਜੀਹ ਦਿੱਤੀ ਹੋਈ ਹੈ। ਇਹੋ ਕਾਰਨ ਹੈ ਕਿ ਪੰਜਾਬ ਵਿਚ ਰਹਿੰਦੇ ਮਾਪੇ ਆਪਣੇ ਬੱਚਿਆਂ ਨੂੰ ਪੰਜਾਬੀ ਦੀ ਥਾਂ ਅੰਗਰੇਜ਼ੀ ਭਾਸ਼ਾ ਸਿਖਾਉਣ ਲਈ ਰੁਚਿਤ ਹੋ ਗਏ ਹਨ। ਇਸ ਲਈ ਜੇ ਮਾਪਿਆਂ, ਬੱਚਿਆਂ ਅਤੇ ਨਵੀਂ ਪੀੜ੍ਹੀ ਵਿਚ ਇਹੋ ਰੁਝਾਨ ਚੱਲਦਾ ਰਿਹਾ ਤਾਂ ਖ਼ਦਸ਼ਾ ਹੈ ਕਿ ਇੱਕ ਦਿਨ ਪੰਜਾਬੀ ਭਾਸ਼ਾ ਲਈ ਖ਼ਤਰਾ ਖੜ੍ਹਾ ਹੋ ਸਕਦਾ ਹੈ। ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮੌਕੇ ਬਹੁਤ ਸਾਰੇ ਵਿੱਦਿਅਕ ਅਦਾਰੇ, ਸਾਹਿਤ ਸਭਾਵਾਂ, ਭਾਸ਼ਾ ਵਿਭਾਗ ਪੰਜਾਬ, ਪੰਜਾਬੀ ਸਾਹਿਤ ਅਕਾਡਮੀ ਅਤੇ ਭਾਸ਼ਾ ਨਾਲ਼ ਜੁੜੀਆਂ ਹੋਰ ਸੰਸਥਾਵਾਂ ਕਈ ਪ੍ਰੋਗਰਾਮ ਕਰਦੀਆਂ ਹਨ। ਜਲੂਸ ਕੱਢੇ ਜਾਂਦੇ ਹਨ। ਮੋਮਬੱਤੀ ਮਾਰਚ ਕੀਤੇ ਜਾਂਦੇ ਹਨ। ਪੰਜਾਬੀ ਭਾਸ਼ਾ ਸੰਬੰਧੀ ਵਿਚਾਰਾਂ ਕੀਤੀਆਂ ਜਾਂਦੀਆਂ ਹਨ। ਪਰੰਤੂ ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਕੇਵਲ ਇੱਕ ਦਿਨ ਮਨਾ ਕੇ ਖ਼ਤਮ ਹੋਣ ਵਾਲ਼ਾ ਕਾਰਜ ਨਹੀਂ ਹੈ। ਇਸ ਨਾਲ਼ ਪੰਜਾਬੀ ਭਾਸ਼ਾ ਦਾ ਵਿਕਾਸ ਨਹੀਂ ਹੋਵੇਗਾ। ਸੱਚ ਤਾਂ ਇਹ ਹੈ ਕਿ ਪੰਜਾਬੀ ਭਾਸ਼ਾ ਦਾ ਵਿਕਾਸ ਕਰਨ ਲਈ ਲੰਮੀ ਵਿਉਂਤਬੰਦੀ ਦੀ ਲੋੜ ਹੈ। ਸਭ ਤੋਂ ਪਹਿਲੀ ਗੱਲ ਕਿ ਪੰਜਾਬ ਵਿਚ ਚੱਲਦੇ ਸਾਰੇ ਸਰਕਾਰੀ, ਅਰਧ-ਸਰਕਾਰੀ, ਕੌਨਵੈਂਟ, ਮਾਡਲ, ਪਬਲਿਕ, ਪ੍ਰਾਈਵੇਟ ਸਕੂਲਾਂ ਵਿਚ ਪੰਜਾਬੀ ਭਾਸ਼ਾ ਇੱਕ ਵਿਸ਼ੇ ਵਜੋਂ ਪੜ੍ਹਾਈ ਜਾਣੀ ਚਾਹੀਦੀ ਹੈ। ਬੇਸ਼ੱਕ 2008 ਈਸਵੀ ਦਾ ਭਾਸ਼ਾ ਐਕਟ ਇਹ ਕਹਿੰਦਾ ਹੈ ਕਿ ਪੰਜਾਬੀ ਭਾਸ਼ਾ ਪੰਜਾਬ ਦੇ ਸਾਰੇ ਸਕੂਲਾਂ ਵਿਚ ਲਾਜ਼ਮੀ ਤੌਰ ਉੱਤੇ ਪੜ੍ਹਾਈ ਜਾਵੇਗੀ। ਪਰੰਤੂ ਅਸੀਂ ਜਾਣਦੇ ਹਾਂ ਕਿ ਬਹੁਤ ਸਾਰੀਆਂ ਚੋਰ ਮੋਰੀਆਂ ਰਾਹੀਂ ਇਸ ਤੋਂ ਬਚਿਆ ਜਾ ਰਿਹਾ ਹੈ। ਦੂਜੀ ਗੱਲ ਕਿ ਪੰਜਾਬੀ ਭਾਸ਼ਾ ਨੂੰ ਕੇਵਲ ਇੱਕ ਵਿਸ਼ੇ ਵਜੋਂ ਹੀ ਨਹੀਂ ਸਗੋਂ ਸਾਰੇ ਵਿਸ਼ੇ ਇੱਕ ਮਾਧਿਅਮ ਵਜੋਂ ਪੰਜਾਬੀ ਭਾਸ਼ਾ ਵਿਚ ਪੜ੍ਹਾਏ ਜਾਣੇ ਚਾਹੀਦੇ ਹਨ। ਜੇਕਰ ਸਿੱਖਿਆ ਦਾ ਮਾਧਿਅਮ ਪੰਜਾਬੀ ਹੋਵੇਗਾ ਤਾਂ ਹੀ ਪੰਜਾਬੀ ਭਾਸ਼ਾ ਦਾ ਵਿਕਾਸ ਹੋਵੇਗਾ। ਤੀਜਾ ਜਦੋਂ ਤੱਕ ਕਚਹਿਰੀਆਂ ਅਤੇ ਅਦਾਲਤਾਂ ਦੀ ਭਾਸ਼ਾ ਪੰਜਾਬੀ ਨਹੀਂ ਹੁੰਦੀ, ਉਦੋਂ ਤੱਕ ਪੰਜਾਬੀ ਭਾਸ਼ਾ ਦਾ ਵਿਕਾਸ ਨਹੀਂ ਹੋ ਸਕਦਾ। ਮਨੁੱਖ ਨੂੰ ਇਨਸਾਫ਼ ਉਸ ਦੀ ਆਪਣੀ ਮਾਤ-ਭਾਸ਼ਾ ਵਿਚ ਹੀ ਮਿਲਣਾ ਚਾਹੀਦਾ ਹੈ। ਸਾਡੇ ਦੇਸ਼ ਦੇ ਚੀਫ਼ ਜਸਟਿਸ ਸਾਹਿਬ ਨੇ ਇਹ ਗੱਲ ਕਈ ਵਾਰੀ ਕਹੀ ਹੈ ਕਿ ਅਦਾਲਤਾਂ ਵਿਚ ਉੱਥੋਂ ਦੀ ਮਾਤ ਭਾਸ਼ਾ ਵਿਚ ਹੀ ਬਹਿਸ ਹੋਣੀ ਚਾਹੀਦੀ ਹੈ। ਅਗਲੀ ਗੱਲ ਇਹ ਹੈ ਕਿ ਪੰਜਾਬ ਵਿਚ ਜਿੰਨੀਆਂ ਵੀ ਨੌਕਰੀਆਂ ਭਰੀਆਂ ਜਾਂਦੀਆਂ ਹਨ, ਉਨ੍ਹਾਂ ਦੇ ਪੇਪਰ ਦਾ ਮਾਧਿਅਮ ਵੀ ਪੰਜਾਬੀ ਹੋਣਾ ਚਾਹੀਦਾ ਹੈ। ਉਸ ਦਾ ਵਿਸ਼ਾ ਵਸਤੂ, ਤੱਤ, ਸਾਰ ਆਦਿ ਵੀ ਪੰਜਾਬੀ ਭਾਸ਼ਾ, ਕਲਾ, ਸਾਹਿਤ, ਲੋਕ ਸਾਹਿਤ, ਸਭਿਆਚਾਰ ਨਾਲ਼ ਸਬੰਧਤ ਹੋਣਾ ਚਾਹੀਦਾ ਹੈ। ਪੰਜਾਬੀ ਭਾਸ਼ਾ ਨੂੰ ਇੱਕ ਵਿਸ਼ੇ ਵਜੋਂ ਪਾਸ ਕਰਨਾ, ਪ੍ਰਸ਼ੰਸਾਯੋਗ ਕਾਰਜ ਹੈ। ਸਰਕਾਰ ਵੱਲੋਂ ਸਖ਼ਤ ਹਦਾਇਤ ਕੀਤੀ ਜਾਣੀ ਚਾਹੀਦੀ ਹੈ ਕਿ ਪੰਜਾਬ ਰਾਜ ਵਿਚ ਕੋਈ ਵੀ ਅਦਾਰਾ ਉੱਨੀ ਦੇਰ ਤੱਕ ਆਪਣਾ ਕੰਮ ਕਾਰ ਸ਼ੁਰੂ ਨਾ ਕਰ ਸਕੇ, ਜਿੰਨੀ ਦੇਰ ਤੱਕ ਉਹ ਆਪਣੇ ਅਦਾਰੇ ਦਾ ਸਾਰਾ ਕੰਮ ਕਾਜ ਪੰਜਾਬੀ ਭਾਸ਼ਾ ਵਿਚ ਕਰਨਾ ਯਕੀਨੀ ਨਹੀਂ ਬਣਾਉਂਦਾ। ਸਾਰੇ ਸਰਕਾਰੀ, ਅਰਧ-ਸਰਕਾਰੀ, ਪ੍ਰਾਈਵੇਟ ਦਫ਼ਤਰਾਂ ਵਿਚ ਸਾਰਾ ਕੰਮ ਕਾਜ ਪੰਜਾਬੀ ਭਾਸ਼ਾ ਵਿਚ ਹੀ ਹੋਣਾ ਚਾਹੀਦਾ ਹੈ। ਹੈਰਾਨੀ ਵਾਲ਼ੀ ਗੱਲ ਤਾਂ ਇਹ ਹੈ ਕਿ ਪੰਜਾਬ ਵਿਚ ਪੰਜਾਬੀ ਭਾਸ਼ਾ ਲਾਗੂ ਕਰਨ ਸੰਬੰਧੀ ਜਿਹੜੀ ਚਿੱਠੀ ਵੀ ਜਾਰੀ ਕੀਤੀ ਜਾਂਦੀ ਹੈ, ਉਹ ਵੀ ਅੰਗਰੇਜ਼ੀ ਭਾਸ਼ਾ ਵਿਚ ਹੀ ਹੁੰਦੀ ਹੈ। ਇਸ ਪਾਸੇ ਵੀ ਬਹੁਤ ਗੰਭੀਰਤਾ ਅਤੇ ਸੁਹਿਰਦਤਾ ਨਾਲ਼ ਕੰਮ ਕਰਨ ਦੀ ਲੋੜ ਹੈ। ਪੰਜਾਬ ਸਰਕਾਰ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਕਿ ਜੇਕਰ ਤੁਸੀਂ ਪੰਜਾਬ ਵਿਚ ਸਰਕਾਰੀ ਨੌਕਰੀ ਲੈਣੀ ਹੈ ਤਾਂ ਪੰਜਾਬੀ ਦਾ ਪੇਪਰ ਪਾਸ ਕਰਨਾ ਲਾਜ਼ਮੀ ਹੈ। ਇਹ ਸ਼ਲਾਘਾਯੋਗ ਉਪਰਾਲਾ ਹੈ। ਪੰਜਾਬ ਸਰਕਾਰ ਨੇ ਇੱਕ ਹੋਰ ਚਿੱਠੀ ਜਾਰੀ ਕੀਤੀ ਹੈ ਕਿ ਇੱਕੀ ਫਰਵਰੀ ਤੱਕ ਪੰਜਾਬ ਵਿਚ ਚੱਲ ਰਹੇ ਸਾਰੇ ਅਦਾਰੇ, ਦਫ਼ਤਰ, ਬੋਰਡ, ਸਕੂਲਾਂ, ਕਾਲਜਾਂ, ਦੁਕਾਨਾਂ ਆਦਿ ਦੇ ਬੋਰਡ ਪੰਜਾਬੀ ਵਿਚ ਹੋਣੇ ਚਾਹੀਦੇ ਹਨ। ਪੰਜਾਬ ਸਰਕਾਰ ਦਾ ਇਹ ਫ਼ੈਸਲਾ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਸਹਾਇਕ ਸਿੱਧ ਹੋ ਸਕਦਾ ਹੈ। ਬੜੇ ਲੰਮੇ ਸਮੇਂ ਤੋਂ ਪੰਜਾਬੀ ਇਹ ਮੰਗਾਂ ਉਠਾਉਂਦੇ ਰਹੇ ਹਨ। ਹੁਣ ਮੌਜੂਦਾ ਪੰਜਾਬ ਸਰਕਾਰ ਨੇ ਇਹ ਗੱਲਾਂ ਲਾਗੂ ਕੀਤੀਆਂ ਹਨ। ਇਸ ਲਈ ਪੰਜਾਬ ਸਰਕਾਰ ਵਧਾਈ ਦੀ ਹੱਕਦਾਰ ਹੈ। ਪਰੰਤੂ ਹੁਣ ਅਮਲੀ ਰੂਪ ਵਿਚ ਉਪਰੋਕਤ ਗੱਲਾਂ ਲਾਗੂ ਵੀ ਹੋਣੀਆਂ ਚਾਹੀਦੀਆਂ ਹਨ। ਇੱਕ ਪਾਸੇ ਤਾਂ ਸਰਕਾਰ ਨੂੰ ਕਾਨੂੰਨ ਬਣਾਉਣਾ ਚਾਹੀਦਾ ਹੈ ਕਿ ਬੇਸ਼ੱਕ ਕੋਈ ਵੀ ਸਰਕਾਰੀ ਜਾਂ ਪ੍ਰਾਈਵੇਟ ਅਦਾਰਾ ਹੈ, ਉਸ ਨੂੰ ਆਪਣੇ ਕੰਮ ਧੰਦੇ ਦੀ ਇਸ਼ਤਿਹਾਰਬਾਜ਼ੀ ਲਈ ਲਗਾਏ ਬੋਰਡ ਦੇ ਉੱਪਰਲੇ ਅੱਧੇ ਭਾਗ ਵਿਚ ਪੰਜਾਬੀ ਵਿਚ ਹੀ ਲਿਖਿਆ ਹੋਣਾ ਚਾਹੀਦਾ ਹੈ। ਹੇਠਲੇ ਹਿੱਸੇ ਵਿਚ ਉਸ ਨੂੰ ਹੋਰ ਕਿਸੇ ਵੀ ਭਾਸ਼ਾ ਵਿਚ ਲਿਖਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ। ਦੂਜਾ ਜਿਹੜੇ ਦਿਲੋਂ ਪੰਜਾਬੀ ਭਾਸ਼ਾ ਦੇ ਪ੍ਰੇਮੀ ਹਨ, ਲੋਕਾਂ ਨਾਲ਼ ਮੋਹ ਰੱਖਣ ਵਾਲ਼ੇ ਲੋਕ, ਸਾਹਿਤਕਾਰ ਹਨ, ਉਹ ਆਪਣੇ ਘਰ, ਆਂਢ ਗੁਆਂਢ, ਮੁਹੱਲੇ, ਆਪਣੇ ਇਲਾਕੇ ਵਿਚ ਆਮ ਲੋਕਾਂ ਅਤੇ ਕਾਰੋਬਾਰੀਆਂ ਨੂੰ ਪ੍ਰੇਰਿਤ ਕਰ ਕੇ ਉਨ੍ਹਾਂ ਦੇ ਮਨਾਂ ਵਿਚ ਪੰਜਾਬੀ ਭਾਸ਼ਾ ਪ੍ਰਤੀ ਪਿਆਰ, ਜਾਗਰੂਕਤਾ, ਸਨੇਹ ਪੈਦਾ ਕਰਨ ਦੇ ਯਤਨ ਕਰਨ। ਅਸੀਂ ਜਾਣਦੇ ਹਾਂ ਕਿ ਜਿਸ ਦੀ ਰਾਜਸੱਤਾ ਹੁੰਦੀ ਹੈ, ਉਸ ਦੀ ਹੀ ਭਾਸ਼ਾ ਚੱਲਦੀ ਹੁੰਦੀ ਹੈ। ਜੇਕਰ ਕਿਸੇ ਸਮੇਂ ਮੁਗ਼ਲ ਹਕੂਮਤ ਸਾਡੇ ਉੱਤੇ ਕਾਬਜ਼ ਸੀ ਤਾਂ ਫ਼ਾਰਸੀ ਭਾਸ਼ਾ ਪ੍ਰਧਾਨ ਹੋ ਗਈ। ਜਦੋਂ ਅੰਗਰੇਜ਼ਾਂ ਨੇ ਆਪਣਾ ਰਾਜ ਕਾਇਮ ਕਰ ਲਿਆ ਤਾਂ ਅੰਗਰੇਜ਼ੀ ਭਾਸ਼ਾ ਦਾ ਬੋਲਬਾਲਾ ਹੋ ਗਿਆ। ਹੁਣ ਅੰਗਰੇਜ਼ਾਂ ਦੇ ਚਲੇ ਜਾਣ ਤੋਂ ਬਾਅਦ ਜੇਕਰ ਪੰਜਾਬ ਵਿਚ ਪੰਜਾਬੀਆਂ ਦਾ ਰਾਜ ਹੈ ਤਾਂ ਪੰਜਾਬ ਵਿਚ ਪੰਜਾਬੀ ਭਾਸ਼ਾ ਪੂਰੀ ਤਰ੍ਹਾਂ ਲਾਗੂ ਕਿਉਂ ਨਹੀਂ ਹੋਈ? ਸਾਡੇ ਸਾਹਮਣੇ ਇਹ ਵੱਡਾ ਸਵਾਲ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਦੀ ਭਾਸ਼ਾ ਬਣਾਉਣ ਦੀ ਲੋੜ ਹੈ। ਜਿੱਥੋਂ ਤੱਕ ਪੰਜਾਬ ਵਿਚ ਰੁਜ਼ਗਾਰ ਹਾਸਲ ਕਰਨ ਦੀ ਗੱਲ ਹੈ। ਇਸ ਸੰਦਰਭ ਵਿਚ ਯੋਗਤਾ ਪ੍ਰਾਪਤ ਵਿਦਿਆਰਥੀਆਂ ਦੀ ਪਰਖ਼ ਕਰਨ ਲਈ ਪੰਜਾਬੀ ਵਿਸ਼ੇ ਦਾ ਪੇਪਰ ਪਾਸ ਕਰਨਾ ਲਾਜ਼ਮੀ ਹੋਵੇਗਾ। ਦੂਜਾ, ਵਿਦਿਆਰਥੀ ਦਾ ਬੌਧਿਕ ਮਿਆਰ ਪਰਖਣ ਲਈ ਪੰਜਾਬੀ ਮਾਧਿਅਮ ਵਿਚ ਪੰਜਾਬੀ ਸਾਹਿਤ, ਭਾਸ਼ਾ, ਕਲਾ, ਲੋਕ ਸਾਹਿਤ, ਸਭਿਆਚਾਰ ਸੰਬੰਧੀ ਵੀ ਪੰਜਾਬੀ ਦਾ ਪੇਪਰ ਪਾਸ ਕਰਨਾ ਲਾਜ਼ਮੀ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ਼ ਪੰਜਾਬੀ ਭਾਸ਼ਾ ਤਰੱਕੀ ਕਰੇਗੀ। ਜਿਹੜਾ ਵੀ ਵਿਅਕਤੀ ਪੰਜਾਬ ਵਿਚ ਰੁਜ਼ਗਾਰ ਲਈ ਕੋਈ ਪਲਾਂਟ ਸਥਾਪਤ ਕਰਨਾ ਚਾਹੁੰਦਾ ਹੈ, ਉਸ ਦੀ ਸਾਰੀ ਇਸ਼ਤਿਹਾਰਬਾਜ਼ੀ ਲਾਜ਼ਮੀ ਤੌਰ ਉੱਤੇ ਪੰਜਾਬੀ ਭਾਸ਼ਾ ਵਿਚ ਹੀ ਹੋਣੀ ਚਾਹੀਦੀ ਹੈ। ਉਸ ਦੇ ਦਫ਼ਤਰ ਦਾ ਸਾਰਾ ਕੰਮ ਕਾਜ ਪੰਜਾਬੀ ਭਾਸ਼ਾ ਵਿਚ ਹੀ ਹੋਣਾ ਚਾਹੀਦਾ ਹੈ। ਜੇਕਰ ਉਨ੍ਹਾਂ ਨੇ ਆਪਣੀ ਫ਼ਰਮ ਦਾ ਬਣਿਆ ਸਮਾਨ ਹੋਰ ਰਾਜਾਂ ਜਾਂ ਵਿਦੇਸ਼ਾਂ ਵਿਚ ਭੇਜਣਾ ਹੈ ਤਾਂ ਉਹਦੇ ਲਈ ਅਨੁਵਾਦਕ ਰੱਖੇ ਜਾ ਸਕਦੇ ਹਨ। ਉਨ੍ਹਾਂ ਨੂੰ ਚਿੱਠੀ ਪੱਤਰ ਦਾ ਅਨੁਵਾਦ ਭੇਜਿਆ ਜਾਣਾ ਚਾਹੀਦਾ ਹੈ। ਜਦੋਂ ਇਸ ਢੰਗ ਨਾਲ਼ ਕੰਮ ਹੋਵੇਗਾ ਤਦ ਪੰਜਾਬ ਵਿਚ ਰੁਜ਼ਗਾਰ ਦੇ ਵਧੇਰੇ ਮੌਕੇ ਪੈਦਾ ਹੋਣਗੇ। ਸੱਚ ਤਾਂ ਇਹ ਹੈ ਕਿ ਮਾਤਾ-ਭਾਸ਼ਾ ਸੰਬੰਧੀ ਵਿਚਾਰਾਂ ਕਰਨੀਆਂ ਭਾਵੁਕਤਾ ਨਹੀਂ, ਸਗੋਂ ਬੌਧਿਕਤਾ ਹੈ। ਕਿਸੇ ਵੀ ਵਿਅਕਤੀ ਦਾ ਸੰਪੂਰਨ ਵਿਕਾਸ ਮਾਤ-ਭਾਸ਼ਾ ਰਾਹੀਂ ਹੀ ਸੰਭਵ ਹੋ ਸਕਦਾ ਹੈ। ਜਿਹੜੀ ਭਾਸ਼ਾ ਉਸ ਨੇ ਆਪਣੀ ਮਾਂ, ਪਰਿਵਾਰ ਦੇ ਹੋਰ ਮੈਂਬਰਾਂ ਕੋਲੋਂ, ਆਪਣੇ ਆਲ਼ੇ ਦੁਆਲ਼ੇ, ਗੁਆਂਢ, ਆਪਣੇ ਹਾਣੀਆਂ, ਆਪਣੇ ਸਕੂਲ ਤੋਂ ਸਹਿਜ ਰੂਪ ਵਿਚ ਗ੍ਰਹਿਣ ਕੀਤੀ ਹੋਵੇ, ਉਹ ਉਸ ਦੀ ਮਾਤ ਭਾਸ਼ਾ ਹੁੰਦੀ ਹੈ। ਮਾਤ ਭਾਸ਼ਾ ਰਾਹੀਂ ਸਿੱਖਿਆ ਗਿਆਨ ਉਸ ਦੇ ਅੰਦਰੂਨੀ ਪੱਖਾਂ ਨੂੰ ਵੀ ਪ੍ਰਫੁੱਲਿਤ ਕਰਦਾ ਹੈ। ਉਸ ਦੇ ਬੌਧਿਕ ਪੱਖ ਨੂੰ ਵੀ ਪੱਕਾ ਕਰਦਾ ਹੈ। ਸੰਸਾਰ ਭਰ ਦੇ ਸਿੱਖਿਆ ਸ਼ਾਸਤਰੀਆਂ ਅਤੇ ਮਨੋਵਿਗਿਆਨੀਆਂ ਨੇ ਇਹ ਸਿੱਟਾ ਕੱਢਿਆ ਹੈ ਕਿ ਮਨੁੱਖ ਆਪਣੀ ਮਾਤਭਾਸ਼ਾ ਵਿਚ ਹੀ ਆਪਣੇ ਮਨ ਦੇ ਭਾਵ ਵਧੀਆ ਢੰਗ ਨਾਲ਼ ਪ੍ਰਗਟਾਅ ਸਕਦਾ ਹੈ। ਉਚੇਰੀਆਂ ਬੌਧਿਕ ਪ੍ਰਾਪਤੀਆਂ ਕਰ ਸਕਦਾ ਹੈ। ਦੂਜਿਆਂ ਨਾਲ਼ ਸੰਵਾਦ ਰਚਾ ਸਕਦਾ ਹੈ। ਤਰਕ ਕਰ ਸਕਦਾ ਹੈ। ਇਹ ਵੀ ਹੈਰਾਨੀਜਨਕ ਤੱਥ ਹੈ ਕਿ ਭਾਰਤ ਅਬਾਦੀ ਦੇ ਪੱਖੋਂ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਪਰੰਤੂ ਇਸ ਨੂੰ ਨੋਬੇਲ ਪੁਰਸਕਾਰ ਬਹੁਤ ਘੱਟ ਮਿਲੇ ਹਨ। ਦੂਜੇ ਪਾਸੇ ਜਪਾਨ, ਫਰਾਂਸ, ਸਵਿਟਜ਼ਰਲੈਂਡ ਬਹੁਤ ਛੋਟੇ-ਛੋਟੇ ਦੇਸ਼ ਹਨ, ਪਰੰਤੂ ਉਨ੍ਹਾਂ ਨੂੰ ਮਿਲਣ ਵਾਲ਼ੇ ਨੋਬੇਲ ਪੁਰਸਕਾਰਾਂ ਦੀ ਗਿਣਤੀ ਬਹੁਤ ਵੱਡੀ ਹੈ। ਇਸ ਦਾ ਕਾਰਨ ਇਹ ਹੈ ਕਿ ਉੱਥੋਂ ਦੇ ਲੋਕ ਆਪਣੇ ਬੱਚਿਆਂ ਨੂੰ ਉਨ੍ਹਾਂ ਦੀ ਮਾਤ-ਭਾਸ਼ਾ ਵਿਚ ਹੀ ਸਿੱਖਿਆ ਦਿੰਦੇ ਹਨ। ਪੰਜਾਬ ਵਿਚ ਮੌਲਿਕ ਸੋਚਣੀ ਦੀ ਘਾਟ, ਬੌਧਿਕ ਕੰਗਾਲੀ ਦਾ ਇਹ ਵੀ ਇੱਕ ਕਾਰਨ ਹੈ ਕਿ ਅਸੀਂ ਆਪਣੀ ਮਾਤ-ਭਾਸ਼ਾ ਤੋਂ ਟੁੱਟਦੇ ਜਾ ਰਹੇ ਹਾਂ। ਮਾਤ-ਭਾਸ਼ਾ ਇਨਸਾਨ ਦੇ ਭਾਵਨਾਤਮਕ ਸੰਸਾਰ ਨੂੰ ਤਾਂ ਤ੍ਰਿਪਤ ਕਰਦੀ ਹੀ ਹੈ, ਉੱਥੇ ਉਹ ਉਸ ਦੀਆਂ ਬੌਧਿਕ ਉਡਾਰੀਆਂ ਨੂੰ ਵੀ ਸਿੰਝਦੀ ਹੈ। ਇੱਕ ਸੰਪੂਰਨ ਮਨੁੱਖ ਦੀ ਉਸਾਰੀ ਵਿਚ ਮਾਤਭਾਸ਼ਾ ਦਾ ਬਹੁਤ ਵੱਡਾ ਯੋਗਦਾਨ ਹੈ।

Related Articles

Latest Articles